ਸਿਰੀਰਾਗੁ ਮਹਲਾ ੪ ਘਰੁ ੨ ਛੰਤ
ੴ ਸਤਿਗੁਰ ਪ੍ਰਸਾਦਿ ॥
ਮੁੰਧ ਇਆਣੀ ਪੇਈਅੜੈ ਕਿਉ ਕਰਿ ਹਰਿ ਦਰਸਨੁ ਪਿਖੈ ॥
ਹਰਿ ਹਰਿ ਅਪਨੀ ਕਿਰਪਾ ਕਰੇ ਗੁਰਮੁਖਿ ਸਾਹੁਰੜੈ ਕੰਮ ਸਿਖੈ ॥
ਸਾਹੁਰੜੈ ਕੰਮ ਸਿਖੈ ਗੁਰਮੁਖਿ ਹਰਿ ਹਰਿ ਸਦਾ ਧਿਆਏ ॥
ਸਹੀਆ ਵਿਚਿ ਫਿਰੈ ਸੁਹੇਲੀ ਹਰਿ ਦਰਗਹ ਬਾਹ ਲੁਡਾਏ ॥
ਲੇਖਾ ਧਰਮ ਰਾਇ ਕੀ ਬਾਕੀ ਜਪਿ ਹਰਿ ਹਰਿ ਨਾਮੁ ਕਿਰਖੈ ॥
ਮੁੰਧ ਇਆਣੀ ਪੇਈਅੜੈ ਗੁਰਮੁਖਿ ਹਰਿ ਦਰਸਨੁ ਦਿਖੈ ॥੧॥

ਵੀਆਹੁ ਹੋਆ ਮੇਰੇ ਬਾਬੁਲਾ ਗੁਰਮੁਖੇ ਹਰਿ ਪਾਇਆ ॥
ਅਗਿਆਨੁ ਅੰਧੇਰਾ ਕਟਿਆ ਗੁਰ ਗਿਆਨੁ ਪ੍ਰਚੰਡੁ ਬਲਾਇਆ ॥
ਬਲਿਆ ਗੁਰ ਗਿਆਨੁ ਅੰਧੇਰਾ ਬਿਨਸਿਆ ਹਰਿ ਰਤਨੁ ਪਦਾਰਥੁ ਲਾਧਾ ॥
ਹਉਮੈ ਰੋਗੁ ਗਇਆ ਦੁਖੁ ਲਾਥਾ ਆਪੁ ਆਪੈ ਗੁਰਮਤਿ ਖਾਧਾ ॥
ਅਕਾਲ ਮੂਰਤਿ ਵਰੁ ਪਾਇਆ ਅਬਿਨਾਸੀ ਨਾ ਕਦੇ ਮਰੈ ਨ ਜਾਇਆ ॥
ਵੀਆਹੁ ਹੋਆ ਮੇਰੇ ਬਾਬੋਲਾ ਗੁਰਮੁਖੇ ਹਰਿ ਪਾਇਆ ॥੨॥

ਹਰਿ ਸਤਿ ਸਤੇ ਮੇਰੇ ਬਾਬੁਲਾ ਹਰਿ ਜਨ ਮਿਲਿ ਜੰਞ ਸੁਹੰਦੀ ॥
ਪੇਵਕੜੈ ਹਰਿ ਜਪਿ ਸੁਹੇਲੀ ਵਿਚਿ ਸਾਹੁਰੜੈ ਖਰੀ ਸੋਹੰਦੀ ॥
ਸਾਹੁਰੜੈ ਵਿਚਿ ਖਰੀ ਸੋਹੰਦੀ ਜਿਨਿ ਪੇਵਕੜੈ ਨਾਮੁ ਸਮਾਲਿਆ ॥
ਸਭੁ ਸਫਲਿਓ ਜਨਮੁ ਤਿਨਾ ਦਾ ਗੁਰਮੁਖਿ ਜਿਨਾ ਮਨੁ ਜਿਣਿ ਪਾਸਾ ਢਾਲਿਆ ॥
ਹਰਿ ਸੰਤ ਜਨਾ ਮਿਲਿ ਕਾਰਜੁ ਸੋਹਿਆ ਵਰੁ ਪਾਇਆ ਪੁਰਖੁ ਅਨੰਦੀ ॥
ਹਰਿ ਸਤਿ ਸਤਿ ਮੇਰੇ ਬਾਬੋਲਾ ਹਰਿ ਜਨ ਮਿਲਿ ਜੰਞ ਸੋੁਹੰਦੀ ॥੩॥

ਹਰਿ ਪ੍ਰਭੁ ਮੇਰੇ ਬਾਬੁਲਾ ਹਰਿ ਦੇਵਹੁ ਦਾਨੁ ਮੈ ਦਾਜੋ ॥
ਹਰਿ ਕਪੜੋ ਹਰਿ ਸੋਭਾ ਦੇਵਹੁ ਜਿਤੁ ਸਵਰੈ ਮੇਰਾ ਕਾਜੋ ॥
