ਸਿਰੀਰਾਗੁ ਮਹਲਾ ੧ ॥
ਗੁਰ ਤੇ ਨਿਰਮਲੁ ਜਾਣੀਐ ਨਿਰਮਲ ਦੇਹ ਸਰੀਰੁ ॥
ਨਿਰਮਲੁ ਸਾਚੋ ਮਨਿ ਵਸੈ ਸੋ ਜਾਣੈ ਅਭ ਪੀਰ ॥
ਸਹਜੈ ਤੇ ਸੁਖੁ ਅਗਲੋ ਨਾ ਲਾਗੈ ਜਮ ਤੀਰੁ ॥੧॥

ਭਾਈ ਰੇ ਮੈਲੁ ਨਾਹੀ ਨਿਰਮਲ ਜਲਿ ਨਾਇ ॥
ਨਿਰਮਲੁ ਸਾਚਾ ਏਕੁ ਤੂ ਹੋਰੁ ਮੈਲੁ ਭਰੀ ਸਭ ਜਾਇ ॥੧॥ ਰਹਾਉ ॥

ਹਰਿ ਕਾ ਮੰਦਰੁ ਸੋਹਣਾ ਕੀਆ ਕਰਣੈਹਾਰਿ ॥
ਰਵਿ ਸਸਿ ਦੀਪ ਅਨੂਪ ਜੋਤਿ ਤ੍ਰਿਭਵਣਿ ਜੋਤਿ ਅਪਾਰ ॥
ਹਾਟ ਪਟਣ ਗੜ ਕੋਠੜੀ ਸਚੁ ਸਉਦਾ ਵਾਪਾਰ ॥੨॥

ਗਿਆਨ ਅੰਜਨੁ ਭੈ ਭੰਜਨਾ ਦੇਖੁ ਨਿਰੰਜਨ ਭਾਇ ॥
ਗੁਪਤੁ ਪ੍ਰਗਟੁ ਸਭ ਜਾਣੀਐ ਜੇ ਮਨੁ ਰਾਖੈ ਠਾਇ ॥
ਐਸਾ ਸਤਿਗੁਰੁ ਜੇ ਮਿਲੈ ਤਾ ਸਹਜੇ ਲਏ ਮਿਲਾਇ ॥੩॥

ਕਸਿ ਕਸਵਟੀ ਲਾਈਐ ਪਰਖੇ ਹਿਤੁ ਚਿਤੁ ਲਾਇ ॥
ਖੋਟੇ ਠਉਰ ਨ ਪਾਇਨੀ ਖਰੇ ਖਜਾਨੈ ਪਾਇ ॥
ਆਸ ਅੰਦੇਸਾ ਦੂਰਿ ਕਰਿ ਇਉ ਮਲੁ ਜਾਇ ਸਮਾਇ ॥੪॥

ਸੁਖ ਕਉ ਮਾਗੈ ਸਭੁ ਕੋ ਦੁਖੁ ਨ ਮਾਗੈ ਕੋਇ ॥
ਸੁਖੈ ਕਉ ਦੁਖੁ ਅਗਲਾ ਮਨਮੁਖਿ ਬੂਝ ਨ ਹੋਇ ॥
ਸੁਖ ਦੁਖ ਸਮ ਕਰਿ ਜਾਣੀਅਹਿ ਸਬਦਿ ਭੇਦਿ ਸੁਖੁ ਹੋਇ ॥੫॥

ਬੇਦੁ ਪੁਕਾਰੇ ਵਾਚੀਐ ਬਾਣੀ ਬ੍ਰਹਮ ਬਿਆਸੁ ॥
ਮੁਨਿ ਜਨ ਸੇਵਕ ਸਾਧਿਕਾ ਨਾਮਿ ਰਤੇ ਗੁਣਤਾਸੁ ॥
ਸਚਿ ਰਤੇ ਸੇ ਜਿਣਿ ਗਏ ਹਉ ਸਦ ਬਲਿਹਾਰੈ ਜਾਸੁ ॥੬॥

ਚਹੁ ਜੁਗਿ ਮੈਲੇ ਮਲੁ ਭਰੇ ਜਿਨ ਮੁਖਿ ਨਾਮੁ ਨ ਹੋਇ ॥
ਭਗਤੀ ਭਾਇ ਵਿਹੂਣਿਆ ਮੁਹੁ ਕਾਲਾ ਪਤਿ ਖੋਇ ॥
ਜਿਨੀ ਨਾਮੁ ਵਿਸਾਰਿਆ ਅਵਗਣ ਮੁਠੀ ਰੋਇ ॥੭॥

