ਸਿਰੀਰਾਗੁ ਮਹਲਾ ੧ ॥
ਰਾਮ ਨਾਮਿ ਮਨੁ ਬੇਧਿਆ ਅਵਰੁ ਕਿ ਕਰੀ ਵੀਚਾਰੁ ॥
ਸਬਦ ਸੁਰਤਿ ਸੁਖੁ ਊਪਜੈ ਪ੍ਰਭ ਰਾਤਉ ਸੁਖ ਸਾਰੁ ॥
ਜਿਉ ਭਾਵੈ ਤਿਉ ਰਾਖੁ ਤੂੰ ਮੈ ਹਰਿ ਨਾਮੁ ਅਧਾਰੁ ॥੧॥

ਮਨ ਰੇ ਸਾਚੀ ਖਸਮ ਰਜਾਇ ॥
ਜਿਨਿ ਤਨੁ ਮਨੁ ਸਾਜਿ ਸੀਗਾਰਿਆ ਤਿਸੁ ਸੇਤੀ ਲਿਵ ਲਾਇ ॥੧॥ ਰਹਾਉ ॥

ਤਨੁ ਬੈਸੰਤਰਿ ਹੋਮੀਐ ਇਕ ਰਤੀ ਤੋਲਿ ਕਟਾਇ ॥
ਤਨੁ ਮਨੁ ਸਮਧਾ ਜੇ ਕਰੀ ਅਨਦਿਨੁ ਅਗਨਿ ਜਲਾਇ ॥
ਹਰਿ ਨਾਮੈ ਤੁਲਿ ਨ ਪੁਜਈ ਜੇ ਲਖ ਕੋਟੀ ਕਰਮ ਕਮਾਇ ॥੨॥

ਅਰਧ ਸਰੀਰੁ ਕਟਾਈਐ ਸਿਰਿ ਕਰਵਤੁ ਧਰਾਇ ॥
ਤਨੁ ਹੈਮੰਚਲਿ ਗਾਲੀਐ ਭੀ ਮਨ ਤੇ ਰੋਗੁ ਨ ਜਾਇ ॥
ਹਰਿ ਨਾਮੈ ਤੁਲਿ ਨ ਪੁਜਈ ਸਭ ਡਿਠੀ ਠੋਕਿ ਵਜਾਇ ॥੩॥

ਕੰਚਨ ਕੇ ਕੋਟ ਦਤੁ ਕਰੀ ਬਹੁ ਹੈਵਰ ਗੈਵਰ ਦਾਨੁ ॥
ਭੂਮਿ ਦਾਨੁ ਗਊਆ ਘਣੀ ਭੀ ਅੰਤਰਿ ਗਰਬੁ ਗੁਮਾਨੁ ॥
ਰਾਮ ਨਾਮਿ ਮਨੁ ਬੇਧਿਆ ਗੁਰਿ ਦੀਆ ਸਚੁ ਦਾਨੁ ॥੪॥

ਮਨਹਠ ਬੁਧੀ ਕੇਤੀਆ ਕੇਤੇ ਬੇਦ ਬੀਚਾਰ ॥
ਕੇਤੇ ਬੰਧਨ ਜੀਅ ਕੇ ਗੁਰਮੁਖਿ ਮੋਖ ਦੁਆਰ ॥
ਸਚਹੁ ਓਰੈ ਸਭੁ ਕੋ ਉਪਰਿ ਸਚੁ ਆਚਾਰੁ ॥੫॥

ਸਭੁ ਕੋ ਊਚਾ ਆਖੀਐ ਨੀਚੁ ਨ ਦੀਸੈ ਕੋਇ ॥
ਇਕਨੈ ਭਾਂਡੇ ਸਾਜਿਐ ਇਕੁ ਚਾਨਣੁ ਤਿਹੁ ਲੋਇ ॥
ਕਰਮਿ ਮਿਲੈ ਸਚੁ ਪਾਈਐ ਧੁਰਿ ਬਖਸ ਨ ਮੇਟੈ ਕੋਇ ॥੬॥

ਸਾਧੁ ਮਿਲੈ ਸਾਧੂ ਜਨੈ ਸੰਤੋਖੁ ਵਸੈ ਗੁਰ ਭਾਇ ॥
ਅਕਥ ਕਥਾ ਵੀਚਾਰੀਐ ਜੇ ਸਤਿਗੁਰ ਮਾਹਿ ਸਮਾਇ ॥
ਪੀ ਅੰਮ੍ਰਿਤੁ ਸੰਤੋਖਿਆ ਦਰਗਹਿ ਪੈਧਾ ਜਾਇ ॥੭॥

