ਸਿਰੀਰਾਗੁ ਮਹਲਾ ੫ ॥
ਸੰਤ ਜਨਹੁ ਮਿਲਿ ਭਾਈਹੋ ਸਚਾ ਨਾਮੁ ਸਮਾਲਿ ॥
ਤੋਸਾ ਬੰਧਹੁ ਜੀਅ ਕਾ ਐਥੈ ਓਥੈ ਨਾਲਿ ॥
ਗੁਰ ਪੂਰੇ ਤੇ ਪਾਈਐ ਅਪਣੀ ਨਦਰਿ ਨਿਹਾਲਿ ॥
ਕਰਮਿ ਪਰਾਪਤਿ ਤਿਸੁ ਹੋਵੈ ਜਿਸ ਨੋ ਹੌਇ ਦਇਆਲੁ ॥੧॥

ਮੇਰੇ ਮਨ ਗੁਰ ਜੇਵਡੁ ਅਵਰੁ ਨ ਕੋਇ ॥
ਦੂਜਾ ਥਾਉ ਨ ਕੋ ਸੁਝੈ ਗੁਰ ਮੇਲੇ ਸਚੁ ਸੋਇ ॥੧॥ ਰਹਾਉ ॥

ਸਗਲ ਪਦਾਰਥ ਤਿਸੁ ਮਿਲੇ ਜਿਨਿ ਗੁਰੁ ਡਿਠਾ ਜਾਇ ॥
ਗੁਰ ਚਰਣੀ ਜਿਨ ਮਨੁ ਲਗਾ ਸੇ ਵਡਭਾਗੀ ਮਾਇ ॥
ਗੁਰੁ ਦਾਤਾ ਸਮਰਥੁ ਗੁਰੁ ਗੁਰੁ ਸਭ ਮਹਿ ਰਹਿਆ ਸਮਾਇ ॥
ਗੁਰੁ ਪਰਮੇਸਰੁ ਪਾਰਬ੍ਰਹਮੁ ਗੁਰੁ ਡੁਬਦਾ ਲਏ ਤਰਾਇ ॥੨॥

ਕਿਤੁ ਮੁਖਿ ਗੁਰੁ ਸਾਲਾਹੀਐ ਕਰਣ ਕਾਰਣ ਸਮਰਥੁ ॥
ਸੇ ਮਥੇ ਨਿਹਚਲ ਰਹੇ ਜਿਨ ਗੁਰਿ ਧਾਰਿਆ ਹਥੁ ॥
ਗੁਰਿ ਅੰਮ੍ਰਿਤ ਨਾਮੁ ਪੀਆਲਿਆ ਜਨਮ ਮਰਨ ਕਾ ਪਥੁ ॥
ਗੁਰੁ ਪਰਮੇਸਰੁ ਸੇਵਿਆ ਭੈ ਭੰਜਨੁ ਦੁਖ ਲਥੁ ॥੩॥

ਸਤਿਗੁਰੁ ਗਹਿਰ ਗਭੀਰੁ ਹੈ ਸੁਖ ਸਾਗਰੁ ਅਘਖੰਡੁ ॥
ਜਿਨਿ ਗੁਰੁ ਸੇਵਿਆ ਆਪਣਾ ਜਮਦੂਤ ਨ ਲਾਗੈ ਡੰਡੁ ॥
ਗੁਰ ਨਾਲਿ ਤੁਲਿ ਨ ਲਗਈ ਖੋਜਿ ਡਿਠਾ ਬ੍ਰਹਮੰਡੁ ॥
ਨਾਮੁ ਨਿਧਾਨੁ ਸਤਿਗੁਰਿ ਦੀਆ ਸੁਖੁ ਨਾਨਕ ਮਨ ਮਹਿ ਮੰਡੁ ॥੪॥੨੦॥੯੦॥

Sahib Singh
ਸੰਤ ਜਨਹੁ = ਹੇ ਸੰਤ ਜਨੋ !
ਮਿਲਿ = (ਸਾਧ ਸੰਗਤਿ ਵਿਚ) ਮਿਲ ਕੇ ।
ਭਾਈਹੋ = ਹੇ ਭਰਾਵੋ !
ਸਚਾ = ਸਦਾ = ਥਿਰ ।
ਸਮਾਲਿ = ਸੰਭਾਲ ਕੇ, ਹਿਰਦੇ ਵਿਚ ਟਿਕਾ ਕੇ ।
ਤੋਸਾ = (ਜੀਵਨ ਸਫ਼ਰ ਦਾ) ਖ਼ਰਚ ।ਬੰਧਹੁ—ਇਕੱਠਾ ਕਰੋ ।
ਜੀਅ ਕਾ = ਜਿੰਦ ਵਾਸਤੇ ।
ਐਥੈ ਓਥੈ = ਇਸ ਲੋਕ ਤੇ ਪਰਲੋਕ ਵਿਚ ।
ਤੇ = ਤੋਂ ।
ਨਿਹਾਲਿ = ਨਿਹਾਲੇ, ਵੇਖਦਾ ਹੈ ।
ਕਰਮਿ = ਬਖ਼ਸ਼ਸ਼ ਦੀ ਰਾਹੀਂ ।
ਜਿਸ ਨੋ = {ਨੋਟ: = ਲਫ਼ਜ਼ ‘ਜਿਸ’ ਦਾ ੁ ਉੱਡ ਗਿਆ ਹੈ ।
    ਦੇਖੋ ‘ਗੁਰਬਾਣੀ ਵਿਆਕਰਣ’} ।੧ ।
ਮਨ = ਹੇ ਮਨ !
ਜੇਵਡੁ = ਜੇਡਾ ਵਡਾ ।
ਗੁਰ ਮੇਲੇ = ਗੁਰੁ ਨੂੰ ਮਿਲਾਂਦਾ ਹੈ ।
ਸੋਇ = ਉਹੀ ।੧।ਰਹਾਉ ।
ਸਗਲ = ਸਾਰੇ ।
ਜਿਨਿ = ਜਿਸ ਨੇ ।
ਜਾਇ = ਜਾ ਕੇ ।
ਜਿਨ = {ਲਫ਼ਜ਼ ‘ਜਿਨ’ ਬਹੁ = ਵਚਨ ।
ਲਫ਼ਜ਼ ‘ਜਿਨਿ’ ਇਕ = ਵਚਨ} ।
ਮਾਇ = ਹੇ ਮਾਂ !
    ।੨ ।
ਕਿਤੁ = ਕਿਸ ਦੀ ਰਾਹੀਂ ?
ਮੁਖਿ = ਮੂੰਹ ਨਾਲ ।
ਕਿਤੁ ਮੁਖਿ = ਕੇਹੜੇ ਮੂੰਹ ਨਾਲ ?
ਕਰਣ = ਸੰਸਾਰ ।
ਸਮਰਥੁ = ਤਾਕਤ ਵਾਲਾ ।
ਨਿਹਚਲ = ਅਡੋਲ, ਸਦਾ ਸੁਰਖ਼ਰੂ ।
ਗੁਰਿ = ਗੁਰੂ ਨੇ ।
ਪਥੁ = ਪਰਹੇਜ਼ ।
ਭੈ ਭੰਜਨੁ = ਸਾਰੇ ਡਰ ਦੂਰ ਕਰਨ ਵਾਲਾ ।
ਦੁਖ ਲਥੁ = ਸਾਰੇ ਦੁਖ ਲਾਹ ਦੇਣ ਵਾਲਾ ।੩ ।
ਗਹਿਰ = ਡੂੰਘਾ ।
ਗਭੀਰੁ = ਵੱਡੇ ਜਿਗਰੇ ਵਾਲਾ ।
ਸਾਗਰੁ = ਸਮੁੰਦਰ ।
ਅਘ ਖੰਡੁ = ਪਾਪਾਂ ਦਾ ਨਾਸ ਕਰਨ ਵਾਲਾ ।
ਡੰਡੁ = ਡੰਡਾ, ਸਜ਼ਾ ।
ਤੁਲਿ = ਬਰਾਬਰ ।
ਬ੍ਰਹਮੰਡੁ = ਜਹਾਨ, ਸੰਸਾਰ ।
ਨਿਧਾਨੁ = ਖ਼ਜ਼ਾਨਾ ।
ਸਤਿਗੁਰਿ = ਸਤਿਗੁਰੂ ਨੇ ।
ਮੰਡੁ = ਮੰਡਿਆ ਹੈ, ਧਾਰਿਆ ਹੈ ।੪ ।
    
Sahib Singh
