ਸ੍ਰੀਰਾਗੁ ਮਹਲਾ ੫ ॥
ਨਾਮੁ ਧਿਆਏ ਸੋ ਸੁਖੀ ਤਿਸੁ ਮੁਖੁ ਊਜਲੁ ਹੋਇ ॥
ਪੂਰੇ ਗੁਰ ਤੇ ਪਾਈਐ ਪਰਗਟੁ ਸਭਨੀ ਲੋਇ ॥
ਸਾਧਸੰਗਤਿ ਕੈ ਘਰਿ ਵਸੈ ਏਕੋ ਸਚਾ ਸੋਇ ॥੧॥

ਮੇਰੇ ਮਨ ਹਰਿ ਹਰਿ ਨਾਮੁ ਧਿਆਇ ॥
ਨਾਮੁ ਸਹਾਈ ਸਦਾ ਸੰਗਿ ਆਗੈ ਲਏ ਛਡਾਇ ॥੧॥ ਰਹਾਉ ॥

ਦੁਨੀਆ ਕੀਆ ਵਡਿਆਈਆ ਕਵਨੈ ਆਵਹਿ ਕਾਮਿ ॥
ਮਾਇਆ ਕਾ ਰੰਗੁ ਸਭੁ ਫਿਕਾ ਜਾਤੋ ਬਿਨਸਿ ਨਿਦਾਨਿ ॥
ਜਾ ਕੈ ਹਿਰਦੈ ਹਰਿ ਵਸੈ ਸੋ ਪੂਰਾ ਪਰਧਾਨੁ ॥੨॥

ਸਾਧੂ ਕੀ ਹੋਹੁ ਰੇਣੁਕਾ ਅਪਣਾ ਆਪੁ ਤਿਆਗਿ ॥
ਉਪਾਵ ਸਿਆਣਪ ਸਗਲ ਛਡਿ ਗੁਰ ਕੀ ਚਰਣੀ ਲਾਗੁ ॥
ਤਿਸਹਿ ਪਰਾਪਤਿ ਰਤਨੁ ਹੋਇ ਜਿਸੁ ਮਸਤਕਿ ਹੋਵੈ ਭਾਗੁ ॥੩॥

ਤਿਸੈ ਪਰਾਪਤਿ ਭਾਈਹੋ ਜਿਸੁ ਦੇਵੈ ਪ੍ਰਭੁ ਆਪਿ ॥
ਸਤਿਗੁਰ ਕੀ ਸੇਵਾ ਸੋ ਕਰੇ ਜਿਸੁ ਬਿਨਸੈ ਹਉਮੈ ਤਾਪੁ ॥
ਨਾਨਕ ਕਉ ਗੁਰੁ ਭੇਟਿਆ ਬਿਨਸੇ ਸਗਲ ਸੰਤਾਪ ॥੪॥੮॥੭੮॥

Sahib Singh
ਸੋ = ਉਹ ਮਨੁੱਖ ।
ਤਿਸੁ = ਉਸ ਦਾ ।
ਊਜਲੁ = ਰੌਸ਼ਨ, ਚਮਕ ਵਾਲਾ ।
ਤੇ = ਤੋਂ ।
ਸਭਨੀ ਲੋਇ = ਸਾਰੇ ਭਵਨਾਂ ਵਿਚ ।
ਘਰਿ = ਘਰ ਵਿਚ ।
ਸਚਾ = ਸਦਾ = ਥਿਰ ਰਹਿਣ ਵਾਲਾ ਪ੍ਰਭੂ ।੧ ।
ਸਹਾਈ = ਸਹੈਤਾ ਕਰਨ ਵਾਲਾ ।
ਅਗੈ = ਪਰਲੋਕ ਵਿਚ ।੧।ਰਹਾਉ ।
ਕਵਨੈ ਕਾਮਿ = ਕੇਹੜੇ ਕੰਮ ?
ਫਿਕਾ = ਬੇ = ਸੁਆਦਾ, ਹੋਛਾ ।
ਜਾਤੋ = ਜਾਂਦਾ ਹੈ ।
ਨਿਦਾਨਿ = ਓੜਕ ਨੂੰ ।
ਪਰਧਾਨੁ = ਮੰਨਿਆ = ਪ੍ਰਮੰਨਿਆ ।੨ ।
ਰੇਣੁਕਾ = ਚਰਨ = ਧੂੜ ।
ਆਪੁ = ਆਪਾ = ਭਾਵ, ਅਹੰਕਾਰ ।
ਤਿਸਹਿ = ਤਿਸ ਹੀ, ਉਸੇ ਨੂੰ ਹੀ ।
ਮਸਤਕਿ = ਮੱਥੇ ਉੱਤੇ ।੩ ।
ਭਾਈਹੋ = ਹੇ ਭਰਾਵੋ !
ਜਿਸੁ ਹਉਮੈ = ਜਿਸ ਦੀ ਹਉਮੈ ।
ਕਉ = ਨੂੰ ।
ਭੇਟਿਆ = ਮਿਲਿਆ ।੪ ।
    
