ਸਿਰੀਰਾਗੁ ਮਹਲਾ ੫ ॥
ਸਭੇ ਥੋਕ ਪਰਾਪਤੇ ਜੇ ਆਵੈ ਇਕੁ ਹਥਿ ॥
ਜਨਮੁ ਪਦਾਰਥੁ ਸਫਲੁ ਹੈ ਜੇ ਸਚਾ ਸਬਦੁ ਕਥਿ ॥
ਗੁਰ ਤੇ ਮਹਲੁ ਪਰਾਪਤੇ ਜਿਸੁ ਲਿਖਿਆ ਹੋਵੈ ਮਥਿ ॥੧॥

ਮੇਰੇ ਮਨ ਏਕਸ ਸਿਉ ਚਿਤੁ ਲਾਇ ॥
ਏਕਸ ਬਿਨੁ ਸਭ ਧੰਧੁ ਹੈ ਸਭ ਮਿਥਿਆ ਮੋਹੁ ਮਾਇ ॥੧॥ ਰਹਾਉ ॥

ਲਖ ਖੁਸੀਆ ਪਾਤਿਸਾਹੀਆ ਜੇ ਸਤਿਗੁਰੁ ਨਦਰਿ ਕਰੇਇ ॥
ਨਿਮਖ ਏਕ ਹਰਿ ਨਾਮੁ ਦੇਇ ਮੇਰਾ ਮਨੁ ਤਨੁ ਸੀਤਲੁ ਹੋਇ ॥
ਜਿਸ ਕਉ ਪੂਰਬਿ ਲਿਖਿਆ ਤਿਨਿ ਸਤਿਗੁਰ ਚਰਨ ਗਹੇ ॥੨॥

ਸਫਲ ਮੂਰਤੁ ਸਫਲਾ ਘੜੀ ਜਿਤੁ ਸਚੇ ਨਾਲਿ ਪਿਆਰੁ ॥
ਦੂਖੁ ਸੰਤਾਪੁ ਨ ਲਗਈ ਜਿਸੁ ਹਰਿ ਕਾ ਨਾਮੁ ਅਧਾਰੁ ॥
ਬਾਹ ਪਕੜਿ ਗੁਰਿ ਕਾਢਿਆ ਸੋਈ ਉਤਰਿਆ ਪਾਰਿ ॥੩॥

ਥਾਨੁ ਸੁਹਾਵਾ ਪਵਿਤੁ ਹੈ ਜਿਥੈ ਸੰਤ ਸਭਾ ॥
ਢੋਈ ਤਿਸ ਹੀ ਨੋ ਮਿਲੈ ਜਿਨਿ ਪੂਰਾ ਗੁਰੂ ਲਭਾ ॥
ਨਾਨਕ ਬਧਾ ਘਰੁ ਤਹਾਂ ਜਿਥੈ ਮਿਰਤੁ ਨ ਜਨਮੁ ਜਰਾ ॥੪॥੬॥੭੬॥

