ਸਿਰੀਰਾਗੁ ਮਹਲਾ ੩ ॥
ਸਤਿਗੁਰਿ ਸੇਵਿਐ ਮਨੁ ਨਿਰਮਲਾ ਭਏ ਪਵਿਤੁ ਸਰੀਰ ॥
ਮਨਿ ਆਨੰਦੁ ਸਦਾ ਸੁਖੁ ਪਾਇਆ ਭੇਟਿਆ ਗਹਿਰ ਗੰਭੀਰੁ ॥
ਸਚੀ ਸੰਗਤਿ ਬੈਸਣਾ ਸਚਿ ਨਾਮਿ ਮਨੁ ਧੀਰ ॥੧॥

ਮਨ ਰੇ ਸਤਿਗੁਰੁ ਸੇਵਿ ਨਿਸੰਗੁ ॥
ਸਤਿਗੁਰੁ ਸੇਵਿਐ ਹਰਿ ਮਨਿ ਵਸੈ ਲਗੈ ਨ ਮੈਲੁ ਪਤੰਗੁ ॥੧॥ ਰਹਾਉ ॥

ਸਚੈ ਸਬਦਿ ਪਤਿ ਊਪਜੈ ਸਚੇ ਸਚਾ ਨਾਉ ॥
ਜਿਨੀ ਹਉਮੈ ਮਾਰਿ ਪਛਾਣਿਆ ਹਉ ਤਿਨ ਬਲਿਹਾਰੈ ਜਾਉ ॥
ਮਨਮੁਖ ਸਚੁ ਨ ਜਾਣਨੀ ਤਿਨ ਠਉਰ ਨ ਕਤਹੂ ਥਾਉ ॥੨॥

ਸਚੁ ਖਾਣਾ ਸਚੁ ਪੈਨਣਾ ਸਚੇ ਹੀ ਵਿਚਿ ਵਾਸੁ ॥
ਸਦਾ ਸਚਾ ਸਾਲਾਹਣਾ ਸਚੈ ਸਬਦਿ ਨਿਵਾਸੁ ॥
ਸਭੁ ਆਤਮ ਰਾਮੁ ਪਛਾਣਿਆ ਗੁਰਮਤੀ ਨਿਜ ਘਰਿ ਵਾਸੁ ॥੩॥

ਸਚੁ ਵੇਖਣੁ ਸਚੁ ਬੋਲਣਾ ਤਨੁ ਮਨੁ ਸਚਾ ਹੋਇ ॥
ਸਚੀ ਸਾਖੀ ਉਪਦੇਸੁ ਸਚੁ ਸਚੇ ਸਚੀ ਸੋਇ ॥
ਜਿੰਨੀ ਸਚੁ ਵਿਸਾਰਿਆ ਸੇ ਦੁਖੀਏ ਚਲੇ ਰੋਇ ॥੪॥

ਸਤਿਗੁਰੁ ਜਿਨੀ ਨ ਸੇਵਿਓ ਸੇ ਕਿਤੁ ਆਏ ਸੰਸਾਰਿ ॥
ਜਮ ਦਰਿ ਬਧੇ ਮਾਰੀਅਹਿ ਕੂਕ ਨ ਸੁਣੈ ਪੂਕਾਰ ॥
ਬਿਰਥਾ ਜਨਮੁ ਗਵਾਇਆ ਮਰਿ ਜੰਮਹਿ ਵਾਰੋ ਵਾਰ ॥੫॥

ਏਹੁ ਜਗੁ ਜਲਤਾ ਦੇਖਿ ਕੈ ਭਜਿ ਪਏ ਸਤਿਗੁਰ ਸਰਣਾ ॥
ਸਤਿਗੁਰਿ ਸਚੁ ਦਿੜਾਇਆ ਸਦਾ ਸਚਿ ਸੰਜਮਿ ਰਹਣਾ ॥
ਸਤਿਗੁਰ ਸਚਾ ਹੈ ਬੋਹਿਥਾ ਸਬਦੇ ਭਵਜਲੁ ਤਰਣਾ ॥੬॥

