ਸਿਰੀਰਾਗੁ ਮਹਲਾ ੪ ॥
ਰਸੁ ਅੰਮ੍ਰਿਤੁ ਨਾਮੁ ਰਸੁ ਅਤਿ ਭਲਾ ਕਿਤੁ ਬਿਧਿ ਮਿਲੈ ਰਸੁ ਖਾਇ ॥
ਜਾਇ ਪੁਛਹੁ ਸੋਹਾਗਣੀ ਤੁਸਾ ਕਿਉ ਕਰਿ ਮਿਲਿਆ ਪ੍ਰਭੁ ਆਇ ॥
ਓਇ ਵੇਪਰਵਾਹ ਨ ਬੋਲਨੀ ਹਉ ਮਲਿ ਮਲਿ ਧੋਵਾ ਤਿਨ ਪਾਇ ॥੧॥

ਭਾਈ ਰੇ ਮਿਲਿ ਸਜਣ ਹਰਿ ਗੁਣ ਸਾਰਿ ॥
ਸਜਣੁ ਸਤਿਗੁਰੁ ਪੁਰਖੁ ਹੈ ਦੁਖੁ ਕਢੈ ਹਉਮੈ ਮਾਰਿ ॥੧॥ ਰਹਾਉ ॥

ਗੁਰਮੁਖੀਆ ਸੋਹਾਗਣੀ ਤਿਨ ਦਇਆ ਪਈ ਮਨਿ ਆਇ ॥
ਸਤਿਗੁਰ ਵਚਨੁ ਰਤੰਨੁ ਹੈ ਜੋ ਮੰਨੇ ਸੁ ਹਰਿ ਰਸੁ ਖਾਇ ॥
ਸੇ ਵਡਭਾਗੀ ਵਡ ਜਾਣੀਅਹਿ ਜਿਨ ਹਰਿ ਰਸੁ ਖਾਧਾ ਗੁਰ ਭਾਇ ॥੨॥

ਇਹੁ ਹਰਿ ਰਸੁ ਵਣਿ ਤਿਣਿ ਸਭਤੁ ਹੈ ਭਾਗਹੀਣ ਨਹੀ ਖਾਇ ॥
ਬਿਨੁ ਸਤਿਗੁਰ ਪਲੈ ਨਾ ਪਵੈ ਮਨਮੁਖ ਰਹੇ ਬਿਲਲਾਇ ॥
ਓਇ ਸਤਿਗੁਰ ਆਗੈ ਨਾ ਨਿਵਹਿ ਓਨਾ ਅੰਤਰਿ ਕ੍ਰੋਧੁ ਬਲਾਇ ॥੩॥

ਹਰਿ ਹਰਿ ਹਰਿ ਰਸੁ ਆਪਿ ਹੈ ਆਪੇ ਹਰਿ ਰਸੁ ਹੋਇ ॥
ਆਪਿ ਦਇਆ ਕਰਿ ਦੇਵਸੀ ਗੁਰਮੁਖਿ ਅੰਮ੍ਰਿਤੁ ਚੋਇ ॥
ਸਭੁ ਤਨੁ ਮਨੁ ਹਰਿਆ ਹੋਇਆ ਨਾਨਕ ਹਰਿ ਵਸਿਆ ਮਨਿ ਸੋਇ ॥੪॥੫॥੬੯॥

Sahib Singh
ਅੰਮਿ੍ਰਤੁ = ਅਮਰ ਕਰਨ ਵਾਲਾ, ਆਤਮਕ ਜੀਵਨ ਦੇਣ ਵਾਲਾ ।
ਅਤਿ ਭਲਾ = ਬਹੁਤ ਚੰਗਾ ।
ਕਿਤੁ ਬਿਧਿ = ਕਿਸ ਤਰੀਕੇ ਨਾਲ ?