ਘਟਿ ਘਟਿ ਵਾਜੈ ਕਿੰਗੁਰੀ ਅਨਦਿਨੁ ਸਬਦਿ ਸੁਭਾਇ ॥
ਵਿਰਲੇ ਕਉ ਸੋਝੀ ਪਈ ਗੁਰਮੁਖਿ ਮਨੁ ਸਮਝਾਇ ॥
ਨਾਨਕ ਨਾਮੁ ਨ ਵੀਸਰੈ ਛੂਟੈ ਸਬਦੁ ਕਮਾਇ ॥੮॥੧੪॥

Sahib Singh
ਅਵਰੁ ਵੀਚਾਰੁ = ਹੋਰ ਵੀਚਾਰ ।
ਕਿ ਕਰੀ = ਕਰੀਂ, ਮੈਂ ਕੀਹ ਕਰਾਂ ?
ਪ੍ਰਭ ਰਾਤਉ = ਪ੍ਰਭੂ ਦੇ ਨਾਮ ਵਿਚ ਰੰਗਿਆ ਹੋਇਆ ।
ਸਾਰੁ = ਸ੍ਰੇਸ਼ਟ ।
ਅਧਾਰੁ = ਆਸਰਾ ।
ਮੈਂ = ਮੈਨੂੰ ।੧ ।
ਸਾਚੀ = ਸਦਾ = ਥਿਰ ਰਹਿਣ ਵਾਲੀ (ਕਾਰ), ਸਹੀ (ਕਾਰ) ।
ਜਿਨਿ = ਜਿਸ (ਪ੍ਰਭੂ) ਨੇ ।੧।ਰਹਾਉ ।
ਬੈਸੰਤਰਿ = ਅੱਗ ਵਿਚ ।
ਹੋਮੀਐ = ਅਰਪਨ ਕਰੀਏ (ਜਿਵੇਂ ਘਿਉ ਅੱਗ ਵਿਚ ਪਾਈਦਾ ਹੈ ਹਵਨ ਕਰਨ ਵੇਲੇ) ।
ਤੋਲਿ = ਤੋਲ ਕੇ ।
ਇਕ ਰਤੀ ਕਟਾਇ = ਰਤੀ ਰਤੀ ਕਟਾ ਕੇ ।
ਸਮਧਾ = ਹਵਨ ਵਿਚ ਵਰਤੀ ਜਾਣ ਵਾਲੀ ਲੱਕੜੀ ।
ਕਰੀ = ਕਰੀਂ, ਮੈਂ ਕਰਾਂ ।
ਅਨਦਿਨੁ = ਹਰ ਰੋਜ਼ ।
ਕੋਟੀ = ਕ੍ਰੋੜਾਂ ।੧।ਅਰਧ—ਅੱਧੋ ਅੱਧ, ਦੁ-ਫਾੜ ।
ਸਿਰਿ = ਸਿਰ ਉੱਤੇ ।
ਕਰਵਤੁ = ਆਰਾ ।
ਹੈਮੰਚਲਿ = ਹਿਮਾਲੇ (ਦੀ ਬਰਫ਼) ਵਿਚ ।
ਭੀ = ਤਾਂ ਭੀ ।
ਠੋਕਿ ਵਜਾਇ = ਚੰਗੀ ਤ੍ਰਹਾਂ ਪਰਖ ਕੇ ।੩ ।
ਕੰਚਨ = ਸੋਨਾ ।
ਕੋਟ = ਕਿਲ੍ਹੇ ।
ਦਤੁ ਕਰੀ = (ਕਰੀਂ), ਮੈਂ ਦਾਨ ਕਰਾਂ ।
ਹੈਵਰ = {ਹਯ ਵਰ} ਵਧੀਆ ਘੋੜੇ ।
ਗੈਵਰ = {ਗਜ ਵਰ} ਵਧੀਆ ਹਾਥੀ ।
ਭੂਮਿ = ਜ਼ਮੀਨ, ਭੁਇਂ ।
ਘਣੀ = ਬਹੁਤੀਆਂ ।
ਗਰਬੁ = ਅਹੰਕਾਰ ।
