ਸਿਰੀਰਾਗ ਕੇ ਛੰਤ ਮਹਲਾ ੫
ੴ ਸਤਿਗੁਰ ਪ੍ਰਸਾਦਿ ॥
ਡਖਣਾ ॥
ਹਠ ਮਝਾਹੂ ਮਾ ਪਿਰੀ ਪਸੇ ਕਿਉ ਦੀਦਾਰ ॥
ਸੰਤ ਸਰਣਾਈ ਲਭਣੇ ਨਾਨਕ ਪ੍ਰਾਣ ਅਧਾਰ ॥੧॥

Sahib Singh
ਡਖਣਾ = ਦੱਖਣਾ, ਮੁਲਤਾਨ ਦੇ ਇਲਾਕੇ ਦੀ ਬੋਲੀ ਵਿਚ ਉਚਾਰਿਆ ਹੋਇਆ ਸਲੋਕ ਜਾਂ ਦੋਹਰਾ ।
    ਇਸ ਵਿਚ ਅੱਖਰ ‘ਦ’ ਦੇ ਥਾਂ ਅੱਖਰ ‘ਡ’ ਪਰਧਾਨ ਹੈ ।
ਹਠ ਮਝਾਹੂ = ਹਿਰਦੇ ਵਿਚ ।
ਮਾਂ ਪਿਰੀ = ਮੇਰੇ ਪ੍ਰਭੂ = ਪਤੀ ।
ਪਸੇ = ਪੱਸੇ, ਦਿੱਸੇ ।
ਕਿਉਂ = ਕਿਵੇਂ ?
ਨਾਨਕ = ਹੇ ਨਾਨਕ !
ਪ੍ਰਾਣ ਅਧਾਰ = ਜ਼ਿੰਦਗੀ ਦਾ ਆਸਰਾ ਪ੍ਰਭੂ ।੧ ।
ਛੰਤੁ = {ਨੋਟ: = ਸਿਰਲੇਖ ਦਾ ਲਫ਼ਜ਼ ‘ਛੰਤ’ ਬਹੁ-ਵਚਨ ਹੈ ।
ਇਹ ਲਫ਼ਜ਼ ‘ਛੰਤੁ’ ਇਕ = ਵਚਨ ਹੈ} ।
ਸਿਉ = ਨਾਲ ।
ਰੀਤਿ = ਮਰਯਾਦਾ ।
ਸੰਤਨ ਮਨਿ = ਸੰਤਾਂ ਦੇ ਮਨ ਵਿਚ ।
ਆਵਏ = ਆਵੈ, ਆਉਂਦੀ ਹੈ, ਵੱਸਦੀ ਹੈ ।
ਦੁਤੀਆ ਭਾਉ = (ਪਰਮਾਤਮਾ ਦੇ ਪਿਆਰ ਤੋਂ ਬਿਨਾ ਕੋਈ ਹੋਰ) ਦੂਜਾ ਪਿਆਰ ।
ਬਿਪਰੀਤਿ = ਉਲਟੀ ਰੀਤਿ ।
ਅਨੀਤਿ = {ਅ = ਨੀਤਿ} ਨੀਤੀ ਦੇ ਉਲਟ ।
ਭਾਵਏ = ਭਾਵੈ, ਪਸੰਦ ਆਉਂਦੀ ।
ਦਰਸਾਵਏ = ਦਰਸਨ ।
ਬਿਹੂਨਾ = ਬਿਨਾ ।
ਹੀਨਾ = ਕਮਜ਼ੋਰ, ਲਿੱਸਾ ।
ਗਾਵਏ = ਗਾਵੈ, ਗਾ ਸਕੇ ।
ਅਨੁਗ੍ਰਹੁ = ਕਿਰਪਾ ।
ਮਨਿ = ਮਨ ਦੀ ਰਾਹੀਂ ।
ਤਨਿ = ਤਨ ਦੀ ਰਾਹੀਂ ।
ਅੰਕਿ = (ਤੇਰੀ) ਗੋਦ ਵਿਚ ।
ਸਮਾਵਏ = ਸਮਾਵੈ, ਲੀਨ ਰਹਿ ਸਕੇ ।੧ ।
    
Sahib Singh
ਮੇਰਾ ਪਿਆਰਾ ਪ੍ਰਭੂ-ਪਤੀ (ਮੇਰੇ) ਹਿਰਦੇ ਵਿਚ (ਵੱਸਦਾ ਹੈ, ਪਰ ਉਸ ਦਾ) ਦੀਦਾਰ ਕਿਵੇਂ ਹੋਵੇ ?