ਜਾਇ = ਜਾ ਕੇ ।
ਸੋਹਾਗਣੀ = ਚੰਗੇ ਭਾਗਾਂ ਵਾਲੀਆਂ ਜੀਵ-ਇਸਤ੍ਰੀਆਂ, ਉਹ ਜੀਵ-ਇਸਤ੍ਰੀਆਂ ਜਿਨ੍ਹਾਂ ਨੇ ਖਸਮ-ਪ੍ਰਭੂ ਨੂੰ ਪ੍ਰਸੰਨ ਕਰ ਲਿਆ ਹੈ ।
ਕਿਉਕਰਿ = ਕਿਸ ਤ੍ਰਹਾਂ ?
ਓਇ = {ਲਫ਼ਜ਼ ‘ਓਇ’ ਲਫ਼ਜ਼ ‘ਓਹ’ ਤੋਂ ਬਹੁ-ਵਚਨ} ।
ਬੋਲਨੀ = ਬੋਲਨਿ, ਬੋਲਦੀਆਂ ।
ਮਲਿ = ਮਲ ਕੇ ।
ਤਿਨ ਪਾਇ = ਉਹਨਾਂ ਦੇ ਪੈਰ ।੧ ।
ਮਿਲਿ ਸਜਣ = ਸੱਜਣ ( = ਗੁਰੂ) ਨੂੰ ਮਿਲ ਕੇ ।
ਸਾਰਿ = (ਹਿਰਦੇ ਵਿਚ) ਸੰਭਾਲ ।੧।ਰਹਾਉ ।
ਗੁਰਮੁਖੀਆ = ਗੁਰੂ ਦੇ ਸਨਮੁਖ ਰਹਿਣ ਵਾਲੀਆਂ ।
ਮਨਿ = ਮਨ ਵਿਚ ।
ਦਇਆ = ਤਰਸ ।
ਰਤੰਨੁ = ਕੀਮਤੀ ਪਦਾਰਥ ।
ਜਾਣੀਅਹਿ = ਜਾਣੇ ਜਾਂਦੇ ਹਨ ।
ਗੁਰ ਭਾਇ = ਗੁਰੂ ਦੇ ਪ੍ਰੇਮ ਵਿਚ (ਰਹਿ ਕੇ) ।੨ ।
ਵਣਿ = ਵਣ ਵਿਚ ।
ਤਿਣਿ = ਤਿਣ ਵਿਚ, ਤੀਲੇ ਵਿਚ ।
ਸਭਤੁ = ਹਰ ਥਾਂ ।
ਭਾਗਹੀਣ = ਮੰਦੇ ਭਾਗਾਂ ਵਾਲੀ ਜੀਵ-ਇਸਤ੍ਰੀ ।
ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ ।
ਬਲਾਇ = ਆਫ਼ਤ ।੩ ।
ਆਪੇ = ਆਪਿ ਹੀ ।
ਦੇਵਸੀ = ਦੇਵੇਗਾ ।
ਗੁਰਮੁਖਿ = ਗੁਰੂ ਦੇ ਸਨਮੁਖ ਕਰ ਕੇ ।
ਚੋਇ = ਚੋ ਕੇ ।੪ ।
    
Sahib Singh
ਹੇ ਭਾਈ! (ਗੁਰੂ-) ਸੱਜਣ ਨੂੰ ਮਿਲ ਕੇ ਪਰਮਾਤਮਾ ਦੇ ਗੁਣ (ਆਪਣੇ ਹਿਰਦੇ ਵਿਚ) ਸੰਭਾਲ ।
ਸੱਜਣ ਗੁਰੂ ਅਕਾਲ ਪੁਰਖ ਦਾ ਰੂਪ ਹੈ, ਉਹ (ਸਰਨ ਆਏ ਮਨੁੱਖ ਦੇ ਹਿਰਦੇ ਵਿਚੋਂ) ਹਉਮੈ ਦਾ ਦੁੱਖ ਮਾਰ ਕੇ ਕੱਢ ਦੇਂਦਾ ਹੈ ।੧।ਰਹਾਉ ।
ਪਰਮਾਤਮਾ ਦਾ ਨਾਮ ਬੜਾ ਸ੍ਰੇਸ਼ਟ ਰਸ ਹੈ, ਆਤਮਕ ਜੀਵਨ ਦੇਣ ਵਾਲਾ ਹੈ ।
ਇਹ ਰਸ ਕਿਸ ਤ੍ਰਹਾਂ ਮਿਲ ਸਕਦਾ ਹੈ ?