Sahib Singh
ਥੋਕ = ਪਦਾਰਥ, ਚੀਜ਼ਾਂ ।
ਹਥਿ ਆਵੈ = ਮਿਲ ਜਾਏ, ਹੱਥ ਵਿਚ ਆ ਜਾਏ ।
ਜਨਮੁ ਪਦਾਰਥੁ = ਕੀਮਤੀ ਮਨੁੱਖਾ ਜਨਮ ।
ਸਫਲੁ = ਫਲ ਸਹਿਤ, ਕਾਮਯਾਬ ।
ਕਥਿ = ਕਥੀਂ, ਮੈਂ ਉਚਾਰਾਂ ।
ਸਚਾ = ਸਦਾ = ਥਿਰ ਰਹਿਣ ਵਾਲਾ ।
ਮਹਲੁ = (ਪਰਮਾਤਮਾ ਦੇ ਚਰਨਾਂ ਵਿਚ) ਨਿਵਾਸ ।
ਜਿਸੁ ਮਥਿ = ਜਿਸ (ਮਨੁੱਖ) ਦੇ ਮੱਥੇ ਉੱਤੇ ।੧ ।
ਏਕਸ ਸਿਉ = ਸਿਰਫ਼ ਇੱਕ ਨਾਲ ।
ਧੰਧੁ = ਜੰਜਾਲ ।
ਮੋਹੁ ਮਾਇ = ਮਾਇਆ ਦਾ ਮੋਹ ।੧।ਰਹਾਉ ।
ਨਦਰਿ = ਮਿਹਰ ਦੀ ਨਿਗਾਹ ।
ਨਿਮਖ = {ਨਿਮੇ—} ਅੱਖ ਝਮਕਣ ਜਿਤਨਾ ਸਮਾ ।
ਦੇਇ = ਦੇਂਦਾ ਹੈ ।
ਸੀਤਲੁ = ਠੰਢਾ, ਸ਼ਾਂਤ ।
ਪੂਰਬਿ = ਪਹਿਲੇ ਜਨਮ ਵਿਚ (ਕੀਤੇ ਕਰਮਾਂ ਅਨੁਸਾਰ) ।
ਤਿਨਿ = ਉਸ (ਮਨੁੱਖ) ਨੇ ।
ਗਹੇ = ਫੜ ਲਏ ।੨ ।
ਮੂਰਤੁ = {ਮੁਹੁਤL} ਸਮਾ {ਨੋਟ:- ਲਫ਼ਜ਼ ‘ਮੂਰਤੁ’ ਅਤੇ ‘ਮੂਰਤਿ’ ਦਾ ਫ਼ਰਕ ਚੇਤੇ ਰੱਖਣ-ਜੋਗ ਹੈ ।
ਮੂਰਤਿ = ਸਰੂਪ} ।
ਜਿਤੁ = ਜਿਸ ਵਿਚ ।
ਲਗਈ = ਲਗਏ, ਲੱਗੇ ।
ਅਧਾਰੁ = ਆਸਰਾ ।
ਗੁਰਿ = ਗੁਰੂ ਨੇ ।੩ ।
ਸੰਤ ਸਭਾ = ਸਾਧ ਸੰਗਤਿ ।
ਢੋਈ = ਆਸਰਾ ।
ਨੋ = ਨੂੰ ।
ਜਿਨਿ = ਜਿਸ ਨੇ ।
ਬਧਾ ਘਰੁ = ਪੱਕਾ ਟਿਕਾਣਾ ਬਣਾ ਲਿਆ ।
ਮਿਰਤੁ = ਆਤਮਕ ਮੌਤ ।
ਜਨਮੁ = ਜਨਮ = ਮਰਨ ਦਾ ਗੇੜ ।
ਜਰਾ = ਬੁਢੇਪਾ, ਆਤਮਕ ਜੀਵਨ ਨੂੰ ਬੁਢੇਪਾ ।੪ ।
    