ਖੋਜਤ ਖੋਜਤ ਪਾਇਆ ਡਰੁ ਕਰਿ ਮਿਲੈ ਮਿਲਾਇ ॥
ਆਪੁ ਪਛਾਣੈ ਘਰਿ ਵਸੈ ਹਉਮੈ ਤ੍ਰਿਸਨਾ ਜਾਇ ॥
ਨਾਨਕ ਨਿਰਮਲ ਊਜਲੇ ਜੋ ਰਾਤੇ ਹਰਿ ਨਾਇ ॥੮॥੭॥

Sahib Singh
ਤੇ = ਤੋਂ, ਦੀ ਰਾਹੀਂ ।
ਦੇਹ = ਸਰੀਰ, ਕਾਂਇਆਂ ।
ਮਨਿ = ਮਨ ਵਿਚ ।
ਅਭ ਪੀਰ = ਹਿਰਦੇ ਦੀ ਪੀੜ, ਅੰਦਰਲੀ ਵੇਦਨ ।
ਸਹਜੈ ਤੇ = ਸਹਜ ਅਵਸਥਾ ਤੋਂ ।
ਅਗਲੋ = ਬਹੁਤ ।
ਜਮ ਤੀਰੁ = ਜਮ ਦਾ ਤੀਰ ।੧ ।
ਜਲਿ = ਜਲ ਵਿਚ ।
ਨਾਇ = ਨ੍ਹਾ ਕੇ, ਨ੍ਹਾਤਿਆਂ ।
ਜਾਇ = ਥਾਂ ।੧।ਰਹਾਉ ।
ਹਰਿ ਕਾ ਮੰਦਰੁ = ਮਨੁੱਖਾ ਸਰੀਰ ।
ਕਰਣੈ ਹਾਰਿ = (ਜਗਤ ਦੀ) ਰਚਨਾ ਕਰਨ ਵਾਲੇ ਕਰਤਾਰ ਨੇ ।
ਰਵਿ = ਸੂਰਜ, ਤੇਜ, (ਅਗਿਆਨਤਾ ਦਾ ਹਨੇਰਾ ਦੂਰ ਕਰਨ ਵਾਲਾ ਆਤਮ) ਪ੍ਰਕਾਸ਼ ।
ਸਸਿ = ਚੰਦ੍ਰਮਾ, ਸੀਤਲਤਾ, ਸਾਂਤਿ ਅਵਸਥਾ (ਜੋ ਕਾਮ ਕ੍ਰੋਧ ਆਦਿਕ ਦੀ ਤਪਸ਼ ਨੂੰ ਬੁਝਾਣ ਦੇ ਸਮਰਥ ਹੈ) ।
ਦੀਪ = ਦੀਵੇ ਆਤਮਕ ਚਾਨਣ ਦੇਣ ਵਾਲੇ ।
ਅਨੂਪ = ਬੇ = ਮਿਸਾਲ ।
ਤਿ੍ਰਭਵਣਿ ਜੋਤਿ = ਤਿੰਨਾਂ ਭਵਨਾਂ ਵਿਚ ਪ੍ਰਕਾਸ਼ ਕਰਨ ਵਾਲੀ ਰੱਬੀ ਜੋਤਿ ।
ਪਟਣ = ਸ਼ਹਰ ।
ਗੜ = ਕਿਲ੍ਹੇ ।੨ ।
ਅੰਜਨੁ = ਸੁਰਮਾ ।
ਭੈ ਭੰਜਨਾ = ਦੁਨੀਆ ਵਾਲੇ ਡਰ ਨਾਸ ਕਰਨ ਵਾਲਾ ।
ਨਿਰੰਜਨ ਭਾਇ = ਮਾਇਆ = ਰਹਿਤ ਪ੍ਰਭੂ ਦੇ ਪ੍ਰੇਮ ਵਿਚ ।
ਠਾਇ = ਥਾਂ ਸਿਰ, ਇੱਕ ਟਿਕਾਣੇ ਤੇ ।
ਸਹਜ = ਆਤਮਕ ਅਡੋਲਤਾ ।
ਸਹਜੇ = ਸਹਜ ਅਵਸਥਾ ਵਿਚ (ਜੋੜ ਕੇ) ।੩ ।
