ਸ੍ਰੀਰਾਗੁ ਮਹਲਾ ੫ ॥
ਸੋਈ ਧਿਆਈਐ ਜੀਅੜੇ ਸਿਰਿ ਸਾਹਾਂ ਪਾਤਿਸਾਹੁ ॥
ਤਿਸ ਹੀ ਕੀ ਕਰਿ ਆਸ ਮਨ ਜਿਸ ਕਾ ਸਭਸੁ ਵੇਸਾਹੁ ॥
ਸਭਿ ਸਿਆਣਪਾ ਛਡਿ ਕੈ ਗੁਰ ਕੀ ਚਰਣੀ ਪਾਹੁ ॥੧॥

ਮਨ ਮੇਰੇ ਸੁਖ ਸਹਜ ਸੇਤੀ ਜਪਿ ਨਾਉ ॥
ਆਠ ਪਹਰ ਪ੍ਰਭੁ ਧਿਆਇ ਤੂੰ ਗੁਣ ਗੋਇੰਦ ਨਿਤ ਗਾਉ ॥੧॥ ਰਹਾਉ ॥

ਤਿਸ ਕੀ ਸਰਨੀ ਪਰੁ ਮਨਾ ਜਿਸੁ ਜੇਵਡੁ ਅਵਰੁ ਨ ਕੋਇ ॥
ਜਿਸੁ ਸਿਮਰਤ ਸੁਖੁ ਹੋਇ ਘਣਾ ਦੁਖੁ ਦਰਦੁ ਨ ਮੂਲੇ ਹੋਇ ॥
ਸਦਾ ਸਦਾ ਕਰਿ ਚਾਕਰੀ ਪ੍ਰਭੁ ਸਾਹਿਬੁ ਸਚਾ ਸੋਇ ॥੨॥

ਸਾਧਸੰਗਤਿ ਹੋਇ ਨਿਰਮਲਾ ਕਟੀਐ ਜਮ ਕੀ ਫਾਸ ॥
ਸੁਖਦਾਤਾ ਭੈ ਭੰਜਨੋ ਤਿਸੁ ਆਗੈ ਕਰਿ ਅਰਦਾਸਿ ॥
ਮਿਹਰ ਕਰੇ ਜਿਸੁ ਮਿਹਰਵਾਨੁ ਤਾਂ ਕਾਰਜੁ ਆਵੈ ਰਾਸਿ ॥੩॥

ਬਹੁਤੋ ਬਹੁਤੁ ਵਖਾਣੀਐ ਊਚੋ ਊਚਾ ਥਾਉ ॥
ਵਰਨਾ ਚਿਹਨਾ ਬਾਹਰਾ ਕੀਮਤਿ ਕਹਿ ਨ ਸਕਾਉ ॥
ਨਾਨਕ ਕਉ ਪ੍ਰਭ ਮਇਆ ਕਰਿ ਸਚੁ ਦੇਵਹੁ ਅਪੁਣਾ ਨਾਉ ॥੪॥੭॥੭੭॥

Sahib Singh
ਸੋਈ = ਉਹੀ ।
ਜੀਅੜੇ = ਹੇ ਜਿੰਦੇ !
ਸਿਰਿ = ਸਿਰ ਉੱਤੇ ।
ਮਨ = ਹੇ ਮਨ !
ਸਭਸੁ = ਸਭ ਜੀਵਾਂ ਨੂੰ ।
ਵੇਸਾਹੁ = ਭਰੋਸਾ ।
ਸਭਿ = ਸਾਰੀਆਂ ।
ਪਾਹੁ = ਪਉ ।੧ ।
ਸਹਜ = ਆਤਮਕ ਅਡੋਲਤਾ ।
ਸੇਤੀ = ਨਾਲ ।੧।ਰਹਾਉ ।
ਪਰੁ = ਪਉ ।
ਜਿਸੁ = {ਨੋਟ: = ਲਫ਼ਜ਼ ‘ਜਿਸੁ’ ਅਤੇ ‘ਜਿਸ ਕਾ’ ਦੇ ‘ਜਿਸ’ ਦਾ ਫ਼ਰਕ ਚੇਤੇ ਰੱਖਣਾ ।
    ਲਫ਼ਜ਼ ‘ਜਿਸੁ ਤਿਸੁ ਕਿਸੁ ਇਸੁ, ਉਸੁ’ ਦਾ ੁ ਖ਼ਾਸ ਖ਼ਾਸ ਸੰਬੰਧਕਾਂ ਤੇ ਕਿ੍ਰਆ ਵਿਸ਼ੇਸ਼ਣ ‘ਹੀ’ ਨਾਲ ਉੱਡ ਜਾਂਦਾ ਹੈ ।
    ਵੇਖੋ ‘ਗੁਰਬਾਣੀ ਵਿਆਕਰਨ’} ।
ਘਣਾ = ਬਹੁਤ ।
ਮੂਲੇ = ਉੱਕਾ ਹੀ, ਬਿਲਕੁਲ ।
ਚਾਕਰੀ = ਸੇਵਾ, ਭਗਤੀ ।
ਸਾਹਿਬੁ = ਮਾਲਕ ।
ਸਚਾ = ਸਦਾ ਕਾਇਮ ਰਹਿਣ ਵਾਲਾ ।੨ ।
ਫਾਸ = ਫਾਸੀ ।
ਨਿਰਮਲਾ = ਪਵਿਤ੍ਰ ਜੀਵਨ ਵਾਲਾ ।
ਭੈ ਭੰਜਨੋ = ਸਾਰੇ ਡਰ ਨਾਸ ਕਰਨ ਵਾਲਾ ।
ਆਵੈ ਰਾਸਿ = ਸਿਰੇ ਚੜ੍ਹ ਜਾਂਦਾ ਹੈ ।੩ ।
ਵਖਾਣੀਐ = ਆਖਿਆ ਜਾਂਦਾ ਹੈ, ਹਰ ਕੋਈ ਆਖਦਾ ਹੈ ।
ਕਹਿ ਨ ਸਕਾਉ = ਮੈਂ ਕਹਿ ਨਹੀਂ ਸਕਦਾ ।
ਮਇਆ = ਦਇਆ ।
ਸਚੁ = ਸਦਾ = ਥਿਰ ਰਹਿਣ ਵਾਲਾ ।੪ ।
    
