ਸਿਰੀਰਾਗੁ ਮਹਲਾ ੧ ॥
ਰੇ ਮਨ ਐਸੀ ਹਰਿ ਸਿਉ ਪ੍ਰੀਤਿ ਕਰਿ ਜੈਸੀ ਜਲ ਕਮਲੇਹਿ ॥
ਲਹਰੀ ਨਾਲਿ ਪਛਾੜੀਐ ਭੀ ਵਿਗਸੈ ਅਸਨੇਹਿ ॥
ਜਲ ਮਹਿ ਜੀਅ ਉਪਾਇ ਕੈ ਬਿਨੁ ਜਲ ਮਰਣੁ ਤਿਨੇਹਿ ॥੧॥

ਮਨ ਰੇ ਕਿਉ ਛੂਟਹਿ ਬਿਨੁ ਪਿਆਰ ॥
ਗੁਰਮੁਖਿ ਅੰਤਰਿ ਰਵਿ ਰਹਿਆ ਬਖਸੇ ਭਗਤਿ ਭੰਡਾਰ ॥੧॥ ਰਹਾਉ ॥

ਰੇ ਮਨ ਐਸੀ ਹਰਿ ਸਿਉ ਪ੍ਰੀਤਿ ਕਰਿ ਜੈਸੀ ਮਛੁਲੀ ਨੀਰ ॥
ਜਿਉ ਅਧਿਕਉ ਤਿਉ ਸੁਖੁ ਘਣੋ ਮਨਿ ਤਨਿ ਸਾਂਤਿ ਸਰੀਰ ॥
ਬਿਨੁ ਜਲ ਘੜੀ ਨ ਜੀਵਈ ਪ੍ਰਭੁ ਜਾਣੈ ਅਭ ਪੀਰ ॥੨॥

ਰੇ ਮਨ ਐਸੀ ਹਰਿ ਸਿਉ ਪ੍ਰੀਤਿ ਕਰਿ ਜੈਸੀ ਚਾਤ੍ਰਿਕ ਮੇਹ ॥
ਸਰ ਭਰਿ ਥਲ ਹਰੀਆਵਲੇ ਇਕ ਬੂੰਦ ਨ ਪਵਈ ਕੇਹ ॥
ਕਰਮਿ ਮਿਲੈ ਸੋ ਪਾਈਐ ਕਿਰਤੁ ਪਇਆ ਸਿਰਿ ਦੇਹ ॥੩॥

ਰੇ ਮਨ ਐਸੀ ਹਰਿ ਸਿਉ ਪ੍ਰੀਤਿ ਕਰਿ ਜੈਸੀ ਜਲ ਦੁਧ ਹੋਇ ॥
ਆਵਟਣੁ ਆਪੇ ਖਵੈ ਦੁਧ ਕਉ ਖਪਣਿ ਨ ਦੇਇ ॥
ਆਪੇ ਮੇਲਿ ਵਿਛੁੰਨਿਆ ਸਚਿ ਵਡਿਆਈ ਦੇਇ ॥੪॥

ਰੇ ਮਨ ਐਸੀ ਹਰਿ ਸਿਉ ਪ੍ਰੀਤਿ ਕਰਿ ਜੈਸੀ ਚਕਵੀ ਸੂਰ ॥
ਖਿਨੁ ਪਲੁ ਨੀਦ ਨ ਸੋਵਈ ਜਾਣੈ ਦੂਰਿ ਹਜੂਰਿ ॥
ਮਨਮੁਖਿ ਸੋਝੀ ਨਾ ਪਵੈ ਗੁਰਮੁਖਿ ਸਦਾ ਹਜੂਰਿ ॥੫॥

ਮਨਮੁਖਿ ਗਣਤ ਗਣਾਵਣੀ ਕਰਤਾ ਕਰੇ ਸੁ ਹੋਇ ॥
ਤਾ ਕੀ ਕੀਮਤਿ ਨਾ ਪਵੈ ਜੇ ਲੋਚੈ ਸਭੁ ਕੋਇ ॥
ਗੁਰਮਤਿ ਹੋਇ ਤ ਪਾਈਐ ਸਚਿ ਮਿਲੈ ਸੁਖੁ ਹੋਇ ॥੬॥

ਸਚਾ ਨੇਹੁ ਨ ਤੁਟਈ ਜੇ ਸਤਿਗੁਰੁ ਭੇਟੈ ਸੋਇ ॥
ਗਿਆਨ ਪਦਾਰਥੁ ਪਾਈਐ ਤ੍ਰਿਭਵਣ ਸੋਝੀ ਹੋਇ ॥
