ਸਿਰੀਰਾਗੁ ਮਹਲਾ ੫ ਘਰੁ ੭ ॥
ਤੇਰੈ ਭਰੋਸੈ ਪਿਆਰੇ ਮੈ ਲਾਡ ਲਡਾਇਆ ॥
ਭੂਲਹਿ ਚੂਕਹਿ ਬਾਰਿਕ ਤੂੰ ਹਰਿ ਪਿਤਾ ਮਾਇਆ ॥੧॥

ਸੁਹੇਲਾ ਕਹਨੁ ਕਹਾਵਨੁ ॥
ਤੇਰਾ ਬਿਖਮੁ ਭਾਵਨੁ ॥੧॥ ਰਹਾਉ ॥

ਹਉ ਮਾਣੁ ਤਾਣੁ ਕਰਉ ਤੇਰਾ ਹਉ ਜਾਨਉ ਆਪਾ ॥
ਸਭ ਹੀ ਮਧਿ ਸਭਹਿ ਤੇ ਬਾਹਰਿ ਬੇਮੁਹਤਾਜ ਬਾਪਾ ॥੨॥

ਪਿਤਾ ਹਉ ਜਾਨਉ ਨਾਹੀ ਤੇਰੀ ਕਵਨ ਜੁਗਤਾ ॥
ਬੰਧਨ ਮੁਕਤੁ ਸੰਤਹੁ ਮੇਰੀ ਰਾਖੈ ਮਮਤਾ ॥੩॥

ਭਏ ਕਿਰਪਾਲ ਠਾਕੁਰ ਰਹਿਓ ਆਵਣ ਜਾਣਾ ॥
ਗੁਰ ਮਿਲਿ ਨਾਨਕ ਪਾਰਬ੍ਰਹਮੁ ਪਛਾਣਾ ॥੪॥੨੭॥੯੭॥

Sahib Singh
ਲਾਡ ਲਡਾਇਆ = ਲਾਡ ਕਰਦਾ ਰਿਹਾ, ਲਾਡਾਂ ਵਿਚ ਦਿਨ ਕੱਟਦਾ ਰਿਹਾ ।
ਚੂਕਹਿ = ਉਕਾਈ ਕਰਦੇ ਹਨ ।
ਮਾਇਆ = ਮਾਂ ।੧ ।
ਸੁਹੇਲਾ = ਸੌਖਾ ।
ਬਿਖਮੁ = ਅੌਖਾ ।
ਭਾਵੁਨ = ਭਾਣਾ ਮੰਨਣਾ ।੧।ਰਹਾਉ ।
ਹਉ ਕਰਉ = ਮੈਂ ਕਰਦਾ ਹਾਂ ।
ਜਾਨਉ ਆਪਾ = ਤੈਨੂੰ ਆਪਣਾ ਜਾਣਦਾ ਹਾਂ ।
ਮਧਿ = ਵਿਚ ।੨ ।
ਜੁਗਤਾ = ਤਰੀਕਾ ।
ਤੇਰੀ ਕਵਨ ਜੁਗਤਾ = ਤੈਨੂੰ ਪ੍ਰਸੰਨ ਕਰਨ ਦਾ ਕੇਹੜਾ ਤਰੀਕਾ ਹੈ ?
ਬੰਧਨ ਮੁਕਤੁ = ਬੰਧਨਾਂ ਤੋਂ ਆਜ਼ਾਦ ਕਰਨ ਵਾਲਾ ।
ਮਮਤਾ = ‘ਮੇਰਾ’ ਆਖਣ ਦਾ ਦਾਹਵਾ ।੩।ਆਵਣ ਜਾਣਾ—ਜੰਮਣਾ ਮਰਨਾ ।
ਗੁਰ ਮਿਲਿ = ਗੁਰੂ ਨੂੰ ਮਿਲ ਕੇ ।੪ ।
    
