ਸਿਰੀਰਾਗੁ ਮਹਲਾ ੧ ॥
ਮਨਿ ਜੂਠੈ ਤਨਿ ਜੂਠਿ ਹੈ ਜਿਹਵਾ ਜੂਠੀ ਹੋਇ ॥
ਮੁਖਿ ਝੂਠੈ ਝੂਠੁ ਬੋਲਣਾ ਕਿਉ ਕਰਿ ਸੂਚਾ ਹੋਇ ॥
ਬਿਨੁ ਅਭ ਸਬਦ ਨ ਮਾਂਜੀਐ ਸਾਚੇ ਤੇ ਸਚੁ ਹੋਇ ॥੧॥

ਮੁੰਧੇ ਗੁਣਹੀਣੀ ਸੁਖੁ ਕੇਹਿ ॥
ਪਿਰੁ ਰਲੀਆ ਰਸਿ ਮਾਣਸੀ ਸਾਚਿ ਸਬਦਿ ਸੁਖੁ ਨੇਹਿ ॥੧॥ ਰਹਾਉ ॥

ਪਿਰੁ ਪਰਦੇਸੀ ਜੇ ਥੀਐ ਧਨ ਵਾਂਢੀ ਝੂਰੇਇ ॥
ਜਿਉ ਜਲਿ ਥੋੜੈ ਮਛੁਲੀ ਕਰਣ ਪਲਾਵ ਕਰੇਇ ॥
ਪਿਰ ਭਾਵੈ ਸੁਖੁ ਪਾਈਐ ਜਾ ਆਪੇ ਨਦਰਿ ਕਰੇਇ ॥੨॥

ਪਿਰੁ ਸਾਲਾਹੀ ਆਪਣਾ ਸਖੀ ਸਹੇਲੀ ਨਾਲਿ ॥
ਤਨਿ ਸੋਹੈ ਮਨੁ ਮੋਹਿਆ ਰਤੀ ਰੰਗਿ ਨਿਹਾਲਿ ॥
ਸਬਦਿ ਸਵਾਰੀ ਸੋਹਣੀ ਪਿਰੁ ਰਾਵੇ ਗੁਣ ਨਾਲਿ ॥੩॥

ਕਾਮਣਿ ਕਾਮਿ ਨ ਆਵਈ ਖੋਟੀ ਅਵਗਣਿਆਰਿ ॥
ਨਾ ਸੁਖੁ ਪੇਈਐ ਸਾਹੁਰੈ ਝੂਠਿ ਜਲੀ ਵੇਕਾਰਿ ॥
ਆਵਣੁ ਵੰਞਣੁ ਡਾਖੜੋ ਛੋਡੀ ਕੰਤਿ ਵਿਸਾਰਿ ॥੪॥

ਪਿਰ ਕੀ ਨਾਰਿ ਸੁਹਾਵਣੀ ਮੁਤੀ ਸੋ ਕਿਤੁ ਸਾਦਿ ॥
ਪਿਰ ਕੈ ਕਾਮਿ ਨ ਆਵਈ ਬੋਲੇ ਫਾਦਿਲੁ ਬਾਦਿ ॥
ਦਰਿ ਘਰਿ ਢੋਈ ਨਾ ਲਹੈ ਛੂਟੀ ਦੂਜੈ ਸਾਦਿ ॥੫॥

ਪੰਡਿਤ ਵਾਚਹਿ ਪੋਥੀਆ ਨਾ ਬੂਝਹਿ ਵੀਚਾਰੁ ॥
ਅਨ ਕਉ ਮਤੀ ਦੇ ਚਲਹਿ ਮਾਇਆ ਕਾ ਵਾਪਾਰੁ ॥
ਕਥਨੀ ਝੂਠੀ ਜਗੁ ਭਵੈ ਰਹਣੀ ਸਬਦੁ ਸੁ ਸਾਰੁ ॥੬॥

ਕੇਤੇ ਪੰਡਿਤ ਜੋਤਕੀ ਬੇਦਾ ਕਰਹਿ ਬੀਚਾਰੁ ॥
ਵਾਦਿ ਵਿਰੋਧਿ ਸਲਾਹਣੇ ਵਾਦੇ ਆਵਣੁ ਜਾਣੁ ॥
ਬਿਨੁ ਗੁਰ ਕਰਮ ਨ ਛੁਟਸੀ ਕਹਿ ਸੁਣਿ ਆਖਿ ਵਖਾਣੁ ॥੭॥

ਸਭਿ ਗੁਣਵੰਤੀ ਆਖੀਅਹਿ ਮੈ ਗੁਣੁ ਨਾਹੀ ਕੋਇ ॥
ਹਰਿ ਵਰੁ ਨਾਰਿ ਸੁਹਾਵਣੀ ਮੈ ਭਾਵੈ ਪ੍ਰਭੁ ਸੋਇ ॥
ਨਾਨਕ ਸਬਦਿ ਮਿਲਾਵੜਾ ਨਾ ਵੇਛੋੜਾ ਹੋਇ ॥੮॥੫॥

Sahib Singh
ਪਦਅਰਥ = ਮਨਿ—ਮਨ ਦੀ ਰਾਹੀਂ ।
ਜੂਠੈ = ਜੂਠੇ ਦੀ ਰਾਹੀਂ ।
ਮਨਿ ਜੂਠੈ = ਜੂਠੇ ਮਨ ਦੀ ਰਾਹੀਂ, ਜੇ ਮਨ ਜੂਠਾ ਹੈ {ਨੋਟ:- ਲਫ਼ਜ਼ 'ਜੂਠੈ' ਲਫ਼ਜ਼ 'ਜੂਠਾ' ਤੋਂ ਬਣਿਆ ਹੈ, ਇਹ 'ਜੂਠਾ' ਵਿਸ਼ੇਸ਼ਣ ਹੈ ।
    ਲਫ਼ਜ਼ 'ਜੂਠਿ' ਨਾਂਵ ਹੈ} ।
ਤਨਿ = ਸਰੀਰ ਵਿਚ ।
ਜਿਹਵਾ = ਜੀਭ ।
ਅਭ = ਪਾਣੀ ।
ਅਭ ਸਬਦ = ਗੁਰ ਸ਼ਬਦ ਰੂਪ ਪਾਣੀ {ਅਜ਼ਭਸੱ—ਪਾਣੀ} ।੧ ।
ਮੁੰਧੇ = ਹੇ ਭੋਲੀ ਜੀਵ = ਇਸ੍ਰਤੀ !
ਕੇਹਿ = ਕਾਹਦੇ ਵਿਚ ?
ਪਿਰੁ ਰਲੀਆ = ਪਤੀ ਮਿਲਾਪ ਦੇ ਸੁਖ ।
ਰਸਿ = ਆਨੰਦ ਨਾਲ ।
ਨੇਹਿ = ਪਿਆਰ ਵਿਚ ।੧।ਰਹਾਉ ।
ਧਨ = ਜੀਵ = ਇਸਤ੍ਰੀ ।
ਵਾਂਢੀ = ਪਰਦੇਸਣ, ਵਿੱਛੁੜੀ ਹੋਈ ।
ਕਰਣ ਪਲਾਵ = {ਕ}ਣਾਪ੍ਰਲਾਪ} ਉਹ ਕੀਰਨੇ ਜੋ ਸੁਣਨ ਵਾਲੇ ਦੇ ਮਨ ਵਿਚ ਤਰਸ ਪੈਦਾ ਕਰ ਦੇਣ, ਤਰਲੇ, ਹਾੜੇ ।
ਪਿਰ ਭਾਵੈ = ਪਿਰ ਨੂੰ ਚੰਗੀ ਲੱਗੇ ।੨ ।
ਸਾਲਾਹੀ = ਸਾਲਾਹਿ, ਸਿਫ਼ਤਿ-ਸਾਲਾਹ ਕਰ ।
ਤਨਿ = ਤਨ ਵਿਚ ।
ਨਿਹਾਲਿ = ਨਿਹਾਲੇ, ਵੇਖਦੀ ਹੈ ।
ਰਾਵੈ = ਮਾਣਦੀ ਹੈ ।੩ ।
ਕਾਮਣਿ = ਇਸਤ੍ਰੀ ।
ਕਾਮਿ ਨ ਆਵਈ = ਕਿਸੇ ਕੰਮ ਨਹੀਂ ਆਉਂਦੀ, ਜੀਵਨ ਵਿਅਰਥ ਜਾਂਦਾ ਹੈ ।
ਪੇਈਐ = ਪੇਕੇ ਘਰ ਵਿਚ, ਇਸ ਜਗਤ ਵਿਚ ।
