ਸਿਰੀਰਾਗੁ ਮਹਲਾ ੩ ॥
ਸੁਣਿ ਸੁਣਿ ਕਾਮ ਗਹੇਲੀਏ ਕਿਆ ਚਲਹਿ ਬਾਹ ਲੁਡਾਇ ॥
ਆਪਣਾ ਪਿਰੁ ਨ ਪਛਾਣਹੀ ਕਿਆ ਮੁਹੁ ਦੇਸਹਿ ਜਾਇ ॥
ਜਿਨੀ ਸਖੀਂ ਕੰਤੁ ਪਛਾਣਿਆ ਹਉ ਤਿਨ ਕੈ ਲਾਗਉ ਪਾਇ ॥
ਤਿਨ ਹੀ ਜੈਸੀ ਥੀ ਰਹਾ ਸਤਸੰਗਤਿ ਮੇਲਿ ਮਿਲਾਇ ॥੧॥

ਮੁੰਧੇ ਕੂੜਿ ਮੁਠੀ ਕੂੜਿਆਰਿ ॥
ਪਿਰੁ ਪ੍ਰਭੁ ਸਾਚਾ ਸੋਹਣਾ ਪਾਈਐ ਗੁਰ ਬੀਚਾਰਿ ॥੧॥ ਰਹਾਉ ॥

ਮਨਮੁਖਿ ਕੰਤੁ ਨ ਪਛਾਣਈ ਤਿਨ ਕਿਉ ਰੈਣਿ ਵਿਹਾਇ ॥
ਗਰਬਿ ਅਟੀਆ ਤ੍ਰਿਸਨਾ ਜਲਹਿ ਦੁਖੁ ਪਾਵਹਿ ਦੂਜੈ ਭਾਇ ॥
ਸਬਦਿ ਰਤੀਆ ਸੋਹਾਗਣੀ ਤਿਨ ਵਿਚਹੁ ਹਉਮੈ ਜਾਇ ॥
ਸਦਾ ਪਿਰੁ ਰਾਵਹਿ ਆਪਣਾ ਤਿਨਾ ਸੁਖੇ ਸੁਖਿ ਵਿਹਾਇ ॥੨॥

ਗਿਆਨ ਵਿਹੂਣੀ ਪਿਰ ਮੁਤੀਆ ਪਿਰਮੁ ਨ ਪਾਇਆ ਜਾਇ ॥
ਅਗਿਆਨ ਮਤੀ ਅੰਧੇਰੁ ਹੈ ਬਿਨੁ ਪਿਰ ਦੇਖੇ ਭੁਖ ਨ ਜਾਇ ॥
ਆਵਹੁ ਮਿਲਹੁ ਸਹੇਲੀਹੋ ਮੈ ਪਿਰੁ ਦੇਹੁ ਮਿਲਾਇ ॥
ਪੂਰੈ ਭਾਗਿ ਸਤਿਗੁਰੁ ਮਿਲੈ ਪਿਰੁ ਪਾਇਆ ਸਚਿ ਸਮਾਇ ॥੩॥

ਸੇ ਸਹੀਆ ਸੋਹਾਗਣੀ ਜਿਨ ਕਉ ਨਦਰਿ ਕਰੇਇ ॥
ਖਸਮੁ ਪਛਾਣਹਿ ਆਪਣਾ ਤਨੁ ਮਨੁ ਆਗੈ ਦੇਇ ॥
ਘਰਿ ਵਰੁ ਪਾਇਆ ਆਪਣਾ ਹਉਮੈ ਦੂਰਿ ਕਰੇਇ ॥
ਨਾਨਕ ਸੋਭਾਵੰਤੀਆ ਸੋਹਾਗਣੀ ਅਨਦਿਨੁ ਭਗਤਿ ਕਰੇਇ ॥੪॥੨੮॥੬੧॥

Sahib Singh
ਕਾਮ = ਸੁਆਰਥ ।
ਗਹੇਲੀ = ਫੜੀ ਹੋਈ, ਫਸੀ ਹੋਈ ।
ਕਾਮ ਗਹੇਲੀਏ = ਹੇ ਸੁਆਰਥ ਵਿਚ ਫਸੀ ਹੋਈ ਜੀਵ-ਇਸਤ੍ਰੀਏ ।
ਬਾਹ ਲੁਡਾਇ = ਬਾਂਹ ਲੁਡਾਇ, ਬਾਂਹ ਲੁਡਾ ਕੇ, ਬਾਂਹ ਉਲਾਰ ਕੇ, ਮਸਤੀ ਵਿਚ ।
ਨ ਪਛਾਣਹੀ = ਨ = ਪਛਾਣਹਿ, ਤੂੰ ਨਹੀਂ ਪਛਾਣਦੀ ।
ਜਾਇ = ਜਾ ਕੇ ।
ਸਖੀ = ਸਖੀਆਂ ਨੇ, ਸਤਸੰਗੀ ਜੀਵ-ਇਸਤ੍ਰੀਆਂ ਨੇ ।
ਹਉ = ਮੈਂ ।
ਪਾਇ = ਚਰਨੀਂ ।
ਲਾਗਉ = ਮੈਂ ਲੱਗਦੀ ਹਾਂ, ਲਾਗਉਂ ।
ਥੀ ਰਹਾ = ਮੈਂ ਹੋ ਜਾਵਾਂ ।੧ ।
ਮੁੰਧੇ = ਮੁਗਧੇ, ਹੇ ਆਪਣੇ ਆਪ ਵਿਚ ਮਸਤ ਜੀਵ-ਇਸਤ੍ਰੀਏ !
