ਸਿਰੀਰਾਗੁ ਮਹਲਾ ੫ ॥
ਇਕੁ ਪਛਾਣੂ ਜੀਅ ਕਾ ਇਕੋ ਰਖਣਹਾਰੁ ॥
ਇਕਸ ਕਾ ਮਨਿ ਆਸਰਾ ਇਕੋ ਪ੍ਰਾਣ ਅਧਾਰੁ ॥
ਤਿਸੁ ਸਰਣਾਈ ਸਦਾ ਸੁਖੁ ਪਾਰਬ੍ਰਹਮੁ ਕਰਤਾਰੁ ॥੧॥

ਮਨ ਮੇਰੇ ਸਗਲ ਉਪਾਵ ਤਿਆਗੁ ॥
ਗੁਰੁ ਪੂਰਾ ਆਰਾਧਿ ਨਿਤ ਇਕਸੁ ਕੀ ਲਿਵ ਲਾਗੁ ॥੧॥ ਰਹਾਉ ॥

ਇਕੋ ਭਾਈ ਮਿਤੁ ਇਕੁ ਇਕੋ ਮਾਤ ਪਿਤਾ ॥
ਇਕਸ ਕੀ ਮਨਿ ਟੇਕ ਹੈ ਜਿਨਿ ਜੀਉ ਪਿੰਡੁ ਦਿਤਾ ॥
ਸੋ ਪ੍ਰਭੁ ਮਨਹੁ ਨ ਵਿਸਰੈ ਜਿਨਿ ਸਭੁ ਕਿਛੁ ਵਸਿ ਕੀਤਾ ॥੨॥

ਘਰਿ ਇਕੋ ਬਾਹਰਿ ਇਕੋ ਥਾਨ ਥਨੰਤਰਿ ਆਪਿ ॥
ਜੀਅ ਜੰਤ ਸਭਿ ਜਿਨਿ ਕੀਏ ਆਠ ਪਹਰ ਤਿਸੁ ਜਾਪਿ ॥
ਇਕਸੁ ਸੇਤੀ ਰਤਿਆ ਨ ਹੋਵੀ ਸੋਗ ਸੰਤਾਪੁ ॥੩॥

ਪਾਰਬ੍ਰਹਮੁ ਪ੍ਰਭੁ ਏਕੁ ਹੈ ਦੂਜਾ ਨਾਹੀ ਕੋਇ ॥
ਜੀਉ ਪਿੰਡੁ ਸਭੁ ਤਿਸ ਕਾ ਜੋ ਤਿਸੁ ਭਾਵੈ ਸੁ ਹੋਇ ॥
ਗੁਰਿ ਪੂਰੈ ਪੂਰਾ ਭਇਆ ਜਪਿ ਨਾਨਕ ਸਚਾ ਸੋਇ ॥੪॥੯॥੭੯॥

