ਸਿਰੀਰਾਗੁ ਮਹਲਾ ੧ ॥
ਤ੍ਰਿਸਨਾ ਮਾਇਆ ਮੋਹਣੀ ਸੁਤ ਬੰਧਪ ਘਰ ਨਾਰਿ ॥
ਧਨਿ ਜੋਬਨਿ ਜਗੁ ਠਗਿਆ ਲਬਿ ਲੋਭਿ ਅਹੰਕਾਰਿ ॥
ਮੋਹ ਠਗਉਲੀ ਹਉ ਮੁਈ ਸਾ ਵਰਤੈ ਸੰਸਾਰਿ ॥੧॥

ਮੇਰੇ ਪ੍ਰੀਤਮਾ ਮੈ ਤੁਝ ਬਿਨੁ ਅਵਰੁ ਨ ਕੋਇ ॥
ਮੈ ਤੁਝ ਬਿਨੁ ਅਵਰੁ ਨ ਭਾਵਈ ਤੂੰ ਭਾਵਹਿ ਸੁਖੁ ਹੋਇ ॥੧॥ ਰਹਾਉ ॥

ਨਾਮੁ ਸਾਲਾਹੀ ਰੰਗ ਸਿਉ ਗੁਰ ਕੈ ਸਬਦਿ ਸੰਤੋਖੁ ॥
ਜੋ ਦੀਸੈ ਸੋ ਚਲਸੀ ਕੂੜਾ ਮੋਹੁ ਨ ਵੇਖੁ ॥
ਵਾਟ ਵਟਾਊ ਆਇਆ ਨਿਤ ਚਲਦਾ ਸਾਥੁ ਦੇਖੁ ॥੨॥

ਆਖਣਿ ਆਖਹਿ ਕੇਤੜੇ ਗੁਰ ਬਿਨੁ ਬੂਝ ਨ ਹੋਇ ॥
ਨਾਮੁ ਵਡਾਈ ਜੇ ਮਿਲੈ ਸਚਿ ਰਪੈ ਪਤਿ ਹੋਇ ॥
ਜੋ ਤੁਧੁ ਭਾਵਹਿ ਸੇ ਭਲੇ ਖੋਟਾ ਖਰਾ ਨ ਕੋਇ ॥੩॥

ਗੁਰ ਸਰਣਾਈ ਛੁਟੀਐ ਮਨਮੁਖ ਖੋਟੀ ਰਾਸਿ ॥
ਅਸਟ ਧਾਤੁ ਪਾਤਿਸਾਹ ਕੀ ਘੜੀਐ ਸਬਦਿ ਵਿਗਾਸਿ ॥
ਆਪੇ ਪਰਖੇ ਪਾਰਖੂ ਪਵੈ ਖਜਾਨੈ ਰਾਸਿ ॥੪॥

ਤੇਰੀ ਕੀਮਤਿ ਨਾ ਪਵੈ ਸਭ ਡਿਠੀ ਠੋਕਿ ਵਜਾਇ ॥
ਕਹਣੈ ਹਾਥ ਨ ਲਭਈ ਸਚਿ ਟਿਕੈ ਪਤਿ ਪਾਇ ॥
ਗੁਰਮਤਿ ਤੂੰ ਸਾਲਾਹਣਾ ਹੋਰੁ ਕੀਮਤਿ ਕਹਣੁ ਨ ਜਾਇ ॥੫॥

ਜਿਤੁ ਤਨਿ ਨਾਮੁ ਨ ਭਾਵਈ ਤਿਤੁ ਤਨਿ ਹਉਮੈ ਵਾਦੁ ॥
ਗੁਰ ਬਿਨੁ ਗਿਆਨੁ ਨ ਪਾਈਐ ਬਿਖਿਆ ਦੂਜਾ ਸਾਦੁ ॥
ਬਿਨੁ ਗੁਣ ਕਾਮਿ ਨ ਆਵਈ ਮਾਇਆ ਫੀਕਾ ਸਾਦੁ ॥੬॥

ਆਸਾ ਅੰਦਰਿ ਜੰਮਿਆ ਆਸਾ ਰਸ ਕਸ ਖਾਇ ॥
ਆਸਾ ਬੰਧਿ ਚਲਾਈਐ ਮੁਹੇ ਮੁਹਿ ਚੋਟਾ ਖਾਇ ॥
ਅਵਗਣਿ ਬਧਾ ਮਾਰੀਐ ਛੂਟੈ ਗੁਰਮਤਿ ਨਾਇ ॥੭॥

ਸਰਬੇ ਥਾਈ ਏਕੁ ਤੂੰ ਜਿਉ ਭਾਵੈ ਤਿਉ ਰਾਖੁ ॥
ਗੁਰਮਤਿ ਸਾਚਾ ਮਨਿ ਵਸੈ ਨਾਮੁ ਭਲੋ ਪਤਿ ਸਾਖੁ ॥
ਹਉਮੈ ਰੋਗੁ ਗਵਾਈਐ ਸਬਦਿ ਸਚੈ ਸਚੁ ਭਾਖੁ ॥੮॥

ਆਕਾਸੀ ਪਾਤਾਲਿ ਤੂੰ ਤ੍ਰਿਭਵਣਿ ਰਹਿਆ ਸਮਾਇ ॥
ਆਪੇ ਭਗਤੀ ਭਾਉ ਤੂੰ ਆਪੇ ਮਿਲਹਿ ਮਿਲਾਇ ॥
ਨਾਨਕ ਨਾਮੁ ਨ ਵੀਸਰੈ ਜਿਉ ਭਾਵੈ ਤਿਵੈ ਰਜਾਇ ॥੯॥੧੩॥

Sahib Singh
ਸੁਤ = ਪੁੱਤਰ ।
ਬੰਧਪ = ਰਿਸ਼ਤੇਦਾਰ ।
ਨਾਰਿ = ਇਸਤ੍ਰੀ ।
ਧਨਿ = ਧਨ ਨੇ ।
ਜੋਬਨਿ = ਜੋਬਨ ਨੇ ।
ਲਬਿ = ਲੱਬ ਨੇ ।
ਲੋਭਿ = ਲੋਭ ਨੇ ।
ਅਹੰਕਾਰਿ = ਅਹੰਕਾਰ ਨੇ ।
ਠਗਉਲੀ = ਠਗ = ਮੂਰੀ, ਠਗ-ਬੂਟੀ, ਧਤੂਰਾ ਆਦਿਕ ਉਹ ਬੂਟੀ ਜੋ ਪਿਲਾ ਕੇ ਠੱਗ ਕਿਸੇ ਨੂੰ ਠੱਗਦਾ ਹੈ ।
ਹਉ = ਹਉਂ, ਮੈਂ ।
ਮੁਈ = ਠੱਗੀ ਗਈ ਹਾਂ ।
ਸਾ = ਉਹ ਠੱਗ = ਬੂਟੀ ।
ਸੰਸਾਰਿ = ਸੰਸਾਰ ਵਿਚ ।੧ ।
ਨ ਭਾਵਈ = ਚੰਗਾ ਨਹੀਂ ਲੱਗਦਾ ।੧ ।
ਸਾਲਾਹੀ = ਤੂੰ ਸਿਫ਼ਤਿ = ਸਾਲਾਹ ਕਰ ।
ਰੰਗ ਸਿਉ = ਪ੍ਰੇਮ ਨਾਲ ।
ਕੂੜਾ = ਝੂਠਾ, ਨਾਸਵੰਤ ।
ਵਾਟ = ਰਸਤਾ ।
ਵਟਾਊ = ਰਾਹੀ, ਮੁਸਾਫ਼ਿਰ ।੨ ।
ਆਖਣਿ = ਆਖਣ ਨੂੰ, ਆਖਣ = ਮਾਤ੍ਰ ।
ਕੇਤੜੇ = ਬੇਅੰਤ ਜੀਵ ।
ਬੂਝ = ਸਮਝ ।
ਸਚਿ = ਸਦਾ = ਥਿਰ ਪ੍ਰਭੂ ਵਿਚ ।
ਰਪੈ = ਰੰਗਿਆ ਜਾਏ ।
ਪਤਿ = ਇੱਜ਼ਤ ।੩ ।