ਨਿਰਮਲੁ ਨਾਮੁ ਨ ਵੀਸਰੈ ਜੇ ਗੁਣ ਕਾ ਗਾਹਕੁ ਹੋਇ ॥੭॥

ਖੇਲਿ ਗਏ ਸੇ ਪੰਖਣੂੰ ਜੋ ਚੁਗਦੇ ਸਰ ਤਲਿ ॥
ਘੜੀ ਕਿ ਮੁਹਤਿ ਕਿ ਚਲਣਾ ਖੇਲਣੁ ਅਜੁ ਕਿ ਕਲਿ ॥
ਜਿਸੁ ਤੂੰ ਮੇਲਹਿ ਸੋ ਮਿਲੈ ਜਾਇ ਸਚਾ ਪਿੜੁ ਮਲਿ ॥੮॥

ਬਿਨੁ ਗੁਰ ਪ੍ਰੀਤਿ ਨ ਊਪਜੈ ਹਉਮੈ ਮੈਲੁ ਨ ਜਾਇ ॥
ਸੋਹੰ ਆਪੁ ਪਛਾਣੀਐ ਸਬਦਿ ਭੇਦਿ ਪਤੀਆਇ ॥
ਗੁਰਮੁਖਿ ਆਪੁ ਪਛਾਣੀਐ ਅਵਰ ਕਿ ਕਰੇ ਕਰਾਇ ॥੯॥

ਮਿਲਿਆ ਕਾ ਕਿਆ ਮੇਲੀਐ ਸਬਦਿ ਮਿਲੇ ਪਤੀਆਇ ॥
ਮਨਮੁਖਿ ਸੋਝੀ ਨਾ ਪਵੈ ਵੀਛੁੜਿ ਚੋਟਾ ਖਾਇ ॥
ਨਾਨਕ ਦਰੁ ਘਰੁ ਏਕੁ ਹੈ ਅਵਰੁ ਨ ਦੂਜੀ ਜਾਇ ॥੧੦॥੧੧॥

Sahib Singh
ਕਮਲੇਹਿ = ਕਮਲ ਵਿਚ ।
ਵਿਗਸੈ = ਖਿੜਦਾ ਹੈ ।
ਅਸਨੇਹਿ = ਪਿਆਰ ਨਾਲ {ਨੋਟ:- ਸੰਸਕ੍ਰਿਤ ਲਫ਼ਜ਼ ‘Ôਨੇਹ’ ਹੈ ।
    ਇਸ ਤੋਂ ਪੰਜਾਬੀ ਰੂਪ ਦੋ ਹਨ—ਨੇਹ ਅਤੇ ਅਸਨੇਹ} ।
ਜੀਅ = ਜਿੰਦ ।
ਤਿਨੇਹਿ = ਉਹਨਾਂ ਦਾ ।
ਪਛਾੜੀਐ = ਧੱਕੇ ਖਾਂਦਾ ਹੈ ।੧ ।
ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ।
ਅੰਤਰਿ = ਅੰਦਰ, ਹਿਰਦੇ ਵਿਚ ।
ਰਵਿ ਰਹਿਆ = ਹਰ ਵੇਲੇ ਮੌਜੂਦ ਹੈ ।੧।ਰਹਾਉ ।
ਨੀਰ = ਪਾਣੀ ।
ਅਧਿਕਉ = ਬਹੁਤਾ ।
ਘਣੋ = ਬਹੁਤ ।
ਮਨਿ = ਮਨ ਵਿਚ ।
ਅਭ ਪੀਰ = ਅੰਦਰਲੀ ਪੀੜ ।੨ ।
ਮੇਹ = ਮੀਂਹ, ਵਰਖਾ ।
ਚਾਤਿ੍ਰਕ = ਪਪੀਹਾ ।
ਭਰਿ = ਭਰੇ ਹੋਏ ।
ਕੇਹ = ਕਿਸ ਅਰਥ ?
