ਸਿਰੀਰਾਗੁ ਮਹਲਾ ੫ ॥
ਭਲਕੇ ਉਠਿ ਪਪੋਲੀਐ ਵਿਣੁ ਬੁਝੇ ਮੁਗਧ ਅਜਾਣਿ ॥
ਸੋ ਪ੍ਰਭੁ ਚਿਤਿ ਨ ਆਇਓ ਛੁਟੈਗੀ ਬੇਬਾਣਿ ॥
ਸਤਿਗੁਰ ਸੇਤੀ ਚਿਤੁ ਲਾਇ ਸਦਾ ਸਦਾ ਰੰਗੁ ਮਾਣਿ ॥੧॥

ਪ੍ਰਾਣੀ ਤੂੰ ਆਇਆ ਲਾਹਾ ਲੈਣਿ ॥
ਲਗਾ ਕਿਤੁ ਕੁਫਕੜੇ ਸਭ ਮੁਕਦੀ ਚਲੀ ਰੈਣਿ ॥੧॥ ਰਹਾਉ ॥

ਕੁਦਮ ਕਰੇ ਪਸੁ ਪੰਖੀਆ ਦਿਸੈ ਨਾਹੀ ਕਾਲੁ ॥
ਓਤੈ ਸਾਥਿ ਮਨੁਖੁ ਹੈ ਫਾਥਾ ਮਾਇਆ ਜਾਲਿ ॥
ਮੁਕਤੇ ਸੇਈ ਭਾਲੀਅਹਿ ਜਿ ਸਚਾ ਨਾਮੁ ਸਮਾਲਿ ॥੨॥

ਜੋ ਘਰੁ ਛਡਿ ਗਵਾਵਣਾ ਸੋ ਲਗਾ ਮਨ ਮਾਹਿ ॥
ਜਿਥੈ ਜਾਇ ਤੁਧੁ ਵਰਤਣਾ ਤਿਸ ਕੀ ਚਿੰਤਾ ਨਾਹਿ ॥
ਫਾਥੇ ਸੇਈ ਨਿਕਲੇ ਜਿ ਗੁਰ ਕੀ ਪੈਰੀ ਪਾਹਿ ॥੩॥

ਕੋਈ ਰਖਿ ਨ ਸਕਈ ਦੂਜਾ ਕੋ ਨ ਦਿਖਾਇ ॥
ਚਾਰੇ ਕੁੰਡਾ ਭਾਲਿ ਕੈ ਆਇ ਪਇਆ ਸਰਣਾਇ ॥
ਨਾਨਕ ਸਚੈ ਪਾਤਿਸਾਹਿ ਡੁਬਦਾ ਲਇਆ ਕਢਾਇ ॥੪॥੩॥੭੩॥