Sahib Singh
ਹੇ ਮੇਰੇ ਮਨ! ਸਿਰਫ਼ ਇਕ ਪਰਮਾਤਮਾ ਨਾਲ ਸੁਰਤਿ ਜੋੜ ।
ਇਕ ਪਰਮਾਤਮਾ (ਦੇ ਪਿਆਰ) ਤੋਂ ਬਿਨਾ (ਦੁਨੀਆ ਦੀ) ਸਾਰੀ (ਦੌੜ-ਭੱਜ) ਜੰਜਾਲ ਬਣ ਜਾਂਦੀ ਹੈ ।
(ਤੇ) ਮਾਇਆ ਦਾ ਮੋਹ ਹੈ ਭੀ ਸਾਰਾ ਵਿਅਰਥ ।੧।ਰਹਾਉ।ਜੇ ਇਕ ਪਰਮਾਤਮਾ ਮਿਲ ਪਏ, ਤਾਂ (ਦੁਨੀਆ ਦੇ ਹੋਰ) ਸਾਰੇ ਪਦਾਰਥ ਮਿਲ ਜਾਂਦੇ ਹਨ (ਦੇਣ ਵਾਲਾ ਜੁ ਉਹ ਆਪ ਹੀ ਹੋਇਆ) ।
ਜੇ ਮੈਂ ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਦਾ ਰਹਾਂ, ਤਾਂ ਇਹ ਕੀਮਤੀ ਮਨੁੱਖਾ ਜਨਮ ਕਾਮਯਾਬ ਹੋ ਜਾਏ ।
(ਪਰ ਉਸੇ ਮਨੁੱਖ ਨੂੰ) ਗੁਰੂ ਪਾਸੋਂ (ਪਰਮਾਤਮਾ ਦੇ ਚਰਨਾਂ ਦਾ) ਨਿਵਾਸ ਪ੍ਰਾਪਤ ਹੁੰਦਾ ਹੈ ਜਿਸ ਦੇ ਮੱਥੇ ਉੱਤੇ (ਚੰਗਾ ਭਾਗ) ਲਿਖਿਆ ਹੋਇਆ ਹੋਵੇ ।੧ ।
ਜੇ (ਮੇਰਾ) ਸਤਿਗੁਰੂ (ਮੇਰੇ ਉੱਤੇ) ਮਿਹਰ ਦੀ (ਇੱਕ) ਨਿਗਾਹ ਕਰੇ, ਤਾਂ (ਮੈਂ ਸਮਝਦਾ ਹਾਂ ਕਿ ਮੈਨੂੰ) ਲੱਖਾਂ ਪਾਤਿਸ਼ਾਹੀਆਂ ਦੀਆਂ ਖ਼ੁਸ਼ੀਆਂ ਮਿਲ ਗਈਆਂ ਹਨ (ਕਿਉਂਕਿ ਜਦੋਂ ਗੁਰੂ ਮੈਨੂੰ) ਅੱਖ ਦੇ ਝਮਕਣ ਜਿਤਨੇ ਸਮੇਂ ਵਾਸਤੇ ਭੀ ਪਰਮਾਤਮਾ ਦਾ ਨਾਮ ਬਖ਼ਸ਼ਦਾ ਹੈ, ਤਾਂ ਮੇਰਾ ਮਨ ਸ਼ਾਂਤ ਹੋ ਜਾਂਦਾ ਹੈ, ਮੇਰਾ ਸਰੀਰ ਸ਼ਾਂਤ ਹੋ ਜਾਂਦਾ ਹੈ (ਮੇਰੇ ਗਿਆਨ-ਇੰਦਰੇ ਵਿਕਾਰਾਂ ਦੀ ਭੜਕਾਹਟ ਵਲੋਂ ਹਟ ਜਾਂਦੇ ਹਨ) ।
ਪਰ ਉਸੇ ਮਨੁੱਖ ਨੇ ਸਤਿਗੁਰੂ ਦੇ ਚਰਨ ਫੜੇ ਹਨ (ਉਹੀ ਮਨੁੱਖ ਸਤਿਗੁਰੂ ਦਾ ਆਸਰਾ ਲੈਂਦਾ ਹੈ), ਜਿਸ ਨੂੰ ਪੂਰਬਲੇ ਜਨਮ ਦਾ ਕੋਈ ਲਿਖਿਆ ਹੋਇਆ (ਚੰਗਾ ਲੇਖ) ਮਿਲਦਾ ਹੈ (ਜਿਸ ਦੇ ਚੰਗੇ ਭਾਗ ਜਾਗਦੇ ਹਨ)।੨ ।
ਉਹ ਸਮਾ ਕਾਮਯਾਬ ਸਮਝੋ, ਉਹ ਘੜੀ ਭਾਗਾਂ ਵਾਲੀ ਜਾਣੋ, ਜਿਸ ਵਿਚ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਨਾਲ ਪਿਆਰ ਬਣੇ ।
ਜਿਸ ਮਨੁੱਖ ਨੂੰ ਪਰਮਾਤਮਾ ਦਾ ਨਾਮ (ਜ਼ਿੰਦਗੀ ਦਾ) ਆਸਰਾ ਮਿਲ ਜਾਂਦਾ ਹੈ, ਉਸ ਨੂੰ ਕੋਈ ਦੁੱਖ, ਕੋਈ ਕਲੇਸ਼ ਪੋਹ ਨਹੀਂ ਸਕਦਾ ।
ਜਿਸ ਮਨੁੱਖ ਨੂੰ ਗੁਰੂ ਨੇ ਬਾਂਹ ਫੜ ਕੇ (ਵਿਕਾਰਾਂ ਵਿਚੋਂ ਬਾਹਰ) ਕੱਢ ਲਿਆ, ਉਹ (ਸੰਸਾਰ-ਸਮੁੰਦਰ ਵਿਚੋਂ ਸਹੀ-ਸਲਾਮਤਿ) ਪਾਰ ਲੰਘ ਗਿਆ ।੩ ।
(ਇਹ ਸਾਰੀ ਬਰਕਤਿ ਹੈ ਗੁਰੂ ਦੀ, ਸਾਧ ਸੰਗਤਿ ਦੀ) ਜਿੱਥੇ ਸਾਧ ਸੰਗਤਿ (ਜੁੜਦੀ) ਹੈ ਉਹ ਥਾਂ ਸੋਹਣਾ ਹੈ ਪਵਿਤ੍ਰ ਹੈ ।
(ਸਾਧ ਸੰਗਤਿ ਵਿਚ ਆ ਕੇ) ਜਿਸ ਮਨੁੱਖ ਨੇ ਪੂਰਾ ਗੁਰੂ ਲੱਭ ਲਿਆ ਹੈ, ਉਸੇ ਨੂੰ ਹੀ (ਪਰਮਾਤਮਾ ਦੀ ਹਜ਼ੂਰੀ ਵਿਚ) ਆਸਰਾ ਮਿਲਦਾ ਹੈ ।
ਹੇ ਨਾਨਕ! ਉਸ ਮਨੁੱਖ ਨੇ ਆਪਣਾ ਪੱਕਾ ਟਿਕਾਣਾ ਉਸ ਥਾਂ ਬਣਾ ਲਿਆ, ਜਿਥੇ ਆਤਮਕ ਮੌਤ ਨਹੀਂ; ਜਿੱਥੇ ਜਨਮ ਮਰਨ ਦਾ ਗੇੜ ਨਹੀਂ; ਜਿਥੇ ਆਤਮਕ ਜੀਵਨ ਕਦੇ ਕਮਜ਼ੋਰ ਨਹੀਂ ਹੁੰਦਾ ।੪।੬।੭੬ ।
Follow us on Twitter Facebook Tumblr Reddit Instagram Youtube