ਸਿਰੀਰਾਗੁ ਮਹਲਾ ੧ ॥
ਬਿਨੁ ਪਿਰ ਧਨ ਸੀਗਾਰੀਐ ਜੋਬਨੁ ਬਾਦਿ ਖੁਆਰੁ ॥
ਨਾ ਮਾਣੇ ਸੁਖਿ ਸੇਜੜੀ ਬਿਨੁ ਪਿਰ ਬਾਦਿ ਸੀਗਾਰੁ ॥
ਦੂਖੁ ਘਣੋ ਦੋਹਾਗਣੀ ਨਾ ਘਰਿ ਸੇਜ ਭਤਾਰੁ ॥੧॥

ਮਨ ਰੇ ਰਾਮ ਜਪਹੁ ਸੁਖੁ ਹੋਇ ॥
ਬਿਨੁ ਗੁਰ ਪ੍ਰੇਮੁ ਨ ਪਾਈਐ ਸਬਦਿ ਮਿਲੈ ਰੰਗੁ ਹੋਇ ॥੧॥ ਰਹਾਉ ॥

ਗੁਰ ਸੇਵਾ ਸੁਖੁ ਪਾਈਐ ਹਰਿ ਵਰੁ ਸਹਜਿ ਸੀਗਾਰੁ ॥
ਸਚਿ ਮਾਣੇ ਪਿਰ ਸੇਜੜੀ ਗੂੜਾ ਹੇਤੁ ਪਿਆਰੁ ॥
ਗੁਰਮੁਖਿ ਜਾਣਿ ਸਿਞਾਣੀਐ ਗੁਰਿ ਮੇਲੀ ਗੁਣ ਚਾਰੁ ॥੨॥

ਸਚਿ ਮਿਲਹੁ ਵਰ ਕਾਮਣੀ ਪਿਰਿ ਮੋਹੀ ਰੰਗੁ ਲਾਇ ॥
ਮਨੁ ਤਨੁ ਸਾਚਿ ਵਿਗਸਿਆ ਕੀਮਤਿ ਕਹਣੁ ਨ ਜਾਇ ॥
ਹਰਿ ਵਰੁ ਘਰਿ ਸੋਹਾਗਣੀ ਨਿਰਮਲ ਸਾਚੈ ਨਾਇ ॥੩॥

ਮਨ ਮਹਿ ਮਨੂਆ ਜੇ ਮਰੈ ਤਾ ਪਿਰੁ ਰਾਵੈ ਨਾਰਿ ॥
ਇਕਤੁ ਤਾਗੈ ਰਲਿ ਮਿਲੈ ਗਲਿ ਮੋਤੀਅਨ ਕਾ ਹਾਰੁ ॥
ਸੰਤ ਸਭਾ ਸੁਖੁ ਊਪਜੈ ਗੁਰਮੁਖਿ ਨਾਮ ਅਧਾਰੁ ॥੪॥

ਖਿਨ ਮਹਿ ਉਪਜੈ ਖਿਨਿ ਖਪੈ ਖਿਨੁ ਆਵੈ ਖਿਨੁ ਜਾਇ ॥
ਸਬਦੁ ਪਛਾਣੈ ਰਵਿ ਰਹੈ ਨਾ ਤਿਸੁ ਕਾਲੁ ਸੰਤਾਇ ॥
ਸਾਹਿਬੁ ਅਤੁਲੁ ਨ ਤੋਲੀਐ ਕਥਨਿ ਨ ਪਾਇਆ ਜਾਇ ॥੫॥

ਵਾਪਾਰੀ ਵਣਜਾਰਿਆ ਆਏ ਵਜਹੁ ਲਿਖਾਇ ॥
ਕਾਰ ਕਮਾਵਹਿ ਸਚ ਕੀ ਲਾਹਾ ਮਿਲੈ ਰਜਾਇ ॥
ਪੂੰਜੀ ਸਾਚੀ ਗੁਰੁ ਮਿਲੈ ਨਾ ਤਿਸੁ ਤਿਲੁ ਨ ਤਮਾਇ ॥੬॥

