ਸਿਰੀਰਾਗੁ ਮਹਲਾ ੩ ॥
ਧਨੁ ਜਨਨੀ ਜਿਨਿ ਜਾਇਆ ਧੰਨੁ ਪਿਤਾ ਪਰਧਾਨੁ ॥
ਸਤਗੁਰੁ ਸੇਵਿ ਸੁਖੁ ਪਾਇਆ ਵਿਚਹੁ ਗਇਆ ਗੁਮਾਨੁ ॥
ਦਰਿ ਸੇਵਨਿ ਸੰਤ ਜਨ ਖੜੇ ਪਾਇਨਿ ਗੁਣੀ ਨਿਧਾਨੁ ॥੧॥

ਮੇਰੇ ਮਨ ਗੁਰ ਮੁਖਿ ਧਿਆਇ ਹਰਿ ਸੋਇ ॥
ਗੁਰ ਕਾ ਸਬਦੁ ਮਨਿ ਵਸੈ ਮਨੁ ਤਨੁ ਨਿਰਮਲੁ ਹੋਇ ॥੧॥ ਰਹਾਉ ॥

ਕਰਿ ਕਿਰਪਾ ਘਰਿ ਆਇਆ ਆਪੇ ਮਿਲਿਆ ਆਇ ॥
ਗੁਰ ਸਬਦੀ ਸਾਲਾਹੀਐ ਰੰਗੇ ਸਹਜਿ ਸੁਭਾਇ ॥
ਸਚੈ ਸਚਿ ਸਮਾਇਆ ਮਿਲਿ ਰਹੈ ਨ ਵਿਛੁੜਿ ਜਾਇ ॥੨॥

ਜੋ ਕਿਛੁ ਕਰਣਾ ਸੁ ਕਰਿ ਰਹਿਆ ਅਵਰੁ ਨ ਕਰਣਾ ਜਾਇ ॥
ਚਿਰੀ ਵਿਛੁੰਨੇ ਮੇਲਿਅਨੁ ਸਤਗੁਰ ਪੰਨੈ ਪਾਇ ॥
ਆਪੇ ਕਾਰ ਕਰਾਇਸੀ ਅਵਰੁ ਨ ਕਰਣਾ ਜਾਇ ॥੩॥

ਮਨੁ ਤਨੁ ਰਤਾ ਰੰਗ ਸਿਉ ਹਉਮੈ ਤਜਿ ਵਿਕਾਰ ॥
ਅਹਿਨਿਸਿ ਹਿਰਦੈ ਰਵਿ ਰਹੈ ਨਿਰਭਉ ਨਾਮੁ ਨਿਰੰਕਾਰ ॥
ਨਾਨਕ ਆਪਿ ਮਿਲਾਇਅਨੁ ਪੂਰੈ ਸਬਦਿ ਅਪਾਰ ॥੪॥੧੬॥੪੯॥

Sahib Singh
ਧਨੁ = {ਧਂਯ} ਭਾਗਾਂ ਵਾਲੀ ।
ਜਨਨੀ = ਮਾਂ ।
ਜਿਨਿ = ਜਿਸ (ਮਾਂ) ਨੇ ।
ਜਾਇਆ = ਜੰਮਿਆ, ਜਨਮ ਦਿੱਤਾ ।
ਧੰਨੁ = {ਧਂਯ} ਭਾਗਾਂ ਵਾਲਾ ।
ਸੇਵਿ = ਸੇਵ ਕੇ, ਸਰਨ ਲੈ ਕੇ ।
ਦਰਿ = (ਗੁਰੂ ਦੇ) ਦਰ ਤੇ ।ਸੇਵਨਿ—ਸੇਂਵਦੇ ਹਨ ।
ਖੜੇ = ਸਾਵਧਾਨ ਹੋ ਕੇ ।
ਪਾਇਨਿ = ਪਾਂਦੇ ਹਨ ।
ਗੁਣੀ ਨਿਧਾਨੁ = ਗੁਣਾਂ ਦਾ ਖ਼ਜ਼ਾਨਾ, ਪ੍ਰਭੂ ।੧ ।
ਗੁਰਮੁਖਿ = ਗੁਰੂ ਦੀ ਸਰਨ ਪੈ ਕੇ ।
ਸੇਇ = ਉਹ ।
ਮਨਿ = ਮਨ ਵਿਚ ।੧।ਰਹਾਉ ।
ਕਰਿ = ਕਰਿ ਕੇ ।
ਘਰਿ = ਹਿਰਦੇ = ਘਰ ਵਿਚ ।
ਆਪੇ = ਆਪ ਹੀ ।
ਸਾਲਾਹੀਐ = ਸਾਲਾਹਿਆ ਜਾ ਸਕਦਾ ਹੈ ।
ਰੰਗੇ = ਰੰਗ ਦੇਂਦਾ ਹੈ ।
ਸਹਿਜ = ਆਤਮਕ ਅਡੋਲਤਾ ਵਿਚ ।
ਸੁਭਾਇ = ਪ੍ਰੇਮ ਵਿਚ ।
ਸਚੈ = ਸਦਾ = ਥਿਰ ਪ੍ਰਭੂ ਵਿਚ ਹੀ, ਸਚਿ ਹੀ ।੨ ।
ਮੇਲਿਅਨੁ = ਉਸ (ਪ੍ਰਭੂ) ਨੇ ਮਿਲਾਏ ਹਨ ।
ਸਤਗੁਰ ਪੰਨੈ = ਗੁਰੂ ਦੇ ਪੰਨੇ ਵਿਚ, ਗੁਰੂ ਦੇ ਲੇਖੇ ਵਿਚ, ਗੁਰੂ ਦੇ ਲੜ ਵਿਚ (ਲਾ ਕੇ) ।
ਕਰਾਇਸੀ = ਕਰਾਏਗਾ ।੩ ।
ਤਜਿ = ਤਜ ਕੇ, ਛੱਡ ਕੇ ।
ਅਹਿ = ਦਿਨ ।
ਨਿਸਿ = ਰਾਤ ।
ਨਿਰਭਉ = ਭਉ ਦੂਰ ਕਰਨ ਵਾਲਾ ।
ਮਿਲਾਇਅਨੁ = ਉਸ (ਪ੍ਰਭੂ) ਨੇ ਮਿਲਾਏ ਹਨ ।
ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ ।੪ ।
    
