ਸਿਰੀਰਾਗੁ ਮਹਲਾ ੪ ॥
ਪਹਿਲੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਹਰਿ ਪਾਇਆ ਉਦਰ ਮੰਝਾਰਿ ॥
ਹਰਿ ਧਿਆਵੈ ਹਰਿ ਉਚਰੈ ਵਣਜਾਰਿਆ ਮਿਤ੍ਰਾ ਹਰਿ ਹਰਿ ਨਾਮੁ ਸਮਾਰਿ ॥
ਹਰਿ ਹਰਿ ਨਾਮੁ ਜਪੇ ਆਰਾਧੇ ਵਿਚਿ ਅਗਨੀ ਹਰਿ ਜਪਿ ਜੀਵਿਆ ॥
ਬਾਹਰਿ ਜਨਮੁ ਭਇਆ ਮੁਖਿ ਲਾਗਾ ਸਰਸੇ ਪਿਤਾ ਮਾਤ ਥੀਵਿਆ ॥
ਜਿਸ ਕੀ ਵਸਤੁ ਤਿਸੁ ਚੇਤਹੁ ਪ੍ਰਾਣੀ ਕਰਿ ਹਿਰਦੈ ਗੁਰਮੁਖਿ ਬੀਚਾਰਿ ॥
ਕਹੁ ਨਾਨਕ ਪ੍ਰਾਣੀ ਪਹਿਲੈ ਪਹਰੈ ਹਰਿ ਜਪੀਐ ਕਿਰਪਾ ਧਾਰਿ ॥੧॥

ਦੂਜੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਮਨੁ ਲਾਗਾ ਦੂਜੈ ਭਾਇ ॥
ਮੇਰਾ ਮੇਰਾ ਕਰਿ ਪਾਲੀਐ ਵਣਜਾਰਿਆ ਮਿਤ੍ਰਾ ਲੇ ਮਾਤ ਪਿਤਾ ਗਲਿ ਲਾਇ ॥
ਲਾਵੈ ਮਾਤ ਪਿਤਾ ਸਦਾ ਗਲ ਸੇਤੀ ਮਨਿ ਜਾਣੈ ਖਟਿ ਖਵਾਏ ॥
ਜੋ ਦੇਵੈ ਤਿਸੈ ਨ ਜਾਣੈ ਮੂੜਾ ਦਿਤੇ ਨੋ ਲਪਟਾਏ ॥
ਕੋਈ ਗੁਰਮੁਖਿ ਹੋਵੈ ਸੁ ਕਰੈ ਵੀਚਾਰੁ ਹਰਿ ਧਿਆਵੈ ਮਨਿ ਲਿਵ ਲਾਇ ॥
ਕਹੁ ਨਾਨਕ ਦੂਜੈ ਪਹਰੈ ਪ੍ਰਾਣੀ ਤਿਸੁ ਕਾਲੁ ਨ ਕਬਹੂੰ ਖਾਇ ॥੨॥

ਤੀਜੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਮਨੁ ਲਗਾ ਆਲਿ ਜੰਜਾਲਿ ॥
ਧਨੁ ਚਿਤਵੈ ਧਨੁ ਸੰਚਵੈ ਵਣਜਾਰਿਆ ਮਿਤ੍ਰਾ ਹਰਿ ਨਾਮਾ ਹਰਿ ਨ ਸਮਾਲਿ ॥
ਹਰਿ ਨਾਮਾ ਹਰਿ ਹਰਿ ਕਦੇ ਨ ਸਮਾਲੈ ਜਿ ਹੋਵੈ ਅੰਤਿ ਸਖਾਈ ॥