ਬੇਧਿਆ = ਵਿੰਨਿ੍ਹਆ ।
ਗੁਰਿ = ਗੁਰੂ ਨੇ ।੪ ।
ਗੁਰਮੁਖਿ = ਗੁਰੂ ਦੀ ਸਰਨ ਪਿਆਂ, ਗੁਰੂ ਵਲ ਮੂੰਹ ਕੀਤਿਆਂ ।
ਮੋਖ = (ਮਾਇਆ ਦੇ ਮੋਹ ਅਹੰਕਾਰ ਆਦਿਕ ਤੋਂ) ਖ਼ਲਾਸੀ ।
ਦੁਆਰੁ = ਦਰਵਾਜ਼ਾ ।
ਸਚਹੁ = ਸੱਚ ਤੋਂ, ਸਦਾ = ਥਿਰ ਪ੍ਰਭੂ ਦਾ ਨਾਮ ਸਿਮਰਨ ਤੋਂ ।
ਓਰੈ = ਉਰੇ ਉਰੇ, ਘਟੀਆ ।
ਉਪਰਿ = (ਸਦ ਕਿਸਮ ਦੇ ਕਰਮ ਕਾਂਡ ਤੋਂ) ਉਤਾਂਹ ਵਧੀਆ ।
ਸਚੁ ਆਚਾਰੁ = ਸਦਾ = ਥਿਰ ਪ੍ਰਭੂ ਦਾ ਨਾਮ ਸਿਮਰਨ-ਰੂਪ ਕਰਮ ।
ਆਚਾਰੁ = ਕਰਮ ।੫ ।
ਸਭੁ ਕੋ = ਹਰੇਕ ਜੀਵ ।
ਇਕਨੈ = ਇਕ ਪਰਮਾਤਮਾ ਦੀ ਰਾਹੀਂ ।
ਭਾਂਡੇ ਸਾਜਿਐ = ਭਾਂਡੇ ਸਾਜੇ ਜਾਣ ਕਰਕੇ ।
ਤਿਹੁ ਲੋਇ = ਤਿੰਨਾਂ ਹੀ ਭਵਨਾਂ ਵਿਚ ।
ਕਰਮਿ = (ਪ੍ਰਭੂ ਦੀ) ਮਿਹਰ ਨਾਲ ।
ਸਚੁ = ਨਾਮ ਦਾ ਸਿਮਰਨ ।
ਬਖਸ = ਬਖ਼ਸ਼ਸ਼ ।੬ ।
ਸਾਦੁ = ਗੁਰਮੁਖਿ ।
ਗੁਰ ਭਾਇ = ਗੁਰੂ ਦੇ ਅਨੁਸਾਰ ਰਿਹਾਂ ।
ਅਕਥ ਕਥਾ = ਅਕੱਥ ਪ੍ਰਭੂ ਦੀ ਕਥਾ ।
ਪੀ = ਪੀ ਕੇ ।
ਪੈਧਾ = ਸਿਰੋਪਾ ਲੈ ਕੇ, ਇੱਜ਼ਤ ਨਾਲ ।੭ ।
ਘਟਿ ਘਟਿ = ਹਰੇਕ ਘਟ ਵਿਚ ।
ਵਾਜੈ = ਵੱਜਦੀ ਹੈ ।
ਕਿੰਗੁਰੀ = ਬੀਨ, ਵੀਣਾ, ਜੀਵਨ-ਰੌ ।
ਸੁਭਾਇ = ਸੁਭਾਉ ਵਿਚ (ਜੁੜਿਆਂ), ਸੁਭਾਉ ਵਿਚ ਇਕ-ਮਿਕ ਹੋਇਆਂ ।੮ ।
    
Sahib Singh
ਜਿਸ ਮਨੁੱਖ ਦਾ ਮਨ ਪਰਮਾਤਮਾ ਦੇ ਨਾਮ ਵਿਚ ਪਰੋਤਾ ਜਾਏ, (ਉਸ ਦੇ ਸੰਬੰਧ ਵਿਚ) ਮੈਂ ਹੋਰ ਕੀਹ ਵਿਚਾਰ ਕਰਾਂ (ਮੈਂ ਹੋਰ ਕੀਹ ਦੱਸਾਂ ?
