ਸਿਰੀਰਾਗੁ ਮਹਲਾ ੫ ॥
ਸਭੇ ਗਲਾ ਵਿਸਰਨੁ ਇਕੋ ਵਿਸਰਿ ਨ ਜਾਉ ॥
ਧੰਧਾ ਸਭੁ ਜਲਾਇ ਕੈ ਗੁਰਿ ਨਾਮੁ ਦੀਆ ਸਚੁ ਸੁਆਉ ॥
ਆਸਾ ਸਭੇ ਲਾਹਿ ਕੈ ਇਕਾ ਆਸ ਕਮਾਉ ॥
ਜਿਨੀ ਸਤਿਗੁਰੁ ਸੇਵਿਆ ਤਿਨ ਅਗੈ ਮਿਲਿਆ ਥਾਉ ॥੧॥

ਮਨ ਮੇਰੇ ਕਰਤੇ ਨੋ ਸਾਲਾਹਿ ॥
ਸਭੇ ਛਡਿ ਸਿਆਣਪਾ ਗੁਰ ਕੀ ਪੈਰੀ ਪਾਹਿ ॥੧॥ ਰਹਾਉ ॥

ਦੁਖ ਭੁਖ ਨਹ ਵਿਆਪਈ ਜੇ ਸੁਖਦਾਤਾ ਮਨਿ ਹੋਇ ॥
ਕਿਤ ਹੀ ਕੰਮਿ ਨ ਛਿਜੀਐ ਜਾ ਹਿਰਦੈ ਸਚਾ ਸੋਇ ॥
ਜਿਸੁ ਤੂੰ ਰਖਹਿ ਹਥ ਦੇ ਤਿਸੁ ਮਾਰਿ ਨ ਸਕੈ ਕੋਇ ॥
ਸੁਖਦਾਤਾ ਗੁਰੁ ਸੇਵੀਐ ਸਭਿ ਅਵਗਣ ਕਢੈ ਧੋਇ ॥੨॥

ਸੇਵਾ ਮੰਗੈ ਸੇਵਕੋ ਲਾਈਆਂ ਅਪੁਨੀ ਸੇਵ ॥
ਸਾਧੂ ਸੰਗੁ ਮਸਕਤੇ ਤੂਠੈ ਪਾਵਾ ਦੇਵ ॥
ਸਭੁ ਕਿਛੁ ਵਸਗਤਿ ਸਾਹਿਬੈ ਆਪੇ ਕਰਣ ਕਰੇਵ ॥
ਸਤਿਗੁਰ ਕੈ ਬਲਿਹਾਰਣੈ ਮਨਸਾ ਸਭ ਪੂਰੇਵ ॥੩॥

ਇਕੋ ਦਿਸੈ ਸਜਣੋ ਇਕੋ ਭਾਈ ਮੀਤੁ ॥
ਇਕਸੈ ਦੀ ਸਾਮਗਰੀ ਇਕਸੈ ਦੀ ਹੈ ਰੀਤਿ ॥
ਇਕਸ ਸਿਉ ਮਨੁ ਮਾਨਿਆ ਤਾ ਹੋਆ ਨਿਹਚਲੁ ਚੀਤੁ ॥
ਸਚੁ ਖਾਣਾ ਸਚੁ ਪੈਨਣਾ ਟੇਕ ਨਾਨਕ ਸਚੁ ਕੀਤੁ ॥੪॥੫॥੭੫॥

Sahib Singh
ਵਿਸਰਨੁ = {ਲਫ਼ਜ਼ ‘ਵਿਸਰਨਿ’ ਅਤੇ ‘ਵਿਸਰਨੁ’ ਦਾ ਫ਼ਰਕ ਸਮਝਣ-ਜੋਗ ਹੈ ।
    ਲਫ਼ਜ਼ ‘ਵਿਸਰਨੁ’ ਹੁਕਮੀ ਭਵਿੱਖਤ ਅੱਨ ਪੁਰਖ ਬਹੁ-ਵਚਨ ਹੈ} ਬੇ-ਸ਼ੱਕ ਵਿਸਰ ਜਾਣ ।
ਗੁਰਿ = ਗੁਰੂ ਨੇ ।
ਸਚੁ = ਸਦਾ = ਥਿਰ ਰਹਿਣ ਵਾਲਾ ।
ਸੁਆਉ = ਮਨੋਰਥ ।
ਲਾਹਿ ਕੈ = ਦੂਰ ਕਰ ਕੇ ।
ਕਮਾਉ = ਮੈਂ ਕਮਾਂਦਾ ਹਾਂ ।
ਜਿਨੀ = ਜਿਨ੍ਹਾਂ ਮਨੁੱਖਾਂ ਨੇ ।
ਤਿਨ = ਉਹਨਾਂ ਨੂੰ ।
ਅਗੈ = ਪ੍ਰਭੂ ਦੀ ਦਰਗਾਹ ਵਿਚ ।
ਥਾਉ = ਥਾਂ, ਆਦਰ ।੧ ।
ਨੋ = ਨੂੰ ।
ਪਾਹਿ = ਪਾਉ ।੧।ਰਹਾਉ।ਵਿਆਪਈ—ਜ਼ੋਰ ਪਾ ਸਕਦਾ ।
ਮਨਿ = ਮਨ ਵਿਚ ।
ਕਿਤੁ = ਕਿਸੇ ਵਿਚ ।
ਕੰਮਿ = ਕੰਮ ਵਿਚ ।
ਕਿਤ ਹੀ ਕੰਮਿ = ਕਿਸੇ ਭੀ ਕੰਮ ਵਿਚ {Lਫ਼ਜ਼ ‘ਕਿਤੁ’ ਦਾ ੁ ਲਫ਼ਜ਼ ‘ਹੀ’ ਦੇ ਕਾਰਨ ਲੋਪ ਹੋ ਗਿਆ ਹੈ} ।
ਛਿਜੀਐ = (ਆਤਮਕ ਜੀਵਨ ਵਿਚ) ਕਮਜ਼ੋਰ ਹੋਈਦਾ ।
ਦੇ = ਦੇ ਕੇ ।
ਸਭਿ = ਸਾਰੇ ।
ਧੋਇ = ਧੋ ਕੇ ।੨ ।
ਮਸਕਤੇ = ਮਸੱਕਤੇ, ਮਸ਼ਕੱਤਿ, ਸੇਵਾ-ਘਾਲ ।
ਤੂਠੈ = ਜੇ ਤੂੰ ਪ੍ਰਸੰਨ ਹੋਵੇਂ ।
ਦੇਵ = ਹੇ ਪ੍ਰਭੂ !
ਵਸਗਤਿ = ਵੱਸ ਵਿਚ ।
ਕਰਣ ਕਰੇਵ = ਕਰਨ = ਕਰਾਣ ਜੋਗਾ ।
ਮਨਸਾ = {ਮਨੀ—ਾ} ਲੋੜਾਂ ।
ਪੂਰੇਵ = ਪੂਰੀਆਂ ਕਰਦਾ ਹੈ ।੩ ।
ਇਕੋ = ਇੱਕ ਹੀ ।
ਸਾਮਗਰੀ = ਸਾਰੇ ਪਦਾਰਥ ।
ਰੀਤਿ = ਮਰਯਾਦਾ ।
ਸਿਉ = ਨਾਲ ।
ਸਚੁ = ਸਦਾ = ਥਿਰ ਪ੍ਰਭੂ ਦਾ ਨਾਮ ।
ਖਾਣਾ = ਆਤਮਕ ਖ਼ੁਰਾਕ ।
ਟੇਕ = ਆਸਾਰਾ ।੪ ।
    
Sahib Singh
ਹੇ ਮੇਰੇ ਮਨ! ਕਰਤਾਰ ਦੀ ਸਿਫ਼ਤਿ-ਸਾਲਾਹ ਕਰ ।
(ਪਰ ਇਹ ਸਿਫ਼ਤਿ-ਸਾਲਾਹ ਦੀ ਦਾਤਿ ਗੁਰੂ ਪਾਸੋਂ ਮਿਲਦੀ ਹੈ, ਸੋ ਤੂੰ) ਸਾਰੀਆਂ ਚਤੁਰਾਈਆਂ ਛੱਡ ਕੇ ਗੁਰੂ ਦੇ ਚਰਨਾਂ ਤੇ ਢਹਿ ਪਉ ।੧।ਰਹਾਉ ।
(ਮੇਰੀ ਤਾਂ ਸਦਾ ਇਹੀ ਅਰਦਾਸ ਹੈ ਕਿ) ਹੋਰ ਸਾਰੀਆਂ ਗੱਲਾਂ ਬੇ-ਸ਼ੱਕ ਭੁੱਲ ਜਾਣ, ਪਰ ਇਕ ਪਰਮਾਤਮਾ ਦਾ ਨਾਮ ਮੈਨੂੰ (ਕਦੇ) ਨਾਹ ਭੁੱਲੇ ।
ਗੁਰੂ ਨੇ (ਦੁਨੀਆ ਦੇ) ਧੰਧਿਆਂ ਦਾ ਮੇਰਾ ਸਾਰਾ ਮੋਹ ਸਾੜ ਕੇ ਮੈਨੂੰ ਪ੍ਰਭੂ ਦਾ ਨਾਮ ਦਿੱਤਾ ਹੈ ।
ਇਹ ਸਦਾ-ਥਿਰ ਨਾਮ ਹੀ ਹੁਣ ਮੇਰਾ (ਜੀਵਨ-) ਮਨੋਰਥ ਹੈ ।
ਮੈਂ (ਦੁਨੀਆ ਦੀਆਂ) ਸਾਰੀਆਂ ਆਸਾਂ ਮਨ ਵਿਚੋਂ ਦੂਰ ਕਰ ਕੇ ਇਕ ਪਰਮਾਤਮਾ ਦੀ ਆਸ (ਆਪਣੇ ਅੰਦਰ) ਪੱਕੀ ਕਰਦਾ ਹਾਂ ।
ਜਿਨ੍ਹਾਂ ਬੰਦਿਆਂ ਨੇ ਸਤਿਗੁਰੂ ਦਾ ਆਸਰਾ ਲਿਆ ਹੈ ਉਹਨਾਂ ਨੂੰ ਪਰਲੋਕ ਵਿਚ (ਪ੍ਰਭੂ ਦੀ ਦਰਗਾਹ ਵਿਚ) ਆਦਰ ਮਿਲਦਾ ਹੈ ।੧ ।
ਜੇ ਸੁਖਾਂ ਦਾ ਦੇਣ ਵਾਲਾ ਪਰਮਾਤਮਾ ਮਨ ਵਿਚ ਵੱਸ ਪਏ, ਤਾਂ ਨਾਹ ਦੁਨੀਆ ਦੇ ਦੁੱਖ ਜ਼ੋਰ ਪਾ ਸਕਦੇ ਹਨ, ਨਾਹ ਮਾਇਆ ਦੀ ਤ੍ਰਿਸ਼ਨਾ ਜ਼ੋਰ ਪਾ ਸਕਦੀ ਹੈ ।
ਜਦੋਂ ਹਿਰਦੇ ਵਿਚ ਉਹ ਸਦਾ-ਥਿਰ ਰਹਿਣ ਵਾਲਾ ਪਰਮਾਤਮਾ ਵੱਸਦਾ ਹੋਵੇ, ਤਾਂ ਕਿਸੇ ਵੀ ਕੰਮ ਵਿਚ ਲੱਗੀਏ, ਆਤਮਕ ਜੀਵਨ ਕਮਜ਼ੋਰ ਨਹੀਂ ਹੁੰਦਾ ।
ਹੇ ਪ੍ਰਭੂ! ਜਿਸ ਮਨੁੱਖ ਨੂੰ ਤੂੰ ਆਪਣੇ ਹੱਥ ਦੇ ਕੇ (ਵਿਕਾਰਾਂ ਵਲੋਂ) ਬਚਾਂਦਾ ਹੈਂ, ਕੋਈ (ਵਿਕਾਰ) ਉਸ ਨੂੰ ਆਤਮਕ (ਮੌਤੇ) ਮਾਰ ਨਹੀਂ ਸਕਦਾ ।
(ਹੇ ਭਾਈ!) ਆਤਮਕ ਆਨੰਦ ਦੇਣ ਵਾਲੇ ਸਤਿਗੁਰੂ ਦੀ ਸਰਨ ਲੈਣੀ ਚਾਹੀਦੀ ਹੈ, ਸਤਿਗੁਰੂ (ਮਨ ਵਿਚੋਂ) ਸਾਰੇ ਅੌਗੁਣ ਧੋ ਕੇ ਕੱਢ ਦੇਂਦਾ ਹੈ ।੨ ।