Sahib Singh
ਪਛਾਣੂ = ਮਿੱਤਰ ।
ਜੀਅ ਕਾ = ਜਿੰਦ ਦਾ {ਨੋਟ:- ਲਫ਼ਜ਼ ‘ਜੀਉ’ ਤੋਂ ‘ਜੀਅ’ ਬਣ ਜਾਂਦਾ ਹੈ ‘ਸੰਬੰਧਕ’ ਵਰਤਿਆਂ} ।
ਂਿੲਕੋ = ਇਕ (ਪ੍ਰਭੂ) ਹੀ ।
ਮਨਿ = ਮਨ ਵਿਚ ।
ਪ੍ਰਾਣ ਅਧਾਰੁ = ਪ੍ਰਾਣਾਂ ਦਾ ਆਸਰਾ, ਜਿੰਦ ਦਾ ਆਸਰਾ ।੧ ।
ਉਪਾਵ = ਹੀਲੇ ।
ਲਿਵ = ਲਗਨ ।
ਲਾਗੁ = ਲਾਈ ਰੱਖ ।੧।ਰਹਾਉ ।
ਟੇਕ = ਸਹਾਰਾ ।
ਜਿਨਿ = ਜਿਸ (ਪ੍ਰਭੂ) ਨੇ ।
ਜੀਉ = ਜਿੰਦ ।
ਪਿੰਡੁ = ਸਰੀਰ ।
ਮਨਹੁ = ਮਨ ਤੋਂ ।
ਵਸਿ = ਵੱਸ ਵਿਚ ।੨ ।
ਘਰਿ = ਘਰ ਵਿਚ, ਹਿਰਦੇ ਵਿਚ ।
ਥਾਨ ਥਨੰਤਰਿ = ਥਾਨ ਥਾਨ ਅੰਤਰਿ, ਹਰੇਕ ਥਾਂ ਵਿਚ ।
ਜੀਅ = {ਲਫ਼ਜ਼ ‘ਜੀਉ’ ਤੋਂ ਬਹੁ-ਵਚਨ} ।
ਸਭਿ = ਸਾਰੇ ।
ਸੇਤੀ = ਨਾਲ ।
ਰਤਿਆ = ਰੱਤਿਆਂ, ਰੰਗੇ ਰਿਹਾਂ ।
ਸੰਤਾਪੁ = ਕਲੇਸ਼ ।੩ ।
    ਤਿਸ ਕਾ {ਲਫ਼ਜ਼ ‘ਤਿਸੁ’ ਦਾ ੁ‘ਸੰਬੰਧਕ’ ‘ਕਾ’ ਦੇ ਕਾਰਨ ਉੱਡ ਗਿਆ ਹੈ ।
    ਵੇਖੋ ‘ਗੁਰਬਾਣੀ ਵਿਆਕਰਣ’} ਗੁਰਿ—ਗੁਰੂ ਦੀ ਰਾਹੀਂ ।
ਸਚਾ = ਸਦਾ = ਥਿਰ ਰਹਿਣ ਵਾਲਾ ਪ੍ਰਭੂ ।੪ ।
    
Sahib Singh
ਹੇ ਮੇਰੇ ਮਨ! ਹੋਰ ਸਾਰੇ ਹੀਲੇ ਛੱਡ ਦੇ ।
ਸਿਰਫ਼ ਪੂਰੇ ਗੁਰੂ ਨੂੰ ਸਦਾ ਚੇਤੇ ਰੱਖ (ਸਿਰਫ਼ ਗੁਰੂ ਦੇ ਸ਼ਬਦ ਦਾ ਆਸਰਾ ਲੈ, ਤੇ) ਇਕ ਪਰਮਾਤਮਾ (ਦੇ ਚਰਨਾਂ) ਦੀ ਲਗਨ (ਆਪਣੇ ਅੰਦਰ) ਲਾਈ ਰੱਖ ।੧।ਰਹਾਉ ।
(ਹੇ ਭਾਈ!) ਜਿੰਦ ਦਾ ਮਿੱਤਰ ਸਿਰਫ਼ ਪਰਮਾਤਮਾ ਹੀ ਹੈ, ਪਰਮਾਤਮਾ ਹੀ ਜਿੰਦ ਨੂੰ (ਵਿਕਾਰ ਆਦਿਕਾਂ ਤੋਂ) ਬਚਾਣ ਵਾਲਾ ਹੈ, (ਇਸ ਵਾਸਤੇ) ਆਪਣੇ ਮਨ ਵਿਚ ਸਿਰਫ਼ ਪਰਮਾਤਮਾ ਦਾ ਆਸਰਾ ਰੱਖ, ਸਿਰਫ਼ ਪਰਮਾਤਮਾ ਹੀ ਜਿੰਦ ਦਾ ਸਹਾਰਾ ਹੈ ।
ਉਹ ਪਾਰਬ੍ਰਹਮ ਕਰਤਾਰ (ਹੀ ਸਹਾਰਾ ਹੈ) ਉਸ ਦੀ ਸਰਨ ਪਿਆਂ ਸਦਾ ਸੁਖ ਮਿਲਦਾ ਹੈ ।੧।(ਹੇ ਮਨ!) ਸਿਰਫ਼ ਪਰਮਾਤਮਾ ਹੀ (ਅਸਲ) ਭਰਾ ਹੈ ਮਿੱਤਰ ਹੈ, ਸਿਰਫ਼ ਪਰਮਾਤਮਾ ਹੀ (ਅਸਲ) ਮਾਂ ਪਿਉ ਹੈ (ਭਾਵ, ਮਾਪਿਆਂ ਵਾਂਗ ਪਾਲਣਹਾਰ ਹੈ) ।
(ਮੈਨੂੰ ਤਾਂ) ਉਸ ਪਰਮਾਤਮਾ ਦਾ ਹੀ ਮਨ ਵਿਚ ਸਹਾਰਾ ਹੈ ਜਿਸ ਨੇ ਇਹ ਜਿੰਦ ਦਿੱਤੀ ਹੈ, ਜਿਸ ਨੇ ਇਹ ਸਰੀਰ ਦਿੱਤਾ ਹੈ ।
(ਮੇਰੀ ਸਦਾ ਇਹੀ ਅਰਦਾਸ ਹੈ ਕਿ) ਜਿਸ ਪ੍ਰਭੂ ਨੇ ਸਭ ਕੁਝ ਆਪਣੇ ਵੱਸ ਵਿਚ ਰਖਿਆ ਹੋਇਆ ਹੈ ਉਹ ਕਦੇ ਮੇਰੇ ਮਨ ਤੋਂ ਨਾਹ ਭੁੱਲੇ ।੨ ।
(ਹੇ ਭਾਈ! ਤੇਰੇ) ਹਿਰਦੇ ਵਿਚ ਭੀ ਤੇ ਬਾਹਰ ਹਰ ਥਾਂ ਭੀ ਸਿਰਫ਼ ਪਰਮਾਤਮਾ ਹੀ ਵੱਸ ਰਿਹਾ ਹੈ ।
(ਹੇ ਭਾਈ!) ਅੱਠੇ ਪਹਿਰ ਉਸ ਪ੍ਰਭੂ ਨੂੰ ਸਿਮਰ, ਜਿਸ ਨੇ ਸਾਰੇ ਜੀਅ ਜੰਤ ਪੈਦਾ ਕੀਤੇ ਹਨ ।
ਜੇ ਸਿਰਫ਼ ਪਰਮਾਤਮਾ ਦੇ (ਪਿਆਰ-ਰੰਗ) ਵਿਚ ਰੰਗੇ ਰਹੀਏ, ਤਾਂ ਕਦੇ ਕੋਈ ਦੁੱਖ ਕਲੇਸ਼ ਨਹੀਂ ਪੋਂਹਦਾ ।੩ ।
ਪਾਰਬ੍ਰਹਮ ਪਰਮਾਤਮਾ ਹੀ (ਸਾਰੇ ਸੰਸਾਰ ਦਾ ਮਾਲਕ) ਹੈ, ਕੋਈ ਹੋਰ ਉਸ ਦੇ ਬਰਾਬਰ ਦਾ ਨਹੀਂ ਹੈ ।
(ਸਭ ਜੀਵਾਂ ਦਾ) ਸਰੀਰ ਉਸ ਪਰਮਾਤਮਾ ਦਾ ਹੀ ਦਿੱਤਾ ਹੋਇਆ ਹੈ, (ਜਗਤ ਵਿਚ) ਉਹੀ ਕੁਝ ਹੁੰਦਾ ਹੈ ਜੋ ਉਸ ਨੂੰ ਚੰਗਾ ਲਗਦਾ ਹੈ ।
ਹੇ ਨਾਨਕ! ਜੇਹੜਾ ਮਨੁੱਖ ਪੂਰੇ ਗੁਰੂ ਦੀ ਰਾਹੀਂ ਉਸ ਸਦਾ-ਥਿਰ ਪ੍ਰਭੂ ਨੂੰ ਸਿਮਰਦਾ ਹੈ, ਉਹ (ਸਭ ਗੁਣਾਂ ਨਾਲ) ਮੁਕੰਮਲ ਹੋ ਜਾਂਦਾ ਹੈ ।੪।੯।੭੯ ।
Follow us on Twitter Facebook Tumblr Reddit Instagram Youtube