ਕਿਵੇਂ ਕੋਈ ਮਨੁੱਖ ਇਹ ਰਸ ਖਾ ਸਕਦਾ ਹੈ ?
(ਜੇ ਇਹ ਭੇਤ ਸਮਝਣਾ ਹੈ ਤਾਂ ਹੇ ਭਾਈ!) ਉਹਨਾਂ ਜੀਵ-ਇਸਤ੍ਰੀਆਂ ਨੂੰ ਜਾ ਕੇ ਪੁੱਛੋ, ਜਿਨ੍ਹਾਂ ਨੇ ਪ੍ਰਭੂ-ਪਤੀ ਨੂੰ ਪ੍ਰਸੰਨ ਕਰ ਲਿਆ ਹੈ (ਉਹਨਾਂ ਨੂੰ ਪੁੱਛੋ ਕਿ ਤੁਹਾਨੂੰ) ਪ੍ਰਭੂ ਕਿਵੇਂ ਆ ਕੇ ਮਿਲਿਆ ਹੈ ।
(ਜਿਨ੍ਹਾਂ ਜੀਵ-ਇਸਤ੍ਰੀਆਂ ਨੇ ਪ੍ਰਭੂ-ਪਤੀ ਨੂੰ ਪ੍ਰਸੰਨ ਕਰ ਲਿਆ ਹੈ) ਉਹ (ਦੁਨੀਆ ਦੀ ਸੋਭਾ ਆਦਿਕ ਵਲੋਂ) ਬੇ-ਮੁਥਾਜ ਹੋ ਜਾਂਦੀਆਂ ਹਨ (ਇਸ ਵਾਸਤੇ ਉਹ ਬਹੁਤਾ) ਨਹੀਂ ਬੋਲਦੀਆਂ ।
ਮੈਂ ਉਹਨਾਂ ਦੇ ਪੈਰ ਮਲ ਮਲ ਕੇ ਧੋਂਦੀ ਹਾਂ ।੧ ।
ਜੇਹੜੀਆਂ ਜੀਵ-ਇਸਤ੍ਰੀਆਂ ਗੁਰੂ ਦੇ ਸਨਮੁਖ ਰਹਿੰਦੀਆਂ ਹਨ, ਉਹੀ ਸੁਹਾਗ-ਭਾਗ ਵਾਲੀਆਂ ਹੋ ਜਾਂਦੀਆਂ ਹਨ (ਉਹਨਾਂ ਪਾਸੋਂ ਜੀਵਨ ਜੁਗਤਿ ਪੁੱਛਿਆਂ) ਉਹਨਾਂ ਦੇ ਮਨ ਵਿਚ ਤਰਸ ਆ ਜਾਂਦਾ ਹੈ (ਤੇ ਉਹ ਦੱਸਦੀਆਂ ਹਨ ਕਿ) ਸਤਿਗੁਰੂ ਦਾ ਬਚਨ (ਇਕ ਕੀਮਤੀ) ਰਤਨ ਹੈ, ਜੇਹੜਾ ਜੀਵ (ਗੁਰੂ ਦੇ ਬਚਨ ਉੱਤੇ) ਸਰਧਾ ਲਿਆਉਂਦਾ ਹੈ ਉਹ ਪਰਮਾਤਮਾ ਦੇ ਨਾਮ ਦਾ ਰਸ ਚੱਖ ਲੈਂਦਾ ਹੈ ।
ਜਿਨ੍ਹਾਂ ਮਨੁੱਖਾਂ ਨੇ ਗੁਰੂ ਦੇ ਅਨੁਸਾਰ ਰਹਿ ਕੇ ਪਰਮਾਤਮਾ ਦਾ ਨਾਮ-ਰਸ ਚੱਖਿਆ ਹੈ ਉਹ ਵੱਡੇ ਭਾਗਾਂ ਵਾਲੇ ਸਮਝੇ ਜਾਂਦੇ ਹਨ ।੨ ।
