ਸਿਰੀਰਾਗੁ ਮਹਲਾ ੩ ॥
ਗੋਵਿਦੁ ਗੁਣੀ ਨਿਧਾਨੁ ਹੈ ਅੰਤੁ ਨ ਪਾਇਆ ਜਾਇ ॥
ਕਥਨੀ ਬਦਨੀ ਨ ਪਾਈਐ ਹਉਮੈ ਵਿਚਹੁ ਜਾਇ ॥
ਸਤਗੁਰਿ ਮਿਲਿਐ ਸਦ ਭੈ ਰਚੈ ਆਪਿ ਵਸੈ ਮਨਿ ਆਇ ॥੧॥

ਭਾਈ ਰੇ ਗੁਰਮੁਖਿ ਬੂਝੈ ਕੋਇ ॥
ਬਿਨੁ ਬੂਝੇ ਕਰਮ ਕਮਾਵਣੇ ਜਨਮੁ ਪਦਾਰਥੁ ਖੋਇ ॥੧॥ ਰਹਾਉ ॥

ਜਿਨੀ ਚਾਖਿਆ ਤਿਨੀ ਸਾਦੁ ਪਾਇਆ ਬਿਨੁ ਚਾਖੇ ਭਰਮਿ ਭੁਲਾਇ ॥
ਅੰਮ੍ਰਿਤੁ ਸਾਚਾ ਨਾਮੁ ਹੈ ਕਹਣਾ ਕਛੂ ਨ ਜਾਇ ॥
ਪੀਵਤ ਹੂ ਪਰਵਾਣੁ ਭਇਆ ਪੂਰੈ ਸਬਦਿ ਸਮਾਇ ॥੨॥

ਆਪੇ ਦੇਇ ਤ ਪਾਈਐ ਹੋਰੁ ਕਰਣਾ ਕਿਛੂ ਨ ਜਾਇ ॥
ਦੇਵਣ ਵਾਲੇ ਕੈ ਹਥਿ ਦਾਤਿ ਹੈ ਗੁਰੂ ਦੁਆਰੈ ਪਾਇ ॥
ਜੇਹਾ ਕੀਤੋਨੁ ਤੇਹਾ ਹੋਆ ਜੇਹੇ ਕਰਮ ਕਮਾਇ ॥੩॥

ਜਤੁ ਸਤੁ ਸੰਜਮੁ ਨਾਮੁ ਹੈ ਵਿਣੁ ਨਾਵੈ ਨਿਰਮਲੁ ਨ ਹੋਇ ॥
ਪੂਰੈ ਭਾਗਿ ਨਾਮੁ ਮਨਿ ਵਸੈ ਸਬਦਿ ਮਿਲਾਵਾ ਹੋਇ ॥
ਨਾਨਕ ਸਹਜੇ ਹੀ ਰੰਗਿ ਵਰਤਦਾ ਹਰਿ ਗੁਣ ਪਾਵੈ ਸੋਇ ॥੪॥੧੭॥੫੦॥

Sahib Singh
ਗੋਵਿਦੁ = ਧਰਤੀ ਦੇ ਜੀਵਾਂ ਦੇ ਦਿਲ ਦੀ ਜਾਣਨ ਵਾਲਾ ਪਰਮਾਤਮਾ ।
ਨਿਧਾਨੁ = ਖ਼ਜ਼ਾਨਾ ।
ਕਥਨੀ = (ਨਿਰਾ) ਕਹਿਣ ਨਾਲ ।
ਬਦਨੀ = {—ਵÜੱ ਬੋਲਣਾ} ਬੋਲਣ ਨਾਲ ।
ਸਤਿਗੁਰਿ ਮਿਲਿਐ = ਜੇ ਗੁਰੂ ਮਿਲ ਪਏ ।
ਸਦ = ਸਦਾ ।
ਭੈ = ਡਰ ਵਿਚ, ਅਦਬ ਵਿਚ ।
ਰਚੈ = ਰਚ ਜਾਏ, ਇਕ = ਮਿਕ ਹੋ ਜਾਏ ।
