ਸਿਰੀਰਾਗੁ ਮਹਲਾ ੫ ॥
ਮਿਠਾ ਕਰਿ ਕੈ ਖਾਇਆ ਕਉੜਾ ਉਪਜਿਆ ਸਾਦੁ ॥
ਭਾਈ ਮੀਤ ਸੁਰਿਦ ਕੀਏ ਬਿਖਿਆ ਰਚਿਆ ਬਾਦੁ ॥
ਜਾਂਦੇ ਬਿਲਮ ਨ ਹੋਵਈ ਵਿਣੁ ਨਾਵੈ ਬਿਸਮਾਦੁ ॥੧॥

ਮੇਰੇ ਮਨ ਸਤਗੁਰ ਕੀ ਸੇਵਾ ਲਾਗੁ ॥
ਜੋ ਦੀਸੈ ਸੋ ਵਿਣਸਣਾ ਮਨ ਕੀ ਮਤਿ ਤਿਆਗੁ ॥੧॥ ਰਹਾਉ ॥

ਜਿਉ ਕੂਕਰੁ ਹਰਕਾਇਆ ਧਾਵੈ ਦਹ ਦਿਸ ਜਾਇ ॥
ਲੋਭੀ ਜੰਤੁ ਨ ਜਾਣਈ ਭਖੁ ਅਭਖੁ ਸਭ ਖਾਇ ॥
ਕਾਮ ਕ੍ਰੋਧ ਮਦਿ ਬਿਆਪਿਆ ਫਿਰਿ ਫਿਰਿ ਜੋਨੀ ਪਾਇ ॥੨॥

ਮਾਇਆ ਜਾਲੁ ਪਸਾਰਿਆ ਭੀਤਰਿ ਚੋਗ ਬਣਾਇ ॥
ਤ੍ਰਿਸਨਾ ਪੰਖੀ ਫਾਸਿਆ ਨਿਕਸੁ ਨ ਪਾਏ ਮਾਇ ॥
ਜਿਨਿ ਕੀਤਾ ਤਿਸਹਿ ਨ ਜਾਣਈ ਫਿਰਿ ਫਿਰਿ ਆਵੈ ਜਾਇ ॥੩॥

ਅਨਿਕ ਪ੍ਰਕਾਰੀ ਮੋਹਿਆ ਬਹੁ ਬਿਧਿ ਇਹੁ ਸੰਸਾਰੁ ॥
ਜਿਸ ਨੋ ਰਖੈ ਸੋ ਰਹੈ ਸੰਮ੍ਰਿਥੁ ਪੁਰਖੁ ਅਪਾਰੁ ॥
ਹਰਿ ਜਨ ਹਰਿ ਲਿਵ ਉਧਰੇ ਨਾਨਕ ਸਦ ਬਲਿਹਾਰੁ ॥੪॥੨੧॥੯੧॥