ਗੁਰਮੁਖਿ ਤੋਲਿ ਤੋੁਲਾਇਸੀ ਸਚੁ ਤਰਾਜੀ ਤੋਲੁ ॥
ਆਸਾ ਮਨਸਾ ਮੋਹਣੀ ਗੁਰਿ ਠਾਕੀ ਸਚੁ ਬੋਲੁ ॥
ਆਪਿ ਤੁਲਾਏ ਤੋਲਸੀ ਪੂਰੇ ਪੂਰਾ ਤੋਲੁ ॥੭॥

ਕਥਨੈ ਕਹਣਿ ਨ ਛੁਟੀਐ ਨਾ ਪੜਿ ਪੁਸਤਕ ਭਾਰ ॥
ਕਾਇਆ ਸੋਚ ਨ ਪਾਈਐ ਬਿਨੁ ਹਰਿ ਭਗਤਿ ਪਿਆਰ ॥
ਨਾਨਕ ਨਾਮੁ ਨ ਵੀਸਰੈ ਮੇਲੇ ਗੁਰੁ ਕਰਤਾਰ ॥੮॥੯॥

Sahib Singh
ਧਨ = ਇਸਤ੍ਰੀ ।
ਸੀਗਾਰੀਐ = (ਜੇ) ਸਿੰਗਾਰੀ ਜਾਏ, (ਜੇ) ਗਹਿਣੇ ਆਦਿਕਾਂ ਨਾਲ ਸਜਾਈ ਜਾਏ ।
ਜੋਬਨੁ = ਜੁਆਨੀ ।
ਬਾਦਿ = ਵਿਅਰਥ ।
ਖੁਆਰੁ = ਦੁਖੀ ।
ਸੁਖਿ = ਸੁਖ ਨਾਲ, ਆਨੰਦ ਨਾਲ ।
ਸੇਜੜੀ = ਸੋਹਣੀ ਸੇਜ ।
ਘਣੇ = ਬਹੁਤ ।
ਘਰਿ = ਘਰ ਵਿਚ ।
ਸੇਜ ਭਤਾਰੁ = ਸੇਜ ਦਾ ਮਾਲਕ ਖਸਮ ।੧ ।
ਸਬਦਿ = ਗੁਰੂ ਦੇ ਸ਼ਬਦ ਵਿਚ (ਜੁੜਿਆਂ) ।
ਰੰਗੁ = ਨਾਮ ਦਾ ਰੰਗ ।੧।ਰਹਾਉ ।
ਸਹਜਿ = ਅਡੋਲ ਆਤਮਕ ਅਵਸਥਾ ਵਿਚ ।
ਸਚਿ = ਸਦਾ = ਥਿਰ ਪ੍ਰਭੂ ਵਿਚ (ਜੁੜ ਕੇ) ।
ਪਿਰ ਸੇਜੜੀ = ਪਤੀ ਦੀ ਸੋਹਣੀ ਸੇਜ ।
ਹੇਤੁ = ਹਿਤ, ਪ੍ਰੇਮ ।
ਜਾਣਿ = ਜਾਣ ਕੇ, ਡੂੰਘੀ ਸਾਂਝ ਪਾ ਕੇ ।
ਗੁਰਿ = ਗੁਰੂ ਨੇ ।
ਚਾਰੁ = ਸੁੰਦਰ ।
ਗੁਣ ਚਾਰੁ = ਸੁੰਦਰ ਗੁਣਾਂ ਵਾਲਾ ਪ੍ਰਭੂ ।੨ ।
ਵਰ ਕਾਮਣੀ = ਹੇ ਪ੍ਰਭੂ = ਪਤੀ ਦੀ ਜੀਵ-ਇਸਤ੍ਰੀ !
ਪਿਰਿ = ਪਿਰ ਨੇ ।
ਵਿਗਾਸਿਆ = ਖਿੜ ਪਿਆ ।
ਸਾਚੈ ਨਾਇ = ਸੱਚੇ ਪ੍ਰਭੂ ਦੇ ਨਾਮ ਵਿਚ (ਜੁੜ ਕੇ) ।੩ ।
ਮਨੂਆ = ਹੋਛਾ ਮਨ, ਭੁੱਲੜ ਮਨ ।
ਰਾਵੈ = ਪਿਆਰ ਕਰਦਾ ਹੈ ।
ਇਕਤੁ = ਇੱਕ ਵਿਚ ।
ਇਕਤੁ ਤਾਗੈ = ਇਕੋ ਧਾਗੇ ਵਿਚ, ਇਕੋ ਹੀ ਸੁਰਤਿ-ਧਾਗੇ ਵਿਚ ।
ਰਲਿ = ਰਲ ਕੇ, ਇਕ = ਮਿਕ ਹੋ ਕੇ ।
ਅਧਾਰੁ = ਆਸਰਾ ।੪ ।
ਉਪਜੈ = ਜੰਮ ਪੈਂਦਾ ਹੈ, ਉਤਸ਼ਾਹ ਵਿਚ ਆ ਜਾਂਦਾ ਹੈ ।
ਖਿਨਿ = ਖਿਨ ਵਿਚ ।
ਖਪੈ = ਖਪਦਾ ਹੈ, ਦੁਖੀ ਹੁੰਦਾ ਹੈ ।
ਰਵਿ ਰਹੇ = (ਗੁਰੂ ਦੇ ਸ਼ਬਦ ਵਿਚ) ਜੁੜਿਆ ਰਹੇ ।
ਨਾ ਸੰਤਾਇ = ਨਹੀਂ ਸਤਾਂਦਾ ।੫ ।
ਵਜਹੁ = ਤਨਖ਼ਾਹ, ਰੋਜ਼ੀਨਾ ।
ਲਾਹਾ = ਲਾਭ ।
ਤਮਾਇ = ਲਾਲਚ ।੬ ।
ਤੋਲਿ ਤੋੁਲਾਇਸੀ = ਤੋਲ ਵਿਚ ਪੂਰਾ ਉਤਰਵਾਏਗਾ {ਨੋਟ:- ਲਫ਼ਜ਼ 'ਤੋਲਾਇਸੀ' ਦੇ ਅੱਖਰ 'ਤ' ਨਾਲ ਦੋ ਲਗਾਂ ਹਨ— ੋ ਅਤੇ ੁ ।
    ਅਸਲ ਲਫ਼ਜ਼ 'ਤੁੋਲਾਇਸੀ' ਹੈ, ਇਥੇ 'ਤੁਲਾਇਸੀ' ਪੜ੍ਹਨਾ ਹੈ} ।
ਤਰਾਜੀ = ਤਰਾਜ਼ੂ, ਤੱਕੜ ।
ਗੁਰਿ = ਗੁਰੂ ਨੇ ।
ਠਾਕੀ = ਰੋਕ ਦਿੱਤੀ ਹੈ ।੭ ।
ਕਹਣਿ = ਜ਼ਬਾਨੀ ਹੀ ਗੱਲਾਂ ਕਰਨ ਨਾਲ ।
ਪੜਿ = ਪੜ੍ਹ ਕੇ ।
ਸੋਚ = ਸੁੱਚ ।
ਕਰਤਾਰ = ਕਰਤਾਰ (ਦਾ ਮੇਲ) ।੮ ।
    
Sahib Singh
ਹੇ ਮਨ! ਪਰਮਾਤਮਾ ਦਾ ਨਾਮ ਸਿਮਰ, (ਤੈਨੂੰ) ਸੁਖ ਹੋਵੇਗਾ ।
(ਪਰ ਮਨ ਭੀ ਕੀਹ ਕਰੇ ?
ਜਿਸ ਨਾਲ ਪਿਆਰ ਨਾਹ ਹੋਵੇ, ਉਸ ਨੂੰ ਮੁੜ ਮੁੜ ਕਿਵੇਂ ਯਾਦ ਕੀਤਾ ਜਾਏ ?
ਪਰਮਾਤਮਾ ਨਾਲ ਇਹ) ਪਿਆਰ ਗੁਰੂ ਤੋਂ ਬਿਨਾ ਨਹੀਂ ਬਣ ਸਕਦਾ ।
ਜੇਹੜਾ ਮਨ ਗੁਰੂ ਦੇ ਸ਼ਬਦ ਵਿਚ ਜੁੜਦਾ ਹੈ ਉਸ ਨੂੰ ਪ੍ਰਭੂ ਦੇ ਨਾਮ ਦਾ ਰੰਗ ਚੜ੍ਹ ਜਾਂਦਾ ਹੈ ।੧।ਰਹਾਉ ।
(ਜੇ ਇਸਤ੍ਰੀ ਗਹਿਣਿਆਂ ਆਦਿਕ ਨਾਲ) ਆਪਣੇ ਆਪ ਨੂੰ ਸਜਾ ਲਏ, ਪਰ ਉਸ ਨੂੰ ਪਤੀ ਨਾਹ ਮਿਲੇ ਤਾਂ ਉਸ ਦੀ ਜੁਆਨੀ ਵਿਅਰਥ ਜਾਂਦੀ ਹੈ, ਉਸ ਦਾ ਆਤਮਾ ਭੀ ਦੁਖੀ ਹੁੰਦਾ ਹੈ, ਕਿਉਂਕਿ ਉਹ ਆਨੰਦ ਨਾਲ ਪਤੀ ਦੀ ਸੋਹਣੀ ਸੇਜ ਮਾਣ ਨਹੀਂ ਸਕਦੀ, ਪਤੀ-ਮਿਲਾਪ ਤੋਂ ਬਿਨਾ ਉਸ ਦਾ ਸਿੰਗਾਰ ਵਿਅਰਥ ਜਾਂਦਾ ਹੈ ।
ਉਸ ਭਾਗਹੀਣ ਇਸਤ੍ਰੀ ਨੂੰ ਬਹੁਤ ਦੁਖ ਵਿਆਪਦਾ ਹੈ, ਉਸ ਦੇ ਘਰ ਵਿਚ ਸੇਜ ਦਾ ਮਾਲਕ ਖਸਮ ਨਹੀਂ ਆਉਂਦਾ(ਜੀਵ-ਇਸਤ੍ਰੀ ਦੇ ਸਾਰੇ ਬਾਹਰ-ਮੁਖੀ ਧਾਰਮਿਕ ਉੱਦਮ ਵਿਅਰਥ ਜਾਂਦੇ ਹਨ, ਜੇ ਹਿਰਦੇ-ਸੇਜ ਦਾ ਮਾਲਕ ਪ੍ਰਭੂ ਹਿਰਦੇ ਵਿਚ ਪਰਗਟ ਨਾਹ ਹੋਵੇ) ।੧ ।
ਗੁਰੂ ਦੀ ਦੱਸੀ ਸੇਵਾ ਦੀ ਰਾਹੀਂ ਹੀ ਆਤਮਕ ਆਨੰਦ ਮਿਲਦਾ ਹੈ, ਪ੍ਰਭੂ-ਪਤੀ ਉਸੇ ਜੀਵ-ਇਸਤ੍ਰੀ ਨੂੰ ਮਿਲਦਾ ਹੈ ਜਿਸ ਨੇ ਅਡੋਲ ਆਤਮਕ ਅਵਸਥਾ ਵਿਚ (ਜੁੜ ਕੇ) ਆਪਣੇ ਆਪ ਨੂੰ ਸਿੰਗਾਰਿਆ ਹੈ ।