Sahib Singh
ਹੇ ਪ੍ਰਭੂ! ਤੇਰਾ ਭਾਣਾ ਮੰਨਣਾ (ਤੇਰੀ ਮਰਜ਼ੀ ਵਿਚ ਤੁਰਨਾ) ਅੌਖਾ ਹੈ, (ਪਰ ਇਹ) ਆਖਣਾ ਅਖਵਾਣਾ ਸੌਖਾ ਹੈ (ਕਿ ਅਸੀਂ ਤੇਰਾ ਭਾਣਾ ਮੰਨਦੇ ਹਾਂ) ।੧।ਰਹਾਉ ।
ਹੇ ਪਿਆਰੇ (ਪ੍ਰਭੂ-ਪਿਤਾ)! ਤੇਰੇ ਪਿਆਰ ਦੇ ਭਰੋਸੇ ਤੇ ਮੈਂ ਲਾਡਾਂ ਵਿਚ ਹੀ ਦਿਨ ਗੁਜ਼ਾਰ ਦਿੱਤੇ ਹਨ ।
(ਮੈਨੂੰ ਯਕੀਨ ਹੈ ਕਿ) ਤੂੰ ਸਾਡਾ ਮਾਂ ਪਿਉ ਹੈਂ, ਤੇ ਬੱਚੇ ਭੁੱਲਾਂ ਤੇ ਉਕਾਈਆਂ ਕਰਿਆ ਹੀ ਕਰਦੇ ਹਨ ।੧ ।
ਹੇ ਮੇਰੇ ਬੇ-ਮੁਥਾਜ ਪਿਤਾ (-ਪ੍ਰਭੂ)! ਮੈਂ ਤੇਰਾ (ਹੀ) ਮਾਣ ਕਰਦਾ ਹਾਂ (ਮੈਨੂੰ ਇਹ ਫ਼ਖ਼ਰ ਹੈ ਕਿ ਤੂੰ ਮੇਰੇ ਸਿਰ ਤੇ ਹੈਂ), ਮੈਂ ਤੇਰਾ (ਹੀ) ਆਸਰਾ ਰੱਖਦਾ ਹਾਂ ।
ਮੈਂ ਜਾਣਦਾ ਹਾਂ ਕਿ ਤੂੰ ਮੇਰਾ ਆਪਣਾ ਹੈਂ ।
ਤੂੰ ਸਭ ਜੀਵਾਂ ਦੇ ਅੰਦਰ ਵੱਸਦਾ ਹੈਂ, ਤੇ ਸਭਨਾਂ ਤੋਂ ਬਾਹਰ ਭੀ ਹੈਂ (ਨਿਰਲੇਪ ਭੀ ਹੈਂ) ।
ਹੇ ਪਿਤਾ-ਪ੍ਰਭੂ! ਮੈਨੂੰ ਪਤਾ ਨਹੀਂ ਕਿ ਤੈਨੂੰ ਪ੍ਰਸੰਨ ਕਰਨ ਦਾ ਕੇਹੜਾ ਤਰੀਕਾ ਹੈ ।
ਹੇ ਸੰਤ ਜਨੋ! ਪਿਤਾ-ਪ੍ਰਭੂ ਮੈਨੂੰ ਮਾਇਆ ਦੇ ਬੰਧਨਾਂ ਤੋਂ ਆਜ਼ਾਦ ਕਰਨ ਵਾਲਾ ਹੈ ।
ਉਹ ਮੈਨੂੰ ਆਪਣਾ ਜਾਣਦਾ ਹੈ ।੩ ।
ਹੇ ਨਾਨਕ! ਪਾਲਣਹਾਰ ਪ੍ਰਭੂ ਜੀ ਜਿਸ ਮਨੁੱਖ ਉਤੇ ਦਇਆਵਾਨ ਹੁੰਦੇ ਹਨ, ਉਸ ਦਾ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ ।
ਗੁਰੂ ਨੂੰ ਮਿਲ ਕੇ ਹੀ ਉਹ ਮਨੁੱਖ ਉਸ ਬੇਅੰਤ ਪਰਮਾਤਮਾ ਨਾਲ ਡੂੰਘੀ ਸਾਂਝ ਪਾ ਲੈਂਦਾ ਹੈ ।੪।੨੭।੯੭ ।
Follow us on Twitter Facebook Tumblr Reddit Instagram Youtube