Sahib Singh
ਉਪਜਿਆ = ਪੈਦਾ ਹੋਇਆ ।
ਸਾਦੁ = ਸੁਆਦ, ਸਿੱਟਾ ।
ਸੁਰਦਿ = {ਸੁ੍ਹãਦ} ਮਿੱਤਰ ।
ਬਿਖਿਆ = ਮਾਇਆ ।
ਬਾਦੁ = ਝਗੜਾ ।
ਬਿਲਮ = ਦੇਰ, ਚਿਰ ।
ਹੋਵਈ = ਹੋਵਏ, ਹੋਵੈ ।
ਬਿਸਮਾਦੁ = ਅਸਚਰਜ (ਕੌਤਕ ਹੈ) ।੧ ।
ਵਿਣਸਣਾ = ਨਾਸਵੰਤ ।੧।ਰਹਾਉ ।
ਕੂਕਰੁ = ਕੁੱਤਾ ।
ਹਰਕਾਇਆ = ਹਲਕਾ ਹੋਇਆ ਹੋਇਆ ।
ਦਹ = ਦਸ ।
ਦਿਸ = ਪਾਸੇ ।
ਜਾਇ = ਜਾਂਦਾ ਹੈ ।
ਅਭਖੁ = ਜੋ ਚੀਜ਼ ਖਾਣ ਦੇ ਲਾਇਕ ਨਹੀਂ ।
ਮਦਿ = ਨਸ਼ੇ ਵਿਚ ।
ਬਿਆਪਿਆ = ਫਸਿਆ ਹੋਇਆ ।੨ ।
ਪਸਾਰਿਆ = ਖਿਲਾਰਿਆ ।
ਭੀਤਰਿ = ਵਿਚ ।
ਫਾਸਿਆ = ਫਸਾਇਆ ਹੋਇਆ ।
ਨਿਕਸੁ = ਨਿਕਾਸ, ਖ਼ਲਾਸੀ ।
ਮਾਇ = ਹੇ ਮਾਂ !
ਜਿਨਿ = ਜਿਸ (ਪਰਮਾਤਮਾ) ਨੇ ।੩ ।
ਬਹੁ ਬਿਧਿ = ਬਹੁਤ ਤਰੀਕਿਆਂ ਨਾਲ ।
ਸੰਮਿ੍ਰਥੁ = ਤਾਕਤ ਵਾਲਾ ।
ਅਪਾਰੁ = ਬੇਅੰਤ ।
ਉਧਰੇ = ਬਚ ਗਏ ।੪ ।
    