ਕੂੜਿਆਰਿ = ਕੂੜ ਦੀ ਵਣਜਾਰਨ ।
ਕੂੜਿ = ਕੂੜ ਨੇ, ਮਾਇਆ ਦੇ ਪਸਾਰੇ ਨੇ ।
ਸਾਚਾ = ਸਦਾ = ਥਿਰ ।੧।ਰਹਾਉ ।
ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਨ ਵਾਲੀਆਂ ਜੀਵ-ਇਸਤ੍ਰੀਆਂ (ਨੂੰ) ।
ਨ ਪਛਾਣਈ = ਨ ਪਛਾਣਏ, ਨ ਪਛਾਣੈ {ਨੋਟ:- “ਪਛਾਣ ਹੀ” ਅਤੇ “ਪਛਾਣਈ” ਦਾ ਫ਼ਰਕ ਚੇਤੇ ਰੱਖਣ-ਜੋਗ ਹੈ} ।
ਰੈਣਿ = (ਜ਼ਿੰਦਗੀ = ਰੂਪ) ਰਾਤ ।
ਗਰਬਿ = ਅਹੰਕਾਰ ਵਿਚ ।
ਅਟੀਆ = ਅੱਟੀਆਂ, ਨਕਾ = ਨਕ ਭਰੀਆਂ ਹੋਈਆਂ ।
ਦੂਜੇ ਭਾਇ = ਹੋਰ ਦੇ ਪਿਆਰ ਵਿਚ ।
ਵਿਹਾਇ = (ਉਮਰ) ਬੀਤਦੀ ਹੈ ।੨ ।
ਮੁਤੀਆ = ਵਿਛੁੜੀ ਹੋਈ, ਛੁੱਟੜ ਹੋਈ ਹੋਈ ।
ਪਿਰ = ਪਤੀ ।
ਪਿਰਮੁ = ਪ੍ਰੇਮ ।
ਅੰਧੇਰੁ = (ਮੋਹ ਦਾ) ਹਨੇਰਾ ।
ਭੁਖ = ਤ੍ਰਿਸ਼ਨਾ, ਮਾਇਆ ਦੀ ਲਾਲਸਾ ।
ਸਹੇਲੀਹੋ = ਹੇ ਸਤਸੰਗੀ ਜੀਵ-ਇਸਤ੍ਰੀਓ !
ਮੈ = ਮੈਨੂੰ ।
ਸਚਿ = ਸਦਾ = ਥਿਰ ਪ੍ਰਭੂ ਵਿਚ ।੩ ।
ਸਹੀਆ = ਸਖੀਆਂ, ਸਹੇਲੀਆਂ, ਸਤਸੰਗੀ ਜੀਵ-ਇਸਤ੍ਰੀਆਂ ।
ਦੇਇ = ਦੇ ਕੇ, ਅਰਪਨ ਕਰ ਕੇ ।
ਘਰਿ = ਹਿਰਦੇ = ਘਰ ਵਿਚ ।
ਕਰੇਇ = ਕਰਦੀ ਹੈ ।
ਅਨਦਿਨੁ = ਹਰ ਰੋਜ਼ ।੪ ।
    
Sahib Singh
ਹੇ ਆਪੇ ਵਿਚ ਮਸਤ ਤੇ ਕੂੜ ਦੀ ਵਣਜਾਰਨ ਜੀਵ-ਇਸਤ੍ਰੀਏ! ਤੈਨੂੰ ਮਾਇਆ ਦੇ ਪਸਾਰੇ ਨੇ ਲੁੱਟ ਲਿਆ ਹੈ (ਇਸ ਤ੍ਰਹਾਂ ਪ੍ਰਭੂ-ਪਤੀ ਨਾਲ ਮੇਲ ਨਹੀਂ ਹੋ ਸਕਦਾ) ।
ਸਦਾ-ਥਿਰ ਰਹਿਣ ਵਾਲਾ ਸੋਹਣਾ ਪ੍ਰਭੂ-ਪਤੀ ਗੁਰੂ ਦੀ ਦੱਸੀ ਵਿਚਾਰ ਤੇ ਤੁਰਿਆਂ ਹੀ ਮਿਲਦਾ ਹੈ ।੧।ਰਹਾਉ ।
ਹੇ ਸੁਆਰਥ ਵਿਚ ਫਸੀ ਹੋਈ ਜੀਵ-ਇਸਤ੍ਰੀਏ! ਧਿਆਨ ਨਾਲ ਸੁਣ! ਕਿਉਂ ਇਤਨੀ ਲਾ-ਪਰਵਾਹੀ ਨਾਲ (ਜੀਵਨ-ਪੰਧ ਵਿਚ) ਤੁਰ ਰਹੀ ਹੈਂ ?