ਕਰਮਿ = ਮਿਹਰ ਨਾਲ ।
ਕਿਰਤੁ ਪਾਇਆ = ਪੂਰਬਲਾ ਕਮਾਇਆ ਹੋਇਆ, (ਪੂਰਬਲਾ) ਕੀਤਾ ਹੋਇਆ (ਜੋ ਸੰਸਕਾਰ-ਰੂਪ ਵਿਚ) ਇਕੱਠਾ ਹੋਇਆ (ਅੰਦਰ ਮੌਜੂਦ) ਹੈ ।
ਸਿਰਿ = ਸਿਰ ਉਤੇ ।
ਦੇਹ = ਸਰੀਰ (ਉੱਤੇ) ।੩ ।
ਆਵਟਣੁ = ਉਬਾਲਾ ।
ਖਵੈ = ਸਹਾਰਦਾ ਹੈ ।
ਸਚਿ = ਸੱਚ ਵਿਚ ।
ਦੇਇ = ਦੇਂਦਾ ਹੈ ।੪ ।
ਸੂਰ = ਸੂਰਜ ।੫ ।
ਗਣਤ ਗਣਾਵਣੀ = ਆਪਣੀਆਂ ਵਡਿਆਈਆਂ ਕਰਦਾ ਹੈ ।੬ ।
ਭੇਟੈ = ਮਿਲ ਪਏ ।
ਗਿਆਨ ਪਦਾਰਥੁ = (ਪਰਮਾਤਮਾ ਨਾਲ) ਡੂੰਘੀ ਸਾਂਝ ਦੇਣ ਵਾਲਾ (ਨਾਮ) ਪਦਾਰਥ ।
ਤਿ੍ਰਭਵਣ ਸੋਝੀ = ਤਿੰਨਾਂ ਭਵਨਾਂ ਵਿਚ ਵਿਆਪਕ ਪ੍ਰਭੂ ਦੀ ਸੂਝ ।੭।ਖੇਲਿ ਗਏ—ਲੱਦ ਗਏ, (ਖੇਡ) ਖੇਡ ਕੇ (ਚਲੇ) ਗਏ ।
ਪੰਖਣੂੰ = (ਜੀਵ = ) ਪੰਛੀ ।
ਸਰ ਤਲਿ = (ਸੰਸਾਰ = ) ਸਰੋਵਰ ਦੇ ਉਤੇ ।
ਅਜੁ ਕਿ ਕਲਿ = ਅੱਜ ਜਾਂ ਕਲ ਵਿਚ, ਇਕ ਦੋ ਦਿਨਾਂ ਵਿਚ ।
ਮਲਿ = ਮੱਲ ਕੇ, ਜਿੱਤ ਕੇ ।
ਪਿੜੁ = ਖਿਡਾਰੀਆਂ ਦੇ ਖੇਡਣ ਲਈ ਬਣਾਇਆ ਥਾਂ ।
ਪਿੜੁ ਮਲਿ = ਬਾਜ਼ੀ ਜਿੱਤ ਕੇ ।੮ ।
ਸੋਹੰ = {ਸੀਸਹਜ਼} ਉਹ ਮੈਂ ਹਾਂ ।
ਆਪੁ = ਆਪਣਾ ਆਪ ।
ਸੋਹੰ ਆਪੁ = ਉਹ ਮੈਂ ਹਾਂ ਤੇ (ਮੇਰਾ) ਆਪਾ ।
ਸੋਹੰ ਆਪੁ ਪਛਾਣੀਐ = ਇਹ ਪਛਾਣ ਆਉਂਦੀ ਹੈ ਕਿ ਮੇਰਾ ਤੇ ਪ੍ਰਭੂ ਦਾ ਆਪਾ (ਭਾਵ, ਸੁਭਾਉ) ਰਲਿਆ ਹੈ ਜਾਂ ਨਹੀਂ ।
ਸਬਦਿ = ਗੁਰੂ ਦੇ ਸ਼ਬਦ ਨਾਲ ।
ਭੇਦਿ = ਵਿੱਝ ਕੇ ।੯ ।
ਕਿਆ ਮੇਲੀਐ = ਮਿਲਣ ਵਾਲੀ ਕੋਈ ਹੋਰ ਗੱਲ ਨਹੀਂ ਰਹਿ ਜਾਂਦੀ, ਕਦੇ ਨਹੀਂ ਵਿੱਛੁੜਦੇ ।