Sahib Singh
ਹੇ ਮੇਰੇ ਮਨ! ਗੁਰੂ ਦੀ ਸਰਨ ਪੈ ਕੇ ਉਸ ਪਰਮਾਤਮਾ ਨੂੰ ਸਿਮਰ ।
(ਜਿਸ ਮਨੁੱਖ ਦੇ) ਮਨ ਵਿਚ ਗੁਰੂ ਦਾ ਸ਼ਬਦ ਵੱਸ ਪੈਂਦਾ ਹੈ ਉਸ ਦਾ ਮਨ ਪਵਿਤ੍ਰ ਹੋ ਜਾਂਦਾ ਹੈ, ਉਸ ਦਾ ਸਰੀਰ ਪਵਿਤ੍ਰ ਹੋ ਜਾਂਦਾ ਹੈ (ਭਾਵ, ਗਿਆਨ-ਇੰਦ੍ਰੇ ਵਿਕਾਰਾਂ ਵਲੋਂ ਹਟ ਜਾਂਦੇ ਹਨ) ।੧।ਰਹਾਉ ।
ਉਹ ਮਾਂ ਭਾਗਾਂ ਵਾਲੀ ਹੈ ਜਿਸ ਨੇ (ਗੁਰੂ ਨੂੰ) ਜਨਮ ਦਿੱਤਾ, (ਗੁਰੂ ਦਾ) ਪਿਤਾ ਭੀ ਭਾਗਾਂ ਵਾਲਾ ਹੈ (ਤੇ ਮਨੁੱਖ ਜਾਤੀ ਵਿਚ) ਸ੍ਰੇਸ਼ਟ ਹੈ ।
ਸਤਿਗੁਰੂ ਦੀ ਸਰਨ ਲਿਆਂ ਆਤਮਕ ਆਨੰਦ ਪ੍ਰਾਪਤ ਹੁੰਦਾ ਹੈ (ਜੇਹੜਾ ਮਨੁੱਖ ਗੁਰੂ ਦੀ ਸਰਨ ਆਉਂਦਾ ਹੈ ਉਸ ਦੇ) ਅੰਦਰੋਂ ਅਹੰਕਾਰ ਦੂਰ ਹੋ ਜਾਂਦਾ ਹੈ ।
(ਜੇਹੜੇ) ਸੰਤ ਜਨ (ਗੁਰੂ ਦੇ) ਦਰ ਤੇ ਸਾਵਧਾਨ ਹੋ ਕੇ ਸੇਵਾ ਕਰਦੇ ਹਨ, ਉਹ ਗੁਣਾਂ ਦੇ ਖ਼ਜ਼ਾਨੇ ਪਰਮਾਤਮਾ ਨੂੰ ਮਿਲ ਪੈਂਦੇ ਹਨ ।੧ ।
(ਗੁਰੂ ਦੀ ਸਰਨ ਪਿਆਂ ਹੀ) ਪਰਮਾਤਮਾ (ਜੀਵ ਦੇ) ਹਿਰਦੇ-ਘਰ ਵਿਚ ਆ ਪ੍ਰਗਟਦਾ ਹੈ, ਆਪ ਹੀ ਆ ਕੇ ਮਿਲ ਪੈਂਦਾ ਹੈ ।
ਗੁਰੂ ਦੇ ਸ਼ਬਦ ਦੀ ਰਾਹੀਂ ਹੀ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕੀਤੀ ਜਾ ਸਕਦੀ ਹੈ (ਜੇਹੜਾ ਮਨੁੱਖ ਸਿਫ਼ਤਿ-ਸਾਲਾਹ ਕਰਦਾ ਹੈ ਉਸ ਨੂੰ ਪ੍ਰਭੂ) ਆਤਮਕ ਅਡੋਲਤਾ ਵਿਚ ਤੇ (ਆਪਣੇ) ਪ੍ਰੇਮ ਵਿਚ ਰੰਗ ਦੇਂਦਾ ਹੈ ।