(ਸੁਆਰਥ ਵਿਚ ਫਸ ਕੇ) ਤੂੰ ਆਪਣੇ ਪ੍ਰ੍ਰਭੂ-ਪਤੀ ਨੂੰ (ਹੁਣ) ਪਛਾਣਦੀ ਨਹੀਂ, ਪਰਲੋਕ ਵਿਚ ਜਾ ਕੇ ਕੀਹ ਮੂੰਹ ਵਿਖਾਵੇਂਗੀ?ਜਿਨ੍ਹਾਂ ਸਤਸੰਗੀ ਜੀਵ-ਇਸਤ੍ਰੀਆਂ ਨੇ ਆਪਣੇ ਖਸਮ-ਪ੍ਰਭੂ ਨਾਲ ਜਾਣ-ਪਛਾਣ ਪਾ ਰੱਖੀ ਹੈ (ਉਹ ਭਾਗਾਂ ਵਾਲੀਆਂ ਹਨ) ਮੈਂ ਉਹਨਾਂ ਦੇ ਚਰਨੀਂ ਲੱਗਦਾ ਹਾਂ (ਮੇਰਾ ਚਿੱਤ ਕਰਦਾ ਹੈ ਕਿ) ਮੈਂ ਉਹਨਾਂ ਦੇ ਸਤਸੰਗ ਦੇ ਇਕੱਠ ਵਿਚ ਮਿਲ ਕੇ ਉਹਨਾਂ ਜਿਹੀ ਬਣ ਜਾਵਾਂ ।੧ ।
ਜੇਹੜੀਆਂ ਜੀਵ-ਇਸਤ੍ਰੀਆਂ ਆਪਣੇ ਹੀ ਮਨ ਦੇ ਪਿੱਛੇ ਤੁਰਦੀਆਂ ਹਨ, ਖਸਮ-ਪ੍ਰਭੂ ਉਹਨਾਂ ਨੂੰ ਪਛਾਣਦਾ ਭੀ ਨਹੀਂ ।
ਉਹਨਾਂ ਦੀ (ਜ਼ਿੰਦਗੀ-ਰੂਪ) ਰਾਤ ਕਿਵੇਂ ਬੀਤਦੀ ਹੋਵੇਗੀ ?
(ਭਾਵ, ਉਹ ਸਾਰੀ ਉਮਰ ਦੁਖੀ ਹੀ ਰਹਿੰਦੀਆਂ ਹਨ) ।
ਉਹ ਅਹੰਕਾਰ ਵਿਚ ਨਕਾ-ਨਕ ਭਰੀਆਂ ਹੋਈਆਂ ਤ੍ਰਿਸ਼ਨਾ (ਦੀ ਅੱਗ) ਵਿਚ ਸੜਦੀਆਂ ਹਨ, ਉਹ ਮਾਇਆ ਦੇ ਮੋਹ ਵਿਚ (ਫਸ ਕੇ) ਦੁੱਖ ਸਹਾਰਦੀਆਂ ਹਨ ।
(ਜੇਹੜੀਆਂ ਜੀਵ-ਇਸਤ੍ਰੀਆਂ ਗੁਰੂ ਦੇ) ਸ਼ਬਦ ਵਿਚ ਰੰਗੀਆਂ ਰਹਿੰਦੀਆਂ ਹਨ ਉਹ ਭਾਗਾਂ ਵਾਲੀਆਂ ਹਨ (ਸ਼ਬਦ ਦੀ ਬਰਕਤਿ ਨਾਲ) ਉਹਨਾਂ ਦੇ ਅੰਦਰੋਂ ਹਉਮੈ ਦੂਰ ਹੋ ਜਾਂਦੀ ਹੈ ।
ਉਹ ਸਦਾ ਆਪਣੇ ਪ੍ਰਭੂ-ਪਤੀ ਨਾਲ ਮਿਲੀਆਂ ਰਹਿੰਦੀਆਂ ਹਨ ਉਹਨਾਂ ਦੀ ਉਮਰ ਨਿਰੋਲ ਸੁਖ ਵਿਚ ਬੀਤਦੀ ਹੈ ।੨ ।