ਮਨਿ = ਮਨ ਵਿਚ ।੧ ।
ਗੁਰਮੁਖਿ = ਗੁਰੂ ਦੀ ਸਰਨ ਪੈ ਕੇ ।
ਖੋਇ = ਗਵਾ ਲਈਦਾ ਹੈ ।੧।ਰਹਾਉ ।
ਸਾਦੁ = ਸੁਆਦ ।
ਭਰਮਿ = ਭਟਕਣਾ ਵਿਚ ।
ਭੁਲਾਇ = ਕੁਰਾਹੇ ਪੈ ਜਾਂਦਾ ਹੈ ।
ਕਛੂ = ਕੋਈ (ਸੁਆਦ) ।
ਹੂ = ਹੀ ।
ਪੀਵਤ ਹੂ = ਪੀਂਦਾ ਹੀ ।੨ ।
ਦੇਇ = ਦੇਂਦਾ ਹੈ, ਜੇ ਦੇਵੇ ।
ਕੈ ਹਥਿ = ਦੇ ਹੱਥ ਵਿਚ ।
ਗੁਰੂ ਦੁਆਰੈ = ਗੁ੍ਰੂਰ ਦੀ ਰਾਹੀਂ ।
ਕੀਤੋਨੁ = ਉਨਿ ਕੀਤੋ, ਉਸ (ਪਰਮਾਤਮਾ) ਨੇ ਕੀਤਾ ।
ਜੇਹੇ = ਉਜੇਹੇ, ਉਹੋ ਜਿਹੇ ।੩ ।
ਜਤੁ = ਕਾਮਵਾਸਨਾ ਵਲੋਂ ਬਚਣ ਦਾ ਉੱਦਮ ।
ਸਤੁ = ਉੱਚਾ ਆਚਰਨ ।
ਸੰਜਮੁ = ਇੰਦਿ੍ਰਆਂ ਨੂੰ ਵਿਕਾਰਾਂ ਵਲੋਂ ਰੋਕਣ ਦਾ ਜਤਨ ।
ਵਿਣੁ ਨਾਵੈ = ਨਾਮ ( = ਸਿਮਰਨ) ਤੋਂ ਬਿਨਾ ।
ਮਨਿ = ਮਨ ਵਿਚ ।
ਸਬਦਿ = (ਗੁਰੂ ਦੇ) ਸਬਦ ਦੀ ਰਾਹੀਂ ।
ਸਹਜੇ = ਆਤਮਕ ਅਡੋਲਤਾ ਵਿਚ ।
ਰੰਗਿ = (ਪ੍ਰਭੂ ਦੇ) ਪ੍ਰੇਮ ਵਿਚ ।
ਵਰਤਦਾ = ਜੀਵਨ ਬਿਤੀਤ ਕਰਦਾ ਹੈ ।
ਸੋਇ = ਉਹੀ ਮਨੁੱਖ ।੪ ।
    
Sahib Singh
ਹੇ ਭਾਈ ਜੇਹੜਾ ਕੋਈ ਮਨੁੱਖ (ਸਹੀ ਜੀਵਨ-ਜੁਗਤਿ) ਸਮਝਦਾ ਹੈ ਉਹ ਗੁਰੂ ਦੀ ਰਾਹੀਂ ਹੀ ਸਮਝਦਾ ਹੈ ।
(ਸਹੀ ਜੀਵਨ-ਜੁਗਤਿ) ਸਮਝਣ ਤੋਂ ਬਿਨਾ (ਮਿਥੇ ਹੋਏ ਧਾਰਿਮਕ) ਕੰਮ ਕਰਨ ਨਾਲ ਮਨੁੱਖ ਕੀਮਤੀ ਮਨੁੱਖਾ ਜਨਮ ਗਵਾ ਲੈਂਦਾ ਹੈ ।੧।ਰਹਾਉ ।