Sahib Singh
ਹੇ ਮੇਰੇ ਮਨ! ਆਨੰਦ ਨਾਲ ਤੇ ਆਤਮਕ ਅਡੋਲਤਾ ਨਾਲ ਪਰਮਾਤਮਾ ਦਾ ਨਾਮ ਸਿਮਰ ।
ਅੱਠੇ ਪਹਰ ਪ੍ਰਭੂ ਨੂੰ ਸਿਮਰਦਾ ਰਹੁ, ਸਦਾ ਗੋਬਿੰਦ ਦੇ ਗੁਣ ਗਾਂਦਾ ਰਹੁ ।੧।ਰਹਾਉ ।
ਹੇ ਮੇਰੀ ਜਿੰਦੇ! ਉਸੇ ਪ੍ਰਭੂ (ਦੇ ਚਰਨਾਂ) ਦਾ ਧਿਆਨ ਧਰਨਾ ਚਾਹੀਦਾ ਹੈ, ਜੋ ਸਭ ਸ਼ਾਹਾਂ ਦੇ ਸਿਰ ਉੱਤੇ ਪਾਤਿਸ਼ਾਹ ਹੈ ।
ਹੇ (ਮੇਰੇ) ਮਨ! ਸਿਰਫ਼ ਉਸ ਪਰਮਾਤਮਾ ਦੀ (ਸਹੈਤਾ ਦੀ) ਆਸ ਬਣਾ, ਜਿਸ ਦਾ ਸਭ ਜੀਵਾਂ ਨੂੰ ਭਰੋਸਾ ਹੈ ।
(ਹੇ ਮਨ!) ਸਾਰੀਆਂ ਚਤੁਰਾਈਆਂ ਛੱਡ ਕੇ ਗੁਰੂ ਦੇ ਚਰਨੀਂ ਪਉ (ਗੁਰੂ ਦੀ ਸਰਨ ਪਿਆਂ ਹੀ ਪਰਮਾਤਮਾ ਦਾ ਮਿਲਾਪ ਹੁੰਦਾ ਹੈ) ।੧ ।
ਹੇ (ਮੇਰੇ) ਮਨ! ਉਸ ਪਰਮਾਤਮਾ ਦੀ ਸਰਨ ਪਉ, ਜਿਸ ਦੇ ਬਰਾਬਰ ਦਾ ਹੋਰ ਕੋਈ ਨਹੀਂ ਹੈ, ਜਿਸ ਦਾ ਨਾਮ ਸਿਮਰਿਆਂ ਬਹੁਤ ਆਤਮਕ ਆਨੰਦ ਮਿਲਦਾ ਹੈ, ਤੇ ਕੋਈ ਭੀ ਦੁੱਖ ਕਲੇਸ਼ ਉੱੱਕਾ ਹੀ ਪੋਹ ਨਹੀਂ ਸਕਦਾ ।
(ਹੇ ਮਨ!) ਪਰਮਾਤਮਾ ਹੀ ਸਦਾ ਕਾਇਮ ਰਹਿਣ ਵਾਲਾ ਮਾਲਕ ਹੈ, ਸਦਾ ਉਸੇ ਦੀ ਹੀ ਸੇਵਾ ਭਗਤੀ ਕਰਦਾ ਰਹੁ ।੨ ।
ਸਾਧ ਸੰਗਤਿ ਵਿਚ ਰਿਹਾਂ (ਆਚਰਨ) ਪਵਿਤ੍ਰ ਹੋ ਜਾਂਦਾ ਹੈ, ਤੇ ਜਮਾਂ ਦੀ ਫਾਹੀ ਕੱਟੀ ਜਾਂਦੀ ਹੈ ।
(ਹੇ ਮਨ! ਸਾਧ ਸੰਗਤਿ ਦਾ ਆਸਰਾ ਲੈ ਕੇ) ਉਸ ਪਰਮਾਤਮਾ ਅੱਗੇ ਅਰਦਾਸ ਕਰਦਾ ਰਹੁ, ਜੋ ਸਾਰੇ ਸੁਖ ਦੇਣ ਵਾਲਾ ਹੈ ਤੇ ਸਾਰੇ ਡਰ-ਸਹਮ ਨਾਸ ਕਰਨ ਵਾਲਾ ਹੈ ।
ਮਿਹਰ ਕਰਨ ਵਾਲਾ ਪਰਮਾਤਮਾ ਜਿਸ ਮਨੁੱਖ ਉੱਤੇ ਜਦੋਂ ਮਿਹਰ (ਦੀ ਨਿਗਾਹ) ਕਰਦਾ ਹੈ, ਤਦੋਂ ਉਸ ਦੀ ਮਨੁੱਖਾ ਜੀਵਨ ਦੀ ਭਾਰੀ ਜ਼ਿੰਮੇਵਾਰੀ ਸਿਰੇ ਚੜ੍ਹ ਜਾਂਦੀ ਹੈ ।੩ ।
ਹਰ ਕੋਈ ਆਖਦਾ ਹੈ ਕਿ ਪਰਮਾਤਮਾ ਬਹੁਤ ਉੱਚਾ ਹੈ, ਬਹੁਤ ਉੱਚਾ ਹੈ, ਉਸ ਦਾ ਟਿਕਾਣਾ ਬਹੁਤ ਉੱਚਾ ਹੈ ।
ਉਸ ਪ੍ਰਭੂ ਦਾ ਕੋਈ ਖ਼ਾਸ ਰੰਗ ਨਹੀਂ ਹੈ ਕੋਈ ਖ਼ਾਸ ਰੂਪ-ਰੇਖਾ ਨਹੀਂ ਹੈ ।
ਮੈਂ ਉਸ ਦੀ ਕੋਈ ਕੀਮਤ ਨਹੀਂ ਦੱਸ ਸਕਦਾ (ਭਾਵ, ਦੁਨੀਆ ਦੇ ਕਿਸੇ ਭੀ ਪਦਾਰਥ ਦੇ ਵੱਟੇ ਉਸ ਦੀ ਪ੍ਰਾਪਤੀ ਨਹੀਂ ਹੋ ਸਕਦੀ) ।
ਹੇ ਪ੍ਰਭੂ! ਮਿਹਰ ਕਰ ਤੇ ਮੈਨੂੰ ਨਾਨਕ ਨੂੰ ਆਪਣਾ ਸਦਾ ਕਾਇਮ ਰਹਿਣ ਵਾਲਾ ਨਾਮ ਬਖ਼ਸ਼ (ਕਿਉਂਕਿ ਜਿਸ ਨੂੰ ਤੇਰਾ ਨਾਮ ਮਿਲ ਜਾਂਦਾ ਹੈ ਉਸ ਨੂੰ ਤੇਰਾ ਮੇਲ ਹੋ ਜਾਂਦਾ ਹੈ) ।੪।੭।੭੭ ।
Follow us on Twitter Facebook Tumblr Reddit Instagram Youtube