ਖੋਟੀ ਰਾਸਿ = ਉਹ ਪੂੰਜੀ ਜੋ ਪ੍ਰਭੂ—ਪਾਤਿਸ਼ਾਹ ਦੇ ਦਰ ਤੇ ਖੋਟੀ ਸਮਝੀ ਜਾਂਦੀ ਹੈ ।
ਅਸਟ ਧਾਤੁ = ਅੱਠ ਧਾਤਾਂ ਦਾ ਬਣਿਆ ਸਰੀਰ ।
ਵਿਗਾਸਿ = ਖਿੜਦਾ ਹੈ ।੪ ।
ਤੇਰੀ ਕੀਮਤਿ ਨਾ ਪਵੈ = ਤੇਰਾ ਮੁੱਲ ਨਹੀਂ ਪੈ ਸਕਦਾ, ਤੇਰੇ ਬਰਾਬਰ ਦਾ ਹੋਰ ਕੋਈ ਨਹੀਂ ਲੱਭ ਸਕਦਾ ।
ਠੋਕਿ ਵਜਾਇ = ਠੋਕ ਕੇ, ਵਜਾ ਕੇ, ਚੰਗੀ ਤ੍ਰਹਾਂ ਪਰਖ ਕੇ ।
ਹਾਥ = ਡੂੰਘਾਈ ।
ਤੂੰ = ਤੈਨੂੰ ।
ਹੋਰੁ ਕਹਣੁ = ਕੋਈ ਹੋਰ ਬੋਲ ।੫ ।
ਜਿਤੁ = ਜਿਸ ਵਿਚ ।
ਜਿਤੁ ਤਨਿ = ਜਿਸ ਸਰੀਰ ਵਿਚ ।
ਵਾਦੁ = ਝਗੜਾ ।
ਬਿਖਿਆ = ਮਾਇਆ ।
ਸਾਦੁ = ਸੁਆਦ ।੬ ।
ਬੰਧਿ = ਬੰਨ੍ਹ ਕੇ ।
ਚਲਾਈਐ = ਤੋਰਿਆ ਜਾਂਦਾ ਹੈ ।
ਮੁਹੇ ਮੁਹਿ = ਮੁਹਿ ਮੁਹਿ, ਮੁੜ ਮੁੜ ਮੂੰਹ ਉੱਤੇ ।
ਨਾਇ = ਨਾਮ ਵਿਚ (ਜੁੜ ਕੇ) ।੭ ।
ਪਤਿ = ਇੱਜ਼ਤ ।
ਸਾਥੁ = ਸਾਥੀ ।੮ ।
ਤਿ੍ਰਭਵਣਿ = ਤਿੰਨਾਂ ਭਵਨਾਂ ਵਾਲੇ ਸੰਸਾਰ ਵਿਚ ।੯ ।
    
Sahib Singh
ਪੁੱਤਰ, ਰਿਸ਼ਤੇਦਾਰ, ਘਰ, ਇਸਤ੍ਰੀ (ਆਦਿਕ ਦੇ ਮੋਹ) ਦੇ ਕਾਰਨ ਮੋਹਣੀ ਮਾਇਆ ਦੀ ਤ੍ਰਿਸ਼ਨਾ ਜੀਵਾਂ ਨੂੰ ਵਿਆਪ ਰਹੀ ਹੈ ।
ਧਨ ਨੇ, ਜੁਆਨੀ ਨੇ, ਲੋਭ ਨੇ, ਅਹੰਕਾਰ ਨੇ, (ਸਾਰੇ) ਜਗਤ ਨੂੰ ਲੁੱਟ ਲਿਆ ਹੈ ।
ਮੋਹ ਦੀ ਠੱਗਬੂਟੀ ਨੇ ਮੈਨੂੰ (ਭੀ) ਠੱਗ ਲਿਆ ਹੈ, ਇਹ ਮੋਹ-ਠੱਗਬੂਟੀ ਸਾਰੇ ਸੰਸਾਰ ਵਿਚ ਆਪਣਾ ਜ਼ੋਰ ਪਾ ਰਹੀ ਹੈ ।੧ ।
