ਸਿਰੀਰਾਗੁ ਮਹਲਾ ੩ ॥
ਜਾ ਪਿਰੁ ਜਾਣੈ ਆਪਣਾ ਤਨੁ ਮਨੁ ਅਗੈ ਧਰੇਇ ॥
ਸੋਹਾਗਣੀ ਕਰਮ ਕਮਾਵਦੀਆ ਸੇਈ ਕਰਮ ਕਰੇਇ ॥
ਸਹਜੇ ਸਾਚਿ ਮਿਲਾਵੜਾ ਸਾਚੁ ਵਡਾਈ ਦੇਇ ॥੧॥

ਭਾਈ ਰੇ ਗੁਰ ਬਿਨੁ ਭਗਤਿ ਨ ਹੋਇ ॥
ਬਿਨੁ ਗੁਰ ਭਗਤਿ ਨ ਪਾਈਐ ਜੇ ਲੋਚੈ ਸਭੁ ਕੋਇ ॥੧॥ ਰਹਾਉ ॥

ਲਖ ਚਉਰਾਸੀਹ ਫੇਰੁ ਪਇਆ ਕਾਮਣਿ ਦੂਜੈ ਭਾਇ ॥
ਬਿਨੁ ਗੁਰ ਨੀਦ ਨ ਆਵਈ ਦੁਖੀ ਰੈਣਿ ਵਿਹਾਇ ॥
ਬਿਨੁ ਸਬਦੈ ਪਿਰੁ ਨ ਪਾਈਐ ਬਿਰਥਾ ਜਨਮੁ ਗਵਾਇ ॥੨॥

ਹਉ ਹਉ ਕਰਤੀ ਜਗੁ ਫਿਰੀ ਨਾ ਧਨੁ ਸੰਪੈ ਨਾਲਿ ॥
ਅੰਧੀ ਨਾਮੁ ਨ ਚੇਤਈ ਸਭ ਬਾਧੀ ਜਮਕਾਲਿ ॥
ਸਤਗੁਰਿ ਮਿਲਿਐ ਧਨੁ ਪਾਇਆ ਹਰਿ ਨਾਮਾ ਰਿਦੈ ਸਮਾਲਿ ॥੩॥

ਨਾਮਿ ਰਤੇ ਸੇ ਨਿਰਮਲੇ ਗੁਰ ਕੈ ਸਹਜਿ ਸੁਭਾਇ ॥
ਮਨੁ ਤਨੁ ਰਾਤਾ ਰੰਗ ਸਿਉ ਰਸਨਾ ਰਸਨ ਰਸਾਇ ॥
ਨਾਨਕ ਰੰਗੁ ਨ ਉਤਰੈ ਜੋ ਹਰਿ ਧੁਰਿ ਛੋਡਿਆ ਲਾਇ ॥੪॥੧੪॥੪੭॥

Sahib Singh
ਜਾ = ਜਦੋਂ ।
ਪਿਰੁ ਜਾਣੈ = ਪ੍ਰਭੂ = ਪਤੀ ਨੂੰ ਜਾਣ ਲੈਂਦੀ ਹੈ, ਪ੍ਰਭੂ-ਪਤੀ ਨਾਲ ਡੂੰਘੀ ਸਾਂਝ ਪਾ ਲੈਂਦੀ ਹੈ ।
ਅਗੈ ਧਰੇਇ = ਹਵਾਲੇ ਕਰ ਦੇਂਦੀ ਹੈ ।
ਸੋਹਾਗਣੀ = ਸੁਹਾਗ = ਭਾਗ ਵਾਲੀਆਂ ਜੀਵ-ਇਸਤ੍ਰੀਆਂ, ਭਗਤ ਜਨ ।
ਸਹਜੇ = ਆਤਮਕ ਅਡੋਲਤਾ ਵਿਚ (ਟਿਕ ਕੇ) ।
ਸਾਚਿ = ਸਦਾ = ਥਿਰ ਪ੍ਰਭੂ ਵਿਚ ।
ਸਾਚੁ = ਸਦਾ = ਥਿਰ ਪ੍ਰਭੂ ।
ਦੇਇ = ਦੇਂਦਾ ਹੈ ।੧ ।
ਸਭੁ ਕੋਇ = ਹਰੇਕ ਜੀਵ ।੧।ਰਹਾਉ ।
ਫੇਰੁ = ਗੇੜ ।
ਕਾਮਣਿ = (ਜੀਵ = ) ਇਸਤ੍ਰੀ ।
ਦੂਜੈ ਭਾਇ = ਮਾਇਆ ਦੇ ਪਿਆਰ ਵਿਚ ।
ਨੀਦ = ਸ਼ਾਂਤੀ ।
ਰੈਣਿ = (ਜ਼ਿੰਦਗੀ ਦੀ) ਰਾਤ ।੨ ।
ਹਉ ਹਉ ਕਰਤੀ = ਮਮਤਾ = ਜਾਲ ਵਿਚ ਫਸੀ ਹੋਈ ।
ਸੰਪੈ = ਧਨ = ਪਦਾਰਥ ।
ਜਮਕਾਲਿ = ਜਮ ਕਾਲ ਨੇ, ਆਤਮਕ ਮੌਤ ਨੇ ।
ਸਤਿਗੁਰਿ ਮਿਲਿਐ = ਜੇ ਗੁਰੂ ਮਿਲ ਪਏ ।
ਰਿਦੈ = ਹਿਰਦੇ ਵਿਚ ।੩ ।
ਨਾਮਿ = ਨਾਮ ਵਿਚ ।
ਗੁਰੂ ਕੈ = ਗੁਰੂ ਦੇ ਸ਼ਬਦ ਦੀ ਰਾਹੀਂ ।
ਸਹਜਿ = ਆਤਮਕ ਅਡੋਲਤਾ ਵਿਚ ।
ਸੁਭਾਇ = ਪ੍ਰੇਮ ਵਿਚ ।
ਰਸਨਾ = ਜੀਭ ।
ਰਸਨ ਰਸਾਇ = ਨਾਮ = ਰਸ ਵਿਚ ਰਸ ਜਾਂਦੀ ਹੈ ।
ਧੁਰਿ = ਧੁਰ ਤੋਂ ਆਪਣੇ ਹੁਕਮ ਵਿਚ ।੪ ।
    