ਜਲੀ = ਸੜੀ ਹੋਈ ।
ਆਵਣੁ ਵੰਞਣੁ = ਜਨਮ ਮਰਨ (ਦਾ ਗੇੜ) ।
ਡਾਖੜੋ = ਅੌਖਾ, ਦੁਖਦਾਈ ।
ਕੰਤਿ = ਕੰਤ ਨੇ ।
ਵਿਸਾਰਿ ਛੋਡੀ = ਭੁਲਾ ਦਿੱਤੀ ।੪ ।
ਮੁਤੀ = ਛੱਡੀ ਗਈ, ਛੁੱਟੜ ਕੀਤੀ ਗਈ ।
ਕਿਤੁ ਸਾਦਿ = ਕਿਸ ਸੁਆਦ ਦੇ ਕਾਰਨ ?
ਫਾਦਿਲੁ = ਫ਼ਜ਼ੂਲ ਬੋਲ ।
ਬਾਦਿ = ਵਿਅਰਥ ਹੀ ।
ਦਰਿ = ਦਰ ਤੇ ।
ਘਰਿ = ਘਰ ਵਿਚ ।
ਛੁਟੀ = ਛੁੱਟੜ ਹੋ ਗਈ ।੫।ਵਾਚਹਿ—ਪੜ੍ਹਦੇ ਹਨ ।
ਅਨ ਕਉ = ਹੋਰਨਾਂ ਨੂੰ ।
ਭਵੈ = ਭਟਕਦਾ ਹੈ ।
ਸਬਦੁ = ਗੁਰੂ ਦਾ ਸ਼ਬਦ (ਹਿਰਦੇ ਵਿਚ ਟਿਕਾਣਾ), ਪਰਮਾਤਮਾ ਦੀ ਸਿਫ਼ਤਿ-ਸਾਲਾਹ ।
ਸਾਰੁ = ਸ੍ਰੇਸ਼ਟ ।੬ ।
ਜੋਤਕੀ = ਜੋਤਸ਼ੀ ।
ਕਰਹਿ = ਕਰਦੇ ਹਨ ।
ਵਾਦਿ = ਵਾਦ ਵਿਚ, ਝਗੜੇ ਬਹਸ ਵਿਚ ।
ਵਾਦੇ = ਵਾਦ ਵਿਚ ਹੀ ।
ਕਰਮ = ਬਖ਼ਸ਼ਸ਼ ।
ਨ ਛੁਟਸੀ = ਖ਼ਲਾਸੀ ਪ੍ਰਾਪਤ ਨਹੀਂ ਕਰੇਗਾ ।
ਕਹਿ = ਕਹਿ ਕੇ ।
ਸੁਣਿ = ਸੁਣ ਕੇ ।
ਵਖਾਣੁ = ਵਖਿਆਨ, ਉਪਦੇਸ਼ ।੭ ।
ਸਭਿ = ਸਾਰੀਆਂ ।
ਵਰੁ = ਖਸਮ ।੮ ।
    
Sahib Singh
ਹੇ ਭੋਲੀ ਜੀਵ-ਇਸਤ੍ਰੀਏ! ਜੋ (ਆਪਣੇ ਅੰਦਰ, ਆਤਮਕ ਸੁਖ ਦੇਣ ਵਾਲੇ) ਗੁਣਾਂ ਤੋਂ ਸੱਖਣੀ ਹੈ ਉਸ ਨੂੰ (ਬਾਹਰੋਂ) ਕਿਸੇ ਹੋਰ ਤਰੀਕੇ ਨਾਲ ਆਤਮਕ ਸੁਖ ਨਹੀਂ ਮਿਲ ਸਕਦਾ ।
ਆਤਮਕ ਸੁਖ ਉਸ ਨੂੰ ਹੈ ਜੋ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਵਿਚ (ਲੀਨ ਰਹਿੰਦੀ ਹੈ) ਜੋ ਗੁਰੂ ਦੇ ਸ਼ਬਦ ਵਿਚ (ਜੁੜੀ ਹੋਈ) ਹੈ, ਜੋ ਪ੍ਰਭੂ ਦੇ ਪਿਆਰ ਵਿਚ (ਮਸਤ) ਹੈ ।
ਪਤੀ-ਪ੍ਰਭੂ ਦੇ ਮਿਲਾਪ ਦੇ ਸੁਖ (ਉਹੀ ਜੀਵ-ਇਸਤ੍ਰੀ) ਆਨੰਦ ਨਾਲ ਮਾਣਦੀ ਹੈ ।੧।ਰਹਾਉ ।
ਜੇ ਜੀਵ ਦਾ ਮਨ (ਵਿਕਾਰਾਂ ਦੀ ਛੋਹ ਨਾਲ) ਜੂਠਾ ਹੋ ਚੁਕਾ ਹੈ, ਤਾਂ ਉਸ ਦੇ ਸਰੀਰ ਵਿਚ ਭੀ ਜੂਠ ਹੀ ਜੂਠ ਹੈ (ਸਾਰੇ ਗਿਆਨ-ਇੰਦ੍ਰੇ ਵਿਕਾਰਾਂ ਵਲ ਹੀ ਦੌੜਦੇ ਹਨ) ਉਸ ਦੀ ਜੀਭ (ਖਾਣ ਦੇ ਚਸਕਿਆਂ ਨਾਲ) ਜੂਠੀ ਹੋਈ ਰਹਿੰਦੀ ਹੈ, ਝੂਠੇ ਮੂੰਹ ਨਾਲ ਬੋਲਣ ਦਾ ਹੀ ਸੁਭਾਉ ਬਣ ਜਾਂਦਾ ਹੈ ।
ਅਜੇਹਾ ਜੀਵ (ਕਿਸੇ ਬਾਹਰਲੇ ਸੁੱਚ ਆਦਿਕ ਕਰਮ ਨਾਲ ਅੰਦਰੋਂ) ਸੁੱਚਾ ਕਦੇ ਭੀ ਨਹੀਂ ਹੋ ਸਕਦਾ ।
ਗੁਰੂ ਦੇ ਸ਼ਬਦ-ਜਲ ਤੋਂ ਬਿਨਾ (ਮਨ) ਮਾਂਜਿਆ ਨਹੀਂ ਜਾ ਸਕਦਾ, (ਤੇ) ਇਹ ਸੱਚ (ਸਿਮਰਨ) ਸਦਾ-ਥਿਰ ਪ੍ਰਭੂ ਤੋਂ ਹੀ ਮਿਲਦਾ ਹੈ ।੧ ।
ਜੇ ਪਤੀ-ਪ੍ਰਭੂ (ਜੀਵ-ਇਸਤ੍ਰੀ ਦੇ ਹਿਰਦੇ-ਦੇਸ ਵਿਚ ਪਰਗਟ ਨਹੀਂ, ਉਸ ਦੇ ਹਿਰਦੇ ਨੂੰ ਛੱਡ ਕੇ) ਹੋਰ ਹੋਰ ਹਿਰਦੇ-ਦੇਸ ਦਾ ਨਿਵਾਸੀ ਹੈ, ਤਾਂ ਪਤੀ ਤੋਂ ਵਿੱਛੁੜੀ ਹੋਈ ਉਹ ਜੀਵ-ਇਸਤ੍ਰੀ ਝੂਰਦੀ ਰਹਿੰਦੀ ਹੈ (ਅੰਦਰੇ ਅੰਦਰ ਚਿੰਤਾ ਨਾਲ ਖਾਧੀ ਜਾਂਦੀ ਹੈ) ।
ਜਿਵੇਂ ਥੋੜ੍ਹੇ ਪਾਣੀ ਵਿਚ ਮੱਛੀ ਤੜਫਦੀ ਹੈ, ਤਿਵੇਂ ਉਹ ਤਰਲੇ ਲੈਂਦੀ ਰਹਿੰਦੀ ਹੈ ।
ਆਤਮਕ ਸੁਖ ਤਦੋਂ ਹੀ ਮਿਲਦਾ ਹੈ, ਜਦੋਂ ਪ੍ਰਭੂ-ਪਤੀ ਨੂੰ (ਜੀਵ-ਇਸਤ੍ਰੀ) ਚੰਗੇ ਲੱਗੇ, ਜਦੋਂ ਉਹ ਆਪ (ਉਸ ਉਤੇ) ਮਿਹਰ ਦੀ ਨਜ਼ਰ ਕਰੇ ।੨ ।
(ਹੇ ਜੀਵ-ਇਸਤ੍ਰੀ!) ਤੂੰ ਸਖੀਆਂ ਸਹੇਲੀਆਂ ਨਾਲ ਮਿਲ ਕੇ (ਭਾਵ, ਸਾਧ-ਸੰਗਤਿ ਵਿਚ ਬੈਠ ਕੇ) ਆਪਣੇ ਪਤੀ-ਪ੍ਰਭੂ ਦੀ ਸਿਫ਼ਤਿ-ਸਾਲਾਹ ਕਰ ।
(ਜੇਹੜੀ ਜੀਵ-ਇਸਤ੍ਰੀ ਸਿਫ਼ਤਿ-ਸਾਲਾਹ ਕਰਦੀ ਹੈ, ਉਸ ਦੇ) ਹਿਰਦੇ ਵਿਚ ਪ੍ਰਭੂ ਪ੍ਰਗਟ ਹੋ ਜਾਂਦਾ ਹੈ, ਉਸ ਦਾ ਮਨ (ਪ੍ਰਭੂ ਦੇ ਪ੍ਰੇਮ ਵਿਚ) ਮੋਹਿਆ ਜਾਂਦਾ ਹੈ, ਉਹ ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗੀ ਹੋਈ ਉਸ ਦਾ ਦਰਸ਼ਨ ਕਰਦੀ ਹੈ, ਗੁਰੂ ਦੇ ਸ਼ਬਦ (ਦੀ ਬਰਕਤਿ) ਨਾਲ ਉਸ ਦਾ ਜੀਵਨ ਸੰਵਰ ਜਾਂਦਾ ਹੈ, ਗੁਣਾਂ ਨਾਲ ਉਹ ਸੋਹਣੀ ਬਣ ਜਾਂਦੀ ਹੈ, ਤੇ ਪਤੀ ਪ੍ਰਭੂ ਉਸ ਨੂੰ ਪਿਆਰ ਕਰਦਾ ਹੈ ।੩ ।
(ਗੁਣ ਤੋਂ ਸੱਖਣੀ ਹੋਣ ਕਰਕੇ) ਜੇਹੜੀ ਜੀਵ-ਇਸਤ੍ਰੀ (ਅੰਦਰੋਂ) ਖੋਟੀ ਹੈ ਤੇ ਅੌਗੁਣਾਂ ਨਾਲ ਭਰੀ ਹੋਈ ਹੈ ਉਸ ਦਾ ਜੀਵਨ ਵਿਅਰਥ ਚਲਾ ਜਾਂਦਾ ਹੈ, ਨਾਹ ਇਸ ਲੋਕ ਵਿਚ ਨਾਹ ਪਰਲੋਕ ਵਿਚ ਕਿਤੇ ਭੀ ਉਸ ਨੂੰ ਆਤਮਕ ਸੁਖ ਨਹੀਂ ਮਿਲਦਾ; ਝੂਠ ਵਿਚ ਵਿਕਾਰ ਵਿਚ ਉਹ ਸੜ ਜਾਂਦੀ ਹੈ (ਉਸ ਦਾ ਆਤਮਕ ਜੀਵਨ ਸੜ ਜਾਂਦਾ ਹੈ); (ਉਸ ਦੇ ਵਾਸਤੇ) ਜਨਮ ਮਰਨ ਦਾ ਅੌਖਾ ਗੇੜ ਬਣਿਆ ਰਹਿੰਦਾ ਹੈ ਕਿਉਂਕਿ) ਕੰਤ-ਪ੍ਰਭੂ ਨੇ ਉਸ ਨੂੰ ਭੁਲਾ ਦਿੱਤਾ ਹੁੰਦਾ ਹੈ ।੪।ਪਰ ਉਹ ਪਤੀ-ਪ੍ਰਭੂ ਦੀ ਸੋਹਣੀ ਨਾਰ ਸੀ, ਉਹ ਕਿਸ ਸੁਆਦ ਵਿਚ (ਫਸਣ ਕਰਕੇ) ਛੁੱਟੜ ਹੋ ਗਈ ?
ਉਹ ਕਿਉਂ ਵਿਅਰਥ ਫ਼ਜ਼ੂਲ ਬੋਲ ਬੋਲਦੀ ਹੈ ਜੋ ਪਤੀ-ਪ੍ਰਭੂ ਨਾਲ ਮਿਲਾਪ ਵਾਸਤੇ ਕੰਮ ਨਹੀਂ ਦੇ ਸਕਦਾ ?
ਉਹ ਜੀਵ-ਇਸਤ੍ਰੀ (ਪ੍ਰਭੂ ਨੂੰ ਭੁਲਾ ਕੇ) ਮਾਇਆ ਦੇ ਸੁਆਦ ਵਿਚ (ਫਸਣ ਕਰਕੇ) ਛੁੱਟੜ ਹੋਈ ਹੈ, (ਤਾਹੀਏਂ ਉਸ ਨੂੰ) ਪ੍ਰਭੂ ਦੇ ਮਹਲ ਵਿਚ (ਟਿਕਣ ਲਈ) ਆਸਰਾ ਨਹੀਂ ਮਿਲਦਾ (ਮਾਇਆ ਦਾ ਮੋਹ ਉਸ ਨੂੰ ਭਟਕਣਾ ਵਿਚ ਪਾਈ ਰੱਖਦਾ ਹੈ) ।੫ ।
ਪੰਡਿਤ ਲੋਕ ਧਾਰਮਿਕ ਪੁਸਤਕਾਂ ਪੜ੍ਹਦੇ ਹਨ (ਪਰ ਅੰਦਰੋਂ ਗੁਣ-ਹੀਨ ਹੋਣ ਕਰਕੇ ਉਹਨਾਂ ਪੁਸਤਕਾਂ ਦੀ) ਵਿਚਾਰ ਨਹੀਂ ਸਮਝਦੇ; ਹੋਰਨਾਂ ਨੂੰ ਹੀ ਮੱਤਾਂ ਦੇ ਕੇ (ਜਗਤ ਤੋਂ) ਚਲੇ ਜਾਂਦੇ ਹਨ (ਉਹਨਾਂ ਦਾ ਇਹ ਸਾਰਾ ਉੱਦਮ) ਮਾਇਆ ਕਮਾਣ ਲਈ ਵਪਾਰ ਹੀ ਬਣਿਆ ਰਹਿ ਜਾਂਦਾ ਹੈ ।
ਸਾਰਾ ਜਗਤ ਝੂਠੀ ਕਥਨੀ ਵਿਚ ਹੀ ਭਟਕਦਾ ਰਹਿੰਦਾ ਹੈ (ਭਾਵ, ਆਮ ਤੌਰ ਤੇ ਜੀਵਾਂ ਦੇ ਅੰਦਰ ਝੂਠ-ਫਰੇਬ ਹੈ, ਤੇ ਬਾਹਰ ਗਿਆਨ ਦੀਆਂ ਗੱਲਾਂ ਹਨ) ।
ਪ੍ਰਭੂ ਦੀ ਸਿਫ਼ਤਿ-ਸਾਲਾਹ ਦਾ ਸ਼ਬਦ (ਹਿਰਦੇ ਵਿਚ ਟਿਕਾਈ ਰੱਖਣਾ) ਹੀ ਸ੍ਰੇਸ਼ਟ ਰਹਿਣੀ ਹੈ ।੬ ।
ਅਨੇਕਾਂ ਹੀ ਪੰਡਿਤ ਜੋਤਸ਼ੀ (ਆਦਿਕ) ਵੇਦਾਂ (ਦੇ ਮੰਤ੍ਰਾਂ) ਨੂੰ ਵਿਚਾਰਦੇ ਹਨ, ਆਪੋ ਵਿਚ ਮਤ-ਭੇਦ ਹੋਣ ਦੇ ਕਾਰਨ (ਚਰਚਾ ਕਰਦੇ ਹਨ ਤੇ ਵਿਦਵਤਾ ਦੇ ਕਾਰਨ) ਵਾਹ ਵਾਹ ਅਖਵਾਂਦੇ ਹਨ, ਪਰ ਨਿਰੇ ਇਸ ਮਤ-ਭੇਦ ਵਿਚ ਰਹਿ ਕੇ ਹੀ ਉਹਨਾਂ ਦਾ ਜਨਮ ਮਰਨ ਬਣਿਆ ਰਹਿੰਦਾ ਹੈ ।