ਕਸਿ = (ਸੋਨੇ ਨੂੰ ਪਰਖਣ ਲਈ ਕਸਵੱਟੀ ਉਤੇ) ਘਸਾਣਾ ।
ਹਿਤੁ = ਪਿਆਰ, ਧਿਆਨ ।
ਨਾਇ = ਨ੍ਹਾ ਕੇ ।
ਠਉਰ = ਥਾਂ ।
ਨ ਪਾਇਨੀ = ਨ ਪਾਇਨਿ, ਨਹੀਂ ਪੀਂਦੇ, ਨਹੀਂ ਪ੍ਰਾਪਤ ਕਰਦੇ ।੪ ।
ਸਭੁ ਕੋ = ਹਰੇਕ ਜੀਵ ।
ਕਉ = ਨੂੰ ।
ਅਗਲਾ = ਬਹੁਤ ।
ਮਨਮੁਖਿ = ਆਪਣੇ ਮਨ ਦੇ ਪਿਛੇ ਤੁਰਨ ਵਾਲਾ ਮਨੁੱਖ ।
ਬੂਝ = ਸਮਝ ।
ਸਮ = ਬਰਾਬਰ, ਇਕੋ ਜਿਹੇ ।
ਜਾਣੀਅਹਿ = (ਜਦੋਂ) ਜਾਣ ਲਏ ਜਾਂਦੇ ਹਨ ।
ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ ।
ਭੇਦਿ = ਵਿੰਨ੍ਹ ਕੇ (ਮਨ ਨੂੰ) ।੫ ।
ਵਾਚੀਐ = ਵਾਚਣੀ ਚਾਹੀਦੀ ਹੈ, ਪੜ੍ਹਨੀ ਚਾਹੀਦੀ ਹੈ ।
ਬਾਣੀ ਬ੍ਰਹਮ = ਬ੍ਰਹਮ ਦੀ ਬਾਣੀ, ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਬਾਣੀ ।
ਬਿਆਸੁ = ਬਿਆਸ (ਰਿਸ਼ੀ) ।
ਮੁਨਿ ਜਨ = ਮੁਨੀ ਲੋਕ ।
ਨਾਮਿ = ਨਾਮ ਵਿਚ ।
ਗੁਣ ਤਾਸੁ = ਗੁਣਾਂ ਦਾ ਖ਼ਜ਼ਾਨਾ ਪ੍ਰਭੂ ।
ਜਿਣਿ ਗਏ = ਜਿੱਤ ਕੇ (ਇਥੋਂ) ਗਏ ।
ਜਾਸੁ = ਮੈਂ ਜਾਂਦਾ ਹਾਂ ।੬ ।
ਚਹੁ ਜੁਗਿ = ਸਦਾ ਹੀ ।
ਮੈਲੁ ਭਰੇ = (ਵਿਕਾਰਾਂ ਦੀ) ਮੈਲ ਨਾਲ ਲਿਬੜੇ ਹੋਇ ।
ਪਤਿ = ਇੱਜ਼ਤ ।
ਖੋਇ = ਗਵਾ ਕੇ ।
ਜਿਨਿ = ਜਿਸ ਜਿਸ ਜੀਵ = ਇਸਤ੍ਰੀ ਨੇ ।
ਮੁਠੀ = ਠੱਗੀ ਹੋਈ, ਲੁੱਟੀ ਹੋਈ ।੭ ।
ਆਪੁ = ਆਪਣੇ ਆਪ ਨੂੰ ।
ਘਰਿ = ਘਰ ਵਿਚ ।
ਹਰਿ ਨਾਇ = ਹਰੀ ਦੇ ਨਾਮ ਵਿਚ ।੮ ।
    