ਉਹੀ ਜੀਵ-ਇਸਤ੍ਰੀ ਪ੍ਰਭੂ-ਪਤੀ ਦੀ ਸੋਹਣੀ ਸੇਜ ਮਾਣ ਸਕਦੀ ਹੈ ਜੋ ਉਸ ਸਦਾ-ਥਿਰ ਪ੍ਰਭੂ ਵਿਚ (ਜੁੜੀ ਰਹਿੰਦੀ ਹੈ), ਜਿਸ ਦਾ ਪ੍ਰਭੂ-ਪਤੀ ਨਾਲ ਗੂੜ੍ਹਾ ਹਿਤ ਹੈ ਗੂੜ੍ਹਾ ਪਿਆਰ ਹੈ ।
ਗੁਰੂ ਦੇ ਮਨਮੁਖ ਰਹਿ ਕੇ ਹੀ ਪ੍ਰਭੂ ਨਾਲ ਡੂੰਘੀ ਸਾਂਝ ਪਾ ਕੇ ਉਸਨੂੰ ਸਿੰਞਾਣਿਆ ਜਾ ਸਕਦਾ ਹੈ (ਭਾਵ, ਇਹ ਸਿੰਞਾਣ ਆਉਂਦੀ ਹੈ ਕਿ ਉਹ ਸਾਡਾ ਹੈ), ਉਹ ਸੁੰਦਰ ਗੁਣਾਂ ਦਾ ਮਾਲਕ ਪ੍ਰਭੂ (ਜਿਸ ਜੀਵ-ਇਸਤ੍ਰੀ ਨੂੰ ਮਿਲਾਇਆ ਹੈ) ਗੁਰੂ ਨੇ ਮਿਲਾਇਆ ਹੈ ।੨ ।
ਹੇ ਪ੍ਰਭੂ-ਪਤੀ ਦੀ ਸੁੰਦਰ ਇਸਤ੍ਰੀ! ਉਸ ਸਦਾ-ਥਿਰ ਪ੍ਰਭੂ (ਦੇ ਚਰਨਾਂ) ਵਿਚ (ਸਦਾ) ਮਿਲੀ ਰਹੁ ।
ਪਤੀ-ਪ੍ਰਭੂ ਨੇ (ਜਿਸ ਜੀਵ-ਇਸਤ੍ਰੀ ਦੇ ਮਨ ਨੂੰ ਆਪਣੇ ਪਿਆਰ ਦਾ) ਰੰਗ ਚਾੜ੍ਹ ਕੇ (ਆਪਣੇ ਵਲ ਖਿੱਚ ਲਿਆ ਹੈ, ਉਸਦਾ ਮਨ ਉਸਦਾ ਤਨ ਸਦਾ-ਥਿਰ ਪ੍ਰਭੂ ਵਿਚ ਜੁੜ ਕੇ ਖਿੜ ਪਿਆ ਹੈ (ਉਸਦਾ ਜੀਵਨ ਇਤਨਾ ਅਮੋਲਕ ਬਣ ਜਾਂਦਾ ਹ ੈ ਕਿ) ਉਸ ਦਾ ਮੁੱਲ ਨਹੀਂ ਪੈ ਸਕਦਾ ।
ਉਹ ਸੁਹਾਗ ਭਾਗ ਵਾਲੀ ਜੀਵ-ਇਸਤ੍ਰੀ ਸਦਾ-ਥਿਰ ਹਰੀ ਦੇ ਨਾਮ ਵਿਚ (ਜੁੜ ਕੇ) ਪਵਿਤ੍ਰ ਆਤਮਾ ਹੋ ਜਾਂਦੀ ਹੈ, ਤੇ ਪ੍ਰਭੂ-ਪਤੀ ਨੂੰ ਆਪਣੇ (ਹਿਰਦੇ) ਘਰ ਵਿਚ (ਹੀ ਲੱਭ ਲੈਂਦੀ ਹੈ) ।੩ ।
