ਸਿਰੀਰਾਗੁ ਮਹਲਾ ੩ ॥
ਪੰਖੀ ਬਿਰਖਿ ਸੁਹਾਵੜਾ ਸਚੁ ਚੁਗੈ ਗੁਰ ਭਾਇ ॥
ਹਰਿ ਰਸੁ ਪੀਵੈ ਸਹਜਿ ਰਹੈ ਉਡੈ ਨ ਆਵੈ ਜਾਇ ॥
ਨਿਜ ਘਰਿ ਵਾਸਾ ਪਾਇਆ ਹਰਿ ਹਰਿ ਨਾਮਿ ਸਮਾਇ ॥੧॥

ਮਨ ਰੇ ਗੁਰ ਕੀ ਕਾਰ ਕਮਾਇ ॥
ਗੁਰ ਕੈ ਭਾਣੈ ਜੇ ਚਲਹਿ ਤਾ ਅਨਦਿਨੁ ਰਾਚਹਿ ਹਰਿ ਨਾਇ ॥੧॥ ਰਹਾਉ ॥

ਪੰਖੀ ਬਿਰਖ ਸੁਹਾਵੜੇ ਊਡਹਿ ਚਹੁ ਦਿਸਿ ਜਾਹਿ ॥
ਜੇਤਾ ਊਡਹਿ ਦੁਖ ਘਣੇ ਨਿਤ ਦਾਝਹਿ ਤੈ ਬਿਲਲਾਹਿ ॥
ਬਿਨੁ ਗੁਰ ਮਹਲੁ ਨ ਜਾਪਈ ਨਾ ਅੰਮ੍ਰਿਤ ਫਲ ਪਾਹਿ ॥੨॥

ਗੁਰਮੁਖਿ ਬ੍ਰਹਮੁ ਹਰੀਆਵਲਾ ਸਾਚੈ ਸਹਜਿ ਸੁਭਾਇ ॥
ਸਾਖਾ ਤੀਨਿ ਨਿਵਾਰੀਆ ਏਕ ਸਬਦਿ ਲਿਵ ਲਾਇ ॥
ਅੰਮ੍ਰਿਤ ਫਲੁ ਹਰਿ ਏਕੁ ਹੈ ਆਪੇ ਦੇਇ ਖਵਾਇ ॥੩॥

ਮਨਮੁਖ ਊਭੇ ਸੁਕਿ ਗਏ ਨਾ ਫਲੁ ਤਿੰਨਾ ਛਾਉ ॥
ਤਿੰਨਾ ਪਾਸਿ ਨ ਬੈਸੀਐ ਓਨਾ ਘਰੁ ਨ ਗਿਰਾਉ ॥
ਕਟੀਅਹਿ ਤੈ ਨਿਤ ਜਾਲੀਅਹਿ ਓਨਾ ਸਬਦੁ ਨ ਨਾਉ ॥੪॥

ਹੁਕਮੇ ਕਰਮ ਕਮਾਵਣੇ ਪਇਐ ਕਿਰਤਿ ਫਿਰਾਉ ॥
ਹੁਕਮੇ ਦਰਸਨੁ ਦੇਖਣਾ ਜਹ ਭੇਜਹਿ ਤਹ ਜਾਉ ॥
ਹੁਕਮੇ ਹਰਿ ਹਰਿ ਮਨਿ ਵਸੈ ਹੁਕਮੇ ਸਚਿ ਸਮਾਉ ॥੫॥

ਹੁਕਮੁ ਨ ਜਾਣਹਿ ਬਪੁੜੇ ਭੂਲੇ ਫਿਰਹਿ ਗਵਾਰ ॥
ਮਨਹਠਿ ਕਰਮ ਕਮਾਵਦੇ ਨਿਤ ਨਿਤ ਹੋਹਿ ਖੁਆਰੁ ॥
ਅੰਤਰਿ ਸਾਂਤਿ ਨ ਆਵਈ ਨਾ ਸਚਿ ਲਗੈ ਪਿਆਰੁ ॥੬॥

ਗੁਰਮੁਖੀਆ ਮੁਹ ਸੋਹਣੇ ਗੁਰ ਕੈ ਹੇਤਿ ਪਿਆਰਿ ॥
ਸਚੀ ਭਗਤੀ ਸਚਿ ਰਤੇ ਦਰਿ ਸਚੈ ਸਚਿਆਰ ॥
ਆਏ ਸੇ ਪਰਵਾਣੁ ਹੈ ਸਭ ਕੁਲ ਕਾ ਕਰਹਿ ਉਧਾਰੁ ॥੭॥

ਸਭ ਨਦਰੀ ਕਰਮ ਕਮਾਵਦੇ ਨਦਰੀ ਬਾਹਰਿ ਨ ਕੋਇ ॥
ਜੈਸੀ ਨਦਰਿ ਕਰਿ ਦੇਖੈ ਸਚਾ ਤੈਸਾ ਹੀ ਕੋ ਹੋਇ ॥
ਨਾਨਕ ਨਾਮਿ ਵਡਾਈਆ ਕਰਮਿ ਪਰਾਪਤਿ ਹੋਇ ॥੮॥੩॥੨੦॥

Sahib Singh
ਪੰਖੀ = ਪੰਛੀ, ਜੀਵ = ਪੰਛੀ ।
ਬਿਰਖਿ = ਰੁੱਖ ਉੱਤੇ, ਸਰੀਰ—ਰੁੱਖ ਵਿਚ (ਵੱਸਦਾ) ।
ਸਚੁ = ਸਦਾ = ਥਿਰ ਰਹਿਣ ਵਾਲੇ ਪ੍ਰਭੂ ਦਾ ਨਾਮ ।
ਗੁਰ ਭਾਇ = ਗੁਰੂ ਦੇ ਪ੍ਰੇਮ ਵਿਚ ।
ਪੀਵੈ = ਪੀਂਦਾ ਹੈ ।
ਸਹਜਿ = ਆਤਮਕ ਅਡੋਲਤਾ ਵਿਚ ।
ਉਡੈ ਨਾ = ਉੱਡਦਾ ਨਹੀਂ, ਭਟਕਦਾ ਨਹੀਂ ।
ਆਵੈ = ਆਉਂਦਾ, ਜੰਮਦਾ ।
ਜਾਇ = ਜਾਂਦਾ, ਮਰਦਾ ।
ਨਿਜ ਘਰਿ = ਆਪਣੇ (ਅਸਲ) ਘਰ ਵਿਚ, ਪ੍ਰਭੂ ਦੇ ਚਰਨਾਂ ਵਿਚ ।
ਨਾਮਿ = ਨਾਮ ਵਿਚ ।੧ ।
ਕਮਾਇ = ਕਰ ।
ਭਾਣੈ = ਭਾਣੇ ਵਿਚ, ਰਜ਼ਾ ਵਿਚ ।
ਚਲਹਿ = ਤੂੰ ਚੱਲੇਂ ।
ਅਨਦਿਨੁ = ਹਰ ਰੋਜ਼ ।
ਰਾਚਹਿ = ਰਚਿਆ ਰਹੇਂਗਾ, ਟਿਕਿਆ ਰਹੇਂਗਾ ।
ਨਾਮਿ = ਨਾਮ ਵਿਚ ।੧।ਰਹਾਉ ।
ਬਿਰਖ = ਰੁੱਖਾਂ ਉਤੇ ।
ਊਡਹਿ = ਉੱਡਦੇ ਹਨ ।
ਦਿਸਿ = ਪਾਸੇ ।
ਜਾਹਿ = ਜਾਂਦੇ ਹਨ ।
ਘਣੇ = ਬਹੁਤ ।
ਦਾਝਹਿ = ਸੜਦੇ ਹਨ ।
ਤੈ = ਅਤੇ {ਨੋਟ: = ਲਫ਼ਜ਼ ‘ਤੈ’ ‘ਤੇ’ ਦਾ ਫ਼ਰਕ ਚੇਤੇ ਰੱਖਣ-ਜੋਗ ਹੈ ।
ਤੈ = ਅਤੇ ।
ਤੇ = ਤੋਂ} ਜਾਪਈ—ਜਾਪਏ, ਜਾਪੈ, ਜਾਪਦਾ, ਦਿੱਸਦਾ ।੨।ਗੁਰਮੁਖਿ—ਗੁਰੂ ਦੀ ਸਰਨ ਰਹਿਣ ਵਾਲਾ ਮਨੁੱਖ ।
ਸਾਦੈ = ਸਦਾ = ਥਿਰ ਪ੍ਰਭੂ ਵਿਚ ।
ਸੁਭਾਇ = ਪ੍ਰੇਮ ਵਿਚ ।
ਸਾਖਾ = ਟਹਣੀਆਂ ।
ਤੀਨਿ ਸਾਖਾ = ਤਿੰਨ ਟਾਹਣੀਆਂ, ਮਾਇਆ ਦੇ ਤਿੰਨ ਗੁਣ ।
ਸਬਦਿ = ਸ਼ਬਦ ਵਿਚ ।
ਲਾਇ = ਲਾ ਕੇ ।
ਅੰਮਿ੍ਰਤ ਫਲੁ = ਆਤਮਕ ਜੀਵਨ ਦੇਣ ਵਾਲਾ ਨਾਮ-ਫਲ ।
ਦੇਇ = ਦੇਂਦਾ ਹੈ ।੩ ।
ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ।
ਊਭੈ = ਖਲੋਤੇ ਖਲੋਤੇ ।
ਬੈਸੀਐ = ਬੈਠੀਏ ।
ਗਿਰਾਉ = {ਗ੍ਰਾਮ} ਪਿੰਡ ।
ਜਾਲੀਅਹਿ = ਸਾੜੇ ਜਾਂਦੇ ਹਨ ।੪ ।
ਹੁਕਮੇ = ਹੁਕਮਿ ਹੀ, ਹੁਕਮ ਵਿਚ ਹੀ ।
ਪਇਐ ਕਿਰਤਿ = ਕੀਤੇ ਹੋਏ ਕਰਮਾਂ ਤੋਂ ਪੈਦਾ ਹੋਏ ਸੰਸਕਾਰਾਂ ਅਨੁਸਾਰ ।
ਕਿਰਤਿ = ਕੀਤੇ ਕਰਮ ਅਨੁਸਾਰ ।
ਪਇਐ = ਉਸ ਕਰਮ ਅਨੁਸਾਰ ਜੋ ਸੰਸਕਾਰਾਂ ਦੇ ਰੂਪ ਵਿਚ ਮਨੁੱਖ ਦੇ ਮਨ ਵਿਚ ਇਕੱਠੇ ਹੋ ਚੁੱਕੇ ਹਨ ।
ਫਿਰਾਉ = ਫੇਰਾ ।
ਸਮਾਉ = ਸਮਾਈ ।
ਸਚਿ = ਸਦਾ = ਥਿਰ ਪ੍ਰਭੂ ਵਿਚ ।੫ ।
ਬਪੁੜੇ = ਵਿਚਾਰੇ ।
ਗਵਾਰ = ਮੂਰਖ ।
ਹਠਿ = ਹਠ ਨਾਲ ।
ਹੋਹਿ = ਹੁੰਦੇ ਹਨ ।੬ ।
ਹੇਤਿ = ਪਿਆਰ ਵਿਚ, ਪ੍ਰੇਮ ਵਿਚ ।
ਦਰਿ = ਦਰ ਤੇ ।੭ ।
ਨਦਰੀ = ਮਿਹਰ ਦੀ ਨਿਗਾਹ ਵਿਚ ।
ਸਚਾ = ਸੱਚਾ, ਸਦਾ = ਥਿਰ ਪ੍ਰਭੂ ।
ਕਰਮਿ = ਬਖ਼ਸ਼ਸ਼ ਨਾਲ ।੮ ।
    
Sahib Singh
ਹੇ ਮੇਰੇ ਮਨ! ਗੁਰੂ ਦੀ ਦੱਸੀ ਕਾਰ ਕਰ ।
ਜੇ ਤੂੰ ਗੁਰੂ ਦੇ ਹੁਕਮ ਵਿਚ ਤੁਰੇਂਗਾ, ਤਾਂ ਤੂੰ ਹਰ ਵੇਲੇ ਪਰਮਾਤਮਾ ਦੇ ਨਾਮ ਵਿਚ ਜੁੜਿਆ ਰਹੇਂਗਾ ।੧।ਰਹਾਉ ।
