ਸਿਰੀਰਾਗੁ ਮਹਲਾ ੩ ॥
ਕਿਸੁ ਹਉ ਸੇਵੀ ਕਿਆ ਜਪੁ ਕਰੀ ਸਤਗੁਰ ਪੂਛਉ ਜਾਇ ॥
ਸਤਗੁਰ ਕਾ ਭਾਣਾ ਮੰਨਿ ਲਈ ਵਿਚਹੁ ਆਪੁ ਗਵਾਇ ॥
ਏਹਾ ਸੇਵਾ ਚਾਕਰੀ ਨਾਮੁ ਵਸੈ ਮਨਿ ਆਇ ॥
ਨਾਮੈ ਹੀ ਤੇ ਸੁਖੁ ਪਾਈਐ ਸਚੈ ਸਬਦਿ ਸੁਹਾਇ ॥੧॥

ਮਨ ਮੇਰੇ ਅਨਦਿਨੁ ਜਾਗੁ ਹਰਿ ਚੇਤਿ ॥
ਆਪਣੀ ਖੇਤੀ ਰਖਿ ਲੈ ਕੂੰਜ ਪੜੈਗੀ ਖੇਤਿ ॥੧॥ ਰਹਾਉ ॥

ਮਨ ਕੀਆ ਇਛਾ ਪੂਰੀਆ ਸਬਦਿ ਰਹਿਆ ਭਰਪੂਰਿ ॥
ਭੈ ਭਾਇ ਭਗਤਿ ਕਰਹਿ ਦਿਨੁ ਰਾਤੀ ਹਰਿ ਜੀਉ ਵੇਖੈ ਸਦਾ ਹਦੂਰਿ ॥
ਸਚੈ ਸਬਦਿ ਸਦਾ ਮਨੁ ਰਾਤਾ ਭ੍ਰਮੁ ਗਇਆ ਸਰੀਰਹੁ ਦੂਰਿ ॥
ਨਿਰਮਲੁ ਸਾਹਿਬੁ ਪਾਇਆ ਸਾਚਾ ਗੁਣੀ ਗਹੀਰੁ ॥੨॥

ਜੋ ਜਾਗੇ ਸੇ ਉਬਰੇ ਸੂਤੇ ਗਏ ਮੁਹਾਇ ॥
ਸਚਾ ਸਬਦੁ ਨ ਪਛਾਣਿਓ ਸੁਪਨਾ ਗਇਆ ਵਿਹਾਇ ॥
ਸੁੰਞੇ ਘਰ ਕਾ ਪਾਹੁਣਾ ਜਿਉ ਆਇਆ ਤਿਉ ਜਾਇ ॥
ਮਨਮੁਖ ਜਨਮੁ ਬਿਰਥਾ ਗਇਆ ਕਿਆ ਮੁਹੁ ਦੇਸੀ ਜਾਇ ॥੩॥

ਸਭ ਕਿਛੁ ਆਪੇ ਆਪਿ ਹੈ ਹਉਮੈ ਵਿਚਿ ਕਹਨੁ ਨ ਜਾਇ ॥
ਗੁਰ ਕੈ ਸਬਦਿ ਪਛਾਣੀਐ ਦੁਖੁ ਹਉਮੈ ਵਿਚਹੁ ਗਵਾਇ ॥
ਸਤਗੁਰੁ ਸੇਵਨਿ ਆਪਣਾ ਹਉ ਤਿਨ ਕੈ ਲਾਗਉ ਪਾਇ ॥
ਨਾਨਕ ਦਰਿ ਸਚੈ ਸਚਿਆਰ ਹਹਿ ਹਉ ਤਿਨ ਬਲਿਹਾਰੈ ਜਾਉ ॥੪॥੨੧॥੫੪॥

Sahib Singh
ਹਉ = ਮੈਂ ।
ਸੇਵੀ = ਸੇਵੀਂ, ਮੈਂ ਸੇਵਾ ਕਰਾਂ ।
ਕਰੀ = ਕਰੀਂ, ਮੈਂ ਕਰਾਂ ।
ਜਾਇ = ਜਾ ਕੇ ।
ਪੂਛਉ = ਪੂਛਉਂ, ਮੈਂ ਪੁੱਛਦਾ ਹਾਂ ।
ਮੰਨਿ ਲਈ = ਮੰਨ ਲਈਂ, ਮੈਂ ਮੰਨ ਲਵਾਂ ।
ਆਪੁ = ਆਪਾ = ਭਾਵ ।
ਮਨਿ = ਮਨ ਵਿਚ ।
ਸੁਹਾਇ = ਸੋਹਣਾ ਲੱਗੀਦਾ ਹੈ ।੧ ।
ਅਨਦਿਨੁ = ਹਰ ਰੋਜ਼ ।