ਪਤੀਆਇ = ਪਤੀਜ ਕੇ ।
ਮਨੁਮੁਖਿ = ਆਪਣੇ ਮਨ ਦੇ ਪਿਛੇ ਤੁਰਨ ਵਾਲਾ ।
ਦਰੁ ਘਰੁ ਏਕੁ = ਇਕੋ ਦਰ ਤੇ ਇਕੋ ਘਰ, ਇਕੋ ਆਸਰਾ ਪਰਨਾ ।
ਜਾਇ = ਥਾਂ ।੧੦ ।
    
Sahib Singh
ਹੇ ਮਨ! ਪਰਮਾਤਮਾ ਨਾਲ ਇਹੋ ਜਿਹਾ ਪਿਆਰ ਕਰ, ਜਿਹੋ ਜਿਹਾ ਪਾਣੀ ਦਾ ਕੌਲ ਫੁੱਲ ਵਿਚ ਹੈ (ਤੇ ਕੌਲ ਫੁੱਲ ਦਾ ਪਾਣੀ ਵਿਚ) ।
ਕੌਲ ਫੁੱਲ ਪਾਣੀ ਦੀਆਂ ਲਹਰਾਂ ਨਾਲ ਧੱਕੇ ਖਾਂਦਾ ਹੈ, ਫਿਰ ਭੀ (ਪਰਸਪਰ) ਪਿਆਰ ਦੇ ਕਾਰਨ ਕੌਲ ਫੁੱਲ ਖਿੜਦਾ (ਹੀ) ਹੈ (ਧੱਕਿਆਂ ਤੋਂ ਗੁੱਸੇ ਨਹੀਂ ਹੁੰਦਾ) ।
ਪਾਣੀ ਵਿਚ (ਕੌਲ ਫੁੱਲਾਂ ਦੀਆਂ) ਜਿੰਦਾਂ ਪੈਦਾ ਕਰ ਕੇ (ਪਰਮਾਤਮਾ ਐਸੀ ਖੇਡ ਖੇਡਦਾ ਹੈ ਕਿ) ਪਾਣੀ ਤੋਂ ਬਿਨਾ ਉਹਨਾਂ (ਕੌਲ ਫੁੱਲਾਂ) ਦੀ ਮੌਤ ਹੋ ਜਾਂਦੀ ਹੈ ।੧ ।
ਹੇ ਮਨ! (ਪ੍ਰਭੂ ਨਾਲ) ਪਿਆਰ ਪਾਉਣ ਤੋਂ ਬਿਨਾ ਤੂੰ (ਮਾਇਆ ਦੇ ਹੱਲਿਆਂ ਤੋਂ) ਬਚ ਨਹੀਂ ਸਕਦਾ ।
(ਪਰ ਇਹ ਪਿਆਰ ਗੁਰੂ ਦੀ ਸਰਨ ਪੈਣ ਤੋਂ ਬਿਨਾ ਨਹੀਂ ਮਿਲਦਾ) ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖਾਂ ਦੇ ਅੰਦਰ (ਗੁਰੂ ਦੀ ਕਿਰਪਾ ਨਾਲ ਐਸੀ ਪਿਆਰ-ਸਾਂਝ ਬਣਦੀ ਹੈ ਕਿ) ਪਰਮਾਤਮਾ ਹਰ ਵੇਲੇ ਮੌਜੂਦ ਰਹਿੰਦਾ ਹੈ, ਗੁਰੂ ਉਹਨਾਂ ਨੂੰ ਪ੍ਰਭੂ ਦੀ ਭਗਤੀ ਦੇ ਖ਼ਜ਼ਾਨੇ ਹੀ ਬਖ਼ਸ਼ ਦੇਂਦਾ ਹੈ ।੧।ਰਹਾਉ ।
ਹੇ ਮਨ! ਪਰਮਾਤਮਾ ਨਾਲ ਇਹੋ ਜਿਹਾ ਪ੍ਰੇਮ ਕਰ, ਜਿਹੋ ਜਿਹਾ ਮੱਛੀ ਦਾ ਪਾਣੀ ਨਾਲ ਹੈ ।