ਜੇਹੜਾ ਜੀਵ-ਪੰਛੀ ਇਸ ਸਰੀਰ-ਰੁੱਖ ਵਿਚ ਬੈਠਾ ਹੋਇਆ ਗੁਰੂ ਦੇ ਪ੍ਰੇਮ ਵਿਚ ਰਹਿ ਕੇ ਸਦਾ-ਥਿਰ ਪ੍ਰਭੂ ਦਾ ਨਾਮ-ਚੋਗਾ ਚੁਗਦਾ ਹੈ, ਉਹ ਸੋਹਣੇ ਜੀਵਨ ਵਾਲਾ ਹੋ ਜਾਂਦਾ ਹੈ ।
ਉਹ ਪਰਮਾਤਮਾ ਦੇ ਨਾਮ ਦਾ ਰਸ ਪੀਂਦਾ ਹੈ, ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ (ਮਾਇਕ ਪਦਾਰਥਾਂ ਦੇ ਚੋਗੇ ਵਲ) ਭਟਕਦਾ ਨਹੀਂ ਫਿਰਦਾ, (ਇਸ ਵਾਸਤੇ) ਜਨਮ ਮਰਨ ਦੇ ਗੇੜ ਤੋਂ ਬਚਿਆ ਰਹਿੰਦਾ ਹੈ ।
ਉਸ ਨੂੰ ਆਪਣੇ (ਅਸਲ) ਘਰ ਵਿਚ (ਪ੍ਰਭੂ-ਚਰਨਾਂ ਵਿਚ) ਨਿਵਾਸ ਮਿਲਿਆ ਰਹਿੰਦਾ ਹੈ, ਉਹ ਸਦਾ ਪ੍ਰਭੂ ਦੇ ਨਾਮ ਵਿਚ ਲੀਨ ਰਹਿੰਦਾ ਹੈ ।੧ ।
ਜੇਹੜੇ ਜੀਵ-ਪੰਛੀ (ਆਪੋ ਆਪਣੇ) ਸਰੀਰ ਰੁੱਖਾਂ ਉੱਤੇ (ਬੈਠੇ ਵੇਖਣ ਨੂੰ ਤਾਂ) ਸੋਹਣੇ ਲੱਗਦੇ ਹਨ (ਪਰ ਮਾਇਕ ਪਦਾਰਥਾਂ ਦੇ ਚੋਗੇ ਪਿੱਛੇ) ਉੱਡਦੇ ਫਿਰਦੇ ਹਨ, ਚੌਹੀਂ ਪਾਸੀਂ ਭਟਕਦੇ ਹਨ, ਉਹ ਜਿਤਨਾ ਹੀ (ਚੋਗੇ ਪਿੱਛੇ) ਉੱਡਦੇ ਹਨ, ਉਤਨਾ ਹੀ ਵਧੀਕ ਦੁੱਖ ਸਹਾਰਦੇ ਹਨ, ਸਦਾ ਖਿੱਝਦੇ ਹਨ ਤੇ ਵਿਲਕਦੇ ਹਨ ।
ਗੁਰੂ ਦੀ ਸਰਨ ਤੋਂ ਬਿਨਾ ਉਹਨਾਂ ਨੂੰ (ਪਰਮਾਤਮਾ ਦਾ) ਟਿਕਾਣਾ ਦਿੱਸਦਾ ਨਹੀਂ, ਨਾਹ ਹੀ ਉਹ ਆਤਮਕ ਜੀਵਨ ਦੇਣ ਵਾਲਾ ਨਾਮ-ਫਲ ਪ੍ਰਾਪਤ ਕਰ ਸਕਦੇ ਹਨ ।੨ ।
ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਪਰਮਾਤਮਾ ਦਾ ਰੂਪ ਹੋ ਜਾਂਦਾ ਹੈ, ਉਹ, ਮਾਨੋ, ਇਕ ਹਰਾ-ਭਰਾ ਰੁੱਖ ਹੈ ।