ਹੇ ਮੇਰੇ ਮਨ! ਗੁਰੂ ਜੇਡਾ ਵੱਡਾ (ਉੱਚ ਜੀਵਨ ਵਾਲਾ ਜਗਤ ਵਿਚ) ਹੋਰ ਕੋਈ ਨਹੀਂ ਹੈ ।
(ਗੁਰੂ ਤੋਂ ਬਿਨਾ ਮੈਨੂੰ) ਹੋਰ ਕੋਈ ਦੂਜਾ ਆਸਰਾ ਨਹੀਂ ਦਿੱਸਦਾ ।
(ਪਰ) ਉਹ ਸਦਾ-ਥਿਰ ਰਹਿਣ ਵਾਲਾ ਪਰਮਾਤਮਾ ਆਪ ਹੀ ਗੁਰੂ ਨੂੰ ਮਿਲਾਂਦਾ ਹੈ ।੧।ਰਹਾਉ ।
ਹੇ ਸੰਤ ਜਨੋ! ਭਰਾਵੋ! (ਸਾਧ ਸੰਗਤ ਵਿਚ) ਮਿਲ ਕੇ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦਾ ਨਾਮ ਹਿਰਦੇ ਵਿਚ ਵਸਾ ਕੇ ਆਪਣੀ ਜਿੰਦ ਵਾਸਤੇ (ਜੀਵਨ-ਸਫ਼ਰ ਦਾ) ਖ਼ਰਚ ਇਕੱਠਾ ਕਰੋ ।
ਇਹ ਨਾਮ-ਰੂਪ ਸਫ਼ਰ-ਖ਼ਰਚ) ਇਸ ਲੋਕ ਵਿਚ ਤੇ ਪਰਲੋਕ ਵਿਚ (ਜਿੰਦ ਦੇ ਨਾਲ) ਨਿਭਦਾ ਹੈ ।
(ਜਦੋਂ ਪ੍ਰਭੂ) ਆਪਣੀ ਮਿਹਰ ਦੀ ਨਿਗਾਹ ਨਾਲ ਤੱਕਦਾ ਹੈ (ਤਦੋਂ ਇਹ ਨਾਮ-ਤੋਸ਼ਾ) ਪੂਰੇ ਗੁਰੂ ਤੋਂ ਮਿਲਦਾ ਹੈ ।
ਪ੍ਰਭੂ ਦੀ ਮਿਹਰ ਨਾਲ ਇਹ ਉਸ ਮਨੁੱਖ ਨੂੰ ਪ੍ਰਾਪਤ ਹੁੰਦਾ ਹੈ ਜਿਸ ਉਤੇ ਪ੍ਰਭੂ ਦਇਆਵਾਨ ਹੁੰਦਾ ਹੈ ।੧ ।
ਜਿਸ ਮਨੁੱਖ ਨੇ ਜਾ ਕੇ ਗੁਰੂ ਦਾ ਦਰਸ਼ਨ ਕੀਤਾ ਹੈ, ਉਸ ਨੂੰ ਸਾਰੇ (ਕੀਮਤੀ) ਪਦਾਰਥ ਮਿਲ ਗਏ (ਸਮਝੋ) ।
ਹੇ ਮਾਂ! ਜਿਨ੍ਹਾਂ ਮਨੁੱਖਾਂ ਦਾ ਮਨ ਗੁਰੂ ਦੇ ਚਰਨਾਂ ਵਿਚ ਜੁੜਦਾ ਹੈ, ਉਹ ਵੱਡੇ ਭਾਗਾਂ ਵਾਲੇ ਹਨ ।
ਗੁਰੂ (ਉਸ ਪਰਮਾਤਮਾ ਦਾ ਰੂਪ ਹੈ ਜੋ) ਸਭ ਦਾਤਾਂ ਦੇਣ ਵਾਲਾ ਹੈ ਜੋ ਸਭ ਤ੍ਰਹਾਂ ਦੀ ਤਾਕਤ ਦਾ ਮਾਲਕ ਹੈ ਜੋ ਸਭ ਜੀਵਾਂ ਵਿਚ ਵਿਆਪਕ ਹੈ ।
ਗੁਰੂ ਪਰਮੇਸਰ (ਦਾ ਰੂਪ) ਹੈ, ਗੁਰੂ ਪਾਰਬ੍ਰਹਮ (ਦਾ ਰੂਪ) ਹੈ, ਗੁਰੂ (ਸੰਸਾਰ-ਸਮੁੰਦਰ ਵਿਚ) ਡੁੱਬਦੇ ਜੀਵ ਨੂੰ ਪਾਰ ਲੰਘਾ ਲੈਂਦਾ ਹੈ ।੨ ।
ਕੇਹੜੇ ਮੂੰਹ ਨਾਲ ਗੁਰੂ ਦੀ ਵਡਿਆਈ ਕੀਤੀ ਜਾਏ ?