ਪਾਣੀ ਜਿਤਨਾ ਹੀ ਵਧੀਕ ਹੈ, ਮੱਛੀ ਨੂੰ ਉਤਨਾ ਹੀ ਵਧੀਕ ਸੁਖ-ਆਨੰਦ ਹੁੰਦਾ ਹੈ, ਉਸ ਦੇ ਮਨ ਵਿਚ ਤਨ ਵਿਚ ਸਰੀਰ ਵਿਚ ਠੰਡ ਪੈਂਦੀ ਹੈ ।
ਪਾਣੀ ਤੋਂ ਬਿਨਾ ਇਕ ਘੜੀ ਭੀ ਜੀਊ ਨਹੀਂ ਸਕਦੀ ।
ਮੱਛੀ ਦੇ ਹਿਰਦੇ ਦੀ ਇਹ ਵੇਦਨਾ ਪਰਮਾਤਮਾ (ਆਪ) ਜਾਣਦਾ ਹੈ ।੧ ।
ਹੇ ਮਨ! ਪ੍ਰਭੂ ਨਾਲ ਇਹੋ ਜਿਹੀ ਪ੍ਰੀਤ ਕਰ, ਜਿਹੋ ਜਿਹੀ ਪਪੀਹੇ ਦੀ ਮੀਂਹ ਨਾਲ ਹੈ ।
(ਪਾਣੀ ਨਾਲ) ਸਰੋਵਰ ਭਰੇ ਹੋਏ ਹੁੰਦੇ ਹਨ, ਧਰਤੀ (ਪਾਣੀ ਦੀ ਬਰਕਤਿ ਨਾਲ) ਹਰਿਆਵਲੀ ਹੋਈ ਪਈ ਹੁੰਦੀ ਹੈ, ਪਰ ਜੇ (ਸ੍ਵਾਂਤੀ ਨਛੱਤ੍ਰ ਵਿਚ ਪਏ ਮੀਂਹ ਦੀ) ਇਕ ਬੂੰਦ (ਪਪੀਹੇ ਦੇ ਮੂੰਹ ਵਿਚ) ਨਾਹ ਪਏ, ਤਾਂ ਉਸ ਨੂੰ ਇਸ ਸਾਰੇ ਪਾਣੀ ਨਾਲ ਕੋਈ ਭਾਗ ਨਹੀਂ ।
(ਪਰ ਹੇ ਮਨ! ਤੇਰੇ ਭੀ ਕੀਹ ਵੱਸ! ਪਰਮਾਤਮਾ) ਆਪਣੀ ਮਿਹਰ ਨਾਲ ਹੀ ਮਿਲੇ ਤਾਂ ਮਿਲਦਾ ਹੈ, (ਨਹੀਂ ਤਾਂ) ਪੂਰਬਲਾ ਕਮਾਇਆ ਹੋਇਆ ਸਿਰ ਉੱਤੇ ਸਰੀਰ ਉੱਤੇ ਝੱਲਣਾ ਹੀ ਪੈਂਦਾ ਹੈ ।੩ ।
ਹੇ ਮਨ! ਹਰੀ ਨਾਲ ਇਹੋ ਜਿਹਾ ਪਿਆਰ ਬਣਾ, ਜਿਹੋ ਜਿਹਾ ਪਾਣੀ ਤੇ ਦੁੱਧ ਦਾ ਹੈ ।
(ਪਾਣੀ ਦੁੱਧ ਵਿਚ ਆ ਮਿਲਦਾ ਹੈ, ਦੁੱਧ ਦੀ ਸਰਨ ਪੈਂਦਾ ਹੈ, ਦੁੱਧ ਉਸ ਨੂੰ ਆਪਣਾ ਰੂਪ ਬਣਾ ਲੈਂਦਾ ਹੈ ।
ਜਦੋਂ ਉਸ ਪਾਣੀ-ਰਲੇ ਦੁੱਧ ਨੂੰ ਅੱਗ ਉੱਤੇ ਰੱਖੀਦਾ ਹੈ ਤਾਂ) ਉਬਾਲਾ (ਪਾਣੀ) ਆਪ ਹੀ ਸਹਾਰਦਾ ਹੈ, ਦੁੱਧ ਨੂੰ ਸੜਨ ਨਹੀਂ ਦੇਂਦਾ ।