ਇਹੁ ਧਨੁ ਸੰਪੈ ਮਾਇਆ ਝੂਠੀ ਅੰਤਿ ਛੋਡਿ ਚਲਿਆ ਪਛੁਤਾਈ ॥
ਜਿਸ ਨੋ ਕਿਰਪਾ ਕਰੇ ਗੁਰੁ ਮੇਲੇ ਸੋ ਹਰਿ ਹਰਿ ਨਾਮੁ ਸਮਾਲਿ ॥
ਕਹੁ ਨਾਨਕ ਤੀਜੈ ਪਹਰੈ ਪ੍ਰਾਣੀ ਸੇ ਜਾਇ ਮਿਲੇ ਹਰਿ ਨਾਲਿ ॥੩॥

ਚਉਥੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਹਰਿ ਚਲਣ ਵੇਲਾ ਆਦੀ ॥
ਕਰਿ ਸੇਵਹੁ ਪੂਰਾ ਸਤਿਗੁਰੂ ਵਣਜਾਰਿਆ ਮਿਤ੍ਰਾ ਸਭ ਚਲੀ ਰੈਣਿ ਵਿਹਾਦੀ ॥
ਹਰਿ ਸੇਵਹੁ ਖਿਨੁ ਖਿਨੁ ਢਿਲ ਮੂਲਿ ਨ ਕਰਿਹੁ ਜਿਤੁ ਅਸਥਿਰੁ ਜੁਗੁ ਜੁਗੁ ਹੋਵਹੁ ॥
ਹਰਿ ਸੇਤੀ ਸਦ ਮਾਣਹੁ ਰਲੀਆ ਜਨਮ ਮਰਣ ਦੁਖ ਖੋਵਹੁ ॥
ਗੁਰ ਸਤਿਗੁਰ ਸੁਆਮੀ ਭੇਦੁ ਨ ਜਾਣਹੁ ਜਿਤੁ ਮਿਲਿ ਹਰਿ ਭਗਤਿ ਸੁਖਾਂਦੀ ॥
ਕਹੁ ਨਾਨਕ ਪ੍ਰਾਣੀ ਚਉਥੈ ਪਹਰੈ ਸਫਲਿਓੁ ਰੈਣਿ ਭਗਤਾ ਦੀ ॥੪॥੧॥੩॥

Sahib Singh
ਰੈਣਿ = ਰਾਤ, ਜ਼ਿੰਦਗੀ = ਰੂਪ ਰਾਤ ।
ਪਹਿਲੈ ਪਹਰੈ = ਪਹਿਲੇ ਪਹਰ ਵਿਚ ।
ਵਣਜਾਰਿਆ ਮਿ੍ਰਤਾ = ਹਰੀ ਨਾਮ ਦਾ ਵਣਜ ਕਰਨ ਆਏ ਹੇ ਜੀਵ-ਮਿਤ੍ਰ !
ਉਦਰ ਮੰਝਾਰਿ = (ਮਾਂ ਦੇ) ਪੇਟ ਵਿਚ ।
ਸਮਾਰਿ = ਸਮਾਰੈ, ਸੰਭਲਦਾ ਹੈ ।
ਅਗਨੀ = ਮਾਂ ਦੇ ਪੇਟ ਦੀ ਅੱਗ ।
ਜਪਿ = ਜਪ ਕੇ ।
ਜੀਵਿਆ = ਜੀੳਂੂਦਾਰਿਹਾ ।
ਮੁਖਿ ਲਾਗਾ = (ਮਾਂ ਪਿਉ ਦੇ) ਮੂੰਹ ਲੱਗਾ, ਮਾਂ ਪਿਉ ਨੂੰ ਦਿੱਸਿਆ ।
ਸਰਸੇ = ਪ੍ਰਸੰਨ {ਸ = ਰਸ} ।
ਥੀਵਿਆ = ਹੋਏ ।
ਜਿਸ ਕੀ ਵਸਤੁ = ਜਿਸ (ਪਰਮਾਤਮਾ) ਦੀ ਦਿੱਤੀ ਹੋਈ ਇਹ ਚੀਜ਼ (ਇਹ ਬਾਲਕ) ।
ਕਰਿ ਬੀਚਾਰਿ = ਵਿਚਾਰ ਕਰ ਕੇ ।
ਕਿਰਪਾ ਧਾਰਿ = (ਜੇ) ਕਿਰਪਾ ਧਾਰੇ ।੧੧ ।
ਦੂਜੈ ਭਾਇ = ਪਰਮਾਤਮਾ ਤੋਂ ਬਿਨਾ ਕਿਸੇ ਹੋਰ ਦੇ ਪਿਆਰ ਵਿਚ ।
ਕਰਿ = ਕਰ ਕੇ, ਆਖ ਆਖ ਕੇ ।
ਪਾਲੀਐ = ਪਾਲਿਆ ਜਾਂਦਾ ਹੈ ।
ਗਲਿ = ਗਲ ਵਿਚ, ਗਲ ਨਾਲ ।
ਲੇ = ਲੈ ਕੇ ।
ਸੇਤੀ = ਨਾਲ ।
ਮਨਿ = ਮਨ ਵਿਚ ।
ਖਟਿ = ਖੱਟ ਕੇ, ਕਮਾ ਕੇ ।
ਮੂੜਾ = ਮੂਰਖ ਜੀਵ ।
ਦਿਤੇ ਨੋ ਲਪਟਾਏ = ਪਰਮਾਤਮਾ ਦੀ ਦਿੱਤੀ ਹੋਈ ਦਾਤਿ ਨੂੰ ਚੰਬੜਦਾ ਹੈ, ਪ੍ਰਭੂ ਦੀ ਦਿੱਤੀ ਦਾਤਿ ਨਾਲ ਮੋਹ ਕਰਦਾ ਹੈ ।
ਲਿਵ ਲਾਇ = ਸੁਰਤਿ ਜੋੜ ਕੇ ।
ਕਾਲੁ = ਮੌਤ, ਮੌਤ ਦਾ ਡਰ, ਆਤਮਕ ਮੌਤ ।੨ ।
ਆਲਿ = {ਆਲਯ} ਘਰ ਵਿਚ, ਘਰ (ਦੇ ਮੋਹ) ਵਿਚ ।
ਜੰਜਾਲਿ = ਜੰਜਾਲ ਵਿਚ, ਦੁਨੀਆ ਦੇ ਝੰਬੇਲੇ ਵਿਚ ।
ਚਿਤਵੈ = ਚਿਤਾਰਦਾ ਹੈ ।
ਸੰਚਵੈ = ਇਕੱਠਾ ਕਰਦਾ ਹੈ, ਜੋੜਦਾ ਹੈ ।
ਨ ਸਮਾਲਿ = ਨ ਸਮਾਲੇ, ਨਹੀਂ ਯਾਦ ਕਰਦਾ ।
ਜਿ = ਜੇਹੜਾ ।
ਅੰਤਿ = ਆਖ਼ਰ ਵਿਚ ।
ਸਖਾਈ = ਸਹਾਈ, ਮਿੱਤਰ ।
ਸੰਪੈ = ਧਨ = ਪਦਾਰਥ ।
ਝੂਠੀ = ਝੂਠੇ ਸੰਬੰਧ ਵਾਲੀ, ਸਾਥ ਨਾਹ ਨਿਬਾਹੁਣ ਵਾਲੀ ।
ਸਮਾਲਿ = ਸਮਾਲੈ, ਸਮ੍ਹਾਲਦਾ ਹੈ ।
ਸੇ = ਉਹ ਬੰਦੇ ।੨ ।
ਆਦੀ = ਲਿਆਂਦਾ ਹੈ, ਲੈ ਆਉਂਦਾ ਹੈ (ਆਂਦੀ) ।
ਕਰਿ ਪੂਰਾ = ਪੂਰਾ ਜਾਣ ਕੇ, ਅਭੁੱਲ ਜਾਣ ਕੇ ।