ਗੁਰੂ (ਉਸ ਪ੍ਰਭੂ ਦਾ ਰੂਪ ਹੈ ਜੋ) ਜਗਤ ਨੂੰ ਪੈਦਾ ਕਰਨ ਦੀ ਤਾਕਤ ਰੱਖਦਾ ਹੈ ।
ਉਹ ਮੱਥੇ (ਗੁਰੂ-ਚਰਨਾਂ ਵਿਚ) ਸਦਾ ਲਈ ਟਿਕੇ ਰਹਿੰਦੇ ਹਨ, ਜਿਨ੍ਹਾਂ ਉਤੇ ਗੁਰੂ ਨੇ (ਆਪਣੀ ਮਿਹਰ ਦਾ) ਹੱਥ ਰੱਖਿਆ ਹੈ ।
(ਪਰਮਾਤਮਾ ਦਾ ਨਾਮ) ਜਨਮ ਮਰਨ ਦੇ ਗੇੜ-ਰੂਪ ਰੋਗ ਦਾ ਪਰਹੇਜ਼ ਹੈ, ਆਤਮਕ ਜੀਵਨ ਦੇਣ ਵਾਲਾ ਇਹ ਨਾਮ-ਜਲ ਜਿਨ੍ਹਾਂ (ਭਾਗਾਂ ਵਾਲਿਆਂ) ਨੂੰ ਗੁਰੂ ਨੇ ਪਿਲਾਇਆ ਹੈ ਉਹ ਪਰਮੇਸਰ ਦੇ ਰੂਪ ਗੁਰੂ ਨੂੰ, ਸਾਰੇ ਡਰ ਦੂਰ ਕਰਨ ਵਾਲੇ ਗੁਰੂ ਨੂੰ, ਸਾਰੇ ਦੁੱਖ ਨਾਸ ਕਰਨ ਵਾਲੇ ਗੁਰੂ ਨੂੰ ਆਪਣੇ ਹਿਰਦੇ ਵਿਚ ਵਸਾਂਦੇ ਹਨ ।੩।ਸਤਿਗੁਰੂ (ਮਾਨੋ, ਇਕ) ਡੂੰਘਾ (ਸਮੁੰਦਰ) ਹੈ, ਗੁਰੂ ਵੱਡੇ ਜਿਗਰੇ ਵਾਲਾ ਹੈ, ਗੁਰੂ ਸਾਰੇ ਸੁਖਾਂ ਦਾ ਸਮੁੰਦਰ ਹੈ, ਗੁਰੂ ਪਾਪਾਂ ਦਾ ਨਾਸ ਕਰਨ ਵਾਲਾ ਹੈ ।
ਜਿਸ ਮਨੁੱਖ ਨੇ ਆਪਣੇ ਗੁਰੂ ਦੀ ਸੇਵਾ ਕੀਤੀ ਹੈ ਜਮਦੂਤਾਂ ਦਾ ਡੰਡਾ (ਉਸ ਦੇ ਸਿਰ ਉੱਤੇ) ਨਹੀਂ ਵੱਜਦਾ ।
ਮੈਂ ਸਾਰਾ ਸੰਸਾਰ ਭਾਲ ਕੇ ਵੇਖ ਲਿਆ ਹੈ, ਕੋਈ ਭੀ ਗੁਰੂ ਦੇ ਬਰਾਬਰ ਦਾ ਨਹੀਂ ਹੈ ।
ਹੇ ਨਾਨਕ! ਸਤਿਗੁਰੂ ਨੇ ਜਿਸ ਮਨੁੱਖ ਨੂੰ ਪਰਮਾਤਮਾ ਦਾ ਨਾਮ-ਖਜ਼ਾਨਾ ਦਿੱਤਾ ਹੈ, ਉਸ ਨੇ ਆਤਮਕ ਆਨੰਦ (ਸਦਾ ਲਈ) ਆਪਣੇ ਮਨ ਵਿਚ ਪਰੋ ਲਿਆ ਹੈ ।੪।੨੦।੬੦ ।
Follow us on Twitter Facebook Tumblr Reddit Instagram Youtube