ਲਖ ਚਉਰਾਸੀਹ ਫਿਰਦੇ ਰਹੇ ਬਿਨੁ ਸਤਿਗੁਰ ਮੁਕਤਿ ਨ ਹੋਈ ॥
ਪੜਿ ਪੜਿ ਪੰਡਿਤ ਮੋਨੀ ਥਕੇ ਦੂਜੈ ਭਾਇ ਪਤਿ ਖੋਈ ॥
ਸਤਿਗੁਰਿ ਸਬਦੁ ਸੁਣਾਇਆ ਬਿਨੁ ਸਚੇ ਅਵਰੁ ਨ ਕੋਈ ॥੭॥

ਜੋ ਸਚੈ ਲਾਏ ਸੇ ਸਚਿ ਲਗੇ ਨਿਤ ਸਚੀ ਕਾਰ ਕਰੰਨਿ ॥
ਤਿਨਾ ਨਿਜ ਘਰਿ ਵਾਸਾ ਪਾਇਆ ਸਚੈ ਮਹਲਿ ਰਹੰਨਿ ॥
ਨਾਨਕ ਭਗਤ ਸੁਖੀਏ ਸਦਾ ਸਚੈ ਨਾਮਿ ਰਚੰਨਿ ॥੮॥੧੭॥੮॥੨੫॥

Sahib Singh
ਸੇਵਿਐ = ਜੇ ਸੇਵਾ ਕੀਤੀ ਜਾਏ, ਜੇ ਸਰਨ ਲਈ ਜਾਏ ।
ਮਨਿ = ਮਨ ਵਿਚ ।
ਭੇਟਿਆ = ਮਿਲਿਆ ।
ਗੰਭੀਰੁ = ਵਡੇ ਜਿਗਰੇ ਵਾਲਾ ।
ਸਚੀ ਸੰਗਤਿ = ਸਦਾ = ਥਿਰ ਪ੍ਰਭੂ ਦੀ ਸੰਗਤਿ ਵਿਚ ।
ਸਚਿ = ਸਦਾ = ਥਿਰ ਪ੍ਰਭੂ ਵਿਚ ।
ਧੀਰ = ਧੀਰਜ, ਟਿਕਾਉ ।੧ ।
ਨਿਸੰਗੁ = ਝਾਕਾ ਲਾਹ ਕੇ ।
ਪਤੰਗੁ = ਰਤਾ ਭੀ ।੧।ਰਹਾਉ ।
ਪਤਿ = ਇੱਜ਼ਤ ।
ਸਚੇ ਨਾਉ = ਸਦਾ = ਥਿਰ ਪ੍ਰਭੂ ਦਾ ਨਾਮ ।
ਪਛਾਣਿਆ = ਜਾਣ = ਪਛਾਣ ਬਣਾਈ, ਸਾਂਝ ਪਾ ਲਈ ।
ਹਉ = ਮੈਂ ।
ਮਨਮੁਖ = ਆਪਣੇ ਮਨ ਵਲ ਮੂੰਹ ਰੱਖਣ ਵਾਲੇ ।
ਕਤਹੂ = ਕਿਤੇ ਭੀ ।੨ ।
ਸਚੁ = ਸਦਾ = ਥਿਰ ਪ੍ਰਭੂ ।
ਸਭੁ = ਹਰ ਥਾਂ ।
ਨਿਜ ਘਰਿ = ਆਪਣੇ ਘਰ ਵਿਚ, ਅੰਤਰ-ਆਤਮੇ ।੩ ।
ਸਚਾ = ਸੱਚਾ, ਸਦਾ = ਥਿਰ, ਅਡੋਲ ।
ਸਾਖੀ = ਸਿੱਖਿਆ ।
ਸੋਇ = ਸੋਭਾ ।
ਰੋਇ = ਰੋ ਕੇ ।੪ ।
ਕਿਤੁ = ਕਿਸ ਕੰਮ ਲਈ ?
