ਸ੍ਰੀਰਾਗੁ ਮਹਲਾ ੩ ॥
ਬਿਨੁ ਗੁਰ ਰੋਗੁ ਨ ਤੁਟਈ ਹਉਮੈ ਪੀੜ ਨ ਜਾਇ ॥
ਗੁਰ ਪਰਸਾਦੀ ਮਨਿ ਵਸੈ ਨਾਮੇ ਰਹੈ ਸਮਾਇ ॥
ਗੁਰ ਸਬਦੀ ਹਰਿ ਪਾਈਐ ਬਿਨੁ ਸਬਦੈ ਭਰਮਿ ਭੁਲਾਇ ॥੧॥

ਮਨ ਰੇ ਨਿਜ ਘਰਿ ਵਾਸਾ ਹੋਇ ॥
ਰਾਮ ਨਾਮੁ ਸਾਲਾਹਿ ਤੂ ਫਿਰਿ ਆਵਣ ਜਾਣੁ ਨ ਹੋਇ ॥੧॥ ਰਹਾਉ ॥

ਹਰਿ ਇਕੋ ਦਾਤਾ ਵਰਤਦਾ ਦੂਜਾ ਅਵਰੁ ਨ ਕੋਇ ॥
ਸਬਦਿ ਸਾਲਾਹੀ ਮਨਿ ਵਸੈ ਸਹਜੇ ਹੀ ਸੁਖੁ ਹੋਇ ॥
ਸਭ ਨਦਰੀ ਅੰਦਰਿ ਵੇਖਦਾ ਜੈ ਭਾਵੈ ਤੈ ਦੇਇ ॥੨॥

ਹਉਮੈ ਸਭਾ ਗਣਤ ਹੈ ਗਣਤੈ ਨਉ ਸੁਖੁ ਨਾਹਿ ॥
ਬਿਖੁ ਕੀ ਕਾਰ ਕਮਾਵਣੀ ਬਿਖੁ ਹੀ ਮਾਹਿ ਸਮਾਹਿ ॥
ਬਿਨੁ ਨਾਵੈ ਠਉਰੁ ਨ ਪਾਇਨੀ ਜਮਪੁਰਿ ਦੂਖ ਸਹਾਹਿ ॥੩॥

ਜੀਉ ਪਿੰਡੁ ਸਭੁ ਤਿਸ ਦਾ ਤਿਸੈ ਦਾ ਆਧਾਰੁ ॥
ਗੁਰ ਪਰਸਾਦੀ ਬੁਝੀਐ ਤਾ ਪਾਏ ਮੋਖ ਦੁਆਰੁ ॥
ਨਾਨਕ ਨਾਮੁ ਸਲਾਹਿ ਤੂੰ ਅੰਤੁ ਨ ਪਾਰਾਵਾਰੁ ॥੪॥੨੪॥੫੭॥

Sahib Singh
ਤੁਟਈ = ਤੁਟਇ, ਤੁਟਏ, ਤੁਟੈ, ਟੁੱਟਦਾ ।
ਮਨਿ = ਮਨਿ ਵਿਚ ।
ਨਾਮੇ = ਨਾਮ ਵਿਚ ਹੀ ।
ਭਰਮਿ = ਭਟਕਣਾ ਵਿਚ ।
ਭੁਲਾਇ = ਖੁੰਝਿਆ ਰਹਿੰਦਾ ਹੈ ।੧ ।
ਨਿਜ ਘਰਿ = ਆਪਣੇ ਘਰਿ ਵਿਚ, ਅੰਤਰ ਆਤਮੇ, ਪ੍ਰਭੂ ਚਰਨਾਂ ਵਿਚ ।
ਸਾਲਾਹਿ = ਸਿਫ਼ਤਿ = ਸਾਲਾਹ ਕਰ ।੧।ਰਹਾਉ ।
ਵਰਤਦਾ = ਕੰਮ ਕਰ ਰਿਹਾ ਹੈ, ਸਮਰੱਥਾ ਵਾਲਾ ਹੈ ।
ਸਬਦਿ = (ਗੁਰੂ ਦੇ) ਸ਼ਬਦ ਦੀ ਰਾਹੀਂ ।
ਸਾਲਾਹੀ = ਜੇ ਮੈਂ ਸਾਲਾਹਾਂ ।
ਸਹਜੇ ਹੀ = ਸੁਖੈਨ ਹੀ ।
ਸੁਖੁ = ਆਤਮਕ ਆਨੰਦ ।
ਨਦਰੀ ਅੰਦਰਿ = ਮਿਹਰ ਦੀ ਨਿਗਾਹ ਨਾਲ ।
ਸਭ = ਸਾਰੀ ਸਿ੍ਰਸ਼ਟੀ ।
ਜੈ = ਜਿਸ ਨੂੰ ।
ਤੈ = ਉਸ ਨੂੰ ।
ਦੇਇ = ਦੇਂਦਾ ਹੈ ।੨ ।
ਗਣਤ = ਚਿੰਤਾ ।
ਨਉ = ਨੂੰ ।
ਬਿਖੁ = ਜ਼ਹਰ, ਵਿਕਾਰਾਂ ਦਾ ਜ਼ਹਰ {ਨੋਟ:- ਲਫ਼ਜ਼ ‘ਬਿਖੁ’ ਇਸਤ੍ਰੀ-ਲਿੰਗ ਹੈ, ਪਰ ਹੈ ਇਹੁ ੁ -ਅੰਤ ।
    ਸੰੰਬੰਧਕ ਨਾਲ ਭੀ ਇਹ ੁ ਕਾਇਮ ਰਹਿੰਦਾ ਹੈ} ।
ਠਉਰੁ = ਥਾਂ, ਸ਼ਾਂਤੀ ।
ਪਾਇਨੀ = ਪਾਇਨਿ, ਪਾਂਦੇ ।
ਜਮਪੁਰਿ = ਜਮ ਦੀ ਪੁਰੀ ਵਿਚ ।
ਸਹਾਹਿ = ਸਹਹਿ, ਸਹਿੰਦੇ ਹਨ ।੩ ।
ਜੀਉ = ਜਿੰਦ ।
ਪਿੰਡੁ = ਸਰੀਰ ।
ਤਿਸੁ ਦਾ = ਉਸ (ਪਰਮਾਤਮਾ) ਦਾ ।
ਆਧਾਰੁ = ਆਸਰਾ ।
ਪਰਸਾਦੀ = ਪਰਸਾਦਿ, ਕਿਰਪਾ ਨਾਲ ।
ਪਰਸਾਦ = ਕਿਰਪਾ (ਪ੍ਰਸਾਦ) ।
ਬੁਝੀਐ = ਸਮਝ ਆਉਂਦੀ ਹੈ ।
ਮੋਖ ਦੁਆਰੁ = (ਵਿਕਾਰਾਂ ਤੋਂ) ਖ਼ਲਾਸੀ ਦਾ ਦਰਵਾਜ਼ਾ ।
ਪਾਰਾਵਾਰੁ = ਪਾਰ ਅਵਾਰ, ਪਾਰਲਾ ਤੇ ਉਰਲਾ ਬੰਨਾ ।੪ ।
    
Sahib Singh
ਹੇ (ਮੇਰੇ) ਮਨ! ਪਰਮਾਤਮਾ ਦੇ ਨਾਮ ਦੀ ਸਿਫ਼ਤਿ-ਸਾਲਾਹ ਕਰਦਾ ਰਹੁ, ਪ੍ਰਭੂ-ਚਰਨਾਂ ਵਿਚ ਤੇਰਾ ਨਿਵਾਸ ਬਣਿਆ ਰਹੇਗਾ, ਤੇ ਮੁੜ ਜਨਮ ਮਰਨ (ਦਾ ਗੇੜ) ਨਹੀਂ ਹੋਵੇਗਾ ।੧।ਰਹਾਉ ।
ਗੁਰੂ (ਦੀ ਸਰਨ) ਤੋਂ ਬਿਨਾ (ਜਨਮ ਮਰਨ ਦਾ) ਰੋਗ ਦੂਰ ਨਹੀਂ ਹੁੰਦਾ, ਹਉਮੈ ਦੀ ਦਰਦ ਨਹੀਂ ਜਾਂਦੀ ।
ਗੁਰੂ ਦੀ ਕਿਰਪਾ ਨਾਲ (ਜਿਸ ਮਨੁੱਖ ਦੇ) ਮਨ ਵਿਚ (ਪਰਮਾਤਮਾ ਦਾ ਨਾਮ) ਵੱਸ ਪੈਂਦਾ ਹੈ ਉਹ ਨਾਮ ਵਿਚ ਹੀ ਟਿਕਿਆ ਰਹਿੰਦਾ ਹੈ ।
ਗੁਰੂ ਦੇ ਸ਼ਬਦ ਵਿਚ ਜੁੜਿਆਂ ਹੀ ਪਰਮਾਤਮਾ ਮਿਲਦਾ ਹੈ, ਗੁਰ-ਸ਼ਬਦ ਤੋਂ ਬਿਨਾ ਮਨੁੱਖ ਭਟਕਣਾ ਵਿਚ ਪੈ ਕੇ (ਸਹੀ ਜੀਵਨ-ਰਾਹ ਤੋਂ) ਖੁੰਝ ਜਾਂਦਾ ਹੈ ।੧ ।
ਸਭ ਦਾਤਾਂ ਦੇਣ ਵਾਲਾ ਸਿਰਫ਼ ਪਰਮਾਤਮਾ ਹੀ ਸਾਰੀ ਸਮਰੱਥਾ ਵਾਲਾ ਹੈ, ਉਸ ਵਰਗਾ ਕੋਈ ਹੋਰ ਨਹੀਂ ਹੈ ।
ਜੇ ਮੈਂ ਗੁਰੂ ਦੇ ਸ਼ਬਦ ਦੀ ਰਾਹੀਂ ਉਸ ਦੀ ਸਿਫ਼ਤਿ-ਸਾਲਾਹ ਕਰਾਂ, ਤਾਂ ਉਹ ਮਨ ਵਿਚ ਆ ਵੱਸਦਾ ਹੈ, ਤੇ ਸੁਖੈਨ ਹੀ ਆਤਮਕ ਆਨੰਦ ਬਣ ਜਾਂਦਾ ਹੈ ।
ਉਹ ਦਾਤਾਰ ਹਰੀ ਸਾਰੀ ਸਿ੍ਰਸ਼ਟੀ ਨੂੰ ਆਪਣੀ ਮਿਹਰ ਦੀ ਨਿਗਾਹ ਨਾਲ ਵੇਖਦਾ ਹੈ ।
ਜਿਸ ਨੂੰ ਉਸ ਦੀ ਮਰਜ਼ੀ ਹੋਵੇ ਉਸ ਨੂੰ ਹੀ (ਇਹ ਆਤਮਕ ਆਨੰਦ) ਦੇਂਦਾ ਹੈ ।੨ ।
(ਜਿੱਥੇ) ਹਉਮੈ (ਹੈ ਉੱਥੇ) ਨਿਰੀ ਚਿੰਤਾ ਹੈ, ਚਿੰਤਾ ਨੂੰ ਸੁੱਖ ਨਹੀਂ ਹੋ ਸਕਦਾ ।
(ਹਉਮੈ ਦੇ ਅਧੀਨ ਰਹਿ ਕੇ ਆਤਮਕ ਮੌਤ ਲਿਆਉਣ ਵਾਲੀ ਵਿਕਾਰਾਂ ਦੀ) ਜ਼ਹਰ ਵਾਲੇ ਕੰਮ ਕੀਤਿਆਂ ਜੀਵ ਉਸ ਜ਼ਹ੧ਰ ਵਿਚ ਹੀ, ਮਗਨ ਰਹਿੰਦੇ ਹਨ ।
ਪਰਮਾਤਮਾ ਦੇ ਨਾਮ ਤੋਂ ਬਿਨਾ ਉਹ ਸ਼ਾਂਤੀ ਵਾਲੀ ਥਾਂ ਪ੍ਰਾਪਤ ਨਹੀਂ ਕਰ ਸਕਦੇ, ਤੇ ਜਮ ਦੇ ਦਰ ਤੇ ਦੁੱਖ ਸਹਿੰਦੇ ਰਹਿੰਦੇ ਹਨ ।੩ ।
ਜਦੋਂ ਗੁਰੂ ਦੀ ਕਿਰਪਾ ਨਾਲ ਇਹ ਸਮਝ ਆ ਜਾਂਦੀ ਹੈ, ਕਿ ਇਹ ਜਿੰਦ ਤੇ ਇਹ ਸਰੀਰ ਸਭ ਕੁਝ ਉਸ ਪਰਮਾਤਮਾ ਦਾ ਹੀ ਹੈ ਤੇ ਪਰਮਾਤਮਾ ਦਾ ਹੀ (ਸਭ ਜੀਵਾਂ ਨੂੰ) ਆਸਰਾ-ਸਹਾਰਾ ਹੈ, ਤਦੋਂ ਜੀਵ ਵਿਕਾਰਾਂ ਤੋਂ ਖ਼ਲਾਸੀ ਦਾ ਰਾਹ ਲੱਭ ਲੈਂਦਾ ਹੈ ।
ਹੇ ਨਾਨਕ! ਉਸ ਪਰਮਾਤਮਾ ਦੇ ਨਾਮ ਦੀ ਸਿਫ਼ਤਿ-ਸਾਲਾਹ ਕਰਦਾ ਰਹੁ ਜਿਸ ਦੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ, ਜਿਸ ਦੀ ਸਮਰੱਥਾ ਦਾ ਉਰਲਾ ਪਾਰਲਾ ਬੰਨਾ ਨਹੀਂ ਲੱਭ ਸਕਦਾ ।੪।੨੪।੫੭ ।
Follow us on Twitter Facebook Tumblr Reddit Instagram Youtube