Sahib Singh
ਹੇ ਭਾਈ! ਗੁਰੂ ਦੀ ਸਰਨ ਪੈਣ ਤੋਂ ਬਿਨਾ ਪਰਮਾਤਮਾ ਦੀ ਭਗਤ ਨਹੀਂ ਹੋ ਸਕਦੀ ।
ਜੇ ਹਰੇਕ ਜੀਵ ਭੀ (ਪਰਮਾਤਮਾ ਦੀ ਭਗਤੀ ਵਾਸਤੇ) ਤਾਂਘ ਕਰੇ, ਤਾਂ ਭੀ ਗੁਰੂ ਦੀ ਸਰਨ ਤੋਂ ਬਿਨਾ ਭਗਤੀ (ਦੀ ਦਾਤਿ) ਨਹੀਂ ਮਿਲ ਸਕਦੀ ।੧।ਰਹਾਉ ।
ਜਦੋਂ (ਕੋਈ ਜੀਵ-ਇਸਤ੍ਰੀ) ਪ੍ਰਭੂ-ਪਤੀ ਨੂੰ ਆਪਣਾ ਸਮਝ ਲੈਂਦੀ ਹੈ (ਭਾਵ, ਪ੍ਰਭੂ-ਪਤੀ ਨਾਲ ਯਾਦ ਦੀ ਰਾਹੀਂ ਡੂੰਘੀ ਸਾਂਝ ਪਾ ਲੈਂਦੀ ਹੈ) ਤਾਂ ਉਹ ਆਪਣਾ ਮਨ ਉਸ ਦੇ ਹਵਾਲੇ ਕਰ ਦੇਂਦੀ ਹੈ (ਭਾਵ, ਆਪਣੇ ਮਨ ਦੇ ਪਿੱਛੇ ਤੁਰਨਾ ਛੱਡ ਦੇਂਦੀ ਹੈ) ਆਪਣਾ ਸਰੀਰ ਭੀ ਹਵਾਲੇ ਕਰ ਦੇਂਦੀ ਹੈ (ਭਾਵ, ਗਿਆਨ-ਇੰਦ੍ਰੇ ਮਾਇਆ ਵਲੋਂ ਹਟ ਜਾਂਦੇ ਹਨ) ।
ਉਹ ਜੀਵ-ਇਸਤ੍ਰੀ ਉਹੀ ਉੱਦਮ ਕਰਦੀ ਹੈ ਜੋ ਭਗਤ-ਜਨ ਕਰਦੇ ਹਨ ।
(ਇਸ ਤ੍ਰਹਾਂ) ਆਤਮਕ ਅਡੋਲਤਾ ਵਿਚ ਟਿਕਣ ਕਰਕੇ ਸਦਾ-ਥਿਰ ਪ੍ਰਭੂ ਵਿਚ ਉਸ ਦਾ ਮਿਲਾਪ ਹੋ ਜਾਂਦਾ ਹੈ, ਸਦਾ-ਥਿਰ ਪਰਮਾਤਮਾ ਉਸ ਨੂੰ (ਆਪਣੇ ਦਰ ਤੇ) ਇੱਜ਼ਤ ਦੇਂਦਾ ਹੈ ।੧ ।
ਪਰ ਜੇਹੜੀ ਜੀਵ-ਇਸਤ੍ਰੀ ਮਾਇਆ ਦੇ ਪਿਆਰ ਵਿਚ ਰਹਿੰਦੀ ਹੈ ਉਸ ਨੂੰ ਚੌਰਾਸੀ ਲੱਖ ਜੂਨਾਂ ਦਾ ਗੇੜ ਭੁਗਤਣਾ ਪੈਂਦਾ ਹੈ ।
ਗੁਰੂ ਦੀ ਸਰਨ ਪੈਣ ਤੋਂ ਬਿਨਾ ਉਸ ਨੂੰ ਆਤਮਕ ਸ਼ਾਂਤੀ ਨਸੀਬ ਨਹੀਂ ਹੁੰਦੀ, ਉਸ ਦੀ (ਜ਼ਿੰਦਗੀ ਦੀ) ਰਾਤ ਦੁੱਖਾਂ ਵਿਚ ਗੁਜ਼ਰਦੀ ਹੈ ।
ਗੁਰੂ ਦੇ ਸ਼ਬਦ ਤੋਂ ਬਿਨਾ ਪ੍ਰਭੂ-ਪਤੀ ਨਹੀਂ ਮਿਲਦਾ (ਜੇਹੜਾ ਮਨੁੱਖ ਗੁਰੂ ਦੇ ਸ਼ਬਦ ਤੋਂ ਵਾਂਜਿਆ ਰਹਿੰਦਾ ਹੈ) ਉਹ ਆਪਣਾ ਮਨੁੱਖਾ ਜਨਮ ਜ਼ਾਇਆ ਕਰ ਲੈਂਦਾ ਹੈ ।੨ ।