ਹੇ ਮੇਰੇ ਪ੍ਰੀਤਮ-ਪ੍ਰਭੂ! (ਇਸ ਠੱਗ-ਬੂਟੀ ਤੋਂ ਬਚਾਣ ਲਈ) ਮੈਨੂੰ ਤੈਥੋਂ ਬਿਨਾ ਹੋਰ ਕੋਈ (ਸਮਰੱਥ) ਨਹੀਂ (ਦਿੱਸਦਾ) ।
ਮੈਨੂੰ ਤੈਥੋਂ ਬਿਨਾ ਹੋਰ ਕੋਈ ਪਿਆਰਾ ਨਹੀਂ ਲੱਗਦਾ ।
ਜਦੋਂ ਤੂੰ ਮੈਨੂੰ ਪਿਆਰਾ ਲੱਗਦਾ ਹੈਂ, ਤਦੋਂ ਮੈਨੂੰ ਆਤਮਕ ਸੁਖ ਮਿਲਦਾ ਹੈ ।੧।ਰਹਾਉ।(ਹੇ ਮਨ!) ਗੁਰੂ ਦੇ ਸ਼ਬਦ ਦੀ ਰਾਹੀਂ ਸੰਤੋਖ ਧਾਰ ਕੇ (ਤ੍ਰਿਸ਼ਨਾ ਦੇ ਪੰਜੇ ਵਿਚੋਂ ਨਿਕਲ ਕੇ) ਪ੍ਰੇਮ ਨਾਲ (ਪਰਮਾਤਮਾ ਦੇ) (ਨਾਮ ਦੀ) ਸਿਫ਼ਤਿ-ਸਾਲਾਹ ਕਰ ।
ਇਸ ਨਾਸਵੰਤ ਮੋਹ ਨੂੰ ਨਾਹ ਵੇਖ, ਇਹ ਤਾਂ ਜੋ ਕੁੱਝ ਦਿੱਸ ਰਿਹਾ ਹੈ ਸਭ ਨਾਸ ਹੋ ਜਾਏਗਾ ।
(ਜੀਵ ਇਥੇ) ਰਸਤੇ ਦਾ ਮੁਸਾਫ਼ਿਰ (ਬਣ ਕੇ) ਆਇਆ ਹੈ, ਇਹ ਸਾਰਾ ਸਾਥ ਨਿੱਤ ਚਲਣ ਵਾਲਾ ਸਮਝ ।੨ ।
ਦੱਸਣ ਨੂੰ ਤਾਂ ਬੇਅੰਤ ਜੀਵ ਦੱਸ ਦੇਂਦੇ ਹਨ (ਕਿ ਮਾਇਆ ਦੀ ਤ੍ਰਿਸ਼ਨਾ ਤੋਂ ਇਉਂ ਬਚ ਸਕੀਦਾ ਹੈ, ਪਰ) ਗੁਰੂ ਤੋਂ ਬਿਨਾ ਸਹੀ ਸਮਝ ਨਹੀ ਪੈਂਦੀ ।
(ਗੁਰੂ ਦੀ ਸਰਨ ਪੈ ਕੇ) ਜੇ ਪਰਮਾਤਮਾ ਦਾ ਨਾਮ ਮਿਲ ਜਾਏ, ਪਰਮਾਤਮਾ ਦੀ ਸਿਫ਼ਤਿ-ਸਾਲਾਹ ਮਿਲ ਜਾਏ ਜੇ (ਮਨੁੱਖ ਦਾ ਮਨ) ਸਦਾ-ਥਿਰ ਪ੍ਰਭੂ (ਦੇ ਪਿਆਰ) ਵਿਚ ਰੰਗਿਆ ਜਾਏ, ਤਾਂ ਉਸ ਨੂੰ (ਲੋਕ ਪਰਲੋਕ ਵਿਚ) ਇੱਜ਼ਤ ਮਿਲਦੀ ਹੈ ।
(ਪਰ, ਹੇ ਪ੍ਰਭੂ! ਆਪਣੇ ਉੱਦਮ ਨਾਲ ਕੋਈ ਜੀਵ) ਨਾਹ ਖਰਾ ਬਣ ਸਕਦਾ ਹੈ, ਨਾਹ ਖੋਟਾ ਰਹਿ ਜਾਂਦਾ ਹੈ, ਜੇਹੜੇ ਤੈਨੂੰ ਪਿਆਰੇ ਲੱਗਦੇ ਹਨ ਉਹੀ ਭਲੇ ਹਨ ।੩ ।