ਹਰਿ ਹਰਿ ਭਗਤੀ ਕਾਜੁ ਸੁਹੇਲਾ ਗੁਰਿ ਸਤਿਗੁਰਿ ਦਾਨੁ ਦਿਵਾਇਆ ॥
ਖੰਡਿ ਵਰਭੰਡਿ ਹਰਿ ਸੋਭਾ ਹੋਈ ਇਹੁ ਦਾਨੁ ਨ ਰਲੈ ਰਲਾਇਆ ॥
ਹੋਰਿ ਮਨਮੁਖ ਦਾਜੁ ਜਿ ਰਖਿ ਦਿਖਾਲਹਿ ਸੁ ਕੂੜੁ ਅਹੰਕਾਰੁ ਕਚੁ ਪਾਜੋ ॥
ਹਰਿ ਪ੍ਰਭ ਮੇਰੇ ਬਾਬੁਲਾ ਹਰਿ ਦੇਵਹੁ ਦਾਨੁ ਮੈ ਦਾਜੋ ॥੪॥

ਹਰਿ ਰਾਮ ਰਾਮ ਮੇਰੇ ਬਾਬੋਲਾ ਪਿਰ ਮਿਲਿ ਧਨ ਵੇਲ ਵਧੰਦੀ ॥
ਹਰਿ ਜੁਗਹ ਜੁਗੋ ਜੁਗ ਜੁਗਹ ਜੁਗੋ ਸਦ ਪੀੜੀ ਗੁਰੂ ਚਲੰਦੀ ॥
ਜੁਗਿ ਜੁਗਿ ਪੀੜੀ ਚਲੈ ਸਤਿਗੁਰ ਕੀ ਜਿਨੀ ਗੁਰਮੁਖਿ ਨਾਮੁ ਧਿਆਇਆ ॥
ਹਰਿ ਪੁਰਖੁ ਨ ਕਬ ਹੀ ਬਿਨਸੈ ਜਾਵੈ ਨਿਤ ਦੇਵੈ ਚੜੈ ਸਵਾਇਆ ॥
ਨਾਨਕ ਸੰਤ ਸੰਤ ਹਰਿ ਏਕੋ ਜਪਿ ਹਰਿ ਹਰਿ ਨਾਮੁ ਸੋਹੰਦੀ ॥
ਹਰਿ ਰਾਮ ਰਾਮ ਮੇਰੇ ਬਾਬੁਲਾ ਪਿਰ ਮਿਲਿ ਧਨ ਵੇਲ ਵਧੰਦੀ ॥੫॥੧॥

Sahib Singh
ਮੁੰਧ = {ਮੁÀਧਾ} ਜੁਆਨ ਇਸਤ੍ਰੀ ।
ਪੇਈਅੜੈ = ਪੇਕੇ ਘਰ ਵਿਚ, ਇਸ ਲੋਕ ਵਿਚ ।
ਕਿਉਕਰਿ = ਕਿਵੇਂ ?
ਪਿਖੈ = ਪੇਖੈ, ਵੇਖੇ ।
ਗੁਰਮੁਖਿ = ਗੁਰੂ ਦੀ ਸਰਨ ਪੈ ਕੇ ।
ਸਾਹੁਰੜੈ ਕੰਮ = ਸਹੁਰੇ ਘਰ ਦੇ ਕੰਮ, ਉਹ ਕੰਮ ਜਿਨ੍ਹਾਂ ਦੇ ਕਰਨ ਨਾਲ ਪਤੀ ਨੂੰ ਮਿਲ ਸਕੇ ।
ਸਹੀਆ = ਸਹੀਆਂ, ਸਹੇਲੀਆਂ, ਸਤ-ਸੰਗੀ ।
ਸੁਹੇਲੀ = ਸੌਖੀ ।
ਬਾਹ ਲੁਡਾਏ = ਬਾਂਹ ਹੁਲਾਰਦੀ ਹੈ, ਬੇ-ਫ਼ਿਕਰ ਹੋ ਕੇ ਵਿਚਰਦੀ ਹੈ ।
ਜਪਿ = ਜਪ ਕੇ ।
ਕਿਰਖੈ = ਖਿੱਚ ਲੈਂਦੀ ਹੈ, ਮੁਕਾ ਲੈਂਦੀ ਹੈ ।
ਦਿਖੈ = ਦੇਖੈ, ਵੇਖਦੀ ਹੈ ।੧ ।
    ਮੇਰੇ ਬਾਬੁਲਾ, ਮੇਰੇ ਬਾਬੋਲਾ—ਹੇ ਮੇਰੇ ਪਿਤਾ !