(ਇਸੇ ਤ੍ਰਹਾਂ ਜੇ ਜੀਵ ਆਪਣੇ ਆਪ ਨੂੰ ਕੁਰਬਾਨ ਕਰਨ, ਤਾਂ ਪ੍ਰਭੂ) ਵਿੱਛੁੜੇ ਜੀਵਾਂ ਨੂੰ ਆਪਣੇ ਸਦਾ-ਥਿਰ ਨਾਮ ਵਿਚ ਮੇਲ ਕੇ (ਲੋਕ ਪਰਲੋਕ ਵਿਚ) ਇੱਜ਼ਤ-ਮਾਣ ਦੇਂਦਾ ਹੈ ।੪।ਹੇ ਮਨ! ਪਰਮਾਤਮਾ ਨਾਲ ਇਹੋ ਜਿਹਾ ਪਿਆਰ ਕਰ, ਜਿਹੋ ਜਿਹਾ ਚਕਵੀ ਦਾ (ਪਿਆਰ) ਸੂਰਜ ਨਾਲ ਹੈ ।
(ਜਦੋਂ ਸੂਰਜ ਡੁੱਬ ਜਾਂਦਾ ਹੈ, ਚਕਵੀ ਦੀ ਨਜ਼ਰੋਂ ਉਹਲੇ ਹੋ ਜਾਂਦਾ ਹੈ, ਤਾਂ ਉਹ ਚਕਵੀ) ਇਕ ਖਿਨ ਭਰ ਇਕ ਪਲ ਭਰ ਨੀਂਦ (ਦੇ ਵੱਸ ਆ ਕੇ) ਨਹੀਂ ਸੌਂਦੀ, ਦੂਰ (-ਲੁਕੇ ਸੂਰਜ) ਨੂੰ ਆਪਣੇ ਅੰਗ-ਸੰਗ ਸਮਝਦੀ ਹੈ ।
ਜੇਹੜਾ ਮਨੁੱਖ ਗੁਰੂ ਦੇ ਸਨਮੁੱਖ ਰਹਿੰਦਾ ਹੈ, ਉਸ ਨੂੰ ਪਰਮਾਤਮਾ ਆਪਣੇ ਅੰਗ-ਸੰਗ ਦਿੱਸਦਾ ਹੈ, ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਨੂੰ ਇਹ ਸਮਝ ਨਹੀਂ ਪੈਂਦੀ ।੫ ।
ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਆਪਣੀਆਂ ਹੀ ਵਡਿਆਈਆਂ ਕਰਦਾ ਹੈ (ਪਰ ਜੀਵ ਦੇ ਭੀ ਕੀਹ ਵੱਸ?) ਉਹੀ ਕੁਝ ਹੁੰਦਾ ਹੈ ਜੋ ਕਰਤਾਰ (ਆਪ) ਕਰਦਾ (ਕਰਾਂਦਾ ਹੈ) ।
(ਕਰਤਾਰ ਦੀ ਮਿਹਰ ਤੋਂ ਬਿਨਾ) ਜੇ ਕੋਈ ਜੀਵ (ਆਪਣੀਆਂ ਵਡਿਆਈਆਂ ਛੱਡਣ ਦਾ ਜਤਨ ਭੀ ਕਰੇ, ਤੇ ਪਰਮਾਤਮਾ ਦੇ ਗੁਣਾਂ ਦੀ ਕਦਰ ਪਛਾਣਨ ਦਾ ਉੱਦਮ ਕਰੇ, ਤਾਂ ਭੀ) ਉਸ ਪ੍ਰਭੂ ਦੇ ਗੁਣਾਂ ਦੀ ਕਦਰ ਨਹੀਂ ਪੈ ਸਕਦੀ ।
(ਪਰਮਾਤਮਾ ਦੇ ਗੁਣਾਂ ਦੀ ਕਦਰ) ਤਦੋਂ ਹੀ ਪੈਂਦੀ ਹੈ, ਜਦੋਂ ਗੁਰੂ ਦੀ ਸਿੱਖਿਆ ਪ੍ਰਾਪਤ ਹੋਵੇ ।