ਜੇ (ਜੀਵ-ਇਸਤ੍ਰੀ ਦਾ) ਥੋੜ੍ਹ-ਵਿਤਾ ਮਨ (ਪ੍ਰਭੂ ਪਤੀ ਦੇ ਵਿਸ਼ਾਲ) ਮਨ ਵਿਚ (ਥੋੜ੍ਹ-ਵਿਤੇ ਸੁਭਾਅ ਵਲੋਂ) ਮਰ ਜਾਏ, ਤੇ ਜਿਵੇਂ ਇਕੋ ਧਾਗੇ ਵਿਚ ਪ੍ਰੋਤੇ ਹੋਏ ਮੋਤੀਆਂ ਦਾ ਹਾਰ ਗਲ ਵਿਚ ਪਾ ਲਈਦਾ ਹੈ ਉਸੇ ਤ੍ਰਹਾਂ ਜੇ (ਜੀਵ-ਇਸਤ੍ਰੀ ਪ੍ਰਭੂ ਦੇ ਹੀ) ਇਕੋ ਸੁਰਤਿ ਧਾਗੇ ਵਿਚ ਇਕ ਮਿਕ ਹੋ ਕੇ ਪ੍ਰਭੂ ਵਿਚ ਲੀਨ ਹੋ ਜਾਏ ਤਾਂ ਪ੍ਰਭੂ ਪਤੀ ਉਸ ਜੀਵ-ਨਾਰ ਨੂੰ ਪਿਆਰ ਕਰਦਾ ਹੈ ।
ਪਰ ਇਹ ਆਤਮਕ ਆਨੰਦ ਸਤਸੰਗ ਵਿਚ ਟਿਕਿਆਂ ਹੀ ਮਿਲਦਾ ਹੈ, ਤੇ ਸਤਸੰਗ ਵਿਚ ਗੁਰੂ ਦੀ ਸਰਨ ਪੈ ਕੇ (ਮਨ ਨੂੰ) ਪ੍ਰਭੂ ਦੇ ਨਾਮ ਦਾ ਸਹਾਰਾ ਮਿਲਦਾ ਹੈ ।੪ ।
(ਜੇ ਮਨ ਨਾਮ ਤੋਂ ਵਾਂਜਿਆ ਰਹੇ, ਤਾਂ ਮਾਇਆ ਆਦਿਕ ਦੇ ਲਾਭ ਨਾਲ) ਇਕ ਖਿਨ ਵਿਚ ਹੀ (ਇਉਂ ਹੁੰਦਾ ਹੈ ਜਿਵੇਂ) ਜਿਊ ਪੈਂਦਾ ਹੈ, (ਤੇ ਮਾਇਆ ਆਦਿਕ ਦੀ ਘਾਟ ਨਾਲ) ਇਕ ਖਿਨ ਵਿਚ ਹੀ ਦੁਖੀ ਹੋ ਜਾਂਦਾ ਹੈ, ਇਕ ਖਿਨ (ਗੁਜ਼ਰਦਾ ਹੈ ਤਾਂ) ਉਹ ਜੰਮ ਪੈਂਦਾ ਹੈ, ਇਕ ਖਿਨ (ਗੁਜ਼ਰਦਾ ਹੈ ਤਾਂ) ਉਹ ਮਰ ਜਾਂਦਾ ਹੈ (ਭਾਵ, ਨਾਮ ਦੇ ਸਹਾਰੇ ਤੋਂ ਬਿਨਾ ਮਾਇਆ ਜੀਵ ਦੇ ਜੀਵਨ ਦਾ ਆਸਰਾ ਬਣ ਜਾਂਦੀ ਹੈ ।
ਜੇ ਮਾਇਆ ਆਵੇ ਤਾਂ ਉਤਸ਼ਾਹ, ਜੇ ਜਾਏ ਤਾਂ ਸਹਮ) ।
ਜੋ ਮਨੁੱਖ ਗੁਰੂ ਦੇ ਸ਼ਬਦ ਨਾਲ ਸਾਂਝ ਪਾਂਦਾ ਹੈ (ਪ੍ਰਭੂ ਚਰਨਾਂ ਵਿਚ) ਜੁੜਿਆ ਰਹਿੰਦਾ ਹੈ ਉਸ ਨੂੰ ਮੌਤ (ਦਾ ਡਰ) ਸਤਾ ਨਹੀਂ ਸਕਦਾ ।