    ਵਿਅਰਥ ਹੀ ।
ਸੰਸਾਰਿ = ਸੰਸਾਰ ਵਿਚ ।
ਦਰਿ = ਦਰ ਤੇ ।
ਮਾਰੀਅਹਿ = ਮਾਰੇ ਕੁੱਟੇ ਜਾਂਦੇ ਹਨ ।
ਵਾਰੋ ਵਾਰ = ਮੁੜ ਮੁੜ ।੫ ।
ਭਜਿ = ਦੌੜ ਕੇ ।
ਸਤਿਗੁਰਿ = ਸਤਿਗੁਰੂ ਨੇ ।
ਦਿੜਾਇਆ = ਪੱਕਾ ਕਰ ਦਿੱਤਾ, ਮਨ ਵਿਚ ਚੰਗੀ ਤ੍ਰਹਾਂ ਵਸਾ ਦਿੱਤਾ ।
ਸੰਜਮਿ = ਸੰਜਮ ਵਿਚ, ਜੁਗਤਿ ਵਿਚ ।
ਬੋਹਿਥਾ = ਜਹਾਜ਼ ।੬ ।
ਮੁਕਤਿ = ਖ਼ਲਾਸੀ ।
ਮੋਨੀ = ਸਮਾਧੀਆਂ ਲਾਣ ਵਾਲੇ, ਮੋਨ ਧਾਰੀ ਰੱਖਣ ਵਾਲੇ ।
ਦੂਜੈ ਭਾਇ = ਪ੍ਰਭੂ ਤੋਂ ਬਿਨਾ ਕਿਸੇ ਹੋਰ ਦੇ ਪਿਆਰ ਵਿਚ ।
ਪਤਿ = ਇੱਜ਼ਤ ।੭।ਸਚੈ—ਸਦਾ = ਥਿਰ ਪ੍ਰਭੂ ਨੇ ।
ਸਚਿ = ਸਦਾ = ਥਿਰ ਪ੍ਰਭੂ ਵਿਚ ।
ਕਰੰਨਿ = ਕਰਨਿ, ਕਰਦੇ ਹਨ ।
ਮਹਲਿ = ਮਹਲ ਵਿਚ ।
ਸਚੈ ਮਹਲਿ = ਸਦਾ = ਥਿਰ ਪ੍ਰਭੂ ਦੇ ਘਰ ਵਿਚ ।
ਰਹੰਨਿ = ਰਹਿੰਦੇ ਹਨ ।
ਰਚੰਨਿ = ਰਚੇ ਰਹਿੰਦੇ ਹਨ, ਮਸਤ ਰਹਿੰਦੇ ਹਨ ।੮ ।
    
Sahib Singh
ਹੇ ਮੇਰੇ ਮਨ! ਝਾਕਾ ਲਾਹ ਕੇ ਗੁਰੂ ਦੀ ਸਰਨ ਪਉ ।
(ਹੇ ਭਾਈ!) ਗੁਰੂ ਦੀ ਸਰਨ ਪਿਆਂ ਪਰਮਾਤਮਾ ਮਨ ਵਿਚ ਵੱਸਦਾ ਹੈ, ਤੇ (ਮਨ ਨੂੰ ਵਿਕਾਰਾਂ ਦੀ) ਰਤਾ ਭੀ ਮੈਲ ਨਹੀਂ ਲੱਗਦੀ ।੧।ਰਹਾਉ ।
ਜੇ ਗੁਰੂ ਦਾ ਪੱਲਾ ਫੜੀ ਰੱਖੀਏ, ਤਾਂ ਮਨ ਪਵਿਤ੍ਰ ਹੋ ਜਾਂਦਾ ਹੈ, ਸਰੀਰ (ਭੀ) ਪਵਿਤ੍ਰ ਹੋ ਜਾਂਦਾ ਹੈ (ਭਾਵ, ਗਿਆਨ-ਇੰਦ੍ਰੇ ਵਿਕਾਰਾਂ ਵਲੋਂ ਹਟੇ ਰਹਿੰਦੇ ਹਨ) ।
(ਜੇਹੜਾ ਮਨੁੱਖ ਗੁਰੂ ਦੇ ਦਰ ਤੇ ਆ ਜਾਂਦਾ ਹੈ ਉਸ ਦੇ) ਮਨ ਵਿਚ ਆਨੰਦ ਪੈਦਾ ਹੁੰਦਾ ਹੈ, ਉਹ ਸਦਾ ਲਈ ਆਤਮਕ ਸੁਖ ਮਾਣਦਾ ਹੈ, ਉਸ ਨੂੰੂ ਡੂੰਘਾ ਤੇ ਵੱਡੇ ਜਿਗਰੇ ਵਾਲਾ ਪਰਮਾਤਮਾ ਮਿਲ ਪੈਂਦਾ ਹੈ ।