Sahib Singh
ਭਲਕੇ = ਨਿੱਤ, ਹਰ ਰੋਜ਼ ।
ਉਠਿ = ਉੱਠ ਕੇ, ਉੱਦਮ ਨਾਲ ।
ਪਪੋਲੀਐ = ਪਾਲੀ ਪੋਸੀਦੀ ਹੈ ।
ਮੁਗਧ = ਮੂਰਖ ।
ਅਜਾਣਿ = ਬੇ = ਸਮਝ ।
ਚਿਤਿ = ਚਿੱਤ ਵਿਚ ।
ਛੁਟੈਗੀ = ਇਕੱਲੀ ਛੱਡ ਦਿੱਤੀ ਜਾਇਗੀ ।
ਬੇਬਾਣਿ = ਬੀਆਬਾਨਿ ਵਿਚ, ਜੰਗਲ ਵਿਚ, ਮਸਾਣਾਂ ਵਿਚ ।
ਸੇਤੀ = ਨਾਲ ।
ਰੰਗੁ = ਆਤਮਕ ਆਨੰਦ ।੧ ।
ਲਾਹਾ = ਲਾਭ ।
ਲੈਣਿ = ਲੈਣ ਵਾਸਤੇ ।
ਕਿਤੁ = ਕਿਸ ਵਿਚ ?
ਕੁਫਕੜੇ = ਫੱਕੜੀ ਪੈਣ ਵਾਲੇ ਕੰਮ ਵਿਚ, ਖ਼ੁਆਰੀ ਵਾਲੇ ਕੰਮ ਵਿਚ ।
ਰੈਣਿ = (ਉਮਰ ਦੀ) ਰਾਤ ।੧।ਰਹਾਉ ।
ਕੁਦਮੁ = ਕਲੋਲ ।
ਪੰਖੀਆ = ਪੰਛੀ ।
ਕਾਲੁ = ਮੌਤ ।
ਓਤੈ ਸਾਥਿ = ਉਸੇ ਟੋਲੇ ਵਿਚ, ਉਸੇ ਤ੍ਰਹਾਂ ਦਾ ।
ਜਾਲਿ = ਜਾਲ ਵਿਚ ।
ਮੁਕਤੇ = (ਜਾਲ ਵਿਚੋਂ) ਆਜ਼ਾਦ ।
ਸੇਈ = ਉਹੀ ਬੰਦੇ ।
ਭਾਲੀਅਹਿ = ਮਿਲਦੇ ਹਨ ।
ਜਿ = ਜਿਹੜੇ ।੨ ।
ਤੁਧੁ = ਤੂੰ ।
ਚਿੰਤਾ = ਖਿ਼ਆਲ ।
ਪਾਹਿ = ਪੈਂਦੇ ਹਨ ।੩ ।
ਨ ਦਿਖਾਇ = ਨਹੀਂ ਦਿੱਸ ਆਉਂਦਾ ।
ਚਾਰੇ ਕੁੰਡਾ = ਚਾਰੇ ਪਾਸੇ, ਸਾਰੀ ਦੁਨੀਆ (ਕੁੰਡਾਂ) ।
ਸਚੈ ਪਾਤਿਸਾਹਿ = ਸੱਚੇ ਪਾਤਿਸ਼ਾਹ ਨੇ, ਸਤਿਗੁਰੂ ਨੇ ।੪ ।
    