(ਗੁਰੂ ਦੀ ਸਰਨ ਪੈ ਕੇ) ਮਨੁੱਖ ਸਦਾ-ਥਿਰ ਪ੍ਰਭੂ ਵਿਚ ਹੀ ਲੀਨ ਰਹਿੰਦਾ ਹੈ, ਸਦਾ ਪ੍ਰਭੂ-ਚਰਨਾਂ ਵਿਚ ਮਿਲਿਆ ਰਹਿੰਦਾ ਹੈ, ਕਦੇ ਵਿੱਛੁੜਦਾ ਨਹੀਂ ।੨ ।
(ਪਰਮਾਤਮਾ ਦੀ ਰਜ਼ਾ ਹੀ ਇਹ ਹੈ ਕਿ ਉਸ ਨੂੰ ਮਿਲਣ ਵਾਸਤੇ ਜੀਵ ਸਤਿਗੁਰੂ ਦੀ ਸਰਨ ਪਏ, ਇਸ ਰਜ਼ਾ ਦਾ ਉਲੰਘਣ ਨਹੀਂ ਹੋ ਸਕਦਾ) ਉਹ ਪਰਮਾਤਮਾ ਉਹੀ ਕੁਝ ਕਰ ਰਿਹਾ ਹੈ ਜੋ ਉਸਦੀ ਰਜ਼ਾ ਹੈ, (ਉਸ ਦੀ ਰਜ਼ਾ ਤੋਂ ਉਲਟ) ਹੋਰ ਕੁਝ ਕੀਤਾ ਨਹੀਂ ਜਾ ਸਕਦਾ ।
ਸਤਿਗੁਰੂ ਦੇ ਲੜ ਲਾ ਕੇ ਪਰਮਾਤਮਾ ਨੇ ਚਿਰਾਂ ਤੋਂ ਵਿੱਛੁੜੇ ਜੀਵਾਂ ਨੂੰ ਆਪਣੇ ਚਰਨਾਂ ਵਿਚ ਮਿਲਾ ਲਿਆ ਹੈ ।
ਪ੍ਰਭੂ ਆਪ ਹੀ (ਗੁਰੂ ਦੀ ਸਰਨ ਪੈਣ ਵਾਲੀ) ਕਾਰ (ਜੀਵਾਂ ਪਾਸੋਂ) ਕਰਾਂਦਾ ਹੈ, ਇਸ ਦੇ ਉਲਟ ਨਹੀਂ ਤੁਰਿਆ ਹਾ ਸਕਦਾ ।੩ ।
(ਗੁਰੂ ਦੀ ਸਰਨ ਪੈ ਕੇ ਹੀ) ਹਉਮੈ ਦਾ ਵਿਕਾਰ ਦੂਰ ਕਰ ਕੇ ਮਨੁੱਖ ਦਾ ਮਨ ਤੇ ਸਰੀਰ (ਭੀ) ਪਰਮਾਤਮਾ ਦੇ ਪ੍ਰੇਮ-ਰੰਗ ਨਾਲ ਰੰਗਿਆ ਜਾਂਦਾ ਹੈ ।
(ਜੇ ਜੀਵ ਗੁਰੂ ਦੀ ਸਰਨ ਪਏ ਤਾਂ) ਆਕਾਰ-ਰਹਿਤ ਪਰਮਾਤਮਾ ਦਾ ਨਿਰਭੈਤਾ ਦੇਣ ਵਾਲਾ ਨਾਮ ਦਿਨ ਰਾਤ ਉਸ ਦੇ ਹਿਰਦੇ ਵਿਚ ਟਿਕਿਆ ਰਹਿੰਦਾ ਹੈ ।
ਹੇ ਨਾਨਕ! ਬੇਅੰਤ ਪੂਰਨ-ਪ੍ਰਭੂ ਨੇ ਗੁਰੂ ਦੇ ਸ਼ਬਦ ਦੀ ਰਾਹੀਂ ਆਪ ਜੀਵਾਂ ਨੂੰ (ਆਪਣੇ ਚਰਨਾਂ ਵਿਚ) ਮਿਲਾਇਆ ਹੈ ।੪।੧੬।੪੯ ।
Follow us on Twitter Facebook Tumblr Reddit Instagram Youtube