ਮੰਗਲਿ ਮਾਇਆ ਮੋਹੁ ਉਪਾਇਆ ॥
ਆਪੇ ਸਿਰਿ ਸਿਰਿ ਧੰਧੈ ਲਾਇਆ ॥
ਆਪਿ ਬੁਝਾਏ ਸੋਈ ਬੂਝੈ ॥
ਗੁਰ ਕੈ ਸਬਦਿ ਦਰੁ ਘਰੁ ਸੂਝੈ ॥
ਪ੍ਰੇਮ ਭਗਤਿ ਕਰੇ ਲਿਵ ਲਾਇ ॥
ਹਉਮੈ ਮਮਤਾ ਸਬਦਿ ਜਲਾਇ ॥੩॥

Sahib Singh
ਮੰਗਲਿ = ਮੰਗਲ (ਵਾਰ) ਦੀ ਰਾਹੀਂ ।
ਆਪੇ = ਆਪ ਹੀ ।
ਸਿਰਿ = ਸਿਰ ਉਤੇ ।
ਸਿਰਿ ਸਿਰਿ = ਹਰੇਕ (ਜੀਵ ਦੇ) ਸਿਰ ਉੱਤੇ ।
ਧੰਧੈ = (ਮਾਇਆ ਦੇ) ਧੰਧੇ ਵਿਚ ।
ਬੁਝਾਏ = ਸਮਝ ਬਖ਼ਸ਼ਦਾ ਹੈ ।
ਬੂਝੈ = ਸਮਝਦਾ ਹੈ ।
ਕੈ ਸਬਦਿ = ਦੇ ਸ਼ਬਦ ਦੀ ਰਾਹੀਂ ।
ਦਰੁ ਘਰੁ = ਪਰਮਾਤਮਾ ਦਾ ਦਰਵਾਜ਼ਾ, ਪਰਮਾਤਮਾ ਦਾ ਟਿਕਾਣਾ ।
ਸੂਝੈ = ਦਿੱਸਦਾ ਹੈ ।
ਲਿਵ ਲਾਇ = ਸੁਰਤਿ ਜੋੜ ਕੇ ।
ਸਬਦਿ = ਸ਼ਬਦ ਦੀ ਰਾਹੀਂ ।੩ ।
    
Sahib Singh
ਹੇ ਭਾਈ! (ਪਰਮਾਤਮਾ ਨੇ) ਮਾਇਆ ਦਾ ਮੋਹ (ਆਪ ਹੀ) ਪੈਦਾ ਕੀਤਾ ਹੈ, ਆਪ ਹੀ (ਇਸ ਮੋਹ ਨੂੰ) ਹਰੇਕ (ਜੀਵ ਦੇ) ਸਿਰ ਉੱਤੇ (ਥਾਪ ਕੇ ਹਰੇਕ ਨੂੰ ਮਾਇਆ ਦੇ) ਧੰਧੇ ਵਿਚ ਲਾਇਆ ਹੋਇਆ ਹੈ ।
ਜਿਸ ਮਨੁੱਖ ਨੂੰ (ਪਰਮਾਤਮਾ) ਆਪ ਸਮਝ ਬਖ਼ਸ਼ਦਾ ਹੈ, ਉਹੀ (ਇਸ ਮੋਹ ਦੀ ਖੇਡ ਨੂੰ) ਸਮਝਦਾ ਹੈ ।
ਗੁਰੂ ਦੇ ਸ਼ਬਦ ਦੀ ਬਰਕਤ ਨਾਲ ਉਸ ਨੂੰ (ਪਰਮਾਤਮਾ ਦਾ) ਦਰ-ਘਰ ਦਿੱਸ ਪੈਂਦਾ ਹੈ ।
ਉਹ ਮਨੁੱਖ ਸੁਰਤਿ ਜੋੜ ਕੇ ਪ੍ਰੇਮ ਨਾਲ ਪਰਮਾਤਮਾ ਦੀ ਭਗਤੀ ਕਰਦਾ ਹੈ, (ਤੇ, ਇਸ ਤ੍ਰਹਾਂ) ਸ਼ਬਦ ਦੀ ਬਰਕਤਿ ਨਾਲ (ਆਪਣੇ ਅੰਦਰੋਂ) ਹਉਮੈ ਅਤੇ (ਮਾਇਆ ਦੀ) ਮਮਤਾ ਸਾੜ ਲੈਂਦਾ ਹੈ ।੩ ।
Follow us on Twitter Facebook Tumblr Reddit Instagram Youtube