(ਉਹ ਵਡਭਾਗੀ ਮਨੁੱਖ) ਸਦਾ-ਥਿਰ ਪ੍ਰਭੂ ਵਿਚ ਜੁੜਿਆ ਰਹਿੰਦਾ ਹੈ, ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ ਪ੍ਰਭੂ ਦੇ ਪ੍ਰੇਮ ਵਿਚ ਮਗਨ ਰਹਿੰਦਾ ਹੈ ।
ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਸ਼ਬਦ ਵਿਚ ਸੁਰਤਿ ਜੋੜ ਕੇ (ਮਾਇਆ ਦੇ ਤਿੰਨ ਰੂਪ) ਤਿੰਨ ਟਹਣੀਆਂ ਉਸ ਨੇ ਦੂਰ ਕਰ ਲਈਆਂ ਹੋਈਆਂ ਹਨ ।
ਉਸ ਨੂੰ ਆਤਮਕ ਜੀਵਨ ਦੇਣ ਵਾਲਾ ਸਿਰਫ਼ ਇਕ ਨਾਮ-ਫਲ ਲੱਗਦਾ ਹੈ ।
(ਪ੍ਰਭੂ ਮਿਹਰ ਕਰ ਕੇ) ਆਪ ਹੀ (ਉਸ ਨੂੰ ਇਹ ਫਲ) ਚਖਾ ਦੇਂਦਾ ਹੈ ।੩ ।
(ਪਰ) ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ, ਮਾਨੋ, ਉਹ ਰੁੱਖ ਹਨ ਜੋ ਖਲੋਤੇ ਖਲੋਤੇ ਹੀ ਸੁੱਕ ਗਏ ਹਨ, ਉਹਨਾਂ ਨੂੰ ਨਾਹ ਹੀ ਫਲ ਲਗਦਾ ਹੈ, ਨਾਹ ਹੀ ਉਹਨਾਂ ਦੀ ਛਾਂ ਹੁੰਦੀ ਹੈ, (ਭਾਵ, ਨਾਹ ਹੀ ਉਹਨਾਂ ਪਾਸ ਪ੍ਰਭੂਦਾ ਨਾਮ ਹੈ, ਤੇ ਨਾਹ ਹੀ ਉਹ ਕਿਸੇ ਦੀ ਸੇਵਾ ਕਰਦੇ ਹਨ) ।
ਉਹਨਾਂ ਦੇ ਪਾਸ ਬੈਠਣਾ ਨਹੀਂ ਚਾਹੀਦਾ, ਉਹਨਾਂ ਦਾ ਕੋਈ ਘਰ-ਘਾਟ ਨਹੀਂ ਹੈ (ਉਹਨਾਂ ਨੂੰ ਕੋਈ ਆਤਮਕ ਸਹਾਰਾ ਨਹੀਂ ਮਿਲਦਾ) ।
ਉਹ (ਮਨਮੁਖ ਰੁੱਖ) ਸਦਾ ਕੱਟੀਦੇ ਹਨ ਤੇ ਸਾੜੀਦੇ ਹਨ (ਭਾਵ, ਮਾਇਆ ਦੇ ਮੋਹ ਦੇ ਕਾਰਨ ਉਹ ਨਿੱਤ ਦੁਖੀ ਰਹਿੰਦੇ ਹਨ), ਉਹਨਾਂ ਪਾਸ ਨਾਹ ਪ੍ਰਭੂ ਦੀ ਸਿਫ਼ਤਿ-ਸਾਲਾਹ ਹੈ ਨਾਹ ਪ੍ਰਭੂ ਦਾ ਨਾਮ ਹੈ ।੪ ।
(ਪਰ ਹੇ ਪ੍ਰਭੂ! ਜੀਵਾਂ ਦੇ ਕੀਹ ਵੱਸ ?