ਪਰਮਾਤਮਾ (ਸਭ) ਗੁਣਾਂ ਦਾ ਖ਼ਜ਼ਾਨਾ ਹੈ (ਉਸ ਦੇ ਗੁਣਾਂ ਦਾ) ਅਖ਼ੀਰਲਾ ਬੰਨਾ ਲੱਭਿਆ ਨਹੀਂ ਜਾ ਸਕਦਾ ।
ਨਿਰਾ (ਇਹੋ) ਕਹਿਣ ਕਥਨ ਨਾਲ (ਕਿ ਮੈਂ ਪਰਮਾਤਮਾ ਨੂੰ ਲੱਭ ਲਿਆ ਹੈ) ਪਰਮਾਤਮਾ ਨੂੰ ਪ੍ਰਾਪਤ ਨਹੀਂ ਕੀਤਾ ਜਾ ਸਕਦਾ (ਪਰਮਾਤਮਾ ਤਦੋਂ ਹੀ ਮਿਲਦਾ ਹੈ ਜੇ) ਮਨੁੱਖ ਦੇ ਅੰਦਰੋਂ ਹਉਮੈ ਦੂਰ ਹੋ ਜਾਏ ।
ਗੁਰੂ ਦੇ ਮਿਲਣ ਨਾਲ ਮਨੁੱਖ ਦਾ ਹਿਰਦਾ ਸਦਾ ਪਰਮਾਤਮਾ ਦੇ ਡਰ-ਅਦਬ ਵਿਚ ਭਿੱਜਾ ਰਹਿੰਦਾ ਹੈ (ਤੇ ਇਸ ਤ੍ਰਹਾਂ) ਪਰਮਾਤਮਾ ਆਪ ਮਨੁੱਖ ਦੇ ਮਨ ਵਿਚ ਆ ਵੱਸਦਾ ਹੈ ।੧ ।
ਪਰਮਾਤਮਾ ਦਾ ਸਦਾ-ਥਿਰ ਨਾਮ ਆਤਮਕ ਜੀਵਨ ਦੇਣ ਵਾਲਾ ਰਸ ਹੈ, ਇਸ ਦਾ ਸੁਆਦ ਦੱਸਿਆ ਨਹੀਂ ਜਾ ਸਕਦਾ; ਜਿਨ੍ਹਾਂ ਨੇ ਇਹ ਅੰਮਿ੍ਰਤ ਚੱਖਿਆ ਹੈ ਉਹਨਾਂ ਨੇ ਇਸ ਦਾ ਸੁਆਦ ਮਾਣਿਆ ਹੈ, (ਨਾਮ-ਅੰਮਿ੍ਰਤ ਦਾਸੁਆਦ) ਚੱਖਣ ਤੋਂ ਬਿਨਾ ਮਨੁੱਖ (ਮਾਇਆ ਦੀ) ਭਟਕਣਾ ਵਿਚ (ਪੈ ਕੇ) ਕੁਰਾਹੇ ਪੈ ਜਾਂਦਾ ਹੈ ।
ਪੂਰੇ ਗੁਰੂ ਦੇ ਸ਼ਬਦ ਵਿਚ ਲੀਨ ਹੋ ਕੇ ਨਾਮ-ਅੰਮਿ੍ਰਤ ਪੀਂਦਿਆਂ ਹੀ ਮਨੁੱਖ (ਪ੍ਰਭੂ ਦੀ ਹਜ਼ੂਰੀ ਵਿਚ) ਕਬੂਲ ਹੋ ਜਾਂਦਾ ਹੈ ।੨ ।
(ਨਾਮ-ਅੰਮਿ੍ਰਤ ਦੀ ਦਾਤਿ) ਜੇ ਪਰਮਾਤਮਾ ਆਪ ਹੀ ਦੇਵੇ ਤਾਂ ਮਿਲਦੀ ਹੈ (ਜੇ ਉਸਦੀ ਮਿਹਰ ਨਾਹ ਹੋਵੇ ਤਾਂ) ਹੋਰ ਕੋਈ ਚਾਰਾ ਨਹੀਂ ਕੀਤਾ ਜਾ ਸਕਦਾ ।
