ਸਿਰੀਰਾਗੁ ਮਹਲਾ ੩ ॥
ਕਿਰਪਾ ਕਰੇ ਗੁਰੁ ਪਾਈਐ ਹਰਿ ਨਾਮੋ ਦੇਇ ਦ੍ਰਿੜਾਇ ॥
ਬਿਨੁ ਗੁਰ ਕਿਨੈ ਨ ਪਾਇਓ ਬਿਰਥਾ ਜਨਮੁ ਗਵਾਇ ॥
ਮਨਮੁਖ ਕਰਮ ਕਮਾਵਣੇ ਦਰਗਹ ਮਿਲੈ ਸਜਾਇ ॥੧॥

ਮਨ ਰੇ ਦੂਜਾ ਭਾਉ ਚੁਕਾਇ ॥
ਅੰਤਰਿ ਤੇਰੈ ਹਰਿ ਵਸੈ ਗੁਰ ਸੇਵਾ ਸੁਖੁ ਪਾਇ ॥ ਰਹਾਉ ॥

ਸਚੁ ਬਾਣੀ ਸਚੁ ਸਬਦੁ ਹੈ ਜਾ ਸਚਿ ਧਰੇ ਪਿਆਰੁ ॥
ਹਰਿ ਕਾ ਨਾਮੁ ਮਨਿ ਵਸੈ ਹਉਮੈ ਕ੍ਰੋਧੁ ਨਿਵਾਰਿ ॥
ਮਨਿ ਨਿਰਮਲ ਨਾਮੁ ਧਿਆਈਐ ਤਾ ਪਾਏ ਮੋਖ ਦੁਆਰੁ ॥੨॥

ਹਉਮੈ ਵਿਚਿ ਜਗੁ ਬਿਨਸਦਾ ਮਰਿ ਜੰਮੈ ਆਵੈ ਜਾਇ ॥
ਮਨਮੁਖ ਸਬਦੁ ਨ ਜਾਣਨੀ ਜਾਸਨਿ ਪਤਿ ਗਵਾਇ ॥
ਗੁਰ ਸੇਵਾ ਨਾਉ ਪਾਈਐ ਸਚੇ ਰਹੈ ਸਮਾਇ ॥੩॥

ਸਬਦਿ ਮੰਨਿਐ ਗੁਰੁ ਪਾਈਐ ਵਿਚਹੁ ਆਪੁ ਗਵਾਇ ॥
ਅਨਦਿਨੁ ਭਗਤਿ ਕਰੇ ਸਦਾ ਸਾਚੇ ਕੀ ਲਿਵ ਲਾਇ ॥
ਨਾਮੁ ਪਦਾਰਥੁ ਮਨਿ ਵਸਿਆ ਨਾਨਕ ਸਹਜਿ ਸਮਾਇ ॥੪॥੧੯॥੫੨॥

Sahib Singh
ਨਾਮੋ = ਨਾਮੁ ।
ਦੇਇ ਦਿ੍ਰੜਾਇ = ਹਿਰਦੇ ਵਿਚ ਪੱਕਾ ਕਰ ਦੇਂਦਾ ਹੈ ।
ਕਿਨੈ = ਕਿਸੇ ਨੇ ਭੀ ।੧ ।
ਅੰਤਰਿ ਤੇਰੈ = ਤੇਰੇ ਅੰਦਰ ।ਰਹਾਉ ।
ਸਚੁ = ਯਥਾਰਥ, ਠੀਕ ।
ਜਾ = ਜਦੋਂ ।
ਸਚਿ = ਸਦਾ = ਥਿਰ ਪ੍ਰਭੂ ਵਿਚ ।
ਨਿਵਾਰਿ = ਦੂਰ ਕਰ ਕੇ ।
ਮਨਿ = ਮਨ ਦੀ ਰਾਹੀਂ ।
ਧਿਆਈਐ = ਸਿਮਰਿਆ ਜਾ ਸਕਦਾ ਹੈ ।੨ ।
ਬਿਨਸਦਾ = ਆਤਮਕ ਮੌਤ ਮਰਦਾ ਹੈ ।
ਜਾਣਨੀ = ਜਾਣਨਿ, ਜਾਣਦੇ ।
ਜਾਸਨਿ = ਜਾਣਗੇ ।
ਪਤਿ = ਇੱਜ਼ਤ ।
ਸਚੇ = ਸਚਿ ਹੀ, ਸਦਾ = ਥਿਰ ਪ੍ਰਭੂ ਵਿਚ ਹੀ ।੩ ।
ਸਬਦਿ ਮੰਨਿਐ = ਜੇ ਗੁਰੂ ਦੇ ਸ਼ਬਦ ਵਿਚ ਸਰਧਾ ਬਣ ਜਾਏ ।
ਆਪੁ = ਆਪਾ = ਭਾਵ ।
ਅਨਦਿਨੁ = ਹਰ ਰੋਜ਼ ।
ਮਨਿ = ਮਨ ਵਿਚ ।
ਸਹਜਿ = ਆਤਮਕ ਅਡੋਲਤਾ ਵਿਚ ।੪ ।
    