(ਗੁਰੂ ਦੀ ਮਤਿ ਮਿਲਿਆਂ ਹੀ ਮਨੁੱਖ ਪ੍ਰਭੂ ਦੇ ਸਦਾ-ਥਿਰ ਨਾਮ ਵਿਚ ਜੁੜਦਾ ਹੈ ਤੇ ਆਤਮਕ ਆਨੰਦ ਮਾਣਦਾ ਹੈ ।੬ ।
(ਪ੍ਰਭੂ-ਚਰਨਾਂ ਵਿਚ ਜੋੜਨ ਵਾਲਾ) ਜੇ ਉਹ ਗੁਰੂ ਮਿਲ ਪਏ, ਤਾਂ (ਉਸ ਦਾ ਮਿਹਰ ਦਾ ਸਦਕਾ ਪ੍ਰਭੂ ਨਾਲ ਅਜੇਹਾ) ਪੱਕਾ ਪਿਆਰ (ਪੈਂਦਾ ਹੈ ਜੋ ਕਦੇ) ਟੁੱਟਦਾ ਨਹੀਂ ।
(ਗੁਰੂ ਦੀ ਕਿਰਪਾ ਨਾਲ) ਪਰਮਾਤਮਾ ਨਾਲ ਡੂੰਘੀ ਸਾਂਝ ਪਾਣ ਵਾਲਾ ਨਾਮ-ਪਦਾਰਥ ਮਿਲਦਾ ਹੈ, ਇਹ ਸਮਝ ਭੀ ਪੈਂਦੀ ਹੈ ਕਿ ਪ੍ਰਭੂ ਤਿੰਨਾਂ ਭਵਨਾਂ ਵਿਚ ਮੌਜੂਦ ਹੈ ।
ਜੇ ਮਨੁੱਖ (ਗੁਰੂ ਦੀ ਮਿਹਰ ਦਾ ਸਦਕਾ) ਪਰਮਾਤਮਾ ਦੇ ਗੁਣਾਂ (ਦੇ ਸੌਦੇ) ਦਾ ਖ਼ਰੀਦਣ ਵਾਲਾ ਬਣ ਜਾਏ, ਤਾਂ ਇਸ ਨੂੰ ਪ੍ਰਭੂ ਦਾ ਪਵਿਤ੍ਰ ਨਾਮ (ਫਿਰ ਕਦੇ) ਨਹੀਂ ਭੁੱਲਦਾ ।੭ ।
(ਹੇ ਮਨ! ਵੇਖ) ਜੇਹੜੇ ਜੀਵ-ਪੰਛੀ ਇਸ (ਸੰਸਾਰ-) ਸਰੋਵਰ ਉੱਤੇ (ਚੋਗ) ਚੁਗਦੇ ਹਨ ਉਹ (ਆਪੋ ਆਪਣੀ ਜੀਵਨ-) ਖੇਡ ਖੇਡ ਕੇ ਚਲੇ ਜਾਂਦੇ ਹਨ ।
ਹਰੇਕ ਜੀਵ-ਪੰਛੀ ਨੇ ਘੜੀ ਪਲ ਦੀ ਖੇਡ ਖੇਡ ਕੇ ਇਥੋਂ ਤੁਰਦੇ ਜਾਣਾ ਹੈ, ਇਹ ਖੇਡ ਇਕ ਦੋ ਦਿਨਾਂ ਵਿਚ ਹੀ (ਛੇਤੀ ਹੀ) ਮੁੱਕ ਜਾਂਦੀ ਹੈ ।
(ਹੇ ਮਨ! ਪ੍ਰਭੂ ਦੇ ਦਰ ਤੇ ਸਦਾ ਅਰਦਾਸ ਕਰ ਤੇ ਆਖ—ਹੇ ਪ੍ਰਭੂ!) ਜਿਸ ਨੂੰ ਤੂੰ ਆਪ ਮਿਲਾਂਦਾ ਹੈਂ, ਉਹੀ ਤੇਰੇ ਚਰਨਾਂ ਵਿਚ ਜੁੜਦਾ ਹੈ, ਉਹ ਇਥੋਂ ਸੱਚੀ ਜੀਵਨ-ਬਾਜ਼ੀ ਜਿੱਤ ਕੇ ਜਾਂਦਾ ਹੈ ।੮ ।