ਵੀਆਹੁ = ਪਤੀ = ਪ੍ਰਭੂ ਨਾਲ ਮਿਲਾਪ ।
ਗੁਰਮੁਖੇ = ਗੁਰਮੁਖਿ, ਗੁਰੂ ਵਲ ਮੂੰਹ ਕਰ ਕੇ, ਗੁਰੂ ਦੀ ਸਰਨ ਪੈ ਕੇ ।
ਅਗਿਆਨੁ = ਬੇ = ਸਮਝੀ ।
ਗੁਰ ਗਿਆਨੁ = ਗੁਰੂ ਤੋਂ ਮਿਲੀ ਪਰਮਾਤਮਾ ਨਾਲ ਡੂੰਘੀ ਸਾਂਝ ।
ਪ੍ਰਚੰਡੁ = ਤੇਜ਼ ।
ਬਲਾਇਆ = ਬਾਲਿਆ ।
ਬਿਨਸਿਆ = ਨਾਸ ਹੋ ਗਿਆ ।
ਲਾਧਾ = ਲੱਭ ਪਿਆ ਹੈ ।
ਆਪੁ = ਆਪਾ = ਭਾਵ ।
ਆਪੈ = ਆਪੇ ਤੋਂ, ਆਪੇ ਦੇ ਗਿਆਨ ਤੋਂ ।
ਗੁਰਮਤਿ = ਗੁਰੂ ਦੀ ਮਤਿ ਲੈ ਕੇ ।
ਵਰੁ = ਖਸਮ ।
ਜਾਇਆ = ਜੰਮਦਾ ।੨ ।
ਸਤਿ ਸਤੇ = ਸਤਿ ਸਤਿ, ਸਦਾ ਕਾਇਮ ਰਹਿਣ ਵਾਲਾ ।
ਹਰਿ ਜਨ = ਪਰਮਾਤਮਾ ਦੇ ਸੇਵਕ, ਸਤਸੰਗੀ ।
ਮਿਲਿ = ਮਿਲ ਕੇ, ਇਕੱਠੇ ਹੋ ਕੇ ।
ਸੁਹੰਦੀ = ਸੋਹਣੀ ਲੱਗਦੀ ਹੈ ।
ਜਪਿ = ਜਪ ਕੇ ।
ਸਾਹੁਰੜੈ = ਸਹੁਰੇ ਘਰ, ਪਰਮਾਤਮਾ ਦੀ ਹਜ਼ੂਰੀ ਵਿਚ ।
ਸੋਹੰਦੀ, ਸੁਹੰਦੀ = ਸੋਭਦੀ ਹੈ ।
ਜਿਨਿ = ਜਿਸ (ਜੀਵ = ਇਸਤ੍ਰੀ) ਨੇ ।
ਸਮਾਲਿਆ = ਸੰਭਾਲਿਆ ਹੈ, (ਹਿਰਦੇ ਵਿਚ) ਸਾਂਭਿਆ ਹੈ ।
ਸਭੁ = ਸਾਰਾ ।
ਸਫਲਿਓ = ਕਾਮਯਾਬ ।
ਜਿਣਿ = ਜਿੱਤ ਕੇ, ਵੱਸ ਵਿਚ ਕਰ ਕੇ ।
ਪਾਸਾ ਢਾਲਿਆ = ਨਰਦਾਂ ਸੁੱਟੀਆਂ ਹਨ, ਜ਼ਿੰਦਗੀ-ਰੂਪ ਚੌਪੜ ਦੀ ਬਾਜ਼ੀ ਖੇਡੀ ਹੈ ।
ਕਾਰਜੁ = ਵਿਆਹ ਦਾ ਕੰਮ, ਪ੍ਰਭੂ-ਪਤੀ ਨਾਲ ਮਿਲਾਪ ਦਾ ਉੱਦਮ ।
ਸੋਹਿਆ = ਸੋਹਣਾ ਹੋ ਗਿਆ ਹੈ, ਚੰਗੀ ਤ੍ਰਹਾਂ ਸਿਰੇ ਚੜਿ੍ਹਆ ਹੈ ।
ਪੁਰਖੁ = ਸਰਬ = ਵਿਆਪਕ ਪ੍ਰਭੂ ।
ਅਨੰਦੀ = ਆਨੰਦ ਦਾ ਸੋਮਾ ।
ਸੋਹੰਦੀ {ਨੋਟ: = ਅੱਖਰ ‘ਸ’ ਦੇ ਨਾਲ ਦੋ ਲਗਾਂ ਹਨ— ੋ ਅਤੇ ੁ ।
    ਅਸਲ ਲਫ਼ਜ਼ ਹੈ ‘ਸੋਹੰਦੀ’ ।
    ਇਥੇ ‘ਸੁਹੰਦੀ’ ਪੜ੍ਹਨਾ ਹੈ) ।੩ ।
ਹਰਿ ਪ੍ਰਭ ਦਾਨੁ = ਹਰਿ ਪ੍ਰਭੂ (ਦੇ ਨਾਮ) ਦਾ ਦਾਨ ।
ਮੈ = ਮੈਨੂੰ ।
ਦਾਜੋ = ਦਾਜੁ ।
ਕਪੜੋ ਸੋਭਾ = (ਦਾਜ ਵਿਚ ਦਿੱਤਾ ਹੋਇਆ ਕੀਮਤੀ) ਕੱਪੜਾ ਤੇ ਧਨ ।
ਜਿਤੁ = ਜਿਸ (ਦਾਜ) ਦੀ ਰਾਹੀਂ ।
ਸਵਰੈ = ਸੰਵਰ ਜਾਏ, ਸੋਹਣਾ ਲੱਗਣ ਲੱਗ ਪਏ ।
ਕਾਜੋ = ਕਾਜੁ, ਵਿਆਹ ਦਾ ਕੰਮ ।
ਸੁਹੇਲਾ = ਸੁਖਦਾਈ ।
ਗੁਰਿ = ਗੁਰੂ ਨੇ ।
ਸਤਿਗੁਰਿ = ਸਤਿਗੁਰੂ ਨੇ ।
ਖੰਡਿ = ਖੰਡ ਵਿਚ; ਦੇਸ ਵਿਚ, ਧਰਤੀ ਉੱਤੇ ।
ਵਰਭੰਡਿ = ਬ੍ਰਹਮੰਡ ਵਿਚ, ਸੰਸਾਰ ਵਿਚ ।
ਹਰਿ ਸੋਭਾ = ਹਰਿ = ਨਾਮ ਦੇ ਦਾਜ ਨਾਲ ਸੋਭਾ ।
ਨ ਰਲੈ ਰਲਾਇਆ = ਕੋਈ ਹੋਰ ਦਾਜ ਇਸ ਦੀ ਬਰਾਬਰੀ ਨਹੀਂ ਕਰ ਸਕਦਾ ।
ਹੋਰਿ = ਹੋਰ ਬੰਦੇ {ਨੋਟ: = ‘ਹੋਰਿ’ ਬਹੁ-ਵਚਨ ਹੈ} ।
ਮਨਮੁਖ = ਆਪਣੇ ਮਨ ਦੇ ਪਿਛੇ ਤੁਰਨ ਵਾਲੇ ।
ਜਿ = ਜਿਹੜਾ ।
ਰਖਿ = ਰੱਖ ਕੇ ।
ਕੂੜੁ = ਝੂਠਾ ।
ਕਚੁ = (ਕੱਚ ਵਰਗਾ) ਖੋਟਾ ।
ਪਾਜੋ = ਪਾਜੁ, ਵਿਖਾਵਾ ।੪ ।
    ਹਰਿ ਰਾਮ ਰਾਮ ਪਿਰ ਮਿਲਿ—ਹਰਿ ਮਿਲਿ, ਰਾਮ ਮਿਲਿ, ਪਿਰਮਿਲ, ਪਰਮਾਤਮਾ-ਪਤੀ ਨੂੰ ਮਿਲ ਕੇ ।
ਧਨ = ਜੀਵ = ਇਸਤ੍ਰੀ ।
ਧਨ ਵੇਲ = ਜੀਵ = ਇਸਤ੍ਰੀ ਦੀ ਪੀੜ੍ਹੀ, ਪ੍ਰਭੂ-ਪਤੀ ਨੂੰ ਮਿਲੀ ਹੋਈ ਜੀਵ-ਇਸਤ੍ਰੀ ਦੀ ਪੀੜ੍ਹੀ ।
ਜੁਗਹ ਜੁਗੋ = ਹਰੇਕ ਜੁਗ ਵਿਚ ।
ਜੁਗ ਜੁਗਹ ਜੁਗੋ = ਹਰੇਕ ਜੁਗ ਵਿਚ, ਸਦਾ ਹੀ ।
ਸਦ = ਸਦਾ ।
ਪੀੜੀ ਗੁਰੂ = ਗੁਰੂ ਦੀ ਪੀੜ੍ਹੀ ।
ਚਲੰਦੀ = ਚੱਲ ਪੈਂਦੀ ਹੈ ।
ਜੁਗਿ ਜੁਗਿ = ਹਰੇਕ ਜੁਗ ਵਿਚ ।
ਜਿਨੀ = ਜਿਨ੍ਹਾਂ (ਮਨੁੱਖਾਂ) ਨੇ ।
ਗੁਰਮੁਖਿ = ਗੁਰੂ ਦੀ ਸਰਨ ਪੈ ਕੇ ।
ਜਾਵੈ = ਨਾਸ ਹੁੰਦਾ ।
ਚੜੈ ਸਵਾਇਆ = ਹੋਰ ਹੋਰ ਵਧਦਾ ਹੈ ।
ਸੰਤ ਹਰਿ = ਸੰਤਾਂ ਦਾ ਹਰੀ ।
ਜਪਿ = ਜਪ ਕੇ ।
ਸੋਹੰਦੀ = (ਪੀੜ੍ਹੀ) ਸੋਭਦੀ ਹੈ ।੫ ।
    
Sahib Singh
ਜੇ ਜੀਵ-ਇਸਤ੍ਰੀ ਪੇਕੇ ਘਰ ਵਿਚ (ਇਸ ਮਨੁੱਖਾ ਜਨਮ ਵਿਚ) ਅੰਞਾਣ ਹੀ ਟਿਕੀ ਰਹੇ, ਤਾਂ ਉਹ ਪਤੀ-ਪ੍ਰਭੂ ਦਾ ਦਰਸਨ ਕਿਵੇਂ ਕਰ ਸਕਦੀ ਹੈ ?
(ਦਰਸਨ ਨਹੀਂ ਕਰ ਸਕਦੀ) ।
ਜਦੋਂ ਪਰਮਾਤਮਾ ਆਪਣੀ ਮਿਹਰ ਕਰਦਾ ਹੈ, ਤਾਂ (ਜੀਵ-ਇਸਤ੍ਰੀ) ਗੁਰੂ ਦੇ ਸਨਮੁਖ ਹੋ ਕੇ ਪ੍ਰਭੂ-ਪਤੀ ਦੇ ਚਰਨਾਂ ਵਿਚ ਪਹੁੰਚਣ ਵਾਲੇ ਕੰਮ (ਕਰਨੇ) ਸਿੱਖਦੀ ਹੈ ।
ਗੁਰੂ ਦੀ ਸਰਨ ਪੈ ਕੇ (ਜੀਵ-ਇਸਤ੍ਰੀ) ਉਹ ਕੰਮ ਸਿੱਖਦੀ ਹੈ, ਜਿਨ੍ਹਾਂ ਦੀ ਸਹਾਇਤਾ ਨਾਲ ਪਤੀ-ਪ੍ਰਭੂ ਦੀ ਹਜ਼ੂਰੀ ਵਿਚ ਅੱਪੜ ਸਕੇ (ਉਹ ਕੰਮ ਇਹ ਹਨ ਕਿ ਜੀਵ-ਇਸਤ੍ਰੀ) ਸਦਾ ਪਰਮਾਤਮਾ ਦਾ ਨਾਮ ਸਿਮਰਦੀ ਹੈ, ਸਹੇਲੀਆਂ ਵਿਚ (ਸਤ-ਸੰਗੀਆਂ ਵਿਚ ਰਹਿ ਕੇ ਇਸ ਲੋਕ ਵਿਚ) ਸੌਖੀ ਤੁਰੀ ਫਿਰਦੀ ਹੈ (ਸੌਖਾ ਜੀਵਨ ਬਿਤਾਂਦੀ ਹੈ, ਤੇ) ਪਰਮਾਤਮਾ ਦੀ ਹਜ਼ੂਰੀ ਵਿਚ ਬੇ-ਫ਼ਿਕਰ ਹੋ ਕੇ ਪਹੁੰਚਦੀ ਹੈ ।
ਉਹ ਜੀਵ-ਇਸਤ੍ਰੀ ਪਰਮਾਤਮਾ ਦਾ ਨਾਮ ਸਦਾ ਜਪ ਕੇ ਧਰਮਰਾਜ ਦਾ ਲੇਖਾ, ਧਰਮਰਾਜ ਦੇ ਲੇਖੇ ਦੀ ਬਾਕੀ, ਮੁਕਾ ਲੈਂਦੀ ਹੈ ।
ਭੋਲੀ ਜੀਵ-ਇਸਤ੍ਰੀ ਪੇਕੇ ਘਰ ਵਿਚ (ਇਸ ਮਨੁੱਖਾ ਜਨਮ ਵਿਚ) ਗੁਰੂ ਦੀ ਸਰਨ ਪੈ ਕੇ ਪਰਮਾਤਮਾ-ਪਤੀ ਦਾ ਦਰਸਨ ਕਰ ਲੈਂਦੀ ਹੈ ।੧ ।
ਹੇ ਮੇਰੇ ਪਿਤਾ! (ਪ੍ਰਭੂ-ਪਤੀ ਨਾਲ) ਮੇਰਾ ਵਿਆਹ ਹੋ ਗਿਆ ਹੈ, ਗੁਰੂ ਦੀ ਸਰਨ ਪੈ ਕੇ ਮੈਨੂੰ ਪ੍ਰਭੂ-ਪਤੀ ਮਿਲ ਪਿਆ ਹੈ ।
ਗੁਰੂ ਦਾ ਬਖ਼ਸ਼ਿਆ ਹੋਇਆ ਗਿਆਨ (-ਰੂਪ ਸੂਰਜ ਇਤਨਾ) ਤੇਜ਼ ਜਗ-ਮਗ ਕਰ ਉਠਿਆ ਹੈ ਕਿ (ਮੇਰੇ ਅੰਦਰੋਂ) ਬੇ-ਸਮਝੀ ਦਾ ਹਨੇਰਾ ਦੂਰ ਹੋ ਗਿਆ ਹੈ ।
ਗੁਰੂ ਦਾ ਦਿੱਤਾ ਗਿਆਨ (ਮੇਰੇ ਅੰਦਰ) ਚਮਕ ਪਿਆ ਹੈ (ਮਾਇਆ-ਮੋਹ ਦਾ) ਹਨੇਰਾ ਦੂਰ ਹੋ ਗਿਆ ਹੈ (ਉਸ ਚਾਨਣੀ ਦੀ ਬਰਕਤਿ ਨਾਲ ਮੈਨੂੰ) ਪਰਮਾਤਮਾ ਦਾ ਨਾਮ (-ਰੂਪ) ਕੀਮਤੀ ਰਤਨ ਲੱਭ ਪਿਆ ਹੈ ।