(ਪ੍ਰਭੂ ਦੇ ਚਰਨਾਂ ਵਿਚ ਜੁੜਿਆਂ ਇਹ ਤਾਂ ਨਹੀਂ ਹੋ ਸਕਦਾ ਕਿ) ਉਸ ਮਾਲਕ (ਦੀ ਹਸਤੀ) ਨੂੰ ਤੋਲਿਆ ਜਾ ਸਕੇ, ਉਹ ਤੋਲ ਤੋਂ ਪਰੇ ਹੈ (ਹਾਂ, ਇਹ ਜ਼ਰੂਰ ਹੈ ਕਿ ਉਹ ਮਿਲਦਾ ਸਿਮਰਨ ਦੀ ਰਾਹੀਂ ਹੀ ਹੈ) ਨਿਰੀਆਂ ਗੱਲਾਂ ਨਾਲ ਨਹੀਂ ਮਿਲਦਾ ।੫ ।
ਸਾਰੇ ਜੀਵ-ਵਣਜਾਰੇ ਜੀਵ ਵਪਾਰੀ (ਪਰਮਾਤਮਾ ਦੇ ਦਰ ਤੋਂ) ਰੋਜ਼ੀਨਾ ਲਿਖਾ ਕੇ (ਜਗਤ ਵਿਚ ਆਉਂਦੇ ਹਨ, ਭਾਵ, ਹਰੇਕ ਨੂੰ ਜ਼ਿੰਦਗੀ ਦੇ ਸੁਆਸ ਤੇ ਸਾਰੇ ਪਦਾਰਥਾਂ ਦੀ ਦਾਤਿ ਪ੍ਰਭੂ ਦਰ ਤੋਂ ਮਿਲਦੀ ਹੈ) ।
ਜੇਹੜੇ ਜੀਵ ਵਪਾਰੀ ਸਦਾ-ਥਿਰ ਪ੍ਰਭੂ ਦੇ ਸਿਮਰਨ ਦੀ ਕਾਰ ਕਰਦੇ ਹਨ, ਉਹਨਾਂ ਨੂੰ ਪ੍ਰਭੂ ਦੀ ਰਜ਼ਾ ਅਨੁਸਾਰ (ਆਤਮਕ ਜੀਵਨ ਦਾ) ਲਾਭ ਮਿਲਦਾ ਹੈ, (ਪਰ ਇਹ ਲਾਭ ਉਹੀ ਖੱਟ ਸਕਦੇ ਹਨ ਜਿਨ੍ਹਾਂ ਨੂੰ) ਉਹ ਗੁਰੂ ਮਿਲ ਪੈਂਦਾ ਹੈ ਜਿਸ ਨੂੰ (ਆਪਣੀ ਵਡਿਆਈ ਆਦਿਕ ਦਾ) ਤਿਲ ਜਿਤਨਾ ਭੀ ਲਾਲਚ ਨਹੀਂ ਹੈ ।
(ਜਿਨ੍ਹਾਂ ਨੂੰ ਗੁਰੂ ਮਿਲਦਾ ਹੈ ਉਹਨਾਂ ਦੀ ਆਤਮਕ ਜੀਵਨ ਵਾਲੀ) ਰਾਸ-ਪੂੰਜੀ ਸਦਾ ਲਈ ਥਿਰ ਹੋ ਜਾਂਦੀ ਹੈ ।੬।