ਸਦਾ-ਥਿਰ ਪ੍ਰਭੂ ਦੀ ਸੰਗਤਿ ਵਿਚ ਟਿਕੇ ਰਿਹਾਂ ਮਨ ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੇ ਨਾਮ ਵਿਚ ਟਿਕਾਉ ਹਾਸਲ ਕਰ ਲੈਂਦਾ ਹੈ ।੧ ।
ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ ਸ਼ਬਦ ਵਿਚ ਜੁੜਿਆਂ (ਲੋਕ ਪਰਲੋਕ ਵਿਚ) ਇੱਜ਼ਤ ਮਿਲਦੀ ਹੈ; ਸਦਾ-ਥਿਰ ਰਹਿਣ ਵਾਲੇ ਪ੍ਰਭੂ ਦਾ ਸਦਾ-ਥਿਰ ਨਾਮ ਮਿਲ ਜਾਂਦਾ ਹੈ ।
ਮੈਂ ਉਹਨਾਂ ਬੰਦਿਆਂ ਤੋਂ ਸਦਕੇ ਜਾਂਦਾ ਹਾਂ, ਜਿਨ੍ਹਾਂ ਨੇ (ਆਪਣੇ ਅੰਦਰੋਂ) ਹਉਮੈ ਦੂਰ ਕਰ ਕੇ ਪਰਮਾਤਮਾ ਨਾਲ ਡੂੰਘੀ ਸਾਂਝ ਪਾਈ ਹੈ ।
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਸਦਾ-ਥਿਰ ਪ੍ਰਭੂ ਨਾਲ ਜਾਣ-ਪਛਾਣ ਨਹੀਂ ਪਾ ਸਕਦੇ (ਇਸ ਵਾਸਤੇ ਆਤਮਕ ਸ਼ਾਂਤੀ ਵਾਸਤੇ) ਉਹਨਾਂ ਨੂੰ ਹੋਰ ਕੋਈ ਥਾਂ-ਥਿੱਤਾ ਨਹੀਂ ਮਿਲਦਾ ।੨ ।
ਸਦਾ-ਥਿਰ ਪ੍ਰਭੂ ਦਾ ਨਾਮ ਜਿਨ੍ਹਾਂ ਮਨੁੱਖਾਂ ਦੀ ਆਤਮਕ ਖ਼ੁਰਾਕ ਬਣ ਗਿਆ ਹੈ, ਪ੍ਰਭੂ ਦਾ ਨਾਮ ਹੀ ਜਿਨ੍ਹਾਂ ਦੀ ਪੁਸ਼ਾਕ ਹੈ (ਆਦਰ-ਸਤਕਾਰ ਹਾਸਲ ਕਰਨ ਦਾ ਵਸੀਲਾ ਹੈ), ਜਿਨ੍ਹਾਂ ਦੀ ਸੁਰਤਿ ਸਦਾ-ਥਿਰ ਪ੍ਰਭੂ ਵਿਚ ਹੀ ਜੁੜੀ ਰਹਿੰਦੀ ਹੈ, ਜੋ ਮਨੁੱਖ ਸਦਾ-ਥਿਰ ਪ੍ਰਭੂ ਦੀ ਸਦਾ ਸਿਫਤਿ-ਸਾਲਾਹ ਕਰਦੇ ਰਹਿੰਦੇ ਹਨ, ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੇ ਸ਼ਬਦ ਵਿਚ ਜਿਨ੍ਹਾਂ ਦਾ ਮਨ ਟਿਕਿਆ ਰਹਿੰਦਾ ਹੈ, ਉਹਨਾਂ ਨੇ ਹਰ ਥਾਂ ਸਰਬ ਵਿਆਪਕ ਪਰਮਾਤਮਾ ਨੂੰ ਵੱਸਦਾ ਪਛਾਣ ਲਿਆ ਹੈ, ਗੁਰੂ ਦੀ ਮਤਿ ਤੇ ਤੁਰ ਕੇ ਉਹਨਾਂ ਦੀ ਸੁਰਤਿ ਅੰਤਰ ਆਤਮੇ ਟਿਕੀ ਰਹਿੰਦੀ ਹੈ ।੩ ।
