ਤੇਰਸਿ ਤਰਵਰ ਸਮੁਦ ਕਨਾਰੈ ॥
ਅੰਮ੍ਰਿਤੁ ਮੂਲੁ ਸਿਖਰਿ ਲਿਵ ਤਾਰੈ ॥
ਡਰ ਡਰਿ ਮਰੈ ਨ ਬੂਡੈ ਕੋਇ ॥
ਨਿਡਰੁ ਬੂਡਿ ਮਰੈ ਪਤਿ ਖੋਇ ॥
ਡਰ ਮਹਿ ਘਰੁ ਘਰ ਮਹਿ ਡਰੁ ਜਾਣੈ ॥
ਤਖਤਿ ਨਿਵਾਸੁ ਸਚੁ ਮਨਿ ਭਾਣੈ ॥੧੭॥

Sahib Singh
ਤੇਰਸਿ = ਤੇਰ੍ਹਵੀਂ ਥਿਤਿ ।
ਕਨਾਰੈ = ਕੰਢੇ ਤੇ ।
ਤਰਵਰ = ਰੁੱਖ ।
ਅੰਮਿ੍ਰਤੁ = ਆਤਮਕ ਜੀਵਨ ਦੇਣ ਵਾਲਾ ਨਾਮ-ਜਲ ।
ਮੂਲੁ = ਮੁੱਢ, ਜੜ੍ਹ ।
ਸਿਖਰਿ = ਸਿਖਰ ਤੇ ।
ਲਿਵ ਤਾਰੈ = ਲਿਵ ਦੀ ਤਾਰ ਵਿਚ ।
ਡਰ = (ਸੰਸਾਰਕ) ਡਰਾਂ ਨਾਲ ।
ਡਰਿ ਮਰੈ ਨ = ਡਰ ਕੇ ਨਹੀਂ ਮਰਦਾ ।
ਨ ਬੂਡੈ = ਨਹੀਂ ਡੁੱਬਦਾ ।
ਨਿਡਰੁ = (ਪਰਮਾਤਮਾ ਦਾ) ਡਰ-ਅਦਬ ਨਾਹ ਰੱਖਣ ਵਾਲਾ ।
ਬੂਡਿ = (ਵਿਕਾਰਾਂ ਵਿਚ) ਡੁੱਬ ਕੇ ।
ਮਰੈ = ਆਤਮਕ ਮੌਤ ਸਹੇੜਦਾ ਹੈ ।
ਪਤਿ = ਇੱਜ਼ਤ ।
ਖੋਇ = ਗਵਾ ਕੇ ।
ਘਰੁ = ਟਿਕਾਣਾ ।
ਘਰ ਮਹਿ = ਹਿਰਦੇ = ਘਰ ਵਿਚ ।
ਜਾਣੈ = (ਜਿਹੜਾ ਮਨੁੱਖ) ਜਾਣਦਾ ਹੈ ।
ਤਖਤਿ = ਤਖ਼ਤ ਉੱਤੇ ।
ਸਚੁ = ਸਦਾ = ਥਿਰ ਰਹਿਣ ਵਾਲਾ ