ਮਃ ੩ ॥
ਹੋਰੁ ਬਿਰਹਾ ਸਭ ਧਾਤੁ ਹੈ ਜਬ ਲਗੁ ਸਾਹਿਬ ਪ੍ਰੀਤਿ ਨ ਹੋਇ ॥
ਇਹੁ ਮਨੁ ਮਾਇਆ ਮੋਹਿਆ ਵੇਖਣੁ ਸੁਨਣੁ ਨ ਹੋਇ ॥
ਸਹ ਦੇਖੇ ਬਿਨੁ ਪ੍ਰੀਤਿ ਨ ਊਪਜੈ ਅੰਧਾ ਕਿਆ ਕਰੇਇ ॥
ਨਾਨਕ ਜਿਨਿ ਅਖੀ ਲੀਤੀਆ ਸੋਈ ਸਚਾ ਦੇਇ ॥੨॥

Sahib Singh
ਬਿਰਹਾ = ਪਿਆਰ ।
ਧਾਤੁ = ਮਾਇਆ ।
ਸਾਹਿਬ ਪ੍ਰੀਤਿ = ਮਾਲਕ ਦਾ ਪਿਆਰ ।
ਸਹ = ਖਸਮ ।
ਜਿਨਿ = ਜਿਸ (ਪ੍ਰਭੂ) ਨੇ ।
ਸਚਾ = ਸਦਾ = ਥਿਰ ਰਹਿਣ ਵਾਲਾ, ਸੱਚਾ ।
    
Sahib Singh
ਜਦ ਤਾਈਂ ਮਾਲਕ ਨਾਲ ਪ੍ਰੀਤਿ (ਉਤਪੰਨ) ਨਹੀਂ ਹੁੰਦੀ, ਹੋਰ ਪਿਆਰ ਸਭ ਮਾਇਆ (ਦਾ ਪਿਆਰ) ਹੈ, ਤੇ ਮਾਇਆ ਵਿਚ ਮੋਹਿਆ ਇਹ ਮਨ (ਪ੍ਰਭੂ ਨੂੰ) ਵੇਖ ਤੇ ਸੁਣ ਨਹੀਂ ਸਕਦਾ ।
ਅੰਨ੍ਹਾ (ਮਨ) ਕਰੇ ਭੀ ਕੀਹ ?
(ਪ੍ਰਭੂ) ਪਤੀ ਨੂੰ ਵੇਖਣ ਤੋਂ ਬਿਨਾ ਪ੍ਰੀਤਿ ਪੈਦਾ ਹੀ ਨਹੀਂ ਹੋ ਸਕਦੀ ।
ਹੇ ਨਾਨਕ! (ਮਾਇਆ ਵਿਚ ਫਸਾ ਕੇ) ਜਿਸ ਪ੍ਰਭੂ ਨੇ ਅੰਨ੍ਹਾ ਕੀਤਾ ਹੈ, ਉਹੀ ਸਦਾ-ਥਿਰ ਪ੍ਰਭੂ ਮੁੜ ਅੱਖਾਂ ਦੇਂਦਾ ਹੈ ।੨ ।
Follow us on Twitter Facebook Tumblr Reddit Instagram Youtube