ਸੇਵਹੁ = ਸਰਨੀ ਪਵੋ ।
ਰੈਣਿ = ਰਾਤ, ਉਮਰ ।
ਚਲੀ ਵਿਹਾਦੀ = ਲੰਘਦੀ ਜਾ ਰਹੀ ਹੈ ।
ਖਿਨੁ ਖਿਨੁ = ਹਰੇਕ ਖਿਨ (ਵਿਚ), ਸੁਆਸ ਸੁਆਸ ।
ਸੇਵਹੁ = ਸਿਮਰੋ ।
ਮੂਲਿ = ਬਿਲਕੁਲ ਹੀ ।
ਜਿਤੁ = ਜਿਸ (ਉੱਦਮ) ਦੀ ਰਾਹੀਂ ।
ਅਸਥਿਰੁ = ਅਟੱਲ, ਅਟੱਲ ਆਤਮਕ ਜੀਵਨ ਵਾਲੇ ।
ਰਲੀਆ = ਆਤਮਕ ਆਨੰਦ ।ਜਨਮ ਮਰਣ ਦੁਖ—ਜਨਮ ਮਰਨ ਦੇ ਗੇੜ ਵਿਚ ਪਾਣ ਵਾਲੇ ਦੁੱਖ ।
ਭੇਦੁ = ਫ਼ਰਕ ।
ਜਿਤੁ = ਜਿਸ (ਗੁਰੂ) ਵਿਚ ।
ਮਿਲਿ = ਮਿਲ ਕੇ, ਜੁੜ ਕੇ ।
ਸੁਖਾਂਦੀ = ਪਿਆਰੀ ਲੱਗਦੀ ਹੈ ।
ਸਫਲਿਉ = {ਨੋਟ: = ‘ੳ’ ਦੇ ਨਾਲ ਦੋ ਮਾਤਰਾ ਹਨ ੁ ਅਤੇ ੋ ।
    ਅਸਲ ਲਫ਼ਜ਼ ਹੈ ‘ਸਫਲਿਓ’, ਇਥੇ ‘ਸਫਿਲਉ’ ਪੜ੍ਹਨਾ ਹੈ ।੪ ।
    
Sahib Singh
ਹਰਿ-ਨਾਮ ਦਾ ਵਣਜ ਕਰਨ ਆਏ ਹੇ ਜੀਵ-ਮਿਤ੍ਰ! (ਜ਼ਿੰਦਗੀ ਦੀ) ਰਾਤ ਦੇ ਪਹਿਲੇ ਪਹਰ ਵਿਚ ਪਰਮਾਤਮਾ (ਜਵਿ ਨੂੰ) ਮਾਂ ਦੇ ਪੇਟ ਵਿਚ ਨਿਵਾਸ ਦੇਂਦਾ ਹੈ ।
(ਮਾਂ ਦੇ ਪੇਟ ਵਿਚ ਜੀਵ), ਹੇ ਵਣਜਾਰੇ ਜੀਵ-ਮਿਤ੍ਰ! ਪਰਮਾਤਮਾ ਦਾ ਧਿਆਨ ਧਰਦਾ ਹੈ ਪਰਮਾਤਮਾ ਦਾ ਨਾਮ ਉਚਾਰਦਾ ਹੈ, ਤੇ ਪਰਮਾਤਮਾ ਦਾ ਨਾਮ ਹਿਰਦੇ ਵਿਚ ਵਸਾਈ ਰੱਖਦਾ ਹੈ ।
(ਮਾਂ ਦੇ ਪੇਟ ਵਿਚ ਜੀਵ) ਪਰਮਾਤਮਾ ਦਾ ਨਾਮ ਜਪਦਾ ਹੈ ਆਰਾਧਦਾ ਹੈ, ਹਰਿ-ਨਾਮ ਜਪ ਕੇ ਅੱਗ ਵਿਚ ਜੀਉਂਦਾ ਰਹਿੰਦਾ ਹੈ ।