ਜੇਹੜਾ ਮਨੁੱਖ ਸਦਾ-ਥਿਰ ਪ੍ਰਭੂ ਨੂੰ ਹੀ ਹਰ ਥਾਂ ਵੇਖਦਾ ਹੈ, ਸਦਾ-ਥਿਰ ਪ੍ਰਭੂ ਹੀ ਜਿਸ ਨੂੰ ਹਰ ਥਾਂ ਬੋਲਦਾ ਦਿੱਸਦਾ ਹੈ ਉਸ ਦਾ ਸਰੀਰ (ਮਾਇਆ ਦੇ ਹੱਲਿਆਂ ਵਲੋਂ) ਅਡੋਲ ਹੋ ਜਾਂਦਾ ਹੈ ਉਸ ਦਾ ਮਨ (ਵਿਕਾਰਾਂ ਦੇ ਹੱਲਿਆਂ ਵਲੋਂ) ਅਡੋਲ ਹੋ ਜਾਂਦਾ ਹੈ ।
ਸਦਾ-ਥਿਰ ਪ੍ਰਭੂ ਦਾ ਸਿਮਰਨ ਹੀ ਉਹ ਸਿੱਖਿਆ ਤੇ ਉਪਦੇਸ਼ ਗ੍ਰਹਿਣ ਕਰਦਾ ਹੈ ।
ਸਦਾ-ਥਿਰ ਪ੍ਰਭੂ ਦਾ ਰੂਪ ਹੋ ਚੁਕੇ ਉਸ (ਵਡਭਾਗੀ ਮਨੁੱਖ) ਦੀ ਸੋਭਾ ਅਟੱਲ ਹੋ ਜਾਂਦੀ ਹੈ ।
ਪਰ ਜਿਨ੍ਹਾਂ ਮਨੁੱਖਾਂ ਨੇ ਸਦਾ-ਥਿਰ ਪ੍ਰਭੂ ਨੂੰ (ਇਥੇ) ਭੁਲਾਈ ਰੱਖਿਆ, ਉਹ (ਇਥੇ ਭੀ) ਦੁਖੀ ਰਹੇ, ਤੇ ਇਥੋਂ ਤੁਰੇ ਭੀ ਦੁਖੀ ਹੋ ਹੋ ਕੇ ।੪ ।
ਜਿਨ੍ਹਾਂ ਬੰਦਿਆਂ ਨੇ ਸਤਿਗੁਰੂ ਦਾ ਪੱਲਾ ਨਾਹ ਫੜਿਆ ਉਹਨਾਂ ਦਾ ਸੰਸਾਰ ਵਿਚ ਆਉਣਾ ਵਿਅਰਥ ਗਿਆ ।
ਉਹ ਜਮ ਦੇ ਦਰਵਾਜ਼ੇ ਤੇ ਬੱਧੇ ਮਾਰੀ ਕੁੱਟੀਦੇ ਹਨ, ਕੋਈ ਉਹਨਾਂ ਦੀ ਕੂਕ ਪੁਕਾਰ ਵਲ ਧਿਆਨ ਨਹੀਂ ਦੇਂਦਾ ।
ਉਹਨਾਂ ਮਨੁੱਖਾ ਜਨਮ ਵਿਅਰਥ ਗਵਾ ਦਿੱਤਾ, ਤੇ ਫਿਰ ਮੁੜ ਮੁੜ ਜੰਮਦੇ ਮਰਦੇ ਰਹਿੰਦੇ ਹਨ ।੫।ਜੇਹੜੇ ਮਨੁੱਖ ਇਸ ਜਗਤ ਨੂੰ (ਵਿਕਾਰਾਂ ਦੀ ਤਪਸ਼ ਵਿਚ) ਸੜਦਾ ਵੇਖ ਕੇ ਛੇਤੀ ਨਾਲ ਗੁਰੂ ਦੀ ਸ਼ਰਨ ਜਾ ਪਏ, ਗੁਰੂ ਨੇ ਉਹਨਾਂ ਦੇ ਹਿਰਦੇ ਵਿਚ ਸਦਾ-ਥਿਰ ਪ੍ਰਭੂ ਦਾ ਨਾਮ ਪੱਕਾ ਟਿਕਾ ਦਿੱਤਾ, ਉਹਨਾਂ ਨੂੰ ਸਦਾ-ਥਿਰ ਪ੍ਰਭੂ ਦੇ ਨਾਮ ਵਿਚ ਤੇ (ਸੋਹਣੀ) ਜੀਵਨ-ਮਰਯਾਦਾ ਵਿਚ ਰਹਿਣ ਦੀ ਜਾਚ ਸਿਖਾ ਦਿੱਤੀ ।
(ਹੇ ਭਾਈ!) ਗੁਰੂ ਸਦਾ ਕਾਇਮ ਰਹਿਣ ਵਾਲਾ ਜਹਾਜ਼ ਹੈ ।
ਗੁਰੂ ਦੇ ਸ਼ਬਦ ਵਿਚ ਜੁੜ ਕੇ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਈਦਾ ਹੈ ।੬ ।
