ਸਿਰੀਰਾਗੁ ਮਹਲਾ ੫ ॥
ਤਿਚਰੁ ਵਸਹਿ ਸੁਹੇਲੜੀ ਜਿਚਰੁ ਸਾਥੀ ਨਾਲਿ ॥
ਜਾ ਸਾਥੀ ਉਠੀ ਚਲਿਆ ਤਾ ਧਨ ਖਾਕੂ ਰਾਲਿ ॥੧॥

ਮਨਿ ਬੈਰਾਗੁ ਭਇਆ ਦਰਸਨੁ ਦੇਖਣੈ ਕਾ ਚਾਉ ॥
ਧੰਨੁ ਸੁ ਤੇਰਾ ਥਾਨੁ ॥੧॥ ਰਹਾਉ ॥

ਜਿਚਰੁ ਵਸਿਆ ਕੰਤੁ ਘਰਿ ਜੀਉ ਜੀਉ ਸਭਿ ਕਹਾਤਿ ॥
ਜਾ ਉਠੀ ਚਲਸੀ ਕੰਤੜਾ ਤਾ ਕੋਇ ਨ ਪੁਛੈ ਤੇਰੀ ਬਾਤ ॥੨॥

ਪੇਈਅੜੈ ਸਹੁ ਸੇਵਿ ਤੂੰ ਸਾਹੁਰੜੈ ਸੁਖਿ ਵਸੁ ॥
ਗੁਰ ਮਿਲਿ ਚਜੁ ਅਚਾਰੁ ਸਿਖੁ ਤੁਧੁ ਕਦੇ ਨ ਲਗੈ ਦੁਖੁ ॥੩॥

ਸਭਨਾ ਸਾਹੁਰੈ ਵੰਞਣਾ ਸਭਿ ਮੁਕਲਾਵਣਹਾਰ ॥
ਨਾਨਕ ਧੰਨੁ ਸੋਹਾਗਣੀ ਜਿਨ ਸਹ ਨਾਲਿ ਪਿਆਰੁ ॥੪॥੨੩॥੯੩॥

Sahib Singh
ਤਿਚਰੁ = ਉਤਨਾ ਚਿਰ ।
ਵਸਹਿ = ਤੂੰ ਵੱਸੇਂਗੀ ।
ਸੁਹੇਲੜੀ = ਸੌਖੀ ।
ਸਾਥੀ = (ਜੀਵਾਤਮਾ = ) ਸਾਥੀ ।
ਜਾ = ਜਦੋਂ ।
ਧਨ = ਹੇ ਧਨ !
    ਹੇ ਕਾਇਆਂ !
ਖਾਕੂ ਰਾਲਿ = ਮਿੱਟੀ ਵਿਚ ਰਲ ਗਈ ।੧ ।
ਮਨਿ = ਮਨ ਵਿਚ ।
ਬੈਰਾਗੁ = ਪ੍ਰੇਮ ।
ਧੰਨੁ = ਭਾਗਾਂ ਵਾਲਾ ।
ਸੁ = ਉਹ (ਸਰੀਰ) ।
ਥਾਨੁ = ਨਿਵਾਸ ।੧।ਰਹਾਉ ।
ਘਰਿ = ਘਰ ਵਿਚ ।
ਕੰਤੁ = ਖਸਮ, ਜੀਵਾਤਮਾ ।
ਜੀਉ ਜੀਉ = ਜੀ ਜੀ, ਆਦਰ ਦੇ ਬਚਨ ।
ਉਠੀ = ਉਠਿ, ਉੱਠ ਕੇ ।
ਚਲਸੀ = ਚਲਾ ਜਾਇਗਾ ।
ਕੰਤੜਾ = ਵਿਚਾਰਾ ਕੰਤ, ਵਿਚਾਰਾ ਜੀਵਾਤਮਾ ।੨ ।
ਪੇਈਅੜੈ = ਪੇਕੇ ਘਰ ਵਿਚ, ਇਸ ਲੋਕ ਵਿਚ ।
ਸਹੁ = ਖਸਮ, ਸ਼ਹੁ ।
ਸੇਵਿ = ਸਿਮਰ ।
ਸਾਹੁਰੜੈ = ਸਹੁਰੇ ਘਰ ਵਿਚ, ਪਰਲੋਕ ਵਿਚ ।
ਸੁਖਿ = ਸੁਖ ਨਾਲ ।
ਗੁਰ ਮਿਲਿ = ਗੁਰੂ ਨੂੰ ਮਿਲ ਕੇ ।
ਚਜੁ = ਕੰਮ ਕਰਨ ਦੀਜਾਚ, ਜੀਵਨ-ਜਾਚ ।
ਅਚਾਰੁ = ਚੰਗਾ ਚਲਨ ।
ਸਿਖੁ = {ਕਿ੍ਰਆ ਹੈ ।
    ਹੁਕਮੀ ਭਵਿੱਖਤ ਮੱਧਮ ਪੁਰਖ, ਇਕ-ਵਚਨ} ਸਿੱਖੁ ।੩ ।
ਵੰਞਣਾ = ਜਾਣਾ ।
ਸਭਿ = ਸਾਰੀਆਂ ਜੀਵ = ਇਸਤ੍ਰੀਆਂ ।
ਸਹ ਨਾਲਿ = ਖਸਮ ਦੇ ਨਾਲ {ਨੋਟ:- ਲਫ਼ਜ਼ ‘ਸਹੁ’ ਅਤੇ ‘ਸਹ’ ਦਾ ਫ਼ਰਕ ਚੇਤੇ ਰੱਖਣ-ਜੋਗ ਹੈ} ।੪ ।
    