Sahib Singh
ਹੇ ਮੇਰੇ ਮਨ! ਗੁਰੂ ਦੀ (ਦੱਸੀ ਹੋਈ) ਸੇਵਾ ਵਿਚ ਰੁੱਝਾ ਰਹੁ ।
(ਹੇ ਭਾਈ!) ਆਪਣੇ ਮਨ ਦੇ ਪਿੱਛੇ ਤੁਰਨਾ ਛੱਡ ਦੇ ਤੇ (ਦੁਨੀਆ ਦੇ ਪਦਾਰਥਾਂ ਦਾ ਮੋਹ ਤਿਆਗ, ਕਿਉਂਕਿ) ਜੋ ਕੁਝ ਦਿੱਸ ਰਿਹਾ ਹੈ ਸਭ ਨਾਸਵੰਤ ਹੈ ।੧।ਰਹਾਉ ।
ਜੀਵ ਦੁਨੀਆ ਦੇ ਪਦਾਰਥਾਂ ਨੂੰ ਸੁਆਦਲੇ ਜਾਣ ਕੇ ਖਾਂਦਾ ਵਰਤਦਾ ਹੈ, ਪਰ ਇਹਨਾਂ (ਭੋਗਾਂ) ਦਾ ਸੁਆਦ (ਅੰਤ ਵਿਚ) ਕੌੜਾ (ਦੁਖਦਾਈ) ਸਾਬਤ ਹੁੰਦਾ ਹੈ (ਵਿਕਾਰ ਤੇ ਰੋਗ ਪੈਦਾ ਹੁੰਦੇ ਹਨ) ।
ਮਨੁੱਖ (ਜਗਤ ਵਿਚ) ਭਰਾ ਮਿੱਤਰ ਦੋਸਤ (ਆਦਿਕ) ਬਣਾਂਦਾ ਹੈ, ਤੇ (ਇਹ) ਮਾਇਆ ਦਾ ਝਗੜਾ ਖੜਾ ਕਰੀ ਰੱਖਦਾ ਹੈ ।
ਪਰਅਸਚਰਜ ਗੱਲ (ਇਹ) ਕਿ ਪਰਮਾਤਮਾ ਦੇ ਨਾਮ ਤੋਂ ਬਿਨਾ ਕਿਸੇ ਭੀ ਚੀਜ਼ ਨੂੰ ਨਾਸ ਹੁੰਦਿਆਂ ਚਿਰ ਨਹੀਂ ਲੱਗਦਾ ।੧ ।
ਜਿਵਂੇ ਹਲਕਾਇਆ ਕੁੱਤਾ ਦੌੜਦਾ ਹੈ ਤੇ ਹਰ ਪਾਸੇ ਵਲ ਭੱਜਦਾ ਹੈ, (ਤਿਵੇਂ) ਲੋਭੀ ਜੀਵ ਨੂੰ ਭੀ ਕੁਝ ਨਹੀਂ ਸੁੱਝਦਾ, ਚੰਗੀ ਮੰਦੀ ਹਰੇਕ ਚੀਜ਼ ਖਾ ਲੈਂਦਾ ਹੈ ।
ਕਾਮ ਦੇ ਤੇ ਕ੍ਰੋਧ ਦੇ ਨਸ਼ੇ ਵਿਚ ਫਸਿਆ ਹੋਇਆ ਮਨੁੱਖ ਮੁੜ ਮੁੜ ਜੂਨਾਂ ਵਿਚ ਪੈਂਦਾ ਰਹਿੰਦਾ ਹੈ ।੨ ।
ਮਾਇਆ ਨੇ ਵਿਸ਼ਿਆਂ ਦਾ ਚੋਗਾ ਜਾਲ ਵਿਚ ਤਿਆਰ ਕਰ ਕੇ ਉਹ ਜਾਲ ਖਿਲਾਰਿਆ ਹੋਇਆ ਹੈ, ਮਾਇਆ ਦੀ ਤ੍ਰਿਸ਼ਨਾ ਨੇ ਜੀਵ-ਪੰਖੀ ਨੂੰ (ਉਸ ਜਾਲ ਵਿਚ) ਫਸਾਇਆ ਹੋਇਆ ਹੈ ।
ਹੇ (ਮੇਰੀ) ਮਾਂ! (ਜੀਵ ਉਸ ਜਾਲ ਵਿਚੋਂ) ਖ਼ਲਾਸੀ ਪ੍ਰਾਪਤ ਨਹੀਂ ਕਰ ਸਕਦਾ, (ਕਿਉਂਕਿ) ਜਿਸ ਕਰਤਾਰ ਨੇ (ਇਹ ਸਭ ਕੁਝ) ਪੈਦਾ ਕੀਤਾ ਹੈ ਉਸ ਨਾਲ ਸਾਂਝ ਨਹੀਂ ਪਾਂਦਾ, ਤੇ ਮੁੜ ਮੁੜ ਜੰਮਦਾ ਮਰਦਾ ਰਹਿੰਦਾ ਹੈ ।੩ ।
ਇਸ ਜਗਤ ਨੂੰ (ਮਾਇਆ ਨੇ) ਅਨੇਕਾਂ ਕਿਸਮਾਂ ਦੇ ਰੂਪਾਂ ਰੰਗਾਂ ਵਿਚ ਕਈ ਤਰੀਕਿਆਂ ਨਾਲ ਮੋਹ ਰੱਖਿਆ ਹੈ ।
ਇਸ ਵਿਚੋਂ ਉਹੀ ਬਚ ਸਕਦਾ ਹੈ, ਜਿਸ ਨੂੰ ਸਭ ਸਮਰੱਥਾ ਵਾਲਾ ਬੇਅੰਤ ਅਕਾਲ ਪੁਰਖ ਆਪ ਬਚਾਏ ।
(ਪਰਮਾਤਮਾ ਦੀ ਮਿਹਰ ਨਾਲ) ਪਰਮਾਤਮਾ ਦੇ ਭਗਤ ਹੀ ਪਰਮਾਤਮਾ (ਦੇ ਚਰਨਾਂ) ਵਿਚ ਸੁਰਤਿ ਜੋੜ ਕੇ ਬਚਦੇ ਹਨ ।
ਹੇ ਨਾਨਕ! ਤੂੰ ਸਦਾ ਉਸ ਪਰਮਾਤਮਾ ਤੋਂ ਸਦਕੇ ਹੋਹੁ ।੪।੨੫।੯੧ ।
Follow us on Twitter Facebook Tumblr Reddit Instagram Youtube