ਇਸ ਵਿਚ ਕੋਈ ਸ਼ੱਕ ਨਹੀਂ ਕਿ) ਜੇਹੜਾ ਮਨੁੱਖ ਪ੍ਰਭੂ ਦੇ (ਨਾਮ ਵਿਚ) ਰੰਗਿਆ ਜਾਂਦਾ ਹੈ, ਉਸ ਨੂੰ ਸ੍ਰੇਸ਼ਟ (ਆਤਮਕ) ਸੁਖ ਮਿਲਦਾ ਹੈ ।
ਜਿਸ ਦੀ ਸੁਰਤਿ ਸ਼ਬਦ ਦੇ (ਵਿਚਾਰ ਵਿਚ) ਜੁੜੀ ਹੋਈ ਹੈ, ਉਸ ਦੇ ਅੰਦਰ ਅਨੰਦ ਪੈਦਾ ਹੁੰਦਾ ਹੈ ।
(ਹੇ ਪ੍ਰਭੂ!) ਜਿਵੇਂ ਭੀ ਤੇਰੀ ਰਜ਼ਾ ਹੋਵੇ, ਮੈਨੂੰ ਭੀ ਤੂੰ (ਆਪਣੇ ਚਰਨਾਂ ਵਿਚ) ਰੱਖ, ਤੇਰਾ ਨਾਮ (ਮੇਰੇ ਜੀਵਨ ਦਾ) ਆਸਰਾ ਬਣ ਜਾਏ ।੧ ।
ਹੇ ਮੇਰੇ ਮਨ! ਖਸਮ-ਪ੍ਰਭੂ ਦੀ ਰਜ਼ਾ ਵਿਚ ਤੁਰਨਾ ਸਹੀ ਕਾਰ ਹੈ ।
(ਹੇ ਮਨ!) ਤੂੰ ਉਸ ਪ੍ਰਭੂ (ਦੇ ਚਰਨਾਂ) ਨਾਲ ਲਿਵ ਜੋੜ, ਜਿਸ ਨੇ ਇਹ ਸਰੀਰ ਤੇ ਮਨ ਪੈਦਾ ਕਰ ਕੇ ਇਹਨਾਂ ਨੂੰ ਸੋਹਣਾ ਬਣਾਇਆ ਹੈ ।੧।ਰਹਾਉ ।
ਜੇ ਆਪਣੇ ਸਰੀਰ ਨੂੰ ਕੱਟ ਕੱਟ ਕੇ ਇਕ ਇਕ ਰੱਤੀ ਭਰ ਤੋਲ ਤੋਲ ਕੇ ਅੱਗ ਵਿਚ ਹਵਨ ਕਰ ਦਿੱਤਾ ਜਾਏ, ਜੇ ਮੈਂ ਆਪਣੇ ਸਰੀਰ ਤੇ ਮਨ ਨੂੰ ਹਵਨ ਦੀ ਸਾਮਗ੍ਰੀ ਬਣਾ ਦਿਆਂ ਤੇ ਹਰ ਰੋਜ਼ ਇਹਨਾਂ ਨੂੰ ਅੱਗ ਵਿਚ ਸਾੜਾਂ, ਜੇ ਇਹੋ ਜਿਹੇ ਹੋਰ ਲੱਖਾਂ ਕ੍ਰੋੜਾਂ ਕਰਮ ਕੀਤੇ ਜਾਣ, ਤਾਂ ਭੀ ਕੋਈ ਕਰਮ ਪਰਮਾਤਮਾ ਦੇ ਨਾਮ ਦੀ ਬਰਾਬਰੀ ਤਕ ਨਹੀਂ ਪਹੁੰਚ ਸਕਦਾ ।੨ ।