ਜਾਗੁ = (ਮਾਇਆ ਦੇ ਹੱਲਿਆਂ ਵਲੋਂ) ਸੁਚੇਤ ਹੋ ।
ਚੇਤਿ = ਸਿਮਰ ।
ਖੇਤਿ = ਖੇਤ ਵਿਚ ।
ਖੇਤੀ = ਫ਼ਸਲ, ਆਤਮਕ ਜੀਵਨ ।
ਕੂੰਜ = (ਭਾਵ) ਬਿਰਧ ਅਵਸਥਾ ।੧।ਰਹਾਉ।ਇਛਾ—ਭਾਵਨੀਆਂ ।
ਸਬਦਿ = ਸ਼ਬਦ ਵਿਚ (ਜੁੜਿਆਂ) ।
ਭੈ = ਅਦਬ ਵਿਚ (ਰਹਿ ਕੇ) ।
ਭਾਇ = ਪ੍ਰੇਮ ਵਿਚ ।
ਹਦੂਰਿ = ਹਾਜ਼ਰ = ਨਾਜ਼ਰ; ਅੰਗ-ਸੰਗ ।
ਭ੍ਰਮੁ = ਭਟਕਣਾ ।
ਸਰੀਰਹੁ = ਸਰੀਰ ਵਿਚੋਂ ।
ਗੁਣੀ ਗਹੀਰੁ = ਗੁਣਾਂ ਦਾ ਖ਼ਜ਼ਾਨਾ ।੨ ।
ਗਏ ਮੁਹਾਇ = (ਆਤਮਕ ਜੀਵਨ) ਲੁਟਾ ਕੇ (ਇਥੋਂ) ਗਏ ।
ਵਿਹਾਇ ਗਇਆ = ਬੀਤ ਗਿਆ ।
ਪਾਹੁਣਾ = ਪ੍ਰਾਹੁਣਾ ।
ਜਾਇ = ਜਾ ਕੇ ।੩ ।
ਕਹਨੁ ਨ ਜਾਇ = ਆਖਿਆ ਨਹੀਂ ਜਾ ਸਕਦਾ ।
ਸਬਦਿ = ਸ਼ਬਦ ਦੀ ਰਾਹੀਂ ।
ਲਾਗਉ = ਲਾਗਉਂ, ਮੈਂ ਲੱਗਦਾ ਹਾਂ ।
ਹਹਿ = ਹਨ ।
ਦਰਿ = ਦਰ ਤੇ ।੪ ।
    
Sahib Singh
ਹੇ ਮੇਰੇ ਮਨ! ਹਰ ਵੇਲੇ (ਵਿਕਾਰਾਂ ਦੇ ਹੱਲਿਆਂ ਵੱਲੋਂ) ਸੁਚੇਤ ਰਹੁ, ਤੇ ਪਰਮਾਤਮਾ (ਦਾ ਨਾਮ) ਸਿਮਰ ।
ਇਸ ਤ੍ਰਹਾਂ ਆਪਣੇ ਆਤਮਕ ਜੀਵਨ ਦੀ ਫ਼ਸਲ (ਇਹਨਾਂ ਵਿਕਾਰਾਂ ਤੋਂ) ਬਚਾ ਲੈ ।
ਅੰਤ ਨੂੰ ਤੇਰੇ ਉਮਰ ਦੇ ਖੇਤ ਵਿਚ ਕੂੰਜ ਆ ਪਏਗੀ (ਭਾਵ, ਬਿਰਧ ਅਵਸਥਾ ਆ ਪਹੁੰਚੇਗੀ) ।੧।ਰਹਾਉ ।
ਜਦੋਂ ਮੈਂ ਆਪਣੇ ਗੁਰੂ ਪਾਸੋਂ ਪੁੱਛਦਾ ਹਾਂ ਕਿ (ਵਿਕਾਰਾਂ ਤੋਂ ਬਚਣ ਵਾਸਤੇ) ਮੈਂ ਕਿਸ ਦੀ ਸੇਵਾ ਕਰਾਂ ਤੇ ਕੇਹੜਾ ਜਪ ਕਰਾਂ (ਤਾਂ ਗੁਰੂ ਪਾਸੋਂ ਉਪਦੇਸ਼ ਮਿਲਦਾ ਹੈ ਕਿ) ਮੈਂ ਆਪਣੇ ਅੰਦਰੋਂ ਹਉਮੈ ਦੂਰ ਕਰ ਕੇ ਗੁਰੂ ਦਾ ਹੁਕਮ ਮੰਨਾਂ ।
(ਗੁਰੂ ਦਾ ਹੁਕਮ ਮੰਨਣਾ ਹੀ ਇਕ) ਐਸੀ ਸੇਵਾ ਹੈ ਐਸੀ ਚਾਕਰੀ ਹੈ (ਜਿਸ ਦੀ ਬਰਕਤਿ ਨਾਲ ਪਰਮਾਤਮਾ ਦਾ) ਨਾਮ ਮਨ ਵਿਚ ਆ ਵੱਸਦਾ ਹੈ ।
ਪਰਮਾਤਮਾ ਦੇ ਨਾਮ ਦੀ ਰਾਹੀਂ ਹੀ ਆਤਮਕ ਆਨੰਦ ਮਿਲਦਾ ਹੈ, ਤੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਬਾਣੀ ਦੀ ਰਾਹੀਂ ਆਤਮਕ ਜੀਵਨ ਸੋਹਣਾ ਬਣ ਜਾਂਦਾ ਹੈ ।੧ ।
ਜੇਹੜੇ ਬੰਦੇ ਪਰਮਾਤਮਾ ਦੇ ਅਦਬ ਵਿਚ ਤੇ ਪ੍ਰੇਮ ਵਿਚ ਰਹਿ ਕੇ ਉਸਦੀ ਭਗਤੀ ਦਿਨ ਰਾਤ ਕਰਦੇ ਹਨ, ਉਹਨਾਂ ਦੇ ਮਨ ਦੀਆਂ ਭਾਵਨੀਆਂ ਪੂਰੀਆਂ ਹੋ ਜਾਂਦੀਆਂ ਹਨ (ਭਾਵ, ਉਹਨਾਂ ਦਾ ਮਨ ਕਾਮਨਾ-ਰਹਿਤ ਹੋ ਜਾਂਦਾ ਹੈ) ।
ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਉਹਨਾਂ ਨੂੰ ਪਰਮਾਤਮਾ ਹਰ ਥਾਂ ਵਿਆਪਕ ਦਿੱਸਦਾ ਹੈ (ਉਹਨਾਂ ਨੂੰ ਯਕੀਨ ਬਣ ਜਾਂਦਾ ਹੈ ਕਿ) ਪਰਮਾਤਮਾ ਸਦਾ ਹਾਜ਼ਰ-ਨਾਜ਼ਰ (ਹੋ ਕੇ ਸਭ ਜੀਵਾਂ ਦੀ) ਸੰਭਾਲ ਕਰਦਾ ਹੈ ।
ਉਹਨਾਂ ਦਾ ਮਨ ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ ਵਿਚ ਰੰਗਿਆ ਰਹਿੰਦਾ ਹੈ, ਭਟਕਣਾ ਉਨ੍ਹਾਂ ਦੇ ਸਰੀਰ ਵਿਚੋਂ ਉੱਕਾ ਹੀ ਮਿੱਟ ਜਾਂਦੀ ਹੈ ।
ਉਹ ਸਦਾ-ਥਿਰ ਰਹਿਣ ਵਾਲੇ ਗੁਣਾਂ ਦੇ ਖ਼ਜ਼ਾਨੇ ਪਵਿੱਤਰ ਸਰੂਪ ਮਾਲਕ-ਪ੍ਰਭੂ ਨੂੰ ਮਿਲ ਪੈਂਦੇ ਹਨ ।੨ ।
ਜੇਹੜੇ ਬੰਦੇ (ਮਾਇਆ ਦੇ ਹੱਲਿਆਂ ਵਲੋਂ) ਸੁਚੇਤ ਰਹਿੰਦੇ ਹਨ, ਉਹ (ਵਿਕਾਰਾਂ ਤੋਂ) ਬਚ ਜਾਂਦੇ ਹਨ ।
ਜੇਹੜੇ (ਮਾਇਆ ਦੇ ਮੋਹ ਦੀ) ਨੀਂਦ ਵਿਚ ਸੌਂ ਜਾਂਦੇ ਹਨ, ਉਹ ਆਤਮਕ ਜੀਵਨ ਦੀ ਰਾਸ-ਪੂੰਜੀ ਲੁਟਾ ਜਾਂਦੇ ਹਨ ।
ਉਹ ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ ਦੀ ਸਾਰ ਨਹੀਂ ਜਾਣਦੇ, ਉਹਨਾਂ ਦੀ ਜ਼ਿੰਦਗੀ ਸੁਪਨੇ ਵਾਂਗ (ਵਿਅਰਥ) ਬੀਤ ਜਾਂਦੀ ਹੈ ।
ਉਹ ਜਗਤ ਤੋਂ ਤਿਵੇਂ ਹੀ ਖ਼ਾਲੀ-ਹੱਥ ਚਲੇ ਜਾਂਦੇ ਹਨ) ਜਿਵੇਂ ਕਿਸੇਂ ਸੁੰਞੇ ਘਰ ਵਿਚ ਕੋਈ ਪ੍ਰਾਹੁਣਾ ਆ ਕੇ ਚਲਾ ਜਾਂਦਾ ਹੈ ।
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਦਾ ਜੀਵਨ ਵਿਅਰਥ ਬੀਤ ਜਾਂਦਾ ਹੈ ।
ਉਹ ਇਥੋਂ ਜਾ ਕੇ ਅਗਾਂਹ ਕੀਹ ਮੂੰਹ ਵਿਖਾਇਗਾ ?
(ਭਾਵ, ਪ੍ਰਭੂ ਦੀ ਹਾਜ਼ਰੀ ਵਿਚ ਸ਼ਰਮਿੰਦਾ ਹੀ ਹੋਵੇਗਾ) ।੩ ।
(ਜੀਵਾਂ ਦੇ ਭੀ ਕੀਹ ਵੱਸ?) ਪਰਮਾਤਮਾ ਆਪ ਹੀ ਆਪ ਸਭ ਕੁਝ ਕਰਨ ਦੇ ਸਮਰਥ ਹੈ, (ਉਂਞ) ਹਉਮੈ ਵਿਚ ਫਸਿਆਂ (ਇਹ ਸੱਚਾਈ) ਆਖੀ ਨਹੀਂ ਜਾ ਸਕਦੀ (ਭਾਵ, ਹਉਮੈ ਵਿਚ ਫਸੇ ਜੀਵ ਨੂੰ ਇਹ ਸਮਝ ਨਹੀਂਆਉਂਦੀ ਕਿ ਪਰਮਾਤਮਾ ਆਪ ਹੀ ਸਭ ਕੁਝ ਕਰਨ-ਜੋਗ ਹੈ) ।
ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਆਪਣੇ ਅੰਦਰੋਂ ਹਉਮੈ ਦਾ ਦੁੱਖ ਦੂਰ ਕੀਤਿਆਂ ਇਹ ਸਮਝ ਆਉਂਦੀ ਹੈ ।
ਜੇਹੜੇ ਮਨੁੱਖ ਆਪਣੇ ਗੁਰੂ ਦੀ ਸੇਵਾ ਕਰਦੇ ਹਨ (ਭਾਵ, ਗੁਰੂ ਦੇ ਦੱਸੇ ਰਾਹ ਤੇ ਤੁਰਦੇ ਹਨ), ਮੈਂ ਉਹਨਾਂ ਦੀ ਚਰਨੀਂ ਲੱਗਦਾ ਹਾਂ ।
ਹੇ ਨਾਨਕ! (ਆਖ—) ਮੈਂ ਉਹਨਾਂ ਬੰਦਿਆਂ ਤੋਂ ਕੁਰਬਾਨ ਜਾਂਦਾ ਹਾਂ, ਜੇਹੜੇ ਸਦਾ-ਥਿਰ ਪ੍ਰਭੂ ਦੇ ਦਰ ਤੇ ਸੁਰਖ਼ਰੂ ਹੁੰਦੇ ਹਨ ।੪।੨੧।੫੪ ।
Follow us on Twitter Facebook Tumblr Reddit Instagram Youtube