(ਮਾਂ ਦੇ ਪੇਟ ਤੋਂ) ਬਾਹਰ (ਆ ਕੇ) ਜਨਮ ਲੈਂਦਾ ਹੈ (ਮਾਂ ਪਿਉ ਦੇ) ਮੂੰਹ ਲੱਗਦਾ ਹੈ, ਮਾਂ ਪਿਉ ਖ਼ੁਸ਼ ਹੁੰਦੇ ਹਨ ।
ਹੇ ਪ੍ਰਾਣੀਹੋ! ਜਿਸ ਪਰਮਾਤਮਾ ਦਾ ਭੇਜਿਆ ਹੋਇਆ ਇਹ ਬਾਲਕ ਜੰਮਿਆ ਹੈ, ਉਸ ਦਾ ਧਿਆਨ ਧਰੋ, ਗੁਰੂ ਦੀ ਰਾਹੀਂ ਆਪਣੇ ਹਿਰਦੇ ਵਿਚ (ਉਸ ਦੇ ਗੁਣਾਂ ਦਾ) ਵਿਚਾਰ ਕਰੋ ।
ਹੇ ਨਾਨਕ! ਆਖ—ਹੇ ਪ੍ਰਾਣੀ! ਜੇ ਪਰਮਾਤਮਾ ਮਿਹਰ ਕਰੇ ਤਾਂ (ਜ਼ਿੰਦਗੀ ਦੀ ਰਾਤ ਦੇ) ਪਹਿਲੇ ਪਹਰ ਵਿਚ ਪਰਮਾਤਮਾ ਦਾ ਨਾਮ ਜਪਿਆ ਜਾ ਸਕਦਾ ਹੈ ।੧ ।
ਹਰਿ-ਨਾਮ ਦਾ ਵਣਜ ਕਰਨ ਆਏ ਹੇ ਜੀਵ-ਮਿਤ੍ਰ! (ਜ਼ਿੰਦਗੀ ਦੀ ਰਾਤ ਦੇ) ਦੂਜੇ ਪਹਰ ਵਿਚ (ਜੀਵ ਦਾ) ਮਨ (ਪਰਮਾਤਮਾ ਨੂੰ ਭੁਲਾ ਕੇ) ਹੋਰ ਦੇ ਪਿਆਰ ਵਿਚ ਲੱਗ ਜਾਂਦਾ ਹੈ ।
ਹੇ ਵਣਜਾਰੇ ਮਿਤ੍ਰ ।
(ਇਹ) ਮੇਰਾ (ਪੁਤ੍ਰ ਹੈ, ਇਹ) ਮੇਰਾ (ਪੁਤ੍ਰ ਹੈ, ਇਹ) ਆਖ ਆਖ ਕੇ (ਬਾਲਕ) ਪਾਲਿਆ ਜਾਂਦਾ ਹੈ ।
ਮਾਂ ਫੜ ਕੇ ਗਲ ਨਾਲ ਲਾਂਦਾ ਹੈ, ਪਿਉ ਲੈ ਕੇ ਗਲ ਨਾਲ ਲਾਂਦਾ ਹੈ ।
ਮਾਂ ਮੁੜ ਮੁੜ ਗਲ ਨਾਲ ਲਾਂਦੀ ਹੈ, ਪਿਉ ਮੁੜ ਮੁੜ ਗਲ ਨਾਲ ਲਾਂਦਾ ਹੈ ।
ਮਾਂ ਆਪਣੇ ਮਨ ਵਿਚ ਸਮਝਦੀ ਹੈ, ਪਿਉ ਆਪਣੇ ਮਨ ਵਿਚ ਸਮਝਦਾ ਹੈ ਕਿ (ਸਾਨੂੰ) ਖੱਟ ਕਮਾ ਕੇ ਖਵਾਇਗਾ ।
ਮੂਰਖ (ਮਨੁੱਖ) ਉਸ ਪਰਮਾਤਮਾ ਨੂੰ ਨਹੀਂ ਪਛਾਣਦਾ (ਨਹੀਂ ਯਾਦ ਕਰਦਾ) ਜੇਹੜਾ (ਪੁਤ੍ਰ ਧਨ ਆਦਿਕ) ਦੇਂਦਾ ਹੈ, ਪਰਮਾਤਮਾ ਦੇ ਦਿੱਤੇ ਹੋਏ (ਪੁਤ੍ਰ ਧਨ ਆਦਿਕ) ਨਾਲ ਮੋਹ ਕਰਦਾ ਹੈ ।
