ਸਿਰੀਰਾਗੁ ਮਹਲਾ ੫ ॥
ਪ੍ਰੀਤਿ ਲਗੀ ਤਿਸੁ ਸਚ ਸਿਉ ਮਰੈ ਨ ਆਵੈ ਜਾਇ ॥
ਨਾ ਵੇਛੋੜਿਆ ਵਿਛੁੜੈ ਸਭ ਮਹਿ ਰਹਿਆ ਸਮਾਇ ॥
ਦੀਨ ਦਰਦ ਦੁਖ ਭੰਜਨਾ ਸੇਵਕ ਕੈ ਸਤ ਭਾਇ ॥
ਅਚਰਜ ਰੂਪੁ ਨਿਰੰਜਨੋ ਗੁਰਿ ਮੇਲਾਇਆ ਮਾਇ ॥੧॥

ਭਾਈ ਰੇ ਮੀਤੁ ਕਰਹੁ ਪ੍ਰਭੁ ਸੋਇ ॥
ਮਾਇਆ ਮੋਹ ਪਰੀਤਿ ਧ੍ਰਿਗੁ ਸੁਖੀ ਨ ਦੀਸੈ ਕੋਇ ॥੧॥ ਰਹਾਉ ॥

ਦਾਨਾ ਦਾਤਾ ਸੀਲਵੰਤੁ ਨਿਰਮਲੁ ਰੂਪੁ ਅਪਾਰੁ ॥
ਸਖਾ ਸਹਾਈ ਅਤਿ ਵਡਾ ਊਚਾ ਵਡਾ ਅਪਾਰੁ ॥
ਬਾਲਕੁ ਬਿਰਧਿ ਨ ਜਾਣੀਐ ਨਿਹਚਲੁ ਤਿਸੁ ਦਰਵਾਰੁ ॥
ਜੋ ਮੰਗੀਐ ਸੋਈ ਪਾਈਐ ਨਿਧਾਰਾ ਆਧਾਰੁ ॥੨॥

ਜਿਸੁ ਪੇਖਤ ਕਿਲਵਿਖ ਹਿਰਹਿ ਮਨਿ ਤਨਿ ਹੋਵੈ ਸਾਂਤਿ ॥
ਇਕ ਮਨਿ ਏਕੁ ਧਿਆਈਐ ਮਨ ਕੀ ਲਾਹਿ ਭਰਾਂਤਿ ॥
ਗੁਣ ਨਿਧਾਨੁ ਨਵਤਨੁ ਸਦਾ ਪੂਰਨ ਜਾ ਕੀ ਦਾਤਿ ॥
ਸਦਾ ਸਦਾ ਆਰਾਧੀਐ ਦਿਨੁ ਵਿਸਰਹੁ ਨਹੀ ਰਾਤਿ ॥੩॥

ਜਿਨ ਕਉ ਪੂਰਬਿ ਲਿਖਿਆ ਤਿਨ ਕਾ ਸਖਾ ਗੋਵਿੰਦੁ ॥
ਤਨੁ ਮਨੁ ਧਨੁ ਅਰਪੀ ਸਭੋ ਸਗਲ ਵਾਰੀਐ ਇਹ ਜਿੰਦੁ ॥
ਦੇਖੈ ਸੁਣੈ ਹਦੂਰਿ ਸਦ ਘਟਿ ਘਟਿ ਬ੍ਰਹਮੁ ਰਵਿੰਦੁ ॥
ਅਕਿਰਤਘਣਾ ਨੋ ਪਾਲਦਾ ਪ੍ਰਭ ਨਾਨਕ ਸਦ ਬਖਸਿੰਦੁ ॥੪॥੧੩॥੮੩॥

Sahib Singh
ਸਚ ਸਿਉ = ਸਦਾ = ਥਿਰ ਪ੍ਰਭੂ ਨਾਲ ।
ਜਾਇ = ਜਾਂਦਾ, ਨਾਸ ਹੁੰਦਾ ।
ਆਵੈ = ਜੰਮਦਾ ।
ਭੰਜਨਾ = ਨਾਸ ਕਰਨ ਵਾਲਾ ।
ਭਾਉ = ਪ੍ਰੇਮ ।
ਸਤ ਭਾਇ = ਭਲੀ ਭਾਵਨਾ ਦੀ ਰਾਹੀਂ ।
ਨਿਰੰਜਨੁ = ਨਿਰੰਜਨੁ, {ਨਿਰ-ਅੰਜਨੁ} ਮਾਇਆ ਦੇ ਪ੍ਰਭਾਵ ਤੋਂ ਰਹਿਤ ।
ਗੁਰਿ = ਗੁਰੂ ਨੇ ।
ਮਾਇ = ਹੇ ਮਾਂ !
    ।੧ ।
ਧਿ੍ਰਗੁ = ਫਿਟਕਾਰ = ਜੋਗ ।੧।ਰਹਾਉ ।
ਦਾਨਾ = (ਸਭ ਕੁਝ) ਜਾਣਨ ਵਾਲਾ ।
ਸੀਲਵੰਤੁ = ਚੰਗੇ ਸੁਭਾਵ ਵਾਲਾ ।
ਅਪਾਰੁ ਰੂਪੁ = ਬਹੁਤ ਹੀ ਸੁੰਦਰ ਰੂਪ ਵਾਲਾ ।
ਸਖਾ = ਮਿੱਤਰ ।
ਬਿਰਧਿ = ਬੁੱਢਾ ।
ਨਿਹਚਲੁ = ਅਟੱਲ ।
ਨਿਧਾਰਾ ਆਧਾਰੁ = ਨਿਆਸਰਿਆਂ ਦਾ ਆਸਰਾ ।੨ ।
ਕਿਲਵਿਖ = ਪਾਪ ।
ਹਿਰਹਿ = ਨਾਸ ਹੋ ਜਾਂਦੇ ਹਨ ।
ਮਨਿ = ਮਨ ਵਿਚ ।
ਤਨਿ = ਸਰੀਰ ਵਿਚ ।
ਇਕ ਮਨਿ = ਏਕਾਗ੍ਰ ਮਨ ਨਾਲ, ਮਨ ਲਾ ਕੇ ।
ਭਰਾਂਤਿ = ਭਟਕਣਾ ।
ਨਵਤਨੁ = ਨਵਾਂ ਨਿਰੋਆ ।
ਵਿਸਰਹੁ = ਭੁਲਾਵੋ ।੩ ।
ਪੂਰਬਿ = ਪਹਿਲੇ ਜਨਮ ਦੇ ਸਮੇਂ ਵਿਚ ।
ਅਰਪੀ = ਮੈਂ ਅਰਪਨ ਕਰਦਾ ਹਾਂ, ਅਰਪੀਂ ।
ਵਾਰੀਐ = ਸਦਕੇ ਕਰ ਦੇਈਏ ।
ਹਦੂਰਿ = ਹਾਜ਼ਰ = ਨਾਜ਼ਰ, ਅੰਗ-ਸੰਗ ।
ਘਟਿ ਘਟਿ = ਹਰੇਕ ਘਟ ਵਿਚ ।
ਰਵਿੰਦੁ = ਰਵ ਰਿਹਾ ਹੈ ।
ਅਕਿਰਤਘਣ = {øਤÆਨ—ਕੀਤੇ ਨੂੰ ਨਾਸ ਕਰਨ ਵਾਲਾ} ਕੀਤੇ ਉਪਕਾਰ ਨੂੰ ਭੁਲਾ ਦੇਣ ਵਾਲਾ ।
ਨੋ = ਨੂੰ ।
ਪ੍ਰਭ = ਹੇ ਪ੍ਰਭੂ !
ਨਾਨਕ = ਹੇ ਨਾਨਕ !