ਗੁਰੂ ਦੀ ਮਤਿ ਤੇ ਤੁਰਿਆਂ ਮੇਰਾ ਹਉਮੈ ਦਾ ਰੋਗ ਦੂਰ ਹੋ ਗਿਆ ਹੈ, ਹਉਮੈ ਦਾ ਦੁਖ ਮੁੱਕ ਗਿਆ ਹੈ, ਆਪੇ ਦੇ ਗਿਆਨ ਨਾਲ ਮੇਰਾ ਆਪਾ-ਭਾਵ ਖ਼ਤਮ ਹੋ ਗਿਆ ਹੈ ।(ਗੁਰੂ ਦੀ ਸਰਨ ਪਿਆਂ) ਮੈਨੂੰ ਉਹ ਖਸਮ ਮਿਲ ਗਿਆ ਹੈ, ਜਿਸ ਦੀ ਹਸਤੀ ਨੂੰ ਕਦੇ ਕਾਲ ਪੋਹ ਨਹੀਂ ਸਕਦਾ, ਜੋ ਨਾਸ-ਰਹਿਤ ਹੈ, ਜੋ ਨਾਹ ਕਦੇ ਮਰਦਾ ਹੈ ਨਾਹ ਜੰਮਦਾ ਹੈ ।
ਹੇ ਮੇਰੇ ਪਿਤਾ! ਗੁਰੂ ਦੀ ਸਰਨ ਪੈ ਕੇ ਮੇਰਾ (ਪਰਮਾਤਮਾ-ਪਤੀ ਨਾਲ) ਵਿਆਹ ਹੋ ਗਿਆ ਹੈ, ਮੈਨੂੰ ਪਰਮਾਤਮਾ ਮਿਲ ਗਿਆ ਹੈ ।੨ ।
ਹੇ ਮੇਰੇ ਪਿਤਾ! ਪ੍ਰਭੂ-ਪਤੀ ਸਦਾ ਕਾਇਮ ਰਹਿਣ ਵਾਲਾ ਹੈ, ਸਦਾ ਕਾਇਮ ਰਹਿਣ ਵਾਲਾ ਹੈ, (ਉਸ ਪਤੀ ਨਾਲ ਮਿਲਾਪ ਕਰਾਣ ਵਾਸਤੇ) ਉਸ ਪ੍ਰਭੂ ਦੇ ਭਗਤ ਜਨ ਮਿਲ ਕੇ (ਮਾਨੋ) ਸੋਹਣੀ ਜੰਞ ਬਣਦੇ ਹਨ ।
(ਜੀਵ-ਇਸਤ੍ਰੀ ਇਹਨਾਂ ਸਤਸੰਗੀਆਂ ਵਿਚ ਰਹਿ ਕੇ) ਪੇਕੇ ਘਰ ਵਿਚ (ਇਸ ਮਨੁੱਖਾ ਜਨਮ ਵਿਚ) ਪਰਮਾਤਮਾ ਦਾ ਨਾਮ ਜਪ ਕੇ ਸੁਖੀ ਜੀਵਨ ਬਤੀਤ ਕਰਦੀ ਹੈ, ਤੇ ਪਰਲੋਕ ਵਿਚ ਭੀ ਬਹੁਤ ਸੋਭਾ ਪਾਂਦੀ ਹੈ ।
(ਇਹ ਯਕੀਨ ਜਾਣੋ ਕਿ) ਜਿਸ ਜੀਵ-ਇਸਤ੍ਰੀ ਨੇ ਪੇਕੇ ਘਰ ਵਿਚ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿਚ ਵਸਾਇਆ ਹੈ, ਉਹ ਪਰਲੋਕ ਵਿਚ (ਜ਼ਰੂਰ) ਸੋਭਾ ਖੱਟਦੀ ਹੈ ।
ਗੁਰੂ ਦੀ ਸਰਨ ਪੈ ਕੇ ਉਹਨਾਂ ਜੀਵ-ਇਸਤ੍ਰੀਆਂ ਦਾ ਜੀਵਨ ਕਾਮਯਾਬ ਹੋ ਜਾਂਦਾ ਹੈ, ਜਿਨ੍ਹਾਂ ਨੇ ਆਪਣਾ ਮਨ ਜਿੱਤ ਕੇ (ਵੱਸ ਵਿਚ ਲਿਆ ਕੇ) ਚੌਪੜ-ਰੂਪ ਇਹ ਜੀਵਨ-ਖੇਡ ਖੇਡੀ ਹੈ ।