Sahib Singh
ਹੇ ਪ੍ਰਾਣੀ! ਤੂੰ (ਜਗਤ ਵਿਚ ਪਰਮਾਤਮਾ ਦੇ ਨਾਮ ਦਾ) ਲਾਭ ਖੱਟਣ ਵਾਸਤੇ ਆਇਆ ਹੈਂ ।
ਤੂੰ ਕਿਸ ਖ਼ੁਆਰੀ ਵਾਲੇ ਕੰਮ ਵਿਚ ਰੁੱਝਾ ਪਿਆ ਹੈਂ ?
ਤੇਰੀ ਸਾਰੀ ਜ਼ਿੰਦਗੀ ਦੀ ਰਾਤ ਮੁੱਕਦੀ ਜਾ ਰਹੀ ਹੈ ।੧।ਰਹਾਉ ।
ਹਰ ਰੋਜ਼ ਉੱਦਮ ਨਾਲ ਇਸ ਸਰੀਰ ਨੂੰ ਪਾਲੀ ਪੋਸੀਦਾ ਹੈ, (ਜ਼ਿੰਦਗੀ ਦਾ ਮਨੋਰਥ) ਸਮਝਣ ਤੋਂ ਬਿਨਾ ਇਹ ਮੂਰਖ ਤੇ ਬੇ-ਸਮਝ ਹੀ ਰਹਿੰਦਾ ਹੈ ।
ਇਸ ਨੂੰ ਕਦੇ ਉਹ ਪਰਮਾਤਮਾ (ਜਿਸ ਨੇ ਇਸ ਨੂੰ ਪੈਦਾ ਕੀਤਾ ਹੈ) ਚੇਤੇ ਨਹੀਂ ਆਉਂਦਾ, ਤੇ ਆਖ਼ਰ ਇਹ ਮਸਾਣਾਂ ਵਿਚ ਸੁੱਟ ਦਿੱਤਾ ਜਾਇਗਾ ।
(ਹੇ ਪ੍ਰਾਣੀ! ਅਜੇ ਭੀ ਵੇਲਾ ਹੈ, ਆਪਣੇ) ਗੁਰੂ ਨਾਲ ਚਿੱਤ ਜੋੜ, ਤੇ (ਪਰਮਾਤਮਾ ਦਾ ਨਾਮ ਸਿਮਰ ਕੇ) ਸਦਾ ਕਾਇਮ ਰਹਿਣ ਵਾਲਾ ਆਤਮਕ ਆਨੰਦ ਮਾਣ ।੧ ।
ਪਸ਼ੂ ਕਲੋਲ ਕਰਦਾ ਹੈ ਪੰਛੀ ਕਲੋਲ ਕਰਦਾ ਹੈ (ਪਸ਼ੂ ਨੂੰ ਪੰਛੀ ਨੂੰ) ਮੌਤ ਨਹੀਂ ਦਿੱਸਦੀ, (ਪਰ) ਮਨੁੱਖ ਭੀ ਉਸੇ ਹੀ ਸਾਥ ਵਿਚ (ਜਾ ਰਲਿਆ ਹੈ, ਪਸ਼ੂ ਪੰਛੀ ਵਾਂਗ ਇਸ ਨੂੰ ਭੀ ਮੌਤ ਚੇਤੇ ਨਹੀਂ, ਤੇ ਇਹ) ਮਾਇਆ ਦੇ ਜਾਲ ਵਿਚ ਫਸਿਆ ਪਿਆ ਹੈ ।
ਮਾਇਆ ਦੇ ਜਾਲ ਤੋਂ ਬਚੇ ਹੋਏ ਉਹੀ ਬੰਦੇ ਦਿੱਸਦੇ ਹਨ, ਜੇਹੜੇ ਪਰਮਾਤਮਾ ਦਾ ਸਦਾ ਕਾਇਮ ਰਹਿਣ ਵਾਲਾ ਨਾਮ ਹਿਰਦੇ ਵਿਚ ਵਸਾਂਦੇ ਹਨ ।੨ ।
(ਹੇ ਪ੍ਰਾਣੀ!) ਜੇਹੜਾ (ਇਹ) ਘਰ ਛੱਡ ਕੇ ਸਦਾ ਲਈ ਤੁਰ ਜਾਣਾ ਹੈ, ਉਹ ਤੈਨੂੰ ਆਪਣੇ ਮਨ ਵਿਚ (ਪਿਆਰਾ) ਲੱਗ ਰਿਹਾ ਹੈ, ਤੇ ਜਿਥੇ ਜਾ ਕੇ ਤੇਰਾ ਵਾਹ ਪੈਣਾ ਹੈ ਉਸ ਦਾ ਤੈਨੂੰ (ਰਤਾ ਭੀ) ਫ਼ਿਕਰ ਨਹੀਂ ।
(ਸਭ ਜੀਵ ਮਾਇਆ ਦੇ ਮੋਹ ਵਿਚ ਫਸੇ ਪਏ ਹਨ, ਇਸ ਮੋਹ ਵਿਚ) ਫਸੇ ਹੋਏ ਉਹੀ ਬੰਦੇ ਨਿਕਲਦੇ ਹਨ ਜੇਹੜੇ ਗੁਰੂ ਦੀ ਚਰਨੀਂ ਪੈ ਜਾਂਦੇ ਹਨ ।੩ ।
(ਪਰ ਮਾਇਆ ਦਾ ਮੋਹ ਹੈ ਹੀ ਬੜਾ ਪ੍ਰਬਲ, ਇਸ ਵਿਚੋਂ ਗੁਰੂ ਤੋਂ ਬਿਨਾ) ਕੋਈ ਬਚਾ ਨਹੀਂ ਸਕਦਾ, (ਗੁਰੂ ਤੋਂ ਬਿਨਾ ਅਜੇਹੀ ਸਮਰਥਾ ਵਾਲਾ) ਕੋਈ ਨਹੀਂ ਦਿੱਸਦਾ ।
ਮੈਂ ਤਾਂ ਸਾਰੀ ਸਿ੍ਰਸ਼ਟੀ ਢੂੰਡ ਕੇ ਗੁਰੂ ਦੀ ਸਰਨ ਆਪਿਆ ਹਾਂ ।
ਹੇ ਨਾਨਕ (ਆਖ—) ਸੱਚੇ ਪਾਤਿਸ਼ਾਹ ਨੇ, ਗੁਰੂ ਨੇ ਮੈਨੂੰ (ਮਾਇਆ ਦੇ ਮੋਹ ਦੇ ਸਮੁੰਦਰ ਵਿਚ) ਡੁੱਬਦੇ ਨੂੰ ਕੱਢ ਲਿਆ ਹੈ ।੪।੩।੭੩ ।
Follow us on Twitter Facebook Tumblr Reddit Instagram Youtube