Sahib Singh
ਹੇ ਮੇਰੇ ਮਨ! ਸਦਾ ਪਰਮਾਤਮਾ ਦਾ ਨਾਮ ਸਿਮਰ ।
ਪਰਮਾਤਮਾ ਦਾ ਨਾਮ (ਜਿੰਦ ਦੀ) ਸਹੈਤਾ ਕਰਨ ਵਾਲਾ ਹੈ, (ਸਦਾ ਜਿੰਦ ਦੇ) ਨਾਲ ਰਹਿੰਦਾ ਹੈ ਤੇ ਪਰਲੋਕ ਵਿਚ (ਕੀਤੇ ਕਰਮਾਂ ਦਾ ਲੇਖਾ ਹੋਣ ਵੇਲੇ) ਛਡਾ ਲੈਂਦਾ ਹੈ ।੧।ਰਹਾਉ ।
ਜੇਹੜਾ ਮਨੁੱਖ ਪਰਮਾਤਮਾ ਦਾ ਨਾਮ ਸਿਮਰਦਾ ਹੈ, ਉਹੀ ਸੁਖੀ ਰਹਿੰਦਾ ਹੈ, ਉਸ ਦਾ ਮੂੰਹ (ਲੋਕ ਪਰਲੋਕ ਵਿਚ) ਉੱਜਲਾ ਰਹਿੰਦਾ ਹੈ ।
(ਇਹ ਨਾਮ) ਪੂਰੇ ਗੁਰੂ ਤੋਂ ਹੀ ਮਿਲਦਾ ਹੈ (ਭਾਵੇਂ ਨਾਮ ਦਾ ਮਾਲਕ ਪ੍ਰਭੂ) ਸਾਰੇ ਹੀ ਭਵਨਾਂ ਵਿਚ ਪ੍ਰਤੱਖ ਵੱਸਦਾ ਹੈ ।
ਉਹ ਸਦਾ ਕਾਇਮ ਰਹਿਣ ਵਾਲਾ ਪ੍ਰਭੂ ਸਾਧ ਸੰਗਤਿ ਦੇ ਘਰ ਵਿਚ ਵੱਸਦਾ ਹੈ ।੧ ।
(ਹੇ ਮੇਰੇ ਮਨ!) ਦੁਨੀਆ ਵਾਲੀਆਂ ਵਡਿਆਈਆਂ ਕਿਸੇ ਕੰਮ ਨਹੀਂ ਆਉਂਦੀਆਂ ।
ਮਾਇਆ ਦੇ ਕਾਰਨ (ਮੂੰਹ ਉੱਤੇ ਦਿੱਸਦਾ) ਰੰਗ ਫਿਕਾ ਪੈ ਜਾਂਦਾ ਹੈ, ਕਿਉਂਕਿ ਇਹ ਰੰਗ ਆਖ਼ਰ ਨਾਸ ਹੋ ਜਾਂਦਾ ਹੈ ।
ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ (ਦਾ ਨਾਮ) ਵੱਸਦਾ ਹੈ, ਉਹ ਸਭ ਗੁਣਾਂ ਵਾਲਾ ਹੋ ਜਾਂਦਾ ਹੈ ਤੇ (ਹਰ ਥਾਂ) ਮੰਨਿਆ-ਪ੍ਰਮੰਂਿਨਆ ਜਾਂਦਾ ਹੈ ।੨ ।
(ਹੇ ਮੇਰੇ ਮਨ!) ਗੁਰੂ ਦੇ ਚਰਨਾਂ ਦੀ ਧੂੜ ਬਣ, ਤੇ ਆਪਣਾ ਆਪਾ-ਭਾਵ ਛੱਡ ਦੇਹ ।
(ਹੇ ਮਨ! ਹੋਰ) ਸਾਰੇ ਹੀਲੇ ਤੇ ਚਤੁਰਾਈਆਂ ਛੱਡ ਕੇ ਗੁਰੂ ਦੀ ਸਰਨ ਪਿਆ ਰਹੁ ।
ਜਿਸ ਮਨੁੱਖ ਦੇ ਮੱਥੇ ਉੱਤੇ (ਪੂਰਬਲਾ) ਭਾਗ ਜਾਗਦਾ ਹੈ, (ਉਹ ਗੁਰੂ ਦੀ ਸਰਨ ਪੈਂਦਾ ਹੈ ਤੇ ਉਸ ਨੂੰ) ਪਰਮਾਤਮਾ ਦਾ ਨਾਮ-ਰਤਨ ਮਿਲ ਪੈਂਦਾ ਹੈ ।੩।ਹੇ ਭਰਾਵੋ! ਪ੍ਰਭੂ ਦਾ ਨਾਮ ਉਸੇ ਮਨੁੱਖ ਨੂੰ ਮਿਲਦਾ ਹੈ ਜਿਸ ਨੂੰ (ਗੁਰੂ ਦੀ ਰਾਹੀਂ) ਪ੍ਰਭੂ ਆਪ ਦੇਂਦਾ ਹੈ ।
ਗੁਰੂ ਦੀ ਸੇਵਾ ਭੀ ਉਹੀ ਮਨੁੱਖ ਕਰਦਾ ਹੈ ਜਿਸ ਦੇ ਅੰਦਰੋਂ ਹਉਮੈ ਦਾ ਤਾਪ ਨਾਸ ਹੋ ਜਾਂਦਾ ਹੈ ।
ਹੇ ਨਾਨਕ! ਜਿਸ ਮਨੁੱਖ ਨੂੰ ਗੁਰੂ ਮਿਲਦਾ ਹੈ ਉਸ ਦੇ ਸਾਰੇ ਕਲੇਸ਼ ਦੂਰ ਹੋ ਜਾਂਦੇ ਹਨ ।੪।੮।੭੮ ।
Follow us on Twitter Facebook Tumblr Reddit Instagram Youtube