ਗੋਂਡ ਮਹਲਾ ੫ ॥
ਨਿਮਾਨੇ ਕਉ ਜੋ ਦੇਤੋ ਮਾਨੁ ॥
ਸਗਲ ਭੂਖੇ ਕਉ ਕਰਤਾ ਦਾਨੁ ॥
ਗਰਭ ਘੋਰ ਮਹਿ ਰਾਖਨਹਾਰੁ ॥
ਤਿਸੁ ਠਾਕੁਰ ਕਉ ਸਦਾ ਨਮਸਕਾਰੁ ॥੧॥

ਐਸੋ ਪ੍ਰਭੁ ਮਨ ਮਾਹਿ ਧਿਆਇ ॥
ਘਟਿ ਅਵਘਟਿ ਜਤ ਕਤਹਿ ਸਹਾਇ ॥੧॥ ਰਹਾਉ ॥

ਰੰਕੁ ਰਾਉ ਜਾ ਕੈ ਏਕ ਸਮਾਨਿ ॥
ਕੀਟ ਹਸਤਿ ਸਗਲ ਪੂਰਾਨ ॥
ਬੀਓ ਪੂਛਿ ਨ ਮਸਲਤਿ ਧਰੈ ॥
ਜੋ ਕਿਛੁ ਕਰੈ ਸੁ ਆਪਹਿ ਕਰੈ ॥੨॥

ਜਾ ਕਾ ਅੰਤੁ ਨ ਜਾਨਸਿ ਕੋਇ ॥
ਆਪੇ ਆਪਿ ਨਿਰੰਜਨੁ ਸੋਇ ॥
ਆਪਿ ਅਕਾਰੁ ਆਪਿ ਨਿਰੰਕਾਰੁ ॥
ਘਟ ਘਟ ਘਟਿ ਸਭ ਘਟ ਆਧਾਰੁ ॥੩॥

ਨਾਮ ਰੰਗਿ ਭਗਤ ਭਏ ਲਾਲ ॥
ਜਸੁ ਕਰਤੇ ਸੰਤ ਸਦਾ ਨਿਹਾਲ ॥
ਨਾਮ ਰੰਗਿ ਜਨ ਰਹੇ ਅਘਾਇ ॥
ਨਾਨਕ ਤਿਨ ਜਨ ਲਾਗੈ ਪਾਇ ॥੪॥੩॥੫॥

Sahib Singh
ਮਾਨੁ = ਆਦਰ, ਸਤਕਾਰ ।
ਕਉ = ਨੂੰ ।
ਕਰਤਾ ਦਾਨੁ = ਦਾਨ ਕਰਦਾ ਹੈ ।
ਘੋਰ = ਭਿਆਨਕ ।੧ ।
ਘਟਿ = (ਹਰੇਕ) ਸਰੀਰ ਵਿਚ ।
ਅਵਘਟ = ਸਰੀਰ ਤੋਂ ਬਾਹਰ ।
ਅਵਘਟਿ = ਸਰੀਰ ਤੋਂ ਬਾਹਰਲੇ ਥਾਂ ਵਿਚ ।
ਘਟਿ ਅਵਘਟਿ = ਸਰੀਰ ਦੇ ਅੰਦਰ ਅਤੇ ਬਾਹਰ ।
ਜਤ ਕਤਹਿ = ਜਿੱਥੇ ਕਿੱਥੇ, ਹਰ ਥਾਂ ।
ਸਹਾਇ = ਸਹਾਇਤਾ ਕਰਨ ਵਾਲਾ ।੧।ਰਹਾਉ ।
ਰੰਕੁ = ਕੰਗਾਲ ਮਨੁੱਖ ।
ਰਾਉ = ਰਾਜਾ ।
ਜਾ ਕੈ = ਜਿਸ ਦੀ ਨਜ਼ਰ ਵਿਚ ।
ਏਕ ਸਮਾਨਿ = ਇਕੋ ਜਿਹੇ ।
ਕੀਟ = ਕੀੜੇ ।
ਹਸਤਿ = ਹਾਥੀ ।
ਸਗਲ = ਸਭਨਾਂ ਵਿਚ ।
ਪੂਰਾਨ = ਪੂਰਨ, ਵਿਆਪਕ ।
ਬੀਓ = ਦੂਜਾ, ਕੋਈ ਹੋਰ ।
ਪੂਛਿ = ਪੁੱਛ ਕੇ ।
ਮਸਲਤਿ = ਮਸ਼ਵਰਾ ।
ਆਪਹਿ = ਆਪਿ ਹੀ, ਆਪ ਹੀ ।੨ ।
ਜਾਨਸਿ = ਜਣ ਸਕੇਗਾ ।
ਨਿਰੰਜਨੁ = {ਨਿਰ = ਅੰਜਨੁ} ਮਾਇਆ ਦੇ ਪ੍ਰਭਾਵ ਤੋਂ ਪਰੇ ।
ਅਕਾਰੁ = ਦਿੱਸਦਾ ਜਗਤ ।
ਨਿਰੰਕਾਰੁ = {ਨਿਰ = ਆਕਾਰ} ਆਕਾਰ-ਰਹਿਤ, ਅਦਿ੍ਰਸ਼ਟ ।
ਘਟਿ = ਸਰੀਰ ਵਿਚ, ਹਿਰਦੇ ਵਿਚ ।
ਆਧਾਰੁ = ਆਸਰਾ ।੩ ।
ਰੰਗਿ = ਰੰਗ ਵਿਚ, ਪਿਆਰ ਵਿਚ ।
ਜਸੁ = ਸਿਫ਼ਤਿ = ਸਾਲਾਹ ।
ਕਰਤੇ = ਕਰਦੇ ।
ਨਿਹਾਲ = ਪ੍ਰਸੰਨ ।
ਜਨ = (ਪ੍ਰਭੂ ਦੇ) ਸੇਵਕ ।
ਅਘਾਇ ਰਹੇ = ਰੱਜੇ ਰਹਿੰਦੇ ਹਨ, ਤ੍ਰਿਸ਼ਨਾ ਤੋਂ ਬਚੇ ਰਹਿੰਦੇ ਹਨ ।
ਲਾਗੈ = ਲੱਗਦਾ ਹੈ ।
ਤਿਨ ਪਾਇ = ਉਹਨਾਂ ਦੀ ਪੈਰੀਂ ।੪ ।
    
Sahib Singh
ਹੇ ਭਾਈ! ਜੇਹੜਾ ਪ੍ਰਭੂ ਸਰੀਰ ਦੇ ਅੰਦਰ ਅਤੇ ਸਰੀਰ ਦੇ ਬਾਹਰ ਹਰ ਥਾਂ ਸਹਾਇਤਾ ਕਰਨ ਵਾਲਾ ਹੈ ਆਪਣੇ ਮਨ ਵਿਚ ਉਸ ਪ੍ਰਭੂ ਦਾ ਧਿਆਨ ਧਰਿਆ ਕਰ ।੧।ਰਹਾਉ ।
ਹੇ ਭਾਈ! ਉਸ ਮਾਲਕ-ਪ੍ਰਭੂ ਨੂੰ ਸਦਾ ਸਿਰ ਨਿਵਾਇਆ ਕਰ, ਜੇਹੜਾ ਨਿਮਾਣੇ ਨੂੰ ਮਾਣ ਦੇਂਦਾ ਹੈ, ਜੇਹੜਾ ਸਾਰੇ ਭੁੱਖਿਆਂ ਨੂੰ ਰੋਜ਼ੀ ਦੇਂਦਾ ਹੈ ਅਤੇ ਜੇਹੜਾ ਭਿਆਨਕ ਗਰਭ ਵਿਚ ਰੱਖਿਆ ਕਰਨ ਜੋਗਾ ਹੈ ।੧ ।
(ਹੇ ਭਾਈ! ਉਸ ਪ੍ਰਭੂ ਦਾ ਧਿਆਨ ਧਰਿਆ ਕਰ) ਜਿਸ ਦੀ ਨਿਗਾਹ ਵਿਚ ਇਕ ਕੰਗਾਲ ਮਨੁੱਖ ਅਤੇ ਇਕ ਰਾਜਾ ਇੱਕੋ ਜਿਹੇ ਹਨ, ਜੋ ਕੀੜੇ ਹਾਥੀ ਸਭਨਾਂ ਵਿਚ ਹੀ ਵਿਆਪਕ ਹੈ, ਜੇਹੜਾ ਕਿਸੇ ਹੋਰ ਨੂੰ ਪੁੱਛ ਕੇ (ਕੋਈਕੰਮ ਕਰਨ ਦੀ) ਸਾਲਾਹ ਨਹੀਂ ਕਰਦਾ, (ਸਗੋਂ) ਜੋ ਕੁਝ ਕਰਦਾ ਹੈ ਉਹ ਆਪ ਕਰਦਾ ਹੈ ।੨ ।
(ਹੇ ਭਾਈ! ਉਸ ਪ੍ਰਭੂ ਦਾ ਧਿਆਨ ਧਰਿਆ ਕਰ) ਜਿਸ (ਦੀ ਹਸਤੀ) ਦਾ ਅੰਤ ਕੋਈ ਭੀ ਜੀਵ ਜਾਣ ਨਹੀਂ ਸਕੇਗਾ ।
ਉਹ ਮਾਇਆ ਤੋਂ ਨਿਰਲੇਪ ਪ੍ਰਭੂ (ਹਰ ਥਾਂ) ਆਪ ਹੀ ਆਪ ਹੈ ।
ਇਹ ਸਾਰਾ ਦਿੱਸਦਾ ਜਗਤ ਉਸ ਦਾ ਆਪਣਾ ਹੀ ਸਰੂਪ ਹੈ, ਆਕਾਰ-ਰਹਿਤ ਭੀ ਉਹ ਆਪ ਹੀ ਹੈ ।
ਉਹ ਪ੍ਰਭੂ ਸਾਰੇ ਸਰੀਰਾਂ ਵਿਚ ਮੌਜੂਦ ਹੈ ਅਤੇ ਸਾਰੇ ਸਰੀਰਾਂ ਦਾ ਆਸਰਾ ਹੈ ।੩ ।
ਹੇ ਭਾਈ! ਪਰਮਾਤਮਾ ਦੀ ਭਗਤੀ ਕਰਨ ਵਾਲੇ ਮਨੁੱਖ ਉਸ ਦੇ ਨਾਮ ਦੇ ਰੰਗ ਵਿਚ ਲਾਲ ਹੋਏ ਰਹਿੰਦੇ ਹਨ ।
ਉਸ ਦੀ ਸਿਫ਼ਤਿ-ਸਾਲਾਹ ਦਾ ਗੀਤ ਗਾਂਦੇ ਹੋਏ ਸੰਤ ਜਨ ਸਦਾ ਖਿੜੇ ਰਹਿੰਦੇ ਹਨ ।
ਹੇ ਭਾਈ! ਪ੍ਰਭੂ ਦੇ ਸੇਵਕ ਪ੍ਰਭੂ ਦੇ ਨਾਮ ਦੇ ਪ੍ਰੇਮ ਵਿਚ ਟਿਕ ਕੇ ਮਾਇਆ ਦੀ ਤ੍ਰਿਸ਼ਨਾ ਤੋਂ ਬਚੇ ਰਹਿੰਦੇ ਹਨ ।
ਨਾਨਕ ਉਹਨਾਂ ਸੇਵਕਾਂ ਦੀ ਚਰਨੀਂ ਲੱਗਦਾ ਹੈ ।੪।੩।੫ ।
Follow us on Twitter Facebook Tumblr Reddit Instagram Youtube