ਤੇਰੇ) ਹੁਕਮ ਵਿਚ ਹੀ (ਜੀਵ) ਕਰਮ ਕਮਾਂਦੇ ਹਨ, (ਤੇਰੇ ਹੁਕਮ ਵਿਚ ਹੀ) ਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ ਉਹਨਾਂ ਨੂੰ ਜਨਮ ਮਰਨ ਦਾ ਫੇਰ ਪਿਆ ਰਹਿੰਦਾ ਹੈ ।
ਤੇਰੇ ਹੁਕਮ ਅਨੁਸਾਰ ਹੀ ਕਈ ਜੀਵਾਂ ਨੂੰ ਤੇਰਾ ਦਰਸ਼ਨ ਪ੍ਰਾਪਤ ਹੋ ਜਾਂਦਾ ਹੈ, ਜਿੱਧਰ ਤੂੰ ਭੇਜਦਾ ਹੈਂ ਉਧਰ ਜੀਵਾਂ ਨੂੰ ਜਾਣਾ ਪੈਂਦਾ ਹੈ ।
ਤੇਰੇ ਹੁਕਮ ਅਨੁਸਾਰ ਹੀ ਕਈ ਜੀਵਾਂ ਦੇ ਮਨ ਵਿਚ ਤੇਰਾ ਹਰਿ ਨਾਮ ਵੱਸਦਾ ਹੈ, ਤੇਰੇ ਹੁਕਮ ਵਿਚ ਹੀ ਤੇਰੇ ਸਦਾ-ਥਿਰ ਸਰੂਪ ਵਿਚ ਉਹਨਾਂ ਦੀ ਲੀਨਤਾ ਰਹਿੰਦੀ ਹੈ ।੫ ।
ਕਈ ਐਸੇ ਵਿਚਾਰੇ ਮੂਰਖ ਹਨ ਜੋ ਪਰਮਾਤਮਾ ਦਾ ਹੁਕਮ ਨਹੀਂ ਸਮਝਦੇ, ਉਹ (ਮਾਇਆ ਦੇ ਮੋਹ ਦੇ ਕਾਰਨ) ਕੁਰਾਹੇ ਪੈ ਕੇ ਭਟਕਦੇ ਫਿਰਦੇ ਹਨ ।
ਉਹ (ਗੁਰੂ ਦਾ ਆਸਰਾ ਛੱਡ ਕੇ ਆਪਣੇ) ਮਨ ਦੇ ਹਠ ਨਾਲ (ਕਈ ਕਿਸਮ ਦੇ ਮਿਥੇ ਹੋਏ ਧਾਰਮਿਕ) ਕਰਮ ਕਰਦੇ ਹਨ, (ਪਰ ਵਿਕਾਰਾਂ ਵਿਚ ਫਸੇ ਹੋਏ) ਸਦਾ ਖ਼ੁਆਰ ਹੁੰਦੇ ਰਹਿੰਦੇ ਹਨ ।
ਉਹਨਾਂ ਦੇ ਮਨ ਵਿਚ ਸ਼ਾਂਤੀ ਨਹੀਂ ਆਉਂਦੀ, ਨਾਹ ਹੀ ਉਹਨਾਂ ਦਾ ਸਦਾ-ਥਿਰ ਪ੍ਰਭੂ ਵਿਚ ਪਿਆਰ ਬਣਦਾ ਹੈ ।੬ ।
ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖਾਂ ਦੇ ਮੂੰਹ (ਨਾਮ ਦੀ ਲਾਲਗੀ ਨਾਲ) ਸੋਹਣੇ ਲੱਗਦੇ ਹਨ, ਕਿਉਂਕਿ ਉਹ ਗੁਰੂ ਦੇ ਪ੍ਰੇਮ ਵਿਚ ਗੁਰੂ ਦੇ ਪਿਆਰ ਵਿਚ ਟਿਕੇ ਰਹਿੰਦੇ ਹਨ ।
ਉਹ ਪ੍ਰਭੂ ਦੀ ਸਦਾ-ਥਿਰ ਰਹਿਣ ਵਾਲੀ ਭਗਤੀ ਕਰਦੇ ਹਨ, ਉਹ ਸਦਾ-ਥਿਰ ਪ੍ਰਭੂ (ਦੇ ਪ੍ਰੇਮ-ਰੰਗ) ਵਿਚ ਰੰਗੇ ਰਹਿੰਦੇ ਹਨ, (ਇਸ ਵਾਸਤੇ ਉਹ) ਸਦਾ-ਥਿਰ ਪ੍ਰਭੂ ਦੇ ਦਰ ਤੇ ਸੁਰਖ਼ਰੂ ਹੁੰਦੇ ਹਨ ।
ਉਹਨਾਂ ਬੰਦਿਆਂ ਦਾ ਹੀ ਜਗਤ ਵਿਚ ਆਉਣਾ ਕਬੂਲ ਹੈ, ਉਹ ਆਪਣੀ ਸਾਰੀ ਕੁਲ ਦਾ ਭੀ ਪਾਰ-ਉਤਾਰਾ ਕਰ ਲੈਂਦੇ ਹਨ ।੭ ।
(ਪਰ ਜੀਵਾਂ ਦੇ ਵੱਸ ਦੀ ਗੱਲ ਨਹੀਂ) ਸਾਰੇ ਜੀਵ ਪਰਮਾਤਮਾ ਦੀ ਨਿਗਾਹ ਅਨੁਸਾਰ ਹੀ ਕਰਮ ਕਰਦੇ ਹਨ, ਉਸ ਦੀ ਨਿਗਾਹ ਤੋਂ ਬਾਹਰ ਕੋਈ ਜੀਵ ਨਹੀਂ (ਭਾਵ, ਕੋਈ ਜੀਵ ਪਰਮਾਤਮਾ ਤੋਂ ਆਕੀ ਹੋ ਕੇ ਕੁਝ ਨਹੀਂ ਕਰ ਸਕਦਾ) ।
ਸਦਾ-ਥਿਰ ਰਹਿਣ ਵਾਲਾ ਪ੍ਰਭੂ ਜਿਹੋ ਜਿਹੀ ਨਿਗਾਹ ਕਰ ਕੇ ਕਿਸੇ ਜੀਵ ਵਲ ਵੇਖਦਾ ਹੈ, ਉਹ ਜੀਵ ਉਹੋ ਜਿਹਾ ਬਣ ਜਾਂਦਾ ਹੈ ।
ਹੇ ਨਾਨਕ! (ਉਸ ਦੀ ਮਿਹਰ ਦੀ ਨਜ਼ਰ ਨਾਲ ਜੇਹੜਾ ਮਨੁੱਖ ਉਸ ਦੇ ਨਾਮ ਵਿਚ (ਜੁੜਦਾ ਹੈ, ਉਸ ਨੂੰ) ਵਡਿਆਈਆਂ ਮਿਲਦੀਆਂ ਹਨ ।
ਪਰ ਉਸ ਦਾ ਨਾਮ ਉਸ ਦੀ ਬਖ਼ਸ਼ਸ਼ ਨਾਲ ਹੀ ਮਿਲਦਾ ਹੈ ।੮।੩।੨੦ ।
Follow us on Twitter Facebook Tumblr Reddit Instagram Youtube