ਗੁਰੂ ਦੀ ਸਰਨ ਪੈ ਕੇ ਹੀ (ਤ੍ਰਿਸ਼ਨਾ ਦੇ ਪੰਜੇ ਵਿਚੋਂ) ਖ਼ਲਾਸੀ ਹਾਸਲ ਕਰੀਦੀ ਹੈ ।
ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਖੋਟੀ ਪੂੰਜੀ ਹੀ ਜੋੜਦਾ ਹੈ ।
ਪਰਮਾਤਮਾ ਦੀ ਰਚੀ ਹੋਈ ਇਹ ਅੱਠ ਧਾਤਾਂ ਵਾਲੀ ਮਨੁੱਖੀ ਕਾਂਇਆਂ ਜੇ ਗੁਰੂ ਦੇ ਸ਼ਬਦ (ਦੀ ਟਕਸਾਲ) ਵਿਚ ਘੜੀ ਜਾਏ (ਸੁਚੱਜੀ ਬਣਾਈ ਜਾਏ, ਤਾਂ ਹੀ ਇਹ) ਖਿੜਦੀ ਹੈ (ਆਤਮਕ ਹੁਲਾਰੇ ਵਿਚ ਆਉਂਦੀ ਹੈ) ।
ਪਰਖਣ ਵਾਲਾ ਪ੍ਰਭੂ ਆਪ ਹੀ (ਇਸ ਦੀ ਘਾਲ ਕਮਾਈ ਨੂੰ) ਪਰਖ ਲੈਂਦਾ ਹੈ ਤੇ (ਇਸ ਦਾ ਆਤਮਕ ਗੁਣਾਂ ਦਾ) ਸਰਮਾਇਆ (ਉਸ ਦੇ) ਖ਼ਜ਼ਾਨੇ ਵਿਚ (ਕਬੂਲ) ਪੈਂਦਾ ਹੈ ।੪ ।
(ਹੇ ਪ੍ਰਭੂ!) ਮੈਂ ਸਾਰੀ ਸਿ੍ਰਸ਼ਟੀ ਚੰਗੀ ਤ੍ਰਹਾਂ ਪਰਖ ਕੇ ਵੇਖ ਲਈ ਹੈ, ਮੈਨੂੰ ਤੇਰੇ ਬਰਾਬਰ ਦਾ ਕੋਈ ਨਹੀਂ ਦਿੱਸਿਆ (ਜੇਹੜਾ ਮੈਨੂੰ ਮਾਇਆ ਦੇ ਪੰਜੇ ਤੋਂ ਬਚਾ ਸਕੇ ।
ਤੂੰ ਬੇਅੰਤ ਗੁਣਾਂ ਦਾ ਮਾਲਕ ਹੈਂ) ਬਿਆਨ ਕਰਨ ਨਾਲ ਤੇਰੇ ਗੁਣਾਂ ਦੀ ਥਾਹ ਨਹੀਂ ਪਾਈ ਜਾ ਸਕਦੀ ।
ਜੇਹੜਾ ਜੀਵ ਸਦਾ-ਥਿਰ ਸਰੂਪ ਵਿਚ ਟਿਕਦਾ ਹੈ, ਉਸ ਨੂੰ ਇੱਜ਼ਤ ਮਿਲਦੀ ਹੈ ।
ਗੁਰੂ ਦੀ ਮਤਿ ਲੈ ਕੇ ਹੀ ਤੇਰੀ ਸਿਫ਼ਤਿ-ਸਾਲਾਹ ਕੀਤੀ ਜਾ ਸਕਦੀ ਹੈ, ਪਰ ਤੇਰੇ ਬਰਾਬਰ ਦਾ ਲੱਭਣ ਵਾਸਤੇ ਕੋਈ ਬੋਲ ਨਹੀਂ ਬੋਲਿਆ ਜਾ ਸਕਦਾ ।੫ ।