Sahib Singh
ਹੇ ਭਾਈ! (ਜਿਵੇਂ ਸਾਫ਼ ਪਾਣੀ ਵਿਚ ਨ੍ਹਾਤਿਆਂ ਸਰੀਰ ਦੀ ਮੈਲ ਲਹਿ ਜਾਂਦੀ ਹੈ, ਤਿਵੇਂ ਪਰਮਾਤਮਾ ਦੇ) ਪਵਿਤ੍ਰ ਨਾਮ-ਜਲ ਵਿਚ ਇਸ਼ਨਾਨ ਕੀਤਿਆਂ ਮਨ ਉੱਤੇ (ਵਿਕਾਰਾਂ ਦੀ) ਮੈਲ ਨਹੀਂ ਰਹਿ ਜਾਂਦੀ ।
(ਇਸ ਵਾਸਤੇ, ਹੇ ਭਾਈ! ਉਸ ਆਤਮਕ ਇਸ਼ਨਾਨ ਦੀ ਖ਼ਾਤਰ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰ ਤੇ ਆਖ—ਹੇ ਪ੍ਰਭੂ!) ਸਿਰਫ਼ ਤੂੰ ਸਦਾ-ਥਿਰ ਪ੍ਰਭੂ ਹੀ ਪਵਿਤ੍ਰ ਹੈਂ, ਬਾਕੀ ਹੋਰ ਹਰੇਕ ਥਾਂ (ਮਾਇਆ ਦੇ ਮੋਹ ਦੀ) ਮੈਲ ਨਾਲ ਭਰੀ ਹੋਈ ਹੈ ।੧।ਰਹਾਉ ।
(ਹੇ ਭਾਈ!) ਗੁਰੂ ਦੀ ਰਾਹੀਂ ਹੀ ਉਸ ਪਵਿਤ੍ਰ ਨਾਮ-ਜਲ ਨਾਲ ਸਾਂਝ ਪੈਂਦੀ ਹੈ, ਤੇ ਮਨੁੱਖ ਦਾ ਸਰੀਰ ਪਵਿਤ੍ਰ ਹੋ ਜਾਂਦਾ ਹੈ (ਭਾਵ, ਸਾਰੇ ਗਿਆਨ-ਇੰਦ੍ਰੇ ਵਿਕਾਰਾਂ ਦੀ ਮੈਲ ਤੋਂ ਬਚੇ ਰਹਿੰਦੇ ਹਨ) ।
(ਗੁਰੂ ਦੀ ਕਿਰਪਾ ਨਾਲ) ਉਹ ਸਦਾ-ਥਿਰ ਪਵਿਤ੍ਰ ਪ੍ਰਭੂ ਜੋ ਮਨੁੱਖ ਦੀ ਅੰਦਰਲੀ ਵੇਦਨ ਜਾਣਦਾ ਹੈ ਮਨੁੱਖ ਦੇ ਮਨ ਵਿਚ ਆ ਪਰਗਟਦਾ ਹੈ(ਇਸ ਪ੍ਰਕਾਸ਼ ਦੀ ਬਰਕਤਿ ਨਾਲ ਮਨ ਸਹਜ ਅਵਸਥਾ ਵਿਚ ਟਿਕ ਜਾਂਦਾ ਹੈ) ਸਹਜ ਅਵਸਥਾ ਤੋਂ ਬਹੁਤ ਆਤਮਕ ਆਨੰਦ ਉਪਜਦਾ ਹੈ, ਜਮ ਦਾ ਤੀਰ ਭੀ ਨਹੀਂ ਪੋਂਹਦਾ (ਮੌਤ ਦਾ ਡਰ ਨਹੀਂ ਵਿਆਪਦਾ) ।੧ ।
