ਏ ਸ੍ਰਵਣਹੁ ਮੇਰਿਹੋ ਸਾਚੈ ਸੁਨਣੈ ਨੋ ਪਠਾਏ ॥
ਸਾਚੈ ਸੁਨਣੈ ਨੋ ਪਠਾਏ ਸਰੀਰਿ ਲਾਏ ਸੁਣਹੁ ਸਤਿ ਬਾਣੀ ॥
ਜਿਤੁ ਸੁਣੀ ਮਨੁ ਤਨੁ ਹਰਿਆ ਹੋਆ ਰਸਨਾ ਰਸਿ ਸਮਾਣੀ ॥
ਸਚੁ ਅਲਖ ਵਿਡਾਣੀ ਤਾ ਕੀ ਗਤਿ ਕਹੀ ਨ ਜਾਏ ॥
ਕਹੈ ਨਾਨਕੁ ਅੰਮ੍ਰਿਤ ਨਾਮੁ ਸੁਣਹੁ ਪਵਿਤ੍ਰ ਹੋਵਹੁ ਸਾਚੈ ਸੁਨਣੈ ਨੋ ਪਠਾਏ ॥੩੭॥

Sahib Singh
ਸ੍ਰਵਣ = ਕੰਨ ।
ਪਠਾਏ = ਭੇਜੇ ।
ਸਾਚੈ = ਸਦਾ = ਥਿਰ ਪ੍ਰਭੂ ਨੇ ।
ਸਰੀਰਿ = ਸਰੀਰ ਵਿਚ ।
ਸਤਿ ਬਾਣੀ = ਸਦਾ = ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਵਾਲੀ ਬਾਣੀ ।
ਜਿਤੁ = ਜਿਸ ਦੀ ਰਾਹੀਂ ।
ਜਿਤੁ ਸੁਣੀ = ਜਿਸ ਦੇ ਸੁਣਨ ਨਾਲ ।
ਰਸਿ = ਆਨੰਦ ਵਿਚ ।
ਹਰਿਆ = ਖਿੜਿਆ, ਆਨੰਦ = ਭਰਪੂਰ ।
ਰਸਨਾ = ਜੀਭ ।
ਵਿਡਾਣੀ = ਅਸਚਰਜ ।
ਗਤਿ = ਹਾਲਤ ।
ਅੰਮਿ੍ਰਤ = ਆਤਮਕ ਆਨੰਦ ਦੇਣ ਵਾਲਾ ।
    
Sahib Singh
ਹੇ ਮੇਰੇ ਕੰਨੋ! ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਬਾਣੀ ਸੁਣਿਆ ਕਰੋ, ਸਦਾ-ਥਿਰ ਕਰਤਾਰ ਨੇ ਤੁਹਾਨੂੰ ਇਹੀ ਸੁਣਨ ਵਾਸਤੇ ਬਣਾਇਆ ਹੈ, ਇਸ ਸਰੀਰ ਵਿਚ ਥਾਪਿਆ ਹੈ ।
ਇਸ ਸਿਫ਼ਤਿ-ਸਾਲਾਹ ਦੀ ਬਾਣੀ ਦੇ ਸੁਣਨ ਨਾਲ ਤਨ ਮਨ ਆਨੰਦ-ਭਰਪੂਰ ਹੋ ਜਾਂਦਾ ਹੈ, ਜੀਭ ਆਨੰਦ ਵਿਚ ਮਸਤ ਹੋ ਜਾਂਦੀ ਹੈ ।
ਸਦਾ-ਥਿਰ ਪਰਮਾਤਮਾ ਤਾਂ ਅਸਚਰਜ-ਰੂਪ ਹੈ, ਉਸ ਦਾ ਕੋਈ ਚਿਹਨ-ਚੱਕ੍ਰ ਦੱਸਿਆ ਨਹੀਂ ਜਾ ਸਕਦਾ, ਇਹ ਨਹੀਂ ਕਿਹਾ ਜਾ ਸਕਦਾ ਕਿ ਉਹ ਕਿਹੋ ਜਿਹਾ ਹੈ (ਉਸ ਦੇ ਗੁਣ ਕਹਿਣ ਸੁਣਨ ਨਾਲ ਸਿਰਫ਼ ਇਹੀ ਲਾਭ ਹੁੰਦਾ ਹੈ ਕਿ ਮਨੁੱਖ ਨੂੰ ਆਤਮਕ ਆਨੰਦ ਪ੍ਰਾਪਤ ਹੁੰਦਾ ਹੈ, ਤਾਹੀਏਂ) ਨਾਨਕ ਆਖਦਾ ਹੈ—ਆਤਮਕ ਆਨੰਦ ਦੇਣ ਵਾਲਾ ਨਾਮ ਸੁਣਿਆ ਕਰੋ, ਤੁਸੀ ਪਵਿਤ੍ਰ ਹੋ ਜਾਵੋਗੇ, ਪਰਮਾਤਮਾ ਨੇ ਤੁਹਾਨੂੰ ਇਹੀ ਸੁਣਨ ਵਾਸਤੇ ਭੇਜਿਆ(ਬਣਾਇਆ) ਹੈ ।੩੭ ।

ਭਾਵ:- ਜਿਸ ਮਨੁੱਖ ਦੇ ਕੰਨਾਂ ਨੂੰ ਅਜੇ ਨਿੰਦਾ-ਚੁਗ਼ਲੀ ਸੁਣਨ ਦਾ ਚਸਕਾ ਹੈ, ਉਸ ਦੇ ਹਿਰਦੇ ਵਿਚ ਆਤਮਕ ਆਨੰਦ ਪੈਦਾ ਨਹੀਂ ਹੋਇਆ ।
ਆਤਮਕ ਆਨੰਦ ਦੀ ਪ੍ਰਾਪਤੀ ਉਸੇ ਮਨੁੱਖ ਨੂੰ ਹੈ ਜਿਸ ਦੇ ਕੰਨ ਜਿਸ ਦੀ ਜੀਭ ਦੇ ਸਾਰੇ ਗਿਆਨ-ਇੰਦ੍ਰੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਵਿਚ ਮਗਨ ਰਹਿੰਦੇ ਹਨ ।
ਉਹੀ ਗਿਆਨ-ਇੰਦ੍ਰੇ ਪਵਿੱਤਰ ਹਨ ।
Follow us on Twitter Facebook Tumblr Reddit Instagram Youtube