    ।੪ ।
    
Sahib Singh
ਹੇ ਮਾਂ! ਮੇਰੀ ਪ੍ਰੀਤਿ (ਹੁਣ) ਉਸ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਨਾਲ ਲੱਗ ਗਈ ਹੈ, ਜੋ ਕਦੇ ਮਰਦਾ ਨਹੀਂ, ਜੋ ਨਾਹ ਜੰਮਦਾ ਹੈ ਨਾਹ ਮਰਦਾ ਹੈ ।
ਉਹ ਵਿਛੋੜਿਆਂ ਵਿਛੁੜਦਾ ਭੀ ਨਹੀਂ ।
(ਹੇ ਮਾਂ!) ਉਹ ਪਰਮਾਤਮਾ ਸਭ ਜੀਵਾਂ ਵਿਚ ਸਮਾ ਰਿਹਾ ਹੈ ।
(ਹੇ ਮਾਂ!) ਗਰੀਬਾਂ ਦੇ ਦਰਦ ਦੁੱਖ ਨਾਸ ਕਰਨ ਵਾਲਾ ਉਹ ਪ੍ਰਭੂ ਸੇਵਕ ਨੂੰ ਉਸ ਦੀ ਭਲੀ ਭਾਵਨਾ ਨਾਲ ਮਿਲਦਾ ਹੈ ।
ਉਸ ਪ੍ਰਭੂ ਦਾ ਸੁੰਦਰ ਰੂਪ ਹੈ, ਉਸ ਉੱਤੇ ਮਾਇਆ ਦਾ ਪ੍ਰਭਾਵ ਨਹੀਂ ਪੈਂਦਾ ।
ਹੇ ਮਾਂ! ਉਹ ਪਰਮਾਤਮਾ ਮੈਨੂੰ (ਮੇਰੇ) ਗੁਰੂ ਨੇ ਮਿਲਾ ਦਿੱਤਾ ਹੈ ।੧ ।
ਹੇ ਭਾਈ! (ਤੂੰ ਭੀ) ਉਸੇ ਪ੍ਰਭੂ ਨੂੰ ਆਪਣਾ ਮਿੱਤਰ ਬਣਾ ।
ਮਾਇਆ ਦਾ ਮੋਹ ਮਾਇਆ ਦੀ ਪ੍ਰੀਤਿ ਫਿਟਕਾਰ-ਜੋਗ ਹੈ (ਇਸ ਨੂੰ ਛੱਡ ਦੇ, ਮਾਇਆ ਦੇ ਮੋਹ ਵਿਚ ਫਸਿਆ ਹੋਇਆ) ਕੋਈ ਭੀ ਬੰਦਾ ਸੁਖੀ ਨਹੀਂ ਦਿਸਦਾ ।੧।ਰਹਾਉ ।
(ਹੇ ਭਾਈ!) ਉਹ ਪਰਮਾਤਮਾ ਸਭ ਦੇ ਦਿਲਾਂ ਦੀ ਜਾਣਨ ਵਾਲਾ ਹੈ, ਸਭ ਨੂੰ ਦਾਤਾਂ ਦੇਣ ਵਾਲਾ ਹੈ, ਮਿੱਠੇ ਸੁਭਾਉ ਵਾਲਾ ਹੈ ਪਵਿਤ੍ਰ-ਸਰੂਪ ਹੈ, ਬੇਅੰਤ ਸੋਹਣੇ ਰੂਪ ਵਾਲਾ ਹੈ, ਉਹੀ ਸਭ ਤੋਂ ਵੱਡਾ ਮਿੱਤਰ ਹੈ, ਤੇ ਸਹੈਤਾ ਕਰਨ ਵਾਲਾ ਹੈ, ਉੱਚਾ ਹੈ, ਵੱਡਾ ਹੈ, ਬੇਅੰਤ ਹੈ ।
ਨਾਹ ਉਹ ਕਦੇ ਬਾਲ ਉਮਰ ਵਾਲਾ ਹੁੰਦਾ ਹੈ, ਨਾਹ ਉਹ ਕਦੇ ਬੁੱਢਾ ਹੈ (ਭਾਵ, ਜੀਵਾਂ ਵਾਂਗ ਉਸ ਦੀ ਅਵਸਥਾ ਵਧਦੀ ਘਟਦੀ ਨਹੀਂ) ।
ਉਹ ਪ੍ਰਭੂ ਦਾ ਦਰਬਾਰ ਅਟੱਲ ਹੈ (ਉਸ ਦਾ ਹੁਕਮ ਮੋੜਿਆ ਨਹੀਂ ਜਾ ਸਕਦਾ) ।
(ਉਸ ਪਰਮਾਤਮਾ ਦੇ ਦਰ ਤੋਂ) ਜੋ ਕੁਝ ਮੰਗੀਦਾ ਹੈ ਉਹੀ ਮਿਲ ਜਾਂਦਾ ਹੈ ।
ਪਰਮਾਤਮਾ ਨਿਆਸਰਿਆਂ ਦਾ ਆਸਰਾ ਹੈ ।੨੧ ।