(ਜਿਸ ਮਨੁੱਖ ਉਤੇ ਗੁਰੂ ਤਰੁੱਠਦਾ ਹੈ, ਉਸ ਦੇ ਹਿਰਦੇ ਨੂੰ ਸਿ੍ਰਸ਼ਟੀ ਦੇ ਰਚਨਹਾਰ) ਕਰਤਾਰ ਨੇ (ਆਪਣੇ ਰਹਿਣ ਲਈ) ਸੋਹਣਾ ਮਹਲ ਬਣਾ ਲਿਆ ਹੈ, ਤਿੰਨਾਂ ਭਵਨਾਂ ਵਿਚ ਵਿਆਪਕ ਬੇਅੰਤ ਪ੍ਰਭੂ ਦੀ ਅਨੂਪ ਜੋਤਿ ਉਸ ਦੇ ਅੰਦਰ ਜਗ ਪੈਂਦੀ ਹੈ; ਉਸ ਦੇ ਅੰਦਰ ਸੂਰਜ ਤੇ ਚੰਦ (ਮਾਨੋ) ਦੀਵੇ ਜਗ ਪੈਂਦੇ ਹਨ (ਭਾਵ, ਉਸ ਦੇ ਅੰਦਰ ਅਗਿਆਨਤਾ ਦਾ ਹਨੇਰਾ ਦੂਰ ਕਰਨ ਵਾਲਾ ਗਿਆਨ ਸੂਰਜ ਤੇ ਕਾਮ ਕ੍ਰੋਧ ਆਦਿਕ ਦੀ ਤਪਸ਼ ਨੂੰ ਬੁਝਾਣ ਵਾਲੀ ਸ਼ਾਂਤ ਅਵਸਥਾ ਦਾ ਚੰਦ ਚੜ੍ਹ ਪੈਂਦਾ ਹੈ) ।੨ ।
ਜੇ ਮਨੁੱਖ ਆਪਣੇ ਮਨ ਨੂੰ ਇੱਕ ਟਿਕਾਣੇ ਤੇ ਰੱਖੇ, ਤਾਂ ਉਸ ਨੂੰ ਦਿੱਸਦੇ ਅਣ-ਦਿੱਸਦੇ ਜਗਤ ਵਿਚ ਹਰ ਥਾਂ ਪਰਮਾਤਮਾ ਹੀ ਵੱਸਦਾ ਪਰਤੀਤ ਹੁੰਦਾ ਹੈ ।
(ਤੂੰ ਭੀ, ਹੇ ਭਾਈ!) ਪ੍ਰਭੂ ਦੀ ਰਜ਼ਾ ਵਿਚ ਰਹਿ ਕੇ ਸਭ ਡਰ ਨਾਸ ਕਰਨ ਵਾਲਾ ਗਿਆਨ ਦਾ ਸੁਰਮਾ ਵਰਤ ਕੇ (ਉਸ ਨੂੰ ਹਰ ਥਾਂ ਵਿਆਪਕ) ਵੇਖ ਲੈ (ਵੇਖ ਸਕਦਾ ਹੈਂ) ।
ਸਭ ਡਰ ਨਾਸ ਕਰਨ ਵਾਲਾ ਗਿਆਨ ਦਾ ਸੁਰਮਾ ਦੇਣ ਵਾਲਾ ਗੁਰੂ ਜੇ ਮਿਲ ਪਏ ਤਾਂ ਉਸ ਮਨੁੱਖ ਨੂੰ ਅਡੋਲ ਆਤਮਕ ਅਵਸਥਾ ਵਿਚ ਜੋੜ ਦੇਂਦਾ ਹੈ ।੩ ।
(ਜਿਵੇਂ ਸੋਨੇ ਨੂੰ ਪਰਖਣ ਲਈ) ਕਸਵੱਟੀ ਉਤੇ ਕੱਸ ਲਈਦੀ ਹੈ (ਤਿਵੇਂ ਕਰਤਾਰ ਆਪਣੇ ਪੈਦਾ ਕੀਤੇ ਬੰਦਿਆਂ ਦੇ ਆਤਮਕ ਜੀਵਨ ਨੂੰ) ਬੜੇ ਪਿਆਰ ਨਾਲ ਧਿਆਨ ਲਾ ਕੇ ਪਰਖਦਾ ਹੈ, ਖੋਟਿਆਂ ਨੂੰ (ਉਸ ਦੇ ਦਰ ਤੇ) ਥਾਂ ਨਹੀਂ ਮਿਲਦੀ, ਖਰਿਆਂ ਨੂੰ ਉਹ ਆਪਣੇ ਖ਼ਜ਼ਾਨੇ ਵਿਚ ਸ਼ਾਮਿਲ ਕਰ ਲੈਂਦਾ ਹੈ ।