ਜੇਹੜਾ ਕੋਈ (ਵਡ-ਭਾਗੀ ਮਨੁੱਖ) ਗੁਰੂ ਦੀ ਸਰਨ ਪੈਂਦਾ ਹੈ ਉਹ (ਇਸ ਅਸਲੀਅਤ ਦੀ) ਵਿਚਾਰ ਕਰਦਾ ਹੈ, ਤੇ ਸੁਰਤਿ ਜੋੜ ਕੇ ਆਪਣੇ ਮਨ ਵਿਚ ਪਰਮਾਤਮਾ ਦਾ ਧਿਆਨ ਧਰਦਾ ਹੈ ।ਹੇ ਨਾਨਕ! ਆਖ—(ਜ਼ਿੰਦਗੀ ਦੀ ਰਾਤ ਦੇ) ਦੂਜੇ ਪਹਰ ਵਿਚ (ਜੇਹੜਾ) ਪ੍ਰਾਣੀ (ਪਰਮਾਤਮਾ ਦਾ ਧਿਆਨ ਧਰਦਾ ਹੈ, ਉਸ ਨੂੰ) ਆਤਮਕ ਮੌਤ ਕਦੇ ਭੀ ਨਹੀਂ ਖਾਂਦੀ ।੨ ।
ਹਰਿ-ਨਾਮ ਦਾ ਵਣਜ ਕਰਨ ਆਏ ਹੇ ਜੀਵ ਮਿਤ੍ਰ! (ਜ਼ਿੰਦਗੀ ਦੀ ਰਾਤ ਦੇ) ਤੀਜੇ ਪਹਰ ਵਿਚ (ਮਨੁੱਖ ਦਾ) ਮਨ ਘਰ ਦੇ ਮੋਹ ਵਿਚ ਲੱਗ ਜਾਂਦਾ ਹੈ, ਦੁਨੀਆ ਦੇ ਧੰਧਿਆਂ ਦੇ ਮੋਹ ਵਿਚ ਫਸ ਜਾਂਦਾ ਹੈ ।
ਮਨੁੱਖ ਧਨ (ਹੀ) ਚਿਤਾਰਦਾ ਹੈ ਧਨ (ਹੀ) ਇਕੱਠਾ ਕਰਦਾ ਹੈ, ਤੇ ਪਰਮਾਤਮਾ ਦਾ ਨਾਮ ਕਦੇ ਭੀ ਹਿਰਦੇ ਵਿਚ ਨਹੀਂ ਵਸਾਂਦਾ ।
(ਮੋਹ ਵਿਚ ਫਸ ਕੇ ਮਨੁੱਖ) ਕਦੇ ਭੀ ਪਰਮਾਤਮਾ ਦਾ ਉਹ ਨਾਮ ਆਪਣੇ ਹਿਰਦੇ ਵਿਚ ਨਹੀਂ ਵਸਾਂਦਾ ਜੇਹੜਾ ਅਖ਼ੀਰ ਵੇਲੇ ਸਾਥੀ ਬਣਦਾ ਹੈ ।
ਇਹ ਧਨ-ਪਦਾਰਥ ਇਹ ਮਾਇਆ ਸਦਾ ਸਾਥ ਨਿਬਾਹੁਣ ਵਾਲੇ ਨਹੀਂ ਹਨ, ਅਤੇ ਸਮਾ ਆਉਣ ਤੇ ਪਛੁਤਾਂਦਾ ਹੋਇਆ ਇਹਨਾਂ ਨੂੰ ਛੱਡ ਕੇ ਜਾਂਦਾ ਹੈ ।
ਜਿਸ ਮਨੁੱਖ ਉੱਤੇ ਪਰਮਾਤਮਾ ਮਿਹਰ ਕਰਦਾ ਹੈ ਉਸ ਨੂੰ ਗੁਰੂ ਮਿਲਾਂਦਾ ਹੈ, ਤੇ ਉਹ ਸਦਾ ਪਰਮਾਤਮਾ ਦਾ ਨਾਮ ਹਿਰਦੇ ਵਿਚ ਸੰਭਾਲਦਾ ਹੈ ।