ਜੇ ਸਿਰ ਉੱਤੇ ਆਰਾ ਰਖਾ ਕੇ ਸਰੀਰ ਨੂੰ ਦੁ-ਫਾੜ ਚਿਰਾ ਦਿੱਤਾ ਜਾਏ, ਜੇ ਸਰੀਰ ਨੂੰ ਹਿਮਾਲਾ ਪਰਬਤ (ਦੀ ਬਰਫ਼) ਵਿਚ ਗਾਲ ਦਿੱਤਾ ਜਾਏ, ਤਾਂ ਭੀ ਮਨ ਵਿਚੋਂ ਹਉਮੈ ਆਦਿਕ) ਰੋਗ ਦੂਰ ਨਹੀਂ ਹੁੰਦਾ ।
(ਕਰਮ-ਕਾਂਡ ਦੀ) ਸਾਰੀ (ਹੀ ਮਰਯਾਦਾ) ਮੈਂ ਚੰਗੀ ਤ੍ਰਹਾਂ ਪਰਖ ਕੇ ਵੇਖ ਲਈ ਹੈ, ਕੋਈ ਕਰਮ ਪ੍ਰਭੂ ਦਾ ਨਾਮ ਸਿਮਰਨ ਦੀ ਬਰਾਬਰੀ ਤਕ ਨਹੀਂ ਅੱਪੜਦਾ ।੩।ਜੇ ਮੈਂ ਸੋਨੇ ਦੇ ਕਿਲ੍ਹੇ ਦਾਨ ਕਰਾਂ, ਬਹੁਤ ਸਾਰੇ ਘੋੜੇ ਤੇ ਹਾਥੀ ਦਾਨ ਕਰਾਂ, ਜ਼ਮੀਨ ਦਾਨ ਕਰਾਂ, ਬਹੁਤ ਸਾਰੀਆਂ ਗਾਂਈਆਂ ਦਾਨ ਕਰਾਂ, ਫਿਰ ਭੀ (ਸਗੋਂ ਇਸ ਦਾਨ ਦਾ ਹੀ) ਮਨ ਵਿਚ ਅਹੰਕਾਰ ਮਾਣ ਬਣ ਜਾਂਦਾ ਹੈ ।
ਜਿਸ ਮਨੁੱਖ ਨੂੰ ਸਤਿਗੁਰੂ ਨੇ ਸਦਾ-ਥਿਰ ਪ੍ਰਭੂ (ਦਾ ਨਾਮ ਜਪਣ ਦੀ) ਬਖ਼ਸ਼ਸ਼ ਕੀਤੀ ਹੈ, ਉਸ ਦਾ ਮਨ ਪਰਮਾਤਮਾ ਦੇ ਨਾਮ ਵਿਚ ਪਰੋਇਆ ਰਹਿੰਦਾ ਹੈ (ਤੇ ਇਹੀ ਹੈ ਸਹੀ ਕਰਣੀ) ।੪ ।
ਅਨੇਕਾਂ ਹੀ ਲੋਕਾਂ ਦੀ ਅਕਲ (ਤਪ ਆਦਿਕ ਕਰਮਾਂ ਵਲ ਪ੍ਰੇਰਦੀ ਹੈ ਜੋ) ਮਨ ਦੇ ਹਠ ਨਾਲ (ਕੀਤੇ ਜਾਂਦੇ ਹਨ), ਅਨੇਕਾਂ ਹੀ ਲੋਕ ਵੇਦ ਆਦਿਕ ਧਰਮ-ਪੁਸਤਕਾਂ ਦੇ ਅਰਥ-ਵਿਚਾਰ ਕਰਦੇ ਹਨ (ਤੇ ਇਸ ਵਾਦ-ਵਿਵਾਦ ਨੂੰ ਹੀ ਜੀਵਨ ਦਾ ਸਹੀ ਰਾਹ ਮੰਨਦੇ ਹਨ), ਇਹੋ ਜਿਹੇ ਹੋਰ ਭੀ ਅਨੇਕਾਂ ਕਰਮ ਹਨ ਜੋ ਜਿੰਦ ਵਾਸਤੇ ਫਾਹੀ-ਰੂਪ ਬਣ ਜਾਂਦੇ ਹਨ, (ਪਰ ਹਉਮੈ ਆਦਿਕ ਬੰਧਨਾਂ ਤੋਂ) ਖ਼ਲਾਸੀ ਦਾ ਦਰਵਾਜ਼ਾ ਗੁਰੂ ਦੇ ਸਨਮੁਖ ਹੋਇਆਂ ਹੀ ਲੱਭਦਾ ਹੈ (ਕਿਉਂਕਿ ਗੁਰੂ ਪ੍ਰਭੂ ਦਾ ਨਾਮ ਸਿਮਰਨ ਦੀ ਹਿਦਾਇਤ ਕਰਦਾ ਹੈ) ।੫ ।
ਹਰੇਕ (ਕਰਮ) ਸਦਾ-ਥਿਰ ਪ੍ਰਭੂ ਦਾ ਨਾਮ-ਸਿਮਰਨ ਤੋਂ ਘਟੀਆ ਹੈ, ਸਿਮਰਨ ਰੂਪ ਕਰਮ ਸਭ ਕਰਮਾਂ ਧਰਮਾਂ ਤੋਂ ਸ੍ਰੇਸ਼ਟ ਹੈ ।
(ਪਰ ਕਰਮ-ਕਾਂਡ ਦੇ ਜਾਲ ਵਿਚ ਫਸੇ ਉੱਚ-ਜਾਤੀਏ ਬੰਦਿਆਂ ਨੂੰ ਭੀ ਨਿੰਦਣਾ ਠੀਕ ਨਹੀਂ ਹੈ), ਹਰੇਕ ਜੀਵ ਨੂੰ ਚੰਗਾ ਹੀ ਆਖਣਾ ਚਾਹੀਦਾ ਹੈ, (ਜਗਤ ਵਿਚ) ਕੋਈ ਨੀਚ ਨਹੀਂ ਦਿੱਸਦਾ, ਕਿਉਂਕਿ ਇਕ ਕਰਤਾਰ ਨੇ ਹੀ ਸਾਰੇ ਜੀਵ ਰਚੇ ਹਨ, ਤੇ ਤਿੰਨਾਂ ਲੋਕਾਂ (ਦੇ ਜੀਵਾਂ) ਵਿਚ ਉਸੇ (ਕਰਤਾਰ ਦੀ ਜੋਤਿ) ਦਾ ਹੀ ਚਾਨਣ ਹੈ ।
ਸਿਮਰਨ (ਦਾ ਖ਼ੈਰ) ਪ੍ਰਭੂ ਦੀ ਗੁਰੂ ਦੀ ਮਿਹਰ ਨਾਲ ਹੀ ਮਿਲਦਾ ਹੈ, ਤੇ ਧੁਰੋਂ ਪ੍ਰਭੂ ਦੇ ਹੁਕਮ ਅਨੁਸਾਰ ਜਿਸ ਮਨੁੱਖ ਨੂੰ ਸਿਮਰਨ ਦੀ ਦਾਤਿ ਮਿਲਦੀ ਹੈ, ਕੋਈ ਧਿਰ ਉਸ (ਦਾਤਿ) ਦੇ ਰਾਹ ਵਿਚ ਰੋਕ ਨਹੀਂ ਪਾ ਸਕਦਾ ।੬ ।