(ਹੇ ਭਾਈ! ਗੁਰੂ ਦੀ ਸਰਨ ਪੈ ਕੇ ਆਪਣੇ ਅੰਦਰੋਂ ਦੁਨੀਆ ਵਾਲੀਆਂ) ਆਸਾਂ ਤੇ ਸਹਮ ਕੱਢ, ਇਹ ਉੱਦਮ ਕਰਨ ਨਾਲ (ਮਨ ਦੀ ਵਿਕਾਰਾਂ ਦੀ) ਮੈਲ ਦੂਰ ਹੋ ਜਾਇਗੀ, (ਤੇ ਮਨ ਪ੍ਰਭੂ-ਚਰਨਾਂ ਵਿਚ ਲੀਨ ਹੋ ਜਾਇਗਾ ।੪ ।
ਹਰੇਕ ਜੀਵ (ਦੁਨੀਆ ਵਾਲਾ) ਸੁਖ ਮੰਗਦਾ ਹੈ, ਕੋਈ ਭੀ ਦੁੱਖ ਨਹੀਂ ਮੰਗਦਾ; ਪਰ (ਮਾਇਕ) ਸੁਖ ਨੂੰ ਦੁੱਖ-ਰੂਪ ਫਲ ਬਹੁਤ ਲੱਗਦਾ ਹੈ, ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ ਨੂੰ ਇਸ (ਭੇਤ) ਦੀ ਸਮਝ ਨਹੀਂ ਆਉਂਦੀ (ਉਹ ਦੁਨੀਆ ਵਾਲੇ ਸੁਖ ਹੀ ਮੰਗਦਾ ਰਹਿੰਦਾ ਹੈ ਤੇ ਨਾਮ ਤੋਂ ਵਾਂਜਿਆ ਰਹਿੰਦਾ ਹੈ) ।
(ਅਸਲ ਵਿਚ ਦੁਨੀਆ ਦੇ) ਸੁਖ ਤੇ ਦੁਖ ਇਕੋ ਜਿਹੇ ਹੀ ਸਮਝਣੇ ਚਾਹੀਦੇ ਹਨ ।
ਅਸਲ ਆਤਮਕ ਸੁਖ ਤਦੋਂ ਹੀ ਮਿਲਦਾ ਹੈ ਜੇ ਗੁਰੂ ਦੇ ਸ਼ਬਦ ਦੀ ਰਾਹੀਂ ਮਨ ਨੂੰ ਵਿੰਨ੍ਹ ਲਿਆ ਜਾਏ (ਮਨ ਨੂੰ ਨੱਥ ਕੇ ਦੁਨੀਆ ਦੇ ਮੌਜ-ਮੇਲਿਆਂ ਵਲੋਂ ਰੋਕ ਕੇ ਰੱਖਿਆ ਜਾਏ) ।੫ ।
ਬਿਆਸ ਰਿਸ਼ੀ (ਤਾਂ ਮੁੜ ਮੁੜ) ਵੇਦ ਨੂੰ ਹੀ ਉੱਚੀ ਉੱਚੀ ਉਚਾਰਦਾ ਹੈ, (ਪਰ ਹੇ ਭਾਈ!) ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਬਾਣੀ ਪੜ੍ਹਨੀ ਚਾਹੀਦੀ ਹੈ ।
ਅਸਲੀ ਮੁਨੀ ਲੋਕ ਸੇਵਕ ਤੇ ਸਾਧਿਕ ਉਹੀ ਹਨ ਜੋ ਗੁਣਾਂ ਦੇ ਖ਼ਜ਼ਾਨੇ ਪਰਮਾਤਮਾ ਦੇ ਨਾਮ ਵਿਚ ਰੰਗੇ ਹੋਏ ਹਨ ।
ਜੇਹੜੇ ਬੰਦੇ ਸਦਾ ਕਾਇਮ ਰਹਿਣ ਵਾਲੇ ਨਾਮ-ਰੰਗ ਵਿਚ ਰੰਗੇ ਜਾਂਦੇ ਹਨ, ਉਹ (ਸੰਸਾਰ ਤੋਂ ਜੀਵਨ-ਬਾਜ਼ੀ) ਜਿੱਤ ਕੇ ਜਾਂਦੇ ਹਨ ।