Sahib Singh
(ਹੇ ਹਰੀ!) ਉਹ ਸਰੀਰ ਭਾਗਾਂ ਵਾਲਾ ਹੈ ਜਿਸ ਵਿਚ ਤੇਰਾ ਨਿਵਾਸ ਹੈ (ਜਿੱਥੇ ਤੈਨੂੰ ਯਾਦ ਕੀਤਾ ਜਾ ਰਿਹਾ ਹੈ) ।
(ਉਹ ਮਨੁੱਖ ਭਾਗਾਂ ਵਾਲਾ ਹੈ ਜਿਸ ਦੇ) ਮਨ ਵਿਚ ਤੇਰਾ ਪਿਆਰ ਪੈਦਾ ਹੋ ਗਿਆ ਹੈਂ, ਜਿਸ ਦੇ ਮਨ ਵਿਚ ਤੇਰੇ ਦਰਸ਼ਨ ਦੀ ਤਾਂਘ ਪੈਦਾ ਹੋਈ ਹੈ ।੧।ਰਹਾੳੇੁ ।
ਹੇ ਕਾਂਇਆਂ! ਤੂੰ ਉਤਨਾ ਚਿਰ ਹੀ ਸੁਖੀ ਵੱਸੇਂਗੀ, ਜਿਤਨਾ ਚਿਰ (ਜੀਵਾਤਮਾ ਤੇਰਾ) ਸਾਥੀ (ਤੇਰੇ) ਨਾਲ ਹੈ ।
ਜਦੋਂ (ਤੇਰਾ) ਸਾਥੀ (ਜੀਵਾਤਮਾ) ਉੱਠ ਕੇ ਚੱਲ ਪਏਗਾ, ਤਦੋਂ, ਹੇ ਕਾਂਇਆਂ! ਤੂੰ ਮਿੱਟੀ ਵਿਚ ਰਲ ਜਾਇਂਗੀ ।੧ ।
ਹੇ ਕਾਂਇਆਂ! ਜਿਤਨਾ ਚਿਰ ਤੇਰਾ ਖਸਮ (ਜੀਵਾਤਮਾ ਤੇਰੇ) ਘਰ ਵਿਚ ਵੱਸਦਾ ਹੈ, ਸਾਰੇ ਲੋਕ ਤੈਨੂੰ ‘ਜੀ ਜੀ’ ਆਖਦੇ ਹਨ (ਸਾਰੇ ਤੇਰਾ ਆਦਰ ਕਰਦੇ ਹਨ) ।
ਪਰ ਜਦੋਂ ਨਿਮਾਣਾ ਕੰਤ (ਜੀਵਾਤਮਾ) ਉੱਠ ਕੇ ਤੁਰ ਪਏਗਾ, ਤਦੋਂ ਕੋਈ ਭੀ ਤੇਰੀ ਵਾਤ ਨਹੀਂ ਪੁੱਛਦਾ ।੨ ।
(ਹੇ ਜਿੰਦੇ! ਜਿਤਨਾ ਚਿਰ ਤੂੰ) ਪੇਕੇ ਘਰ ਵਿਚ (ਸੰਸਾਰ ਵਿਚ ਹੈਂ, ਉਤਨਾ ਚਿਰ) ਤੂੰ ਖਸਮ-ਪ੍ਰਭੂ ਨੂੰ ਸਿਮਰਦੀ ਰਹੁ, ਸਹੁਰੇ ਘਰ ਵਿਚ (ਪਰਲੋਕ ਵਿਚ ਜਾ ਕੇ) ਤੂੰ ਸੁਖੀ ਵੱਸੇਂਗੀ ।
(ਹੇ ਜਿੰਦੇ!) ਗੁਰੂ ਨੂੰ ਮਿਲ ਕੇ ਜੀਵਨ-ਜਾਚ ਸਿੱਖ, ਚੰਗਾ ਆਚਰਨ ਬਣਾਣਾ ਸਿੱਖ, ਤੈਨੂੰ ਕਦੇ ਕੋਈ ਦੁੱਖ ਨਹੀਂ ਵਿਆਪੇਗਾ ।੩ ।
ਸਭ ਜੀਵ-ਇਸਤ੍ਰੀਆਂ ਨੇ ਸਹੁਰੇ ਘਰ (ਪਰਲੋਕ ਵਿਚ ਆਪੋ ਆਪਣੀ ਵਾਰੀ) ਚਲੇ ਜਾਣਾ ਹੈ, ਸਾਰੀਆਂ ਨੇ ਮੁਕਲਾਵੇ ਜਾਣਾ ਹੈ ।
ਹੇ ਨਾਨਕ! ਉਹ ਉਹ ਜੀਵ-ਇਸਤ੍ਰੀ ਸੁਹਾਗ-ਭਾਗ ਵਾਲੀ ਹੈ ਜਿਨ੍ਹਾਂ ਦਾ ਖਸਮ-ਪ੍ਰਭੂ ਨਾਲ ਪਿਆਰ (ਬਣ ਗਿਆ) ਹੈ ।੪।੨੩।੯੩ ।
Follow us on Twitter Facebook Tumblr Reddit Instagram Youtube