(ਇਨਸਾਨੀ ਜੀਵਨ ਦੀ ਸਫਲਤਾ ਦੀ ਪਰਖ ਵਾਸਤੇ) ਸੱਚ ਹੀ ਤਰਾਜ਼ੂ ਹੈ ਤੇ ਸੱਚ ਹੀ ਵੱਟਾ ਹੈ (ਜਿਸ ਦੇ ਪੱਲੇ ਸੱਚ ਹੈ ਉਹੀ ਸਫਲ ਹੈ), ਇਸ ਪਰਖ-ਤੋਲ ਵਿਚ ਉਹੀ ਮਨੁੱਖ ਪੂਰਾ ਉਤਰਦਾ ਹੈ ਜੋ ਗੁਰੂ ਦੇ ਸਨਮੁੱਖ ਰਹਿੰਦਾ ਹੈ, ਕਿਉਂਕਿ ਗੁਰੂ ਨੇ (ਪਰਮਾਤਮਾ ਦੀ ਸਿਫ਼ਿਤਿ-ਸਾਲਾਹ ਦੀ) ਸੱਚੀ ਬਾਣੀ ਦੇ ਕੇ ਮਨ ਨੂੰ ਮੋਹ ਲੈਣ ਵਾਲੀਆਂ ਆਸਾਂ ਤੇ ਮਨ ਦੇ ਮਾਇਕ ਫੁਰਨਿਆਂ ਨੂੰ (ਮਨ ਉਤੇ ਵਾਰ ਕਰਨ ਤੋਂ) ਰੋਕ ਰੱਖਿਆ ਹੁੰਦਾ ਹੈ ।
ਪੂਰੇ ਪ੍ਰਭੂ ਦਾ ਇਹ ਤੋਲ (ਦਾ ਮਿਆਰ) ਕਦੇ ਘਟਦਾ ਵਧਦਾ ਨਹੀਂ, ਉਹੀ ਜੀਵ (ਇਸ ਤੋਲ ਵਿਚ) ਪੂਰਾ ਤੁਲਦਾ ਹੈ ਜਿਸ ਨੂੰ ਪ੍ਰਭੂ (ਸਿਮਰਨ ਦੀ ਦਾਤਿ ਦੇ ਕੇ) ਆਪ (ਮਿਹਰ ਦੀ ਨਿਗਾਹ ਨਾਲ) ਤੁਲਾਂਦਾ ਹੈ ।੭ ।
ਨਿਰੀਆਂ ਗੱਲਾਂ ਕਰਨ ਨਾਲ ਜਾਂ ਪੁਸਤਕਾਂ ਦੇ ਢੇਰਾਂ ਦੇ ਢੇਰ ਪੜ੍ਹਨ ਨਾਲ ਆਸਾ ਮਨਸਾ ਤੋਂ ਬਚ ਨਹੀਂ ਸਕੀਦਾ ।
(ਜੇ ਹਿਰਦੇ ਵਿਚ) ਪਰਮਾਤਮਾ ਦੀ ਭਗਤੀ ਨਹੀਂ, ਪ੍ਰਭੂ ਦਾ ਪ੍ਰੇਮ ਨਹੀਂ, ਤਾਂ ਨਿਰੇ ਸਰੀਰ ਦੀ ਪਵਿਤ੍ਰਤਾ ਨਾਲ ਪਰਮਾਤਮਾ ਨਹੀਂ ਮਿਲਦਾ ।
ਹੇ ਨਾਨਕ! ਜਿਸ ਨੂੰ (ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ) ਨਾਮ ਨਹੀਂ ਭੁੱਲਦਾ, ਉਸ ਨੂੰ ਗੁਰੂ ਪਰਮਾਤਮਾ ਦੇ ਮੇਲ ਵਿਚ ਮਿਲਾ ਲੈਂਦਾ ਹੈ ।੮।੯ ।
Follow us on Twitter Facebook Tumblr Reddit Instagram Youtube