ਹੇ ਨਾਨਕ! ਆਖ—ਜੇਹੜੇ ਪ੍ਰਾਣੀ ਹਰਿ ਨਾਮ ਸੰਭਾਲਦੇ ਹਨ, ਉਹ ਪਰਮਾਤਮਾ ਵਿਚ ਜਾ ਮਿਲਦੇ ਹਨ ।੩ ।
ਹਰਿ-ਨਾਮ ਦਾ ਵਣਜ ਕਰਨ ਆਏ ਹੇ ਜੀਵ-ਮਿਤ੍ਰ! (ਜ਼ਿੰਦਗੀ ਦੀ ਰਾਤ ਦੇ) ਚੌਥੇ ਪਹਰ ਪਰਮਾਤਮਾ (ਜੀਵ ਦੇ ਇੱਥੋਂ) ਤੁਰਨ ਦਾ ਸਮਾ ਲੈ (ਹੀ) ਆਉਂਦਾ ਹੈ ।
ਹੇ ਵਣਜਾਰੇ ਜੀਵ-ਮਿਤ੍ਰ! ਗੁਰੂ ਨੂੰ ਅਭੁੱਲ ਜਾਣ ਕੇ ਗੁਰੂ ਦੀ ਸਰਨ ਪਵੋ, (ਜ਼ਿੰਦਗੀ ਦੀ) ਸਾਰੀ ਰਾਤ ਬੀਤਦੀ ਜਾ ਰਹੀ ਹੈ ।
(ਹੇ ਜੀਵ-ਮਿਤ੍ਰ!) ਸੁਆਸ ਸੁਆਸ ਪਰਮਾਤਮਾ ਦਾ ਨਾਮ ਸਿਮਰੋ, (ਇਸ ਕੰਮ ਵਿਚ) ਬਿਲਕੁਲ ਆਲਸ ਨਾਹ ਕਰੋ, ਸਿਮਰਨ ਦੀ ਬਰਕਤਿ ਨਾਲ ਹੀ ਸਦਾ ਵਾਸਤੇ ਅਟੱਲ ਆਤਮਕ ਜੀਵਨ ਵਾਲੇ ਬਣ ਸਕੋਗੇ ।
(ਹੇ ਜੀਵ-ਮਿਤ੍ਰ! ਸਿਮਰਨ ਦੀ ਬਰਕਤਿ ਨਾਲ ਹੀ) ਪਰਮਾਤਮਾ ਦੇ ਮਿਲਾਪ ਦਾ ਆਨੰਦ ਸਦਾ ਮਾਣੋਗੇ ਤੇ ਜਨਮ ਮਰਨ ਦੇ ਗੇੜ ਵਿੱਚ ਪਾਣ ਵਾਲੇ ਦੁਖਾਂ ਨੂੰ ਮੁਕਾ ਸਕੇਗਾ ।
(ਹੇ ਜੀਵ-ਮਿਤ੍ਰ!) ਗੁਰੂ ਤੇ ਪਰਮਾਤਮਾ ਵਿਚ (ਰਤਾ ਭੀ) ਫ਼ਰਕ ਨਾਹ ਸਮਝੋ ਗੁਰੂ (ਦੇ ਚਰਨਾਂ) ਵਿੱਚ ਜੁੜ ਕੇ ਹੀ ਪਰਮਾਤਮਾ ਦੀ ਭਗਤੀ ਪਿਆਰੀ ਲੱਗਦੀ ਹੈ ।
ਹੇ ਨਾਨਕ! ਆਖ—ਜੇਹੜੇ ਪ੍ਰਾਣੀ (ਜ਼ਿੰਦਗੀ ਦੀ ਰਾਤ ਦੇ) ਚੌਥੇ ਪਹਰ ਵਿਚ ਭੀ (ਪਰਮਾਤਮਾ ਦੀ ਭਗਤੀ ਕਰਦੇ ਰਹਿੰਦੇ ਹਨ ਉਹਨਾਂ) ਭਗਤਾਂ ਦੀ (ਜ਼ਿੰਦਗੀ ਦੀ ਸਾਰੀ) ਰਾਤ ਕਾਮਯਾਬ ਰਹਿੰਦੀ ਹੈ ।੪।੧।੩ ।
Follow us on Twitter Facebook Tumblr Reddit Instagram Youtube