ਗੋਂਡ ॥
ਨਰੂ ਮਰੈ ਨਰੁ ਕਾਮਿ ਨ ਆਵੈ ॥
ਪਸੂ ਮਰੈ ਦਸ ਕਾਜ ਸਵਾਰੈ ॥੧॥

ਅਪਨੇ ਕਰਮ ਕੀ ਗਤਿ ਮੈ ਕਿਆ ਜਾਨਉ ॥
ਮੈ ਕਿਆ ਜਾਨਉ ਬਾਬਾ ਰੇ ॥੧॥ ਰਹਾਉ ॥

ਹਾਡ ਜਲੇ ਜੈਸੇ ਲਕਰੀ ਕਾ ਤੂਲਾ ॥
ਕੇਸ ਜਲੇ ਜੈਸੇ ਘਾਸ ਕਾ ਪੂਲਾ ॥੨॥

ਕਹੁ ਕਬੀਰ ਤਬ ਹੀ ਨਰੁ ਜਾਗੈ ॥
ਜਮ ਕਾ ਡੰਡੁ ਮੂੰਡ ਮਹਿ ਲਾਗੈ ॥੩॥੨॥

Sahib Singh
ਨਰੂ = ਮਨੁੱਖ ।
ਦਸ ਕਾਜ = ਕਈ ਕੰੰਮ ।੧ ।
ਕਰਮ ਕੀ ਗਤਿ = ਜੋ ਕਰਮ ਮੈਂ ਕਰ ਰਿਹਾ ਹਾਂ ਉਹਨਾਂ ਦੀ ਹਾਲਤ, ਜੋ ਕੰਮ ਮੈਂ ਕਰੀ ਜਾ ਰਿਹਾ ਹਾਂ ਉਹਨਾਂ ਦੀ ਚੰਗਿਆਈ ।
ਮੈ ਕਿਆ ਜਾਨਉ = ਮੈਂ ਕੀਹ ਜਾਣਾਂ ?
    ਮੈਨੂੰ ਕੀਹ ਪਤਾ ?
    ਮੈਨੂੰ ਸਮਝ ਨਹੀਂ ਆਉਂਦੀ ।
ਅਪਨੇ.....ਜਾਨਉ = ਜੋ ਕੰਮ ਮੈਂ ਨਿੱਤ ਕਰੀ ਜਾ ਰਿਹਾ ਹਾਂ, ਉਹਨਾਂ ਵਿਚ ਮੈਨੂੰ ਕੋਈ ਚੰਗਿਆਈ ਨਹੀਂ ਦਿੱਸ ਰਹੀ (ਭਾਵ, ਮੈਂ ਮੰਦੇ ਕੰਮ ਹੀ ਕਰੀ ਜਾ ਰਿਹਾ ਹਾਂ) ।
ਰੇ ਬਾਬਾ = ਹੇ ਪਿਤਾ !
    ।੧।ਰਹਾਉ ।
ਤੂਲਾ = ਗੱਠਾ ।
ਘਾਸ = ਘਾਹ ।
ਪੂਲਾ = ਮੁੱਠਾ ।੨ ।
ਜਾਗੈ = ਮੰਦੇ ਕਰਮਾਂ ਵਲੋਂ ਜਾਗ ਆਉਂਦੀ ਹੈ ।
ਡੰਡੁ = ਡੰਡਾ ।
ਮੂੰਡ ਮਹਿ = ਸਿਰ ਉੱਤੇ ।੩ ।
    
Sahib Singh
ਹੇ ਬਾਬਾ! ਮੈਂ ਕਦੇ ਸੋਚਦਾ ਹੀ ਨਹੀਂ ਕਿ ਮੈਂ ਕਿਹੋ ਜਿਹੇ ਨਿੱਤ-ਕਰਮ ਕਰੀ ਜਾ ਰਿਹਾ ਹਾਂ, (ਮੈਂ ਮੰਦੇ ਪਾਸੇ ਹੀ ਲੱਗਾ ਰਹਿੰਦਾ ਹਾਂ, ਤੇ) ਮੈਨੂੰ ਖਿ਼ਆਲ ਹੀ ਨਹੀਂ ਆਉਂਦਾ ।੧।ਰਹਾਉ ।
(ਮੈਨੂੰ ਕਦੇ ਸੋਚ ਹੀ ਨਹੀਂ ਫੁਰਦੀ ਕਿ ਮੈਂ ਕਿਸ ਸਰੀਰ ਤੇ ਮਾਣ ਕਰ ਕੇ ਮੰਦੇ ਕੰਮ ਕਰਦਾ ਰਹਿੰਦਾ ਹਾਂ, ਮੇਰਾ ਅਸਲਾ ਤਾਂ ਇਹੀ ਹੈ ਨਾ ਕਿ) ਜਦੋਂ ਮਨੁੱਖ ਮਰ ਜਾਂਦਾ ਹੈ ਤਾਂ ਮਨੁੱਖ (ਦਾ ਸਰੀਰ) ਕਿਸੇ ਕੰਮ ਨਹੀਂ ਆਉਂਦਾ, ਪਰ ਪਸ਼ੂ ਮਰਦਾ ਹੈ ਤਾਂ (ਫਿਰ ਭੀ ਉਸ ਦਾ ਸਰੀਰ ਮਨੁੱਖ ਦੇ) ਕਈ ਕੰੰਮ ਸਵਾਰਦਾ ਹੈ ।੧ ।
(ਹੇ ਬਾਬਾ! ਮੈਂ ਕਦੇ ਸੋਚਿਆ ਹੀ ਨਹੀਂ ਕਿ ਮੌਤ ਆਇਆਂ ਇਸ ਸਰੀਰ ਦੀਆਂ) ਹੱਡੀਆਂ ਲੱਕੜਾਂ ਦੇ ਢੇਰ ਵਾਂਗ ਸੜ ਜਾਂਦੀਆਂ ਹਨ, ਤੇ (ਇਸ ਦੇ) ਕੇਸ ਘਾਹ ਦੇ ਪੂਲੇ ਵਾਂਘ ਸੜ ਜਾਂਦੇ ਹਨ (ਤੇ ਜਿਸ ਸਰੀਰ ਦਾ ਮਗਰੋਂ ਇਹ ਹਾਲ ਹੁੰਦਾ ਹੈ, ਉਸੇ ਉੱਤੇ ਮੈਂ ਸਾਰੀ ਉਮਰ ਮਾਣ ਕਰਦਾ ਰਹਿੰਦਾ ਹਾਂ) ।੨ ।
ਪਰ, ਹੇ ਕਬੀਰ! ਸੱਚ ਇਹ ਹੈ ਕਿ ਮਨੁੱਖ ਇਸ ਮੂਰਖਤਾ ਵਲੋਂ ਤਦੋਂ ਹੀ ਜਾਗਦਾ ਹੈ (ਤਦੋਂ ਹੀ ਪਛਤਾਉਂਦਾ ਹੈ) ਜਦੋਂ ਮੌਤ ਦਾ ਡੰਡਾ ਇਸ ਦੇ ਸਿਰ ਉੱਤੇ ਆ ਵੱਜਦਾ ਹੈ ।੩।੨ ।

ਨੋਟ: ਸਰੀਰ ਦੀ ਅੰਤਲੀ ਦਸ਼ਾ ਦਾ ਸਹਿਜ-ਸੁਭਾਇ ਜ਼ਿਕਰ ਕਰਦੇ ਹੋਏ ਭੀ ਕਬੀਰ ਜੀ ਹਿੰਦੂ-ਮਰਯਾਦਾ ਹੀ ਦੱਸਦੇ ਹਨ ਕਿ ਮਰਨ ਤੇ ਜਿਸਮ ਅੱਗ ਦੀ ਭੇਟ ਹੋ ਜਾਂਦਾ ਹੈ ।
ਇਸ ਸ਼ਬਦ ਵਿਚ ਕਿਸੇ ਭੀ ਮਜ਼ਹਬ ਦੀ ਬਾਬਤ ਕੋਈ ਬਹਿਸ ਨਹੀਂ ਹੈ; ਸਧਾਰਨ ਤੌਰ ਤੇ ਇਨਸਾਨੀ ਹਾਲਤ ਬਿਆਨ ਕੀਤੀ ਹੈ ।
ਇਸ ਸਧਾਰਨ ਹਾਲਤ ਦੇ ਦੱਸਣ ਵਿਚ ਭੀ ਸਿਰਫ਼ ਸਾੜਨ ਦੇ ਰਿਵਾਜ ਦਾ ਜ਼ਿਕਰ ਸਾਫ਼ ਸਾਬਤ ਕਰਦਾ ਹੈ ਕਿ ਕਬੀਰ ਜੀ ਮੁਸਲਮਾਨ ਨਹੀਂ ਸਨ, ਹਿੰਦੂ ਘਰ ਵਿਚ ਜੰਮੇ-ਪਲੇ ਸਨ ।
ਸ਼ਬਦ ਦਾ
ਭਾਵ:- ਮਨੁੱਖ ਆਪਣੇ ਸਰੀਰ ਦੀ ਮਮਤਾ ਵਿਚ ਫਸ ਕੇ ਵਿਕਾਰ ਕਰਦਾ ਰਹਿੰਦਾ ਹੈ ।
ਇਹ ਕਦੇ ਭੀ ਨਹੀਂ ਸੋਚਦਾ ਕਿ ਪ੍ਰਭੂ ਦੀ ਯਾਦ ਤੋਂ ਬਿਨਾ ਇਹ ਸਰੀਰ ਤਾਂ ਪਸ਼ੂ ਦੇ ਸਰੀਰ ਨਾਲੋਂ ਭੀ ਮਾੜਾ ਹੈ, ਤੇ ਇੱਥੇ ਹੀ ਸੜ ਕੇ ਸੁਆਹ ਹੋ ਜਾਂਦਾ ਹੈ ।
ਮਰਨ ਵੇਲੇ ਪਛਤਾਣ ਦਾ ਕੀਹ ਲਾਭ ?
Follow us on Twitter Facebook Tumblr Reddit Instagram Youtube