(ਲੁਕਾਈ ਆਮ ਤੌਰ ਤੇ) ਮਮਤਾ-ਜਲ ਵਿਚ ਫਸੀ ਹੋਈ (ਸਾਰਾ) ਜਗਤ (ਮਾਇਆ ਦੀ ਖ਼ਾਤਰ) ਭਾਲਦੀ ਫਿਰਦੀ ਹੈ, ਪਰ (ਇਕੱਠਾ ਕੀਤਾ) ਧਨ ਪਦਾਰਥ ਕਿਸੇ ਦਾ ਨਾਲ ਨਹੀਂ ਜਾਂਦਾ (ਮਾਇਆ ਦੇ ਮੋਹ ਵਿਚ) ਅੰਨ੍ਹੀ ਹੋਈ ਲੁਕਾਈ ਪਰਮਾਤਮਾ ਦਾ ਨਾਮ ਨਹੀਂ ਸਿਮਰਦੀ (ਸਿਮਰਨ-ਹੀਨ ਲੁਕਾਈ ਨੂੰ) ਆਤਮਕ ਮੌਤ ਨੇ ਆਪਣੇਬੰਧਨਾਂ ਵਿਚ ਬੰਨਿ੍ਹਆ ਹੁੰਦਾ ਹੈ ।
ਜੇ ਗੁਰੂ ਮਿਲ ਪਏ ਤਾਂ ਹਰੀ-ਨਾਮ-ਧਨ ਪ੍ਰਾਪਤ ਹੋ ਜਾਂਦਾ ਹੈ (ਗੁਰੂ ਦੀ ਸਰਨ ਪੈ ਕੇ ਜੀਵ) ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿਚ ਸਾਂਭੀ ਰੱਖਦਾ ਹੈ ।੩ ।
ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਜੇਹੜੇ ਮਨੁੱਖ ਪਰਮਾਤਮਾ ਦੇ ਨਾਮ (-ਰੰਗ) ਵਿਚ ਰੰਗੇ ਜਾਂਦੇ ਹਨ ਉਹ ਪਵਿਤ੍ਰ (ਜੀਵਨ ਵਾਲੇ) ਹੋ ਜਾਂਦੇ ਹਨ ।
ਉਹ ਆਤਮਕ ਅਡੋਲਤਾ ਵਿਚ ਟਿਕੇ ਰਹਿੰਦੇ ਹਨ, ਉਹ ਪ੍ਰਭੂ-ਪ੍ਰੇਮ ਵਿਚ ਜੁੜੇ ਰਹਿੰਦੇ ਹਨ ।
ਉਹਨਾਂ ਦਾ ਮਨ ਉਹਨਾਂ ਦਾ ਸਰੀਰ ਪ੍ਰਭੂ ਦੇ ਪ੍ਰੇਮ ਰੰਗ ਵਿਚ ਰੰਗਿਆ ਜਾਂਦਾ ਹੈ, ਉਹਨਾਂ ਦੀ ਜੀਭ ਨਾਮ-ਰਸ ਵਿਚ ਰਸੀ ਰਹਿੰਦੀ ਹੈ ।
ਹੇ ਨਾਨਕ! ਜਿਨ੍ਹਾਂ ਨੂੰ ਪਰਮਾਤਮਾ ਧੁਰੋਂ ਆਪਣੀ ਰਜ਼ਾ ਵਿਚ ਨਾਮ ਰੰਗ ਚਾੜ੍ਹ ਦੇਂਦਾ ਹੈ, ਉਹਨਾਂ ਦਾ ਉਹ ਰੰਗ ਕਦੇ ਉਤਰਦਾ ਨਹੀਂ ।੪।੧੪।੪੭ ।
Follow us on Twitter Facebook Tumblr Reddit Instagram Youtube