(ਨਾਮ ਦੀ ਦਾਤਿ) ਦੇਣ ਵਾਲੇ ਪਰਮਾਤਮਾ ਦੇ ਆਪਣੇ ਹੱਥ ਵਿਚ ਇਹ ਦਾਤਿ ਹੈ (ਉਸ ਦੀ ਰਜ਼ਾ ਅਨੁਸਾਰ) ਗੁਰੂ ਦੇ ਦਰ ਤੋਂ ਹੀ ਮਿਲਦੀ ਹੈ (ਪਰਮਾਤਮਾ ਨੇ ਜੀਵ ਨੂੰ) ਜਿਹੋ ਜਿਹਾ ਬਣਾਇਆ, ਜੀਵ ਉਹੋ ਜਿਹਾ ਬਣ ਗਿਆ, (ਫਿਰ) ਉਹੋ ਜਿਹੇ ਕਰਮ ਜੀਵ ਕਰਦਾ ਹੈ (ਉਸ ਦੀ ਰਜ਼ਾ ਅਨੁਸਾਰ ਹੀ ਜੀਵ ਗੁਰੂ ਦੇ ਦਰ ਤੇ ਆਉਂਦਾ ਹੈ) ।੩ ।
(ਮਨੁੱਖ ਆਪਣੇ ਜੀਵਨ ਨੂੰ ਪਵਿਤ੍ਰ ਕਰਨ ਲਈ ਜਤ ਸਤ ਸੰਜਮ ਸਾਧਦਾ ਹੈ, ਪਰ ਨਾਮ ਸਿਮਰਨ ਤੋਂ ਬਿਨਾ ਇਹ ਕਿਸੇ ਕੰਮ ਨਹੀਂ) ਪਰਮਾਤਮਾ ਦਾ ਨਾਮ-ਅੰਮਿ੍ਰਤ ਹੀ ਜਤ ਹੈ ਨਾਮ ਹੀ ਸਤ ਹੈ ਨਾਮ ਹੀ ਸੰਜਮ ਹੈ, ਨਾਮ ਤੋਂ ਬਿਨਾ ਮਨੁੱਖ ਪਵਿਤ੍ਰ ਜੀਵਨ ਵਾਲਾ ਨਹੀਂ ਹੋ ਸਕਦਾ ।
ਵੱਡੀ ਕਿਸਮਤ ਨਾਲ ਜਿਸ ਮਨੁੱਖ ਦੇ ਮਨ ਵਿਚ ਪਰਮਾਤਮਾ ਦਾ ਨਾਮ ਆ ਵੱਸਦਾ ਹੈ, ਗੁਰੂ ਦੇ ਸ਼ਬਦ ਦੀ ਰਾਹੀਂ ਉਸ ਦਾ ਪ੍ਰਭੂ ਨਾਲ ਮਿਲਾਪ ਹੋ ਜਾਂਦਾ ਹੈ ।
ਹੇ ਨਾਨਕ! (ਗੁਰੂ ਦੇ ਸ਼ਬਦ ਦੀ ਬਰਕਤਿ ਨਾਲ) ਜੇਹੜਾ ਮਨੁੱਖ ਆਤਮਕ ਅਡੋਲਤਾ ਵਿਚ ਟਿਕ ਕੇ ਪਰਮਾਤਮਾ ਦੇ ਪ੍ਰੇਮ-ਰੰਗ ਵਿਚ ਜੀਵਨ ਬਿਤੀਤ ਕਰਦਾ ਹੈ ਉਹ ਮਨੁੱਖ ਪਰਮਾਤਮਾ ਦੇ ਗੁਣ ਆਪਣੇ ਅੰਦਰ ਵਸਾ ਲੈਂਦਾ ਹੈ ।੪।੧੭।੫੦ ।
Follow us on Twitter Facebook Tumblr Reddit Instagram Youtube