ਜਿਸ ਸਰੀਰ ਵਿਚ ਪਰਮਾਤਮਾ ਦਾ ਨਾਮ ਪਿਆਰਾ ਨਹੀਂ ਲੱਗਦਾ, ਉਸ ਸਰੀਰ ਵਿਚ ਹਉਮੈ ਵਧਦੀ ਹੈ, ਉਸ ਸਰੀਰ ਵਿਚ ਤ੍ਰਿਸ਼ਨਾ ਦਾ ਬਖੇੜਾ ਵਧਦਾ ਹੈ ।
ਗੁਰੂ ਤੋਂ ਬਿਨਾ ਪਰਮਾਤਮਾ ਨਾਲ ਜਾਣ-ਪਛਾਣ ਨਹੀਂ ਬਣ ਸਕਦੀ, ਮਾਇਆ ਦਾ ਪ੍ਰਭਾਵ ਪੈ ਕੇ ਪਰਮਾਤਮਾ ਤੋਂ ਬਿਨਾ ਹੋਰ ਪਾਸੇ ਦਾ ਸੁਆਦ ਮਨ ਵਿਚ ਉਪਜਦਾ ਹੈ ।
ਆਤਮਕ ਗੁਣਾਂ ਤੋਂ ਵਾਂਜੇ ਰਹਿ ਕੇ ਇਹ ਮਨੁੱਖਾ ਸਰੀਰ ਵਿਅਰਥ ਜਾਂਦਾ ਹੈ, ਅੰਤ ਨੂੰ ਮਾਇਆ ਵਾਲਾ ਸੁਆਦ ਭੀ ਬੇ-ਰਸਾ ਹੋ ਜਾਂਦਾ ਹੈ ।੬ ।
ਜੀਵ ਆਸਾ (ਤ੍ਰਿਸ਼ਨਾ) ਦਾ ਬੱਧਾ ਹੋਇਆ ਜਨਮ ਲੈਂਦਾ ਹੈ, (ਜਦ ਤਕ ਜਗਤ ਵਿਚ ਜਿਊਂਦਾ ਹੈ) ਆਸਾ ਦੇ ਪ੍ਰਭਾਵ ਹੇਠ ਹੀ (ਮਿੱਠੇ) ਕਸੈਲੇ (ਆਦਿਕ) ਰਸਾਂ (ਵਾਲੇ ਪਦਾਰਥ) ਖਾਂਦਾ ਰਹਿੰਦਾ ਹੈ ।
(ਉਮਰ ਪੁੱਗ ਜਾਣ ਤੇ) ਆਸਾ (ਤ੍ਰਿਸ਼ਨਾ) ਦੇ (ਬੰਧਨ ਵਿਚ) ਬੱਧਾ ਹੋਇਆ ਇਥੋਂ ਤੋਰਿਆ ਜਾਂਦਾ ਹੈ (ਸਾਰੀ ਉਮਰ ਆਸਾ ਤ੍ਰਿਸ਼ਨਾ ਵਿਚ ਹੀ ਫਸਿਆ ਰਹਿਣ ਕਰਕੇ) ਮੁੜ ਮੁੜ ਮੂੰਹ ਉੱਤੇ ਚੋਟਾਂ ਖਾਂਦਾ ਹੈ ।
ਵਿਕਾਰੀ ਜੀਵਨ ਦੇ ਕਾਰਨ (ਆਸਾ ਤ੍ਰਿਸ਼ਨਾ ਦਾ) ਬੱਧਾ ਮਾਰ ਖਾਂਦਾ ਹੈ ।
ਜੇ ਗੁਰੂ ਦੀ ਸਿੱਖਿਆ ਲੈ ਕੇ ਪ੍ਰਭੂ ਦੇ ਨਾਮ ਵਿਚ ਜੁੜੇ, ਤਾਂ ਹੀ (ਆਸਾ ਤ੍ਰਿਸ਼ਨਾ ਦੇ ਜਾਲ ਵਿਚੋਂ) ਖ਼ਲਾਸੀ ਪਾ ਸਕਦਾ ਹੈ ।੭ ।
(ਜੀਵਾਂ ਦੇ ਕੀਹ ਵੱਸ ?