(ਹੇ ਭਾਈ!) ਜਿਸ ਪਰਮਾਤਮਾ ਦਾ ਦਰਸਨ ਕੀਤਿਆਂ (ਸਾਰੇ) ਪਾਪ ਨਾਸ ਹੋ ਜਾਂਦੇ ਹਨ, (ਜਿਸ ਦੇ ਦਰਸਨ ਨਾਲ) ਮਨ ਵਿਚ ਤੇ ਸਰੀਰ ਵਿਚ (ਆਤਮਕ) ਠੰਡ ਪੈ ਜਾਂਦੀ ਹੈ, ਆਪਣੇ ਮਨ ਦੀ (ਮਾਇਆ ਵਲ ਦੀ) ਭਟਕਣਾ ਦੂਰ ਕਰ ਕੇ ਉਸ ਪਰਮਾਤਮਾ ਨੂੰ ਮਨ ਲਾ ਕੇ ਸਿਮਰਨਾ ਚਾਹੀਦਾ ਹੈ ।(ਹੇ ਭਾਈ!) ਜਿਸ ਪਰਮਾਤਮਾ ਦੀ ਦਿੱਤੀ ਦਾਤਿ ਕਦੇ ਮੁੱਕਦੀ ਨਹੀਂ, ਜੋ (ਦਾਤਾਂ ਦੇਣ ਵਿਚ) ਸਦਾ ਨਵਾਂ (ਰਹਿੰਦਾ) ਹੈ (ਭਾਵ, ਜੋ ਦਾਤਾਂ ਦੇ ਦੇ ਕੇ ਕਦੇ ਅੱਕਦਾ ਨਹੀਂ) ਤੇ ਜੋ ਸਾਰੇ ਗੁਣਾਂ ਦਾ ਖ਼ਜ਼ਾਨਾ ਹੈ, ਉਸ ਨੂੰ ਸਦਾ ਹੀ ਸਿਮਰਨਾ ਚਾਹੀਦਾ ਹੈ ।
ਨਾਹ ਦਿਨੇ ਨਾਹ ਰਾਤ ਨੂੰ ਕਦੇ ਭੀ ਉਸ ਨੂੰ ਨਾਹ ਭੁਲਾਓ ।੩ ।
(ਹੇ ਭਾਈ!) ਜਿਨ੍ਹਾਂ ਬੰਦਿਆਂ ਦੇ ਮੱਥੇ ਉਤੇ ਪਹਿਲੇ ਜਨਮਾਂ ਵਿਚ ਕੀਤੀ ਨੇਕ ਕਮਾਈ ਦਾ ਲੇਖ ਉੱਘੜਦਾ ਹੈ, ਪਰਮਾਤਮਾ ਉਹਨਾਂ ਦਾ ਮਿੱਤਰ ਬਣ ਜਾਂਦਾ ਹੈ ।
ਮੈਂ ਤਾਂ ਆਪਣਾ ਸਰੀਰ, ਆਪਣਾ ਮਨ, ਆਪਣਾ ਧਨ (ਸਭ ਕੁਝ ਉਸ ਦਾ ਪਿਆਰ ਹਾਸਲ ਕਰਨ ਲਈ) ਅਰਪਨ ਕਰਨ ਨੂੰ ਤਿਆਰ ਹਾਂ ।
(ਹੇ ਭਾਈ! ਪ੍ਰਭੂ ਦਾ ਪ੍ਰੇਮ ਪ੍ਰਾਪਤ ਕਰਨ ਲਈ) ਇਹ ਸਾਰੀ ਜਿੰਦ ਕੁਰਬਾਨ ਕਰ ਦੇਣੀ ਚਾਹੀਦੀ ਹੈ ।
ਉਹ ਪਰਮਾਤਮਾ ਅੰਗ-ਸੰਗ ਰਹਿ ਕੇ (ਹਰੇਕ ਜੀਵ ਦੇ ਕੀਤੇ ਕਰਮਾਂ ਨੂੰ) ਵੇਖਦਾ ਹੈ (ਹਰੇਕ ਜੀਵ ਦੀਆਂ ਅਰਦਾਸਾਂ) ਸੁਣਦਾ ਹੈ, ਪਰਮਾਤਮਾ ਹਰੇਕ ਸਰੀਰ ਵਿਚ ਵਿਆਪਕ ਹੈ ।
ਹੇ ਨਾਨਕ! (ਅਰਦਾਸ ਕਰ ਤੇ ਆਖ—) ਹੇ ਪ੍ਰਭੂ! ਤੂੰ ਉਹਨਾਂ ਨੂੰ ਭੀ ਪਾਲਦਾ ਹੈਂ, ਜੋ ਤੇਰੇ ਕੀਤੇ ਉਪਕਾਰਾਂ ਨੂੰ ਭੁਲਾ ਦੇਂਦੇ ਹਨ, ਤੂੰ ਸਦਾ ਹੀ (ਜੀਵਾਂ ਦੀਆਂ ਭੁੱਲਾਂ) ਬਖ਼ਸ਼ਣ ਵਾਲਾ ਹੈਂ ।੪।੧੩।੮੩ ।
Follow us on Twitter Facebook Tumblr Reddit Instagram Youtube