ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀ ॥
ਬਾਣੀ ਤ ਕਚੀ ਸਤਿਗੁਰੂ ਬਾਝਹੁ ਹੋਰ ਕਚੀ ਬਾਣੀ ॥
ਕਹਦੇ ਕਚੇ ਸੁਣਦੇ ਕਚੇ ਕਚੀਂ ਆਖਿ ਵਖਾਣੀ ॥
ਹਰਿ ਹਰਿ ਨਿਤ ਕਰਹਿ ਰਸਨਾ ਕਹਿਆ ਕਛੂ ਨ ਜਾਣੀ ॥
ਚਿਤੁ ਜਿਨ ਕਾ ਹਿਰਿ ਲਇਆ ਮਾਇਆ ਬੋਲਨਿ ਪਏ ਰਵਾਣੀ ॥
ਕਹੈ ਨਾਨਕੁ ਸਤਿਗੁਰੂ ਬਾਝਹੁ ਹੋਰ ਕਚੀ ਬਾਣੀ ॥੨੪॥

Sahib Singh
ਸਤਿਗੁਰੂ ਬਿਨਾ = ਗੁਰ = ਆਸ਼ੇ ਤੋਂ ਉਲਟ ।
ਕਚੀ = ਹੌਲੇ ਮੇਲ ਦੀ, ਮਨ ਨੂੰ ਨੀਵਾਂ ਕਰਨ ਵਾਲੀ, ਉੱਚੇ ਆਤਮਕ ਆਨੰਦ ਤੋਂ ਹੇਠਾਂ ਲਿਆਉਣ ਵਾਲੀ ।
ਕਚੇ = ਉਹ ਬੰਦੇ ਜਿਨ੍ਹਾਂ ਦਾ ਮਨ ਕਮਜ਼ੋਰ ਹੈ, ਜੋ ਮਾਇਆ ਦੇ ਪ੍ਰਭਾਵ ਦੇ ਸਾਹਮਣੇ ਥਿੜਕ ਸਕਦੇ ਹਨ ।
ਸੁਣਦੇ ਕਚੇ = ਸੁਣਨ ਵਾਲਿਆਂ ਦੇ ਮਨ ਭੀ ਥਿੜਕ ਜਾਂਦੇ ਹਨ ।
ਕਹਿਆ = ਜੋ ਕੁਝ ਮੂੰਹੋਂ ਆਖਦੇ ਹਨ ।
ਹਿਰਿ ਲਇਆ = ਚੁਰਾ ਲਿਆ ।
ਰਵਾਣੀ = ਜ਼ਬਾਨੀਜ਼ਬਾਨੀ, ਉਤੋਂ ਉਤੋਂ ।
ਕਚˆੀ = ਕੱਚਿਆਂ ਨੇ, ਕਮਜ਼ੋਰ ਮਨ ਵਾਲਿਆਂ ਨੇ ।
    
Sahib Singh
ਗੁਰ-ਆਸ਼ੇ ਤੋਂ ਉਲਟ ਬਾਣੀ (ਮਾਇਆ) ਦੀ ਝਲਕ ਦੇ ਸਾਹਮਣੇ ਥਿੜਕਾ ਦੇਣ ਵਾਲੀ ਹੁੰਦੀ ਹੈ ।
ਇਹ ਪੱਕੀ ਗੱਲ ਹੈ ਕਿ ਗੁਰ-ਆਸ਼ੇ ਦੇ ਉਲਟ ਜਾਣ ਵਾਲੀ ਬਾਣੀ ਨੂੰ ਸੁਣਨ ਵਾਲਿਆਂ ਦੇ ਮਨ ਕਮਜ਼ੋਰ ਹੋ ਜਾਂਦੇ ਹਨ, ਸੁਣਨ ਵਾਲਿਆਂ ਦੇ ਮਨ ਭੀ ਥਿੜਕ ਜਾਂਦੇ ਹਨ, ਤੇ ਜੋ ਅਜੇਹੀ ਬਾਣੀ ਦੀ ਪੜ੍ਹ ਪੜ੍ਹ ਕੇ ਵਿਆਖਿਆ ਕਰਦੇ ਹਨ, ਉਹ ਭੀ ਕਮਜ਼ੋਰ ਮਨ ਦੇ ਹੋ ਜਾਂਦੇ ਹਨ ।
ਜੇ ਉਹ ਬੰਦੇ ਜੀਭ-ਨਾਲ ਹਰੀ-ਨਾਮ ਭੀ ਬੋਲਣ ਤਾਂ ਭੀ ਜੋ ਕੁਝ ਉਹ ਬੋਲਦੇ ਹਨ ਉਸ ਨਾਲ ਉਹਨਾਂ ਦੀ ਡੂੰਘੀ ਸਾਂਝ ਨਹੀਂ ਪੈਂਦੀ ਕਿਉਂਕਿ ਉਹਨਾਂ ਦੇ ਮਨ ਨੂੰ ਮਾਇਆ ਨੇ ਮੋਹ ਰੱਖਿਆ ਹੈ, ਉਹ ਜੋ ਕੁਝ ਬੋਲਦੇ ਹਨ ਜ਼ਬਾਨੀ ਜ਼ਬਾਨੀ ਹੀ ਬੋਲਦੇ ਹਨ ।
ਨਾਨਕ ਆਖਦਾ ਹੈ—ਗੁਰ-ਆਸ਼ੇ ਤੋਂ ਉਲਟ ਬਾਣੀ ਮਨੁੱਖ ਦੇ ਮਨ ਨੂੰ ਆਤਮਕ ਆਨੰਦ ਦੇ ਟਿਕਾਣੇ ਤੋਂ ਹੇਠਾਂ ਡੇਗਦੀ ਹੈ ।੨੪ ।

ਭਾਵ:- ਗੁਰ-ਆਸ਼ੇ ਤੋਂ ਉਲਟ ਜਾਣ ਵਾਲੀ ਬਾਣੀ, ਪਰਮਾਤਮਾ ਦੀ ਸਿਫ਼ਤਿ-ਸਾਲਾਹ ਤੋਂ ਸੁੰਞੀ ਬਾਣੀ ਮਨ ਨੂੰ ਕਮਜ਼ੋਰ ਕਰਦੀ ਹੈ, ਮਾਇਆ ਦੀ ਝਲਕ ਦੇ ਸਾਹਮਣੇ ਥਿੜਕਾ ਦੇਂਦੀ ਹੈ ।
ਅਜੇਹੀ ਬਾਣੀ ਨਿੱਤ ਪੜ੍ਹਨ ਸੁਣਨ ਵਾਲਿਆਂ ਦੇ ਮਨ ਮਾਇਆ ਦੇ ਟਾਕਰੇ ਤੇ ਕਮਜ਼ੋਰ ਹੋ ਜਾਂਦੇ ਹਨ ।
ਅਜੇਹੇ ਕਮਜ਼ੋਰ ਹੋ ਚੁਕੇ ਮਨ ਵਿਚ ਆਤਮਕ ਆਨੰਦ ਦਾ ਸੁਆਦ ਨਹੀਂ ਬਣ ਸਕਦਾ ।
ਉਹ ਮਨ ਤਾਂ ਮਾਇਆ ਦੇ ਮੋਹ ਵਿਚ ਫਸਿਆ ਹੁੰਦਾ ਹੈ ।
Follow us on Twitter Facebook Tumblr Reddit Instagram Youtube