ਜੇਹੜੀ ਜੀਵ-ਇਸਤ੍ਰੀ ਪ੍ਰਭੂ-ਪਤੀ ਨਾਲ ਡੂੰਘੀ ਸਾਂਝ ਪਾਣ ਤੋਂ ਬਿਨਾ ਹੀ ਰਹੀ, ਉਹ ਖਸਮ-ਪ੍ਰਭੂ ਵਲੋਂ ਛੁੱਟੜ ਹੀ ਰਹਿੰਦੀ ਹੈ, ਉਹ ਪ੍ਰਭੂ-ਪਤੀ ਦਾ ਪਿਆਰ ਹਾਸਲ ਨਹੀਂ ਕਰ ਸਕਦੀ ।
ਅਗਿਆਨ ਵਿਚ ਮੱਤੀ ਹੋਈ ਜੀਵ-ਇਸਤ੍ਰੀ ਨੂੰ (ਮਾਇਆ ਦੇ ਮੋਹ ਦਾ) ਹਨੇਰਾ ਵਿਆਪਿਆ ਰਹਿੰਦਾ ਹੈ, ਪਤੀ-ਪ੍ਰਭੂ ਦੇ ਦਰਸਨ ਤੋਂ ਬਿਨਾ ਉਸ ਦੀ ਇਹ ਮਾਇਆ ਦੀ ਭੁੱਖ ਦੂਰ ਨਹੀਂ ਹੁੰਦੀ ।
ਹੇ ਸਤਸੰਗੀ ਜੀਵ-ਇਸਤ੍ਰੀਓ! ਆਓ, ਮੈਨੂੰ ਮਿਲੋ, ਤੇ ਮੈਨੂੰ ਪ੍ਰਭੂ-ਪਤੀ ਮਿਲਾ ਦਿਉ ।
ਜਿਸ ਜੀਵ-ਇਸਤ੍ਰੀ ਨੂੰ ਪੂਰੀ ਕਿਸਮਤਿ ਨਾਲ ਗੁਰੂ ਮਿਲ ਪੈਂਦਾ ਹੈ, ਉਹ ਪ੍ਰਭੂ-ਪਤੀ ਨੂੰ ਮਿਲ ਪੈਂਦੀ ਹੈ, ਉਹ ਸਦਾ-ਥਿਰ ਪ੍ਰਭੂ ਵਿਚ ਲੀਨ ਰਹਿੰਦੀ ਹੈ ।੩ ।
ਉਹ ਸਤਸੰਗੀ ਜੀਵ-ਇਸਤ੍ਰੀਆਂ ਭਾਗਾਂ ਵਾਲੀਆਂ ਹਨ, ਜਿਨ੍ਹਾਂ ਉੱਤੇ ਪ੍ਰਭੂ ਮਿਹਰ ਦੀ ਨਿਗਾਹ ਕਰਦਾ ਹੈ ।
ਉਹ ਆਪਣਾ ਤਨ ਆਪਣਾ ਮਨ ਉਸ ਦੇ ਅੱਗੇ ਭੇਟ ਰੱਖ ਕੇ ਆਪਣੇ ਖਸਮ-ਪ੍ਰਭੂ ਨਾਲ ਸਾਂਝ ਪਾਂਦੀਆਂ ਹਨ ।
ਜੇਹੜੀ ਜੀਵ-ਇਸਤ੍ਰੀ ਆਪਣੇ ਅੰਦਰੋਂ ਹਉਮੈ ਦੂਰ ਕਰਦੀ ਹੈ ਉਹ ਆਪਣੇ ਹਿਰਦੇ-ਘਰ ਵਿਚ (ਹੀ) ਖਸਮ-ਪ੍ਰਭੂ ਨੂੰ ਲੱਭ ਲੈਂਦੀ ਹੈ ।
ਹੇ ਨਾਨਕ! ਉਹ ਸੋਭਾ ਵਾਲੀ ਬਣਦੀ ਹੈ ਉਹ ਭਾਗਾਂ ਵਾਲੀ ਹੈ, ਉਹ ਹਰ ਵੇਲੇ ਪ੍ਰਭੂ-ਪਤੀ ਦੀ ਭਗਤੀ ਕਰਦੀ ਹੈ ।੪।੨੮।੬੧ ।
Follow us on Twitter Facebook Tumblr Reddit Instagram Youtube