ਜੇਹੜਾ ਗੁਰਮੁਖ ਮਨੁੱਖ ਗੁਰਮੁਖਾਂ ਦੀ ਸੰਗਤਿ ਵਿਚ ਮਿਲ ਬੈਠਦਾ ਹੈ, ਗੁਰੂ-ਆਸ਼ੇ ਦੇ ਅਨੁਸਾਰ ਤੁਰਿਆਂ (ਉਸ ਦੇ ਮਨ ਵਿਚ) ਸੰਤੋਖ ਆ ਵਸਦਾ ਹੈ, (ਕਿਉਂਕਿ) ਜੇ ਮਨੁੱਖ ਸਤਿਗੁਰੂ ਦੇ ਉਪਦੇਸ਼ ਵਿਚ ਲੀਨ ਰਹੇ ਤਾਂ ਬੇਅੰਤ ਗੁਣਾਂ ਵਾਲੇ ਕਰਤਾਰ ਦੀ ਸਿਫ਼ਤਿ-ਸਾਲਾਹ ਕੀਤੀ ਜਾ ਸਕਦੀ ਹੈ, ਤੇ, ਸਿਫ਼ਤਿ-ਸਾਲਾਹ ਰੂਪ ਅੰਮਿ੍ਰਤ ਪੀਤਿਆਂ ਮਨ ਸੰਤੋਖ ਗ੍ਰਹਣ ਕਰ ਲੈਂਦਾ ਹੈ, ਅਤੇ (ਜਗਤ ਵਿਚੋਂ) ਆਦਰ ਮਾਣ ਖੱਟ ਕੇ ਪ੍ਰਭੂ ਦੀ ਹਜ਼ੂਰੀ ਵਿਚ ਪਹੁੰਚਦਾ ਹੈ ।੭ ।
ਗੁਰੂ ਦੇ ਸ਼ਬਦ ਦੀ ਰਾਹੀਂ ਪ੍ਰਭੂ ਦੇ ਸੁਭਾਉ ਵਿਚ ਹਰ ਵੇਲੇ ਇਕ-ਮਿਕ ਹੋਇ ਰਿਹਾਂ ਇਹ ਯਕੀਨ ਬਣ ਜਾਂਦਾ ਹੈ ਕਿ (ਰੱਬੀ ਜੀਵਨ-ਰੌ ਦੀ) ਬੀਨ ਹਰੇਕ ਸਰੀਰ ਵਿਚ ਵੱਜ ਰਹੀ ਹੈ ।
ਪਰ ਇਹ ਸਮਝ ਕਿਸੇ ਵਿਰਲੇ ਨੂੰ ਹੀ ਪੈਂਦੀ ਹੈ ।
ਹੇ ਨਾਨਕ! ਜੇਹੜਾ ਮਨੁੱਖ ਗੁਰੂ ਦੀ ਸਰਨ ਪੈ ਕੇ ਆਪਣੇ ਮਨ ਨੂੰ ਇਉਂ ਸਮਝਾ ਲੈਂਦਾ ਹੈ, ਉਸ ਨੂੰ ਪਰਮਾਤਮਾ ਦਾ ਨਾਮ ਕਦੇ ਭੁੱਲਦਾ ਨਹੀਂ, ਉਹ ਗੁਰੂ ਦੇ ਉਪਦੇਸ਼ ਨੂੰ ਕਮਾ ਕੇ (ਗੁਰ-ਸ਼ਬਦ ਅਨੁਸਾਰ ਜੀਵਨ ਬਣਾ ਕੇ, ਹਉਮੈ ਆਦਿਕ ਰੋਗਾਂ ਤੋਂ) ਬਚਿਆ ਰਹਿੰਦਾ ਹੈ ।੮।੧੪ ।
Follow us on Twitter Facebook Tumblr Reddit Instagram Youtube