ਗੁਰੂ (ਦੀ ਸਰਨ ਪੈਣ) ਤੋਂ ਬਿਨਾ (ਪ੍ਰਭੂ-ਚਰਨਾਂ ਵਿਚ) ਪ੍ਰੀਤ ਪੈਦਾ ਨਹੀਂ ਹੁੰਦੀ (ਕਿਉਂਕਿ ਮਨੁੱਖ ਦੇ ਆਪਣੇ ਉੱਦਮ ਨਾਲ ਮਨ ਵਿਚੋਂ) ਹਉਮੈ ਦੀ ਮੈਲ ਦੂਰ ਨਹੀਂ ਹੋ ਸਕਦੀ ।
ਜਦੌਂ ਮਨੁੱਖ ਦਾ ਮਨ ਗੁਰੂ ਦੇ ਸ਼ਬਦ ਵਿਚ ਵਿੱਝ ਜਾਂਦਾ ਹੈ, ਗੁਰੂ ਦੇ ਸ਼ਬਦ ਵਿਚ ਪਤੀਜ ਜਾਂਦਾ ਹੈ, ਤਦੋਂ ਇਹ ਪਛਾਣ ਆਉਂਦੀ ਹੈ ਕਿ ਮੇਰਾ ਤੇ ਪ੍ਰਭੂ ਦਾ ਸੁਭਾਉ ਰਲਿਆ ਹੈ ਜਾਂ ਨਹੀਂ ।
ਗੁਰੂ ਦੀ ਸਰਨ ਪੈ ਕੇ ਹੀ ਮਨੁੱਖ ਆਪਣੇ ਆਪ ਨੂੰ (ਆਪਣੇ ਅਸਲੇ ਨੂੰ) ਪਛਾਣਦਾ ਹੈ ।
(ਗੁਰੂ ਦੀ ਸਰਨ ਤੋਂ ਬਿਨਾ) ਜੀਵ ਹੋਰ ਕੋਈ ਉੱਦਮ ਕਰ ਕਰਾ ਨਹੀਂ ਸਕਦਾ ।੯ ।
ਜੇਹੜੇ ਜੀਵ ਗੁਰੂ ਦੇ ਸ਼ਬਦ ਵਿਚ ਪਤੀਜ ਕੇ ਪ੍ਰਭੂ-ਚਰਨਾਂ ਵਿਚ ਮਿਲਦੇ ਹਨ, ਉਹਨਾਂ ਦੇ ਅੰਦਰ ਕੋਈ ਐਸਾ ਵਿਛੋੜਾ ਰਹਿ ਨਹੀਂ ਜਾਂਦਾ ਜਿਸ ਨੂੰ ਦੂਰ ਕਰਕੇ ਉਹਨਾਂ ਨੂੰ ਮੁੜ ਪ੍ਰਭੂ ਨਾਲ ਜੋੜਿਆ ਜਾਏ ।
ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ ਨੂੰ ਇਹ ਸਮਝ ਨਹੀਂ ਪੈਂਦੀ, ਉਹ ਪ੍ਰਭੂ-ਚਰਨਾਂ ਤੋਂ ਵਿੱਛੁੜ ਕੇ (ਮਾਇਆ ਦੇ ਮੋਹ ਦੀਆਂ) ਚੋਟਾਂ ਖਾਂਦਾ ਹੈ ।
ਹੇ ਨਾਨਕ! ਜੇਹੜਾ ਮਨੁੱਖ ਪ੍ਰਭੂ-ਚਰਨਾਂ ਵਿਚ ਮਿਲ ਗਿਆ ਹੈ ਉਸ ਨੂੰ ਪ੍ਰਭੂ ਹੀ ਇਕ ਆਸਰਾ ਪਰਨਾ (ਦਿੱਸਦਾ) ਹੈ ।
ਪ੍ਰਭੂ ਤੋਂ ਬਿਨਾ ਉਸ ਨੂੰ ਹੋਰ ਕੋਈ ਸਹਾਰਾ ਨਹੀਂ (ਦਿੱਸਦਾ) ਹੋਰ ਕੋਈ ਥਾਂ ਨਹੀਂ ਦਿੱਸਦੀ ।੧੦।੧੧ ।
Follow us on Twitter Facebook Tumblr Reddit Instagram Youtube