ਹੇ ਪ੍ਰਭੂ!) ਸਭ ਜੀਵਾਂ ਵਿਚ ਤੂੰ ਆਪ ਹੀ ਵੱਸਦਾ ਹੈਂ ।
ਜਿਵੇਂ ਤੇਰੀ ਰਜ਼ਾ ਹੋਵੇ, ਤਿਵੇਂ, ਹੇ ਪ੍ਰਭੂ! ਤੂੰ ਆਪ ਹੀ (ਜੀਵਾਂ ਨੂੰ ਆਸਾ ਤ੍ਰਿਸ਼ਨਾ ਦੇ ਜਾਲ ਤੋਂ) ਬਚਾ ।
ਹੇ ਪ੍ਰਭੂ! ਤੇਰਾ ਸਦਾ-ਥਿਰ ਨਾਮ ਹੀ(ਜੀਵ ਦਾ) ਭਲਾ ਸਾਥੀ ਹੈ, ਤੇਰਾ ਨਾਮ ਹੀ ਜੀਵ ਦੀ ਇੱਜ਼ਤ ਹੈ, ਤੇਰਾ ਨਾਮ, ਗੁਰੂ ਦੀ ਮਤਿ ਲਿਆਂ ਹੀ, ਜੀਵ ਦੇ ਮਨ ਵਿਚ ਵੱਸ ਸਕਦਾ ਹੈ ।
(ਹੇ ਭਾਈ!) ਗੁਰੂ ਦੇ ਸੱਚੇ ਸ਼ਬਦ ਦੀ ਰਾਹੀਂ ਸਦਾ-ਥਿਰ ਨਾਮ ਸਿਮਰ, ਨਾਮ ਸਿਮਰਿਆਂ ਹੀ ਹਉਮੈ ਦਾ ਰੋਗ ਦੂਰ ਹੁੰਦਾ ਹੈ ।੮ ।
ਹੇ ਪ੍ਰਭੂ! ਆਕਾਸਾਂ ਵਿਚ ਪਾਤਾਲ ਵਿਚ ਤਿੰਨਾਂ ਹੀ ਭਵਨਾਂ ਵਿਚ ਤੂੰ ਆਪ ਹਰ ਥਾਂ ਵਿਆਪਕ ਹੈਂ ।
ਤੂੰ ਆਪ ਹੀ (ਜੀਵਾਂ ਨੂੰ ਆਪਣੀ) ਭਗਤੀ ਬਖ਼ਸ਼ਦਾ ਹੈਂ, ਆਪਣਾ ਪ੍ਰੇਮ ਬਖ਼ਸ਼ਦਾ ਹੈਂ, ਤੂੰ ਆਪ ਹੀ ਜੀਵਾਂ ਨੂੰ ਆਪਣੇ ਨਾਲ ਮਿਲਾ ਕੇ ਮਿਲਦਾ ਹੈਂ ।
ਹੇ ਨਾਨਕ! (ਪ੍ਰਭੂ ਦਰ ਤੇ ਅਰਦਾਸ ਕਰ) ਤੇ ਆਖ—(ਹੇ ਪ੍ਰਭੂ!) ਜਿਵੇਂ ਤੈਨੂੰ ਚੰਗਾ ਲੱਗੇ, ਤਿਵੇਂ ਤੇਰੀ ਰਜ਼ਾ ਵਰਤਦੀ ਹੈ (ਪਰ ਮਿਹਰ ਕਰ) ਮੈਨੂੰ ਤੇਰਾ ਨਾਮ ਕਦੇ ਨਾ ਭੁੱਲੇ ।੯।੧੩ ।
Follow us on Twitter Facebook Tumblr Reddit Instagram Youtube