ਮੈਂ ਭੀ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ ।੬ ।
ਪਰ ਜਿਨ੍ਹਾਂ ਦੇ ਮੂੰਹ ਵਿਚ ਪ੍ਰਭੂ ਦਾ ਨਾਮ ਨਹੀਂ ਹੈ ਉਹ ਸਦਾ ਹੀ ਮੈਲੇ (ਮਨ ਵਾਲੇ) ਹਨ, (ਉਹਨਾਂ ਦੇ ਮਨ ਵਿਕਾਰਾਂ ਦੀ) ਮੈਲ ਨਾਲ ਭਰੇ ਰਹਿੰਦੇ ਹਨ ।
ਪਰਮਾਤਮਾ ਦੀ ਭਗਤੀ ਤੇ ਪਿਆਰ ਤੋਂ ਵਾਂਜੇ ਬੰਦਿਆਂ ਦਾ ਮੂੰਹ (ਉਸ ਦੀ ਹਜ਼ੂਰੀ ਵਿਚ) ਕਾਲਾ (ਦਿੱਸਦਾ ਹੈ), ਉਹ ਆਪਣੀ ਇੱਜ਼ਤ ਗਵਾ ਕੇ (ਜਾਂਦੇ ਹਨ) ।
ਜਿਸ ਜਿਸ ਜੀਵ-ਇਸਤ੍ਰੀ ਨੇ ਪ੍ਰਭੂ ਦਾ ਨਾਮ ਭੁਲਾ ਦਿੱਤਾ ਹੈ, (ਉਸ ਦੇ ਆਤਮਕ ਸਰਮਾਏ ਨੂੰ ਅੌਗੁਣਾਂ ਨੇ ਲੁੱਟ ਲਿਆ ਹੈ, ਉਹ ਰੋਂਦੀ ਪਛਤਾਂਦੀ ਹੈ ।੭।(ਗੁਰੂ ਦੀ ਰਾਹੀਂ) ਭਾਲ ਕਰਦਿਆਂ ਕਰਦਿਆਂ ਇਹ ਗੱਲ ਲੱਭ ਪੈਂਦੀ ਹੈ ਕਿ ਪਰਮਾਤਮਾ ਦਾ ਡਰ-ਅਬਦ ਹਿਰਦੇ ਵਿਚ ਧਾਰਨ ਕੀਤਿਆਂ ਪਰਮਾਤਮਾ ਗੁਰੂ ਦਾ ਮਿਲਾਇਆ ਮਿਲ ਪੈਂਦਾ ਹੈ ।
ਜੇਹੜਾ ਮਨੁੱਖ (ਗੁਰੂ ਦੀ ਸਰਨ ਪੈ ਕੇ) ਆਪਣੇ ਆਪ ਨੂੰ ਪਛਾਣਦਾ ਹੈ, ਉਸ ਦਾ ਮਨ ਬਾਹਰ ਭਟਕਣੋਂ ਹਟ ਕੇ ਅੰਤਰ ਆਤਮੇ ਹੀ ਟਿਕ ਜਾਂਦਾ, ਉਸ ਦੀ ਹਉਮੈ ਦੂਰ ਹੋ ਜਾਂਦੀ ਹੈ, ਉਸ ਦੀ ਤ੍ਰਿਸ਼ਨਾ ਮਿਟ ਜਾਂਦੀ ਹੈ ।
ਹੇ ਨਾਨਕ! ਜੇਹੜੇ ਮਨੁੱਖ ਪ੍ਰਭੂ ਦੇ ਨਾਮ-ਰੰਗ ਵਿਚ ਰੰਗੇ ਜਾਂਦੇ ਹਨ, ਉਹਨਾਂ ਦੇ ਜੀਵਨ ਪਵਿਤ੍ਰ ਤੇ ਰੌਸ਼ਨ ਹੋ ਜਾਂਦੇ ਹਨ ।੮।੭ ।
Follow us on Twitter Facebook Tumblr Reddit Instagram Youtube