ਹੇ ਪ੍ਰਕਾਸ਼ ਸਰੂਪ-ਪ੍ਰਭੂ! ਮੈਂ ਸੇਵਕ (ਤੇਰੇ ਪਾਸੋਂ) ਉਹਨਾਂ (ਜੀਵ-ਇਸਤ੍ਰੀਆਂ) ਦੀ ਸੇਵਾ (ਦਾ ਦਾਨ) ਮੰਗਦਾ ਹਾਂ, ਜਿਨ੍ਹਾਂ ਨੂੰ ਤੂੰ ਆਪਣੀ ਸੇਵਾ ਵਿਚ ਲਾਇਆ ਹੋਇਆ ਹੈ ।
ਹੇ ਪ੍ਰਭੂ! ਜੇ ਤੂੰ ਹੀ ਮਿਹਰ ਕਰੇਂ ਤਾਂ ਮੈਨੂੰ ਸਾਧ ਸੰਗਤਿ ਦੀ ਪ੍ਰਾਪਤੀ ਹੋਵੇ ਤੇ ਸੇਵਾ ਦੀ ਦਾਤਿ ਮਿਲੇ ।
(ਹੇ ਭਾਈ!) ਹਰੇਕ (ਦਾਤਿ) ਮਾਲਕ ਦੇ ਆਪਣੇ ਇਖ਼ਤਿਆਰ ਵਿਚ ਹੈ, ਉਹ ਆਪ ਹੀ ਸਭ ਕੁਝ ਕਰਨ ਕਰਾਣ ਜੋਗਾ ਹੈ ।
ਮੈਂ ਆਪਣੇ ਸਤਿਗੁਰੂ ਤੋਂ ਸਦਕੇ ਜਾਂਦਾ ਹਾਂ ।
ਸਤਿਗੁਰੂ ਮੇਰੀਆਂ ਸਾਰੀਆਂ ਲੋੜਾਂ ਪੂਰੀਆਂ ਕਰਨ ਵਾਲਾ ਹੈ ।੩ ।
(ਹੇ ਭਾਈ! ਜਗਤ ਵਿਚ) ਇਕ ਪਰਮਾਤਮਾ ਹੀ (ਅਸਲ) ਸੱਜਣ ਦਿੱਸਦਾ ਹੈ, ਉਹੀ ਇਕ (ਅਸਲੀ) ਭਰਾ ਹੈ ਤੇ ਮਿੱਤਰ ਹੈ ।
ਦੁਨੀਆ ਦਾ ਸਾਰਾ ਧਨ-ਪਦਾਰਥ ਉਸ ਇਕ ਪਰਮਾਤਮਾ ਦਾ ਹੀ ਦਿੱਤਾ ਹੋਇਆ ਹੈ, ਉਸੇ ਦੀ ਹੀ ਮਰਯਾਦਾ (ਜਗਤ ਵਿਚ) ਚੱਲ ਰਹੀ ਹੈਹੇ ਨਾਨਕ! ਜਦੋਂ ਮਨੁੱਖ ਦਾ ਮਨ ਇਕ ਪਰਮਾਤਮਾ (ਦੀ ਯਾਦ) ਵਿਚ ਗਿੱਝ ਜਾਂਦਾ ਹੈ, ਤਦੋਂ ਉਸ ਦਾ ਚਿੱਤ (ਮਾਇਆ ਵਾਲੇ ਪਾਸੇ) ਡੋਲਣੋਂ ਹਟ ਜਾਂਦਾ ਹੈ ।
ਉਹ ਪਰਮਾਤਮਾ ਦੇ ਸਦਾ-ਥਿਰ ਨਾਮ ਨੂੰ ਆਪਣੇ ਆਤਮਾ ਦੀ ਖ਼ੁਰਾਕ ਬਣਾ ਲੈਂਦਾ ਹੈ, ਨਾਮ ਨੂੰ ਹੀ ਆਪਣੀ (ਆਤਮਕ) ਪੁਸ਼ਾਕ ਬਣਾਂਦਾ ਹੈ ਤੇ ਸਦਾ-ਥਿਰ ਨਾਮ ਨੂੰ ਹੀ ਆਪਣਾ ਆਸਰਾ ਬਣਾਂਦਾ ਹੈ ।੪।੫।੭੫ ।
Follow us on Twitter Facebook Tumblr Reddit Instagram Youtube