(ਜਿਵੇਂ ਜਲ ਸਾਰੀ ਬਨਸਪਤੀ ਨੂੰ ਹਰਿਆਵਲ ਦੇਣ ਵਾਲਾ ਹੈ, ਤਿਵੇਂ) ਪਰਮਾਤਮਾ ਦਾ ਇਹ ਨਾਮ-ਰਸ ਵਣ-ਤਿ੍ਰਣ ਵਿਚ ਹਰ ਥਾਂ ਮੌਜੂਦ ਹੈ (ਤੇ ਸਾਰੀ ਸਿ੍ਰਸ਼ਟੀ ਦੀ ਜਿੰਦ ਦਾ ਆਸਰਾ ਹੈ) ਪਰ ਮੰਦੇ ਭਾਗਾਂ ਵਾਲੀ ਜੀਵ-ਇਸਤ੍ਰੀ ਇਸ ਨਾਮ-ਰਸ ਨੂੰ ਨਹੀਂ ਚੱਖਦੀ ।ਗੁਰੂ ਦੀ ਸਰਨ ਪੈਣ ਤੋਂ ਬਿਨਾ ਇਹ ਨਾਮ-ਰਸ ਪ੍ਰਾਪਤ ਨਹੀਂ ਹੁੰਦਾ ।
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ (ਨਾਮ-ਰਸ ਤੋਂ ਵਾਂਜੇ ਰਹਿ ਕੇ) ਵਿਲਕਦੇ ਹੀ ਰਹਿੰਦੇ ਹਨ ।
ਉਹਨਾਂ ਦੇ ਅੰਦਰ ਕ੍ਰੋਧ ਆਫ਼ਤ ਟਿਕੀ ਰਹਿੰਦੀ ਹੈ, ਉਹ ਸਤਿਗੁਰੂ ਦੇ ਅੱਗੇ ਸਿਰ ਨਹੀਂ ਨਿਵਾਂਦੇ ।੩ ।
(ਪਰਮਾਤਮਾ ਤੇ ਪਰਮਾਤਮਾ ਦੇ ਨਾਮ-ਰਸ ਵਿਚ ਕੋਈ ਫ਼ਰਕ ਨਹੀਂ ਹੈ) ਪਰਮਾਤਮਾ ਆਪ ਹੀ (ਸਭ ਜੀਵਾਂ ਦੀ ਜਿੰਦ ਦਾ ਸਹਾਰਾ) ਰਸ ਹੈ ।
ਪਰਮਾਤਮਾ ਆਪ ਹੀ ਮਿਹਰ ਕਰ ਕੇ ਇਹ ਨਾਮ-ਰਸ ਦੇਂਦਾ ਹੈ (ਜਿਵੇਂ ਸ਼ਹਦ ਦੇ ਛੱਤੇ ਵਿਚੋਂ ਸ਼ਹਦ ਚੋਂਦਾ ਹੈ, ਤਿਵੇਂ) ਗੁਰੂ ਦੀ ਸਰਨ ਪਿਆਂ ਆਤਮਕ ਜੀਵਨ ਦੇਣ ਵਾਲਾ ਰਸ (ਜੀਵ ਦੇ ਅੰਦਰੋਂ) ਚੋਂਦਾ ਹੈ ।
ਹੇ ਨਾਨਕ! ਜਿਸ ਮਨੁੱਖ ਦੇ ਮਨ ਵਿਚ ਉਹ ਪਰਮਾਤਮਾ ਆ ਵੱਸਦਾ ਹੈ (ਨਾਮ-ਰਸ ਆ ਵੱਸਦਾ ਹੈ) ਉਸ ਦਾ ਸਾਰਾ ਸਰੀਰ, ਉਸ ਦਾ ਮਨ ਹਰਾ ਹੋ ਜਾਂਦਾ ਹੈ (ਖਿੜ ਪੈਂਦਾ ਹੈ) ।੪।੫।੬੯ ।
Follow us on Twitter Facebook Tumblr Reddit Instagram Youtube