(ਜੇਹੜੇ ਗੁਰੂ ਦੀ ਸਰਨ ਤੋਂ ਵਾਂਝੇ ਰਹੇ ਉਹ) ਚੌਰਸੀ ਲੱਖ ਜੂਨਾਂ ਦੇ ਗੇੜ ਵਿਚ ਭਟਕਦੇ ਫਿਰਦੇ ਹਨ, ਗੁਰੂ ਤੋਂ ਬਿਨਾ (ਇਸ ਗੇੜ ਵਿਚੋਂ) ਖ਼ਲਾਸੀ ਨਹੀਂ ਮਿਲਦੀ ।
ਪੰਡਿਤ ਲੋਕ (ਸ਼ਾਸਤ੍ਰ ਆਦਿ ਧਰਮ-ਪੁਸਤਕਾਂ ਨੂੰ) ਪੜ੍ਹ ਪੜ੍ਹ ਕੇ ਥੱਕ ਗਏ, ਮੋਨ-ਧਾਰੀ ਸਾਧੂ ਸਮਾਧੀਆਂ ਲਾ ਲਾ ਕੇ ਥੱਕ ਗਏ (ਗੁਰੂ ਦੀ ਸਰਨ ਤੋਂ ਬਿਨਾ ਚੌਰਾਸੀ ਦੇ ਗੇੜ ਤੋਂ ਖ਼ਲਾਸੀ ਪ੍ਰਾਪਤ ਨਾਹ ਕਰ ਸਕੇ, ਉਹਨਾਂ ਨੇ ਸਗੋਂ) ਪ੍ਰਭੂ ਤੋਂ ਬਿਨਾ ਹੋਰ ਦੇ ਪਿਆਰ ਵਿਚ ਆਪਣੀ ਇੱਜ਼ਤ ਗਵਾ ਲਈ ।
ਜਿਸ ਮਨੁੱਖ ਨੂੰ ਗੁਰੂ ਨੇ ਆਪਣਾ ਸ਼ਬਦ ਸੁਣਾ ਦਿੱਤਾ (ਉਸ ਨੂੰ ਨਿਸ਼ਚਾ ਹੋ ਗਿਆ ਕਿ) ਸਦਾ-ਥਿਰ ਪ੍ਰਭੂ ਤੋਂ ਬਿਨਾ ਹੋਰ ਕੋਈ (ਜੀਵ ਦਾ ਰਾਖਾ) ਨਹੀਂ ਹੈ ।੭ ।
(ਪਰ ਜੀਵਾਂ ਦੇ ਭੀ ਕੀਹ ਵੱਸ?) ਜਿਨ੍ਹਾਂ ਜੀਵਾਂ ਨੂੰ ਸਦਾ-ਥਿਰ ਪ੍ਰਭੂ ਨੇ ਆਪਣੀ ਯਾਦ ਵਿਚ ਜੋੜਿਆ, ਉਹੀ ਸਦਾ-ਥਿਰ ਦੇ ਨਾਮ ਵਿਚ ਲੱਗੇ ਹਨ, ਉਹੀ ਸਦਾ ਇਹ ਨਾਲ ਨਿਭਣ ਵਾਲੀ ਕਾਰ ਕਰਦੇ ਹਨ ।
ਉਹਨਾਂ ਬੰਦਿਆਂ ਨੇ (ਮਾਇਆ ਦੀ ਭਟਕਣਾ ਤੋਂ ਬਚ ਕੇ) ਅੰਤਰ-ਆਤਮੇ ਟਿਕਾਣਾ ਪ੍ਰਾਪਤ ਕਰ ਲਿਆ ਹੈ, ਉਹ ਬੰਦੇ ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੀ ਹਜ਼ੂਰੀ ਵਿਚ ਰਹਿੰਦੇ ਹਨ ।
ਹੇ ਨਾਨਕ! ਪਰਮਾਤਮਾ ਦੀ ਭਗਤੀ ਕਰਨ ਵਾਲੇ ਬੰਦੇ ਸਦਾ ਸੁਖੀ ਰਹਿੰਦੇ ਹਨ, ਉਹ ਸਦਾ-ਥਿਰ ਪ੍ਰਭੂ ਦੇ ਨਾਮ ਵਿਚ ਸਦਾ ਮਸਤ ਰਹਿੰਦੇ ਹਨ ।੮।੧੭।੮।੨੫ ।
Follow us on Twitter Facebook Tumblr Reddit Instagram Youtube