ਹੇ ਨਾਨਕ! ਉਹ ਪ੍ਰਾਣਾਂ ਦਾ ਆਸਰਾ ਪ੍ਰਭੂ ਸੰਤ ਜਨਾਂ ਦੀ ਸਰਨ ਪਿਆਂ ਹੀ ਲੱਭਦਾ ਹੈ ।੧ ।
ਛੰਤੁ:- ਪਰਮਾਤਮਾ ਦੇ ਸੋਹਣੇ ਚਰਨਾਂ ਨਾਲ ਪਿਆਰ ਪਾਈ ਰੱਖਣ ਦੀ ਮਰਯਾਦਾ ਸੰਤ ਜਨਾਂ ਦੇ ਮਨ ਵਿਚ (ਹੀ) ਵੱਸਦੀ ਹੈ ।
ਪਰਮਾਤਮਾ ਤੋਂ ਬਿਨਾ ਕਿਸੇ ਹੋਰ ਨਾਲ ਪਿਆਰ ਪਾਣਾ (ਸੰਤ ਜਨਾਂ ਨੂੰ) ਉਲਟੀ ਰੀਤਿ ਜਾਪਦੀ ਹੈ, ਨੀਤੀ ਦੇ ਉਲਟ ਪ੍ਰਤੀਤ ਹੁੰਦੀ ਹੈ, ਪ੍ਰਭੂ ਦੇ ਦਾਸਾਂ ਨੂੰ ਇਹ ਪਸੰਦ ਨਹੀਂ ਆਉਂਦੀ ।
ਪਰਮਾਤਮਾ ਦੇ ਦਰਸਨ ਤੋਂ ਬਿਨਾ (ਕੋਈ ਹੋਰ ਜੀਵਨ-ਜੁਗਤ) ਪਰਮਾਤਮਾ ਦੇ ਦਾਸਾਂ ਨੂੰ ਚੰਗੀ ਨਹੀਂ ਲੱਗਦੀ ।
(ਪਰਮਾਤਮਾ ਦਾ ਦਾਸ ਪਰਮਾਤਮਾ ਦੇ ਦਰਸਨ ਤੋਂ ਬਿਨਾ) ਇਕ ਪਲ ਭਰ ਭੀ ਧੀਰਜ ਨਹੀਂ ਕਰ ਸਕਦਾ ।
ਦਾਸ ਦਾ ਮਨ ਦਾਸ ਦਾ ਤਨ ਪ੍ਰਭੂ ਦੇ ਨਾਮ ਤੋਂ ਬਿਨਾ ਲਿੱਸਾ ਹੋ ਜਾਂਦਾ ਹੈ, (ਨਾਮ ਤੋਂ ਬਿਨਾ ਉਸ ਨੂੰ) ਆਤਮਕ ਮੌਤ ਆ ਗਈ ਜਾਪਦੀ ਹੈ ਜਿਵੇਂ ਮੱਛੀ ਪਾਣੀ ਤੋਂ ਬਿਨਾ ਮਰ ਜਾਂਦੀ ਹੈ ।
ਹੇ ਮੇਰੇ ਪਿਆਰੇ ਪ੍ਰਭੂ! ਹੇ ਮੇਰੀ ਜਿੰਦ ਦੇ ਆਸਰੇ ਪ੍ਰਭੂ! (ਮੈਨੂੰ ਆਪਣੇ ਦਾਸ ਨੂੰ) ਮਿਲ, ਤਾ ਕਿ ਤੇਰਾ ਦਾਸ ਸਾਧ ਸੰਗਤਿ ਵਿਚ ਮਿਲ ਕੇ ਤੇਰੇ ਗੁਣ ਗਾ ਸਕੇ ।
ਹੇ ਨਾਨਕ ਦੇ ਖਸਮ-ਪ੍ਰਭੂ! ਮਿਹਰ ਕਰ, ਤਾ ਕਿ ਤੇਰਾ ਦਾਸ ਨਾਨਕ ਮਨ ਦੀ ਰਾਹੀਂ ਤਨ ਦੀ ਰਾਹੀਂ ਤੇਰੀ ਗੋਦ ਵਿਚ (ਹੀ) ਸਮਾਇਆ ਰਹੇ ।੧ ।
Follow us on Twitter Facebook Tumblr Reddit Instagram Youtube