ਪਰਮਾਤਮਾ ਦਾ ਭਜਨ ਕਰਨ ਵਾਲੇ ਗੁਰਮੁਖਾਂ ਨਾਲ ਮਿਲ ਕੇ ਪਰਮਾਤਮਾ-ਪਤੀ ਨਾਲ ਸੋਹਣਾ ਮਿਲਾਪ ਹੋ ਜਾਂਦਾ ਹੈ, ਉਹ ਸਰਬ-ਵਿਆਪਕ ਤੇ ਆਨੰਦ ਦਾ ਸੋਮਾ ਖਸਮ-ਪ੍ਰਭੂ ਮਿਲ ਪੈਂਦਾ ਹੈ ।
ਹੇ ਮੇਰੇ ਪਿਤਾ! ਪ੍ਰਭੂ-ਪਤੀ ਸਦਾ ਕਾਇਮ ਰਹਿਣ ਵਾਲਾ ਹੈ, ਸਦਾ ਕਾਇਮ ਰਹਿਣ ਵਾਲਾ ਹੈ, (ਉਸ ਪਤੀ ਨਾਲ ਮਿਲਾਪ ਕਰਾਣ ਵਾਸਤੇ) ਉਸ ਪ੍ਰਭੂ ਦੇ ਭਗਤ ਜਨ ਮਿਲ ਕੇ (ਮਾਨੋ) ਸੋਹਣੀ ਜੰਞ ਬਣਦੇ ਹਨ ।੩ ।
ਹੇ ਮੇਰੇ ਪਿਤਾ! (ਮੈਂ ਤੈਥੋਂ ਦਾਜ ਮੰਗਦੀ ਹਾਂ) ਮੈਨੂੰ ਹਰੀ-ਪ੍ਰਭੂ ਦੇ ਨਾਮ ਦਾ ਦਾਨ ਦੇਹ, ਮੈਨੂੰ ਇਹੀ ਦਾਜ ਦੇਹ ।
ਮੈਨੂੰ ਹਰੀ ਦਾ ਨਾਮ ਹੀ (ਦਾਜ ਦੇ) ਕੱਪੜੇ ਦੇਹ, ਮੈਨੂੰ ਹਰੀ ਦਾ ਨਾਮ ਹੀ (ਦਾਜ ਦੇ ਗਹਿਣੇ ਆਦਿਕ) ਧਨ ਦੇਹ, ਇਸੇ ਦਾਜ ਨਾਲ ਮੇਰਾ (ਪ੍ਰਭੂ-ਪਤੀ ਨਾਲ) ਵਿਆਹ ਸੋਹਣਾ ਲੱਗਣ ਲੱਗ ਪਏ ।
ਪਰਮਾਤਮਾ ਦੀ ਭਗਤੀ ਨਾਲ ਹੀ (ਪਰਮਾਤਮਾ ਨਾਲ) ਵਿਆਹ ਦਾ ਉੱਦਮ ਸੁਖਦਾਈ ਬਣਦਾ ਹੈ ।
(ਜਿਸ ਜੀਵ-ਮੁਟਿਆਰ ਨੂੰ) ਗੁਰੂ ਨੇ ਸਤਿਗੁਰੂ ਨੇ ਇਹ ਦਾਨ (ਇਹ ਦਾਜ) ਦਿਵਾਇਆ ਹੈ, ਹਰੀ-ਨਾਮ ਦੇ ਦਾਜ ਨਾਲ ਉਸ ਦੀ ਸੋਭਾ (ਉਸ ਦੇ) ਦੇਸ ਵਿਚ ਸੰਸਾਰ ਵਿਚ ਹੋ ਜਾਂਦੀ ਹੈ ।
ਇਹ ਦਾਜ ਐਸਾ ਹੈ ਕਿ ਇਸ ਨਾਲ ਹੋਰ ਕੋਈ ਦਾਜ ਬਰਾਬਰੀ ਨਹੀਂ ਕਰ ਸਕਦਾ ।
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਹੋਰ ਬੰਦੇ ਜਿਹੜਾ ਦਾਜ ਰੱਖ ਕੇ ਵਿਖਾਲਦੇ ਹਨ (ਵਿਖਾਲਾ ਪਾਂਦੇ ਹਨ) ਉਹ ਝੂਠਾ ਅਹੰਕਾਰ (ਪੈਦਾ ਕਰਨ ਵਾਲਾ) ਹੈ ਉਹ ਕੱਚ (ਸਮਾਨ) ਹੈ, ਉਹ (ਨਿਰਾ) ਵਿਖਾਵਾ ਹੀ ਹੈ ।
ਹੇ ਮੇਰੇ ਪਿਤਾ! ਮੈਨੂੰ ਹਰੀ-ਪ੍ਰਭੂ ਦੇ ਨਾਮ ਦਾ ਦਾਨ ਦੇਹ, ਮੈਨੂੰ ਇਹੀ ਦਾਜ ਦੇਹ ।੪ ।
ਹੇ ਮੇਰੇ ਪਿਤਾ! ਹਰੀ-ਪਤੀ ਨਾਲ ਰਾਮ ਪਤੀ ਨਾਲ ਮਿਲ ਕੇ ਜੀਵ-ਇਸਤ੍ਰੀ ਦੀ ਪੀੜ੍ਹੀ ਚੱਲ ਪੈਂਦੀ ਹੈ ।
ਅਨੇਕਾਂ ਜੁਗਾਂ ਤੋਂ ਸਦਾ ਤੋਂ ਹੀ ਗੁਰੂ ਦੀ ਪ੍ਰਭੂ-ਪਤੀ ਦੀ ਪੀੜ੍ਹੀ ਚਲੀ ਆਉਂਦੀ ਹੈ ।
ਹਰੇਕ ਜੁਗ ਵਿਚ ਸਤਿਗੁਰੂ ਦੀ ਪੀੜ੍ਹੀ (ਨਾਦੀ ਸੰਤਾਨ) ਚੱਲ ਪੈਂਦੀ ਹੈ ।
ਜਿਨ੍ਹਾਂ ਨੇ ਗੁਰੂ ਨੂੰ ਮਿਲ ਕੇ ਪਰਮਾਤਮਾ ਦਾ ਨਾਮ ਸਿਮਰਿਆ ਹੈ (ਉਹ ਗੁਰੂ ਦੀ ਪੀੜ੍ਹੀ ਹਨ, ਉਹ ਗੁਰੂ ਦੀ ਨਾਦੀ ਸੰਤਾਨ ਹਨ) ।
ਪਰਮਾਤਮਾ ਐਸਾ ਪਤੀ ਹੈ, ਜੋ ਕਦੇ ਭੀ ਨਾਸ਼ ਨਹੀਂ ਹੁੰਦਾ, ਜੋ ਕਦੇ ਭੀ ਨਹੀਂ ਮਰਦਾ ।
ਉਹ ਸਦਾ ਦਾਤਾਂ ਬਖ਼ਸ਼ਦਾ ਹੈ, ਉਸ ਦੀ ਦਾਤਿ ਸਦਾ ਵਧਦੀ ਰਹਿੰਦੀ ਹੈ ।
ਹੇ ਨਾਨਕ! ਭਗਤ ਜਨ ਤੇ ਭਗਤਾਂ ਦਾ (ਪਿਆਰਾ) ਪ੍ਰਭੂ ਇਕ-ਰੂਪ ਹਨ ।
ਪਰਮਾਤਮਾ ਦਾ ਨਾਮ ਜਪ ਜਪ ਕੇ ਜੀਵ-ਇਸਤ੍ਰੀ ਸੋਹਣੇ ਜੀਵਨ ਵਾਲੀ ਬਣ ਜਾਂਦੀ ਹੈ ।
ਹੇ ਮੇਰੇ ਪਿਤਾ! ਹਰੀ-ਪਤੀ ਨਾਲ ਰਾਮ ਪਤੀ ਨਾਲ ਮਿਲਕੇ ਜੀਵ-ਇਸਤ੍ਰੀ ਦੀ ਪੀੜ੍ਹੀ ਚੱਲ ਪੈਂਦੀ ਹੈ (ਭਾਵ, ਉਸ ਦੀ ਸੰਗਤਿ ਵਿਚ ਰਹਿ ਕੇ ਹੋਰ ਅਨੇਕਾਂ ਜੀਵ ਸਿਮਰਨ ਦੇ ਰਾਹੇ ਪੈ ਜਾਂਦੇ ਹਨ) ।੫।੧ ।
Follow us on Twitter Facebook Tumblr Reddit Instagram Youtube