ਕੋਈ ਭੀ ਮਨੁੱਖ (ਨਿਰਾ ਚੰਗਾ) ਵਖਿਆਨ ਕਰ ਕੇ ਜਾਂ ਸੁਣ ਕੇ (ਆਤਮਕ ਆਨੰਦ ਨਹੀਂ ਲੈ ਸਕਦਾ, ਤੇ ਜਨਮ ਮਰਨ ਦੇ ਗੇੜ ਵਿਚੋਂ) ਖ਼ਲਾਸੀ ਹਾਸਲ ਨਹੀਂ ਕਰ ਸਕਦਾ ।
(ਹਉਮੈ ਅਹੰਕਾਰ ਛੱਡ ਕੇ ਗੁਰੂ ਦੀ ਸਰਨ ਪੈਣ ਦੀ ਲੋੜ ਹੈ) ਗੁਰੂ ਦੀ ਬਖ਼ਸ਼ਸ਼ ਤੋਂ ਬਿਨਾ (ਮਾਇਆ ਦੇ ਮੋਹ ਤੋਂ) ਖ਼ਲਾਸੀ ਨਹੀਂ ਹੁੰਦੀ ।੭ ।
(ਜੇਹੜੀਆਂ ਜੀਵ-ਇਸਤ੍ਰੀਆਂ ਪ੍ਰਭੂ-ਪਤੀ ਨੂੰ ਪਿਆਰੀਆਂ ਲੱਗਦੀਆਂ ਹਨ, ਉਹੀ) ਸਾਰੀਆਂ ਗੁਣਾਂ ਵਾਲੀਆਂ ਆਖੀਆਂ ਜਾਂਦੀਆਂ ਹਨ ।
ਪਰ ਮੇਰੇ ਅੰਦਰ ਕੋਈ ਐਸਾ ਗੁਣ ਨਹੀਂ ਹੈ (ਜਿਸ ਦੀ ਬਰਕਤਿ ਨਾਲ ਮੈਂ ਪ੍ਰਭੂ-ਪਿਆਰ ਨੂੰ ਆਪਣੇ ਹਿਰਦੇ ਵਿਚ ਵਸਾ ਸਕਾਂ) ।
ਜੇ ਉਹ ਹਰੀ-ਪਤੀ ਪ੍ਰਭੂ ਮੈਨੂੰ ਪਿਆਰਾ ਲੱਗਣ ਲੱਗ ਪਏ, ਤਾਂ ਮੈਂ ਭੀ ਉਸ ਦੀ ਸੋਹਣੀ ਨਾਰ ਬਣ ਜਾਵਾਂ ।
ਹੇ ਨਾਨਕ! ਗੁਰੂ ਦੇ ਸ਼ਬਦ ਵਿਚ (ਜੁੜ ਕੇ ਜਿਸ ਨੇ ਪ੍ਰਭੂ-ਚਰਨਾਂ ਨਾਲ) ਸੋਹਣਾ ਮਿਲਾਪ ਹਾਸਲ ਕਰ ਲਿਆ ਹੈ ਉਸ ਦਾ ਉਸ ਤੋਂ ਫਿਰ ਵਿਛੋੜਾ ਨਹੀਂ ਹੁੰਦਾ ।੮।੫ ।
Follow us on Twitter Facebook Tumblr Reddit Instagram Youtube