Sahib Singh
(ਜਦੋਂ ਪਰਮਾਤਮਾ) ਕਿਰਪਾ ਕਰਦਾ ਹੈ (ਤਾਂ) ਗੁਰੂ ਮਿਲਦਾ ਹੈ (ਗੁਰੂ ਮਨੁੱਖ ਦੇ ਹਿਰਦੇ ਵਿਚ) ਪਰਮਾਤਮਾ ਦਾ ਨਾਮ ਪੱਕਾ ਕਰ ਦੇਂਦਾ ਹੈ ।
(ਕਦੇ ਭੀ) ਕਿਸੇ ਮਨੁੱਖ ਨੇ ਗੁਰੂ ਤੋਂ ਬਿਨਾ (ਪਰਮਾਤਮਾ ਨੂੰ) ਨਹੀਂ ਪ੍ਰਾਪਤ ਕੀਤਾ (ਜੇਹੜਾ ਮਨੁੱਖ ਗੁਰੂ ਦੀ ਸਰਨ ਨਹੀਂ ਆਉਂਦਾ ਉਹ) ਆਪਣਾ ਮਨੁੱਖਾ ਜਨਮ ਵਿਅਰਥ ਗਵਾ ਜਾਂਦਾ ਹੈ ।
ਆਪਣੇ ਮਨ ਦੇ ਪਿੱਛੇ ਤੁਰ ਕੇ (ਮਿੱਥੇ ਹੋਏ ਧਾਰਮਿਕ) ਕੰਮ (ਭੀ) ਕੀਤਿਆਂ ਪ੍ਰਭੂ ਦੀ ਦਰਗਾਹ ਵਿਚ ਸਜ਼ਾ ਹੀ ਮਿਲਦੀ ਹੈ ।੧।ਰਹਾਉ ।
ਹੇ ਮੇਰੇ ਮਨ! (ਗੁਰੂ ਦੀ ਸਰਨ ਪੈ ਕੇ ਆਪਣੇ ਅੰਦਰੋਂ) ਮਾਇਆ ਦਾ ਪਿਆਰ ਦੂਰ ਕਰ ।
ਪਰਮਾਤਮਾ ਤੇਰੇ ਅੰਦਰ ਵੱਸਦਾ ਹੈ (ਫਿਰ ਭੀ ਤੂੰ ਸੁਖੀ ਨਹੀਂ ਹੈਂ) ਗੁਰੂ ਦੀ ਦੱਸੀ ਸੇਵਾ ਭਗਤੀ ਕੀਤਿਆਂ ਹੀ ਆਤਮਕ ਸੁੱਖ ਲੱਭਦਾ ਹੈ ।੧।ਰਹਾਉ ।
ਜਦੋਂ ਮਨੁੱਖ ਸਦਾ-ਥਿਰ ਪਰਮਾਤਮਾ ਵਿਚ ਪਿਆਰ ਜੋੜਦਾ ਹੈ, ਤਦੋਂ ਉਸ ਨੂੰ ਗੁਰੂ ਦੀ ਬਾਣੀ ਗੁਰੂ ਦਾ ਸ਼ਬਦ ਯਥਾਰਥ ਪ੍ਰਤੀਤ ਹੁੰਦਾ ਹੈ (ਗੁਰੂ ਦੇ ਸ਼ਬਦ ਦੀ ਰਾਹੀਂ ਅੰਦਰੋਂ) ਹਉਮੈ ਤੇ ਕ੍ਰੋਧ ਦੂਰ ਕਰ ਕੇ ਪਰਮਾਤਮਾ ਦਾ ਨਾਮ ਮਨੁੱਖ ਦੇ ਮਨ ਵਿਚ ਆ ਵੱਸਦਾ ਹੈ ।
ਪਰਮਾਤਮਾ ਦਾ ਨਾਮ ਪਵਿਤ੍ਰ ਮਨ ਦੀ ਰਾਹੀਂ ਹੀ ਸਿਮਰਿਆ ਜਾ ਸਕਦਾ ਹੈ (ਜਦੋਂ ਮਨੁੱਖ ਸਿਮਰਦਾ ਹੈ) ਤਦੋਂ ਵਿਕਾਰਾਂ ਤੋਂ ਖ਼ਲਾਸੀ ਦਾ ਰਾਹ ਲੱਭ ਲੈਂਦਾ ਹੈ ।੩ ।
ਜਗਤ ਹਉਮੈ ਵਿਚ ਫਸ ਕੇ ਆਤਮਕ ਮੌਤ ਸਹੇੜਦਾ ਹੈ ਤੇ ਮੁੜ ਮੁੜ ਜੰਮਦਾ ਮਰਦਾ ਰਹਿੰਦਾ ਹੈ ।
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ ਗੁਰੂ ਦੇ ਸ਼ਬਦ (ਦੀ ਕਦਰ) ਨਹੀਂ ਜਾਣਦੇ, ਉਹ ਆਪਣੀ ਇੱਜ਼ਤ ਗਵਾ ਕੇ ਹੀ(ਜਗਤ ਵਿਚੋਂ) ਜਾਣਗੇ ।
ਗੁਰੂ ਦੀ ਦੱਸੀ ਸੇਵਾ-ਭਗਤੀ ਕੀਤਿਆਂ ਪਰਮਾਤਮਾ ਦਾ ਨਾਮ ਪ੍ਰਾਪਤ ਹੁੰਦਾ ਹੈ (ਜੋ ਮਨੁੱਖ ਗੁਰੂ ਦੀ ਦੱਸੀ ਸੇਵਾ ਕਰਦਾ ਹੈ ਉਹ) ਸਦਾ-ਥਿਰ ਪਰਮਾਤਮਾ ਵਿਚ ਲੀਨ ਰਹਿੰਦਾ ਹੈ ।੩ ।
ਜੇ ਗੁਰੂ ਦੇ ਸ਼ਬਦ ਵਿਚ ਸਰਧਾ ਬਣ ਜਾਏ ਤਾਂ ਗੁਰੂ ਮਿਲ ਪੈਂਦਾ ਹੈ (ਜੇਹੜਾ ਮਨੁੱਖ ਗੁਰੂ ਦੇ ਸ਼ਬਦ ਵਿਚ ਸਰਧਾ ਬਣਾਂਦਾ ਹੈ ਉਹ ਆਪਣੇ) ਅੰਦਰੋਂ ਹਉਮੈ ਦੂਰ ਕਰ ਲੈਂਦਾ ਹੈ ।
ਉਹ ਹਰ ਵੇਲੇ ਸਦਾ-ਥਿਰ ਪ੍ਰਭੂ ਦੇ ਚਰਨਾਂ ਵਿਚ ਸੁਰਤਿ ਜੋੜ ਕੇ ਸਦਾ ਉਸ ਦੀ ਭਗਤੀ ਕਰਦਾ ਹੈ ।
ਹੇ ਨਾਨਕ! ਉਸ ਦੇ ਮਨ ਵਿਚ ਪਰਮਾਤਮਾ ਦਾ ਅਮੋਲਕ ਨਾਮ ਆ ਵੱਸਦਾ ਹੈ ।
ਉਹ ਆਤਮਕ ਅਡੋਲਤਾ ਵਿਚ (ਭੀ) ਟਿਕਿਆ ਰਹਿੰਦਾ ਹੈ ।੪।੧੯।੫੨ ।
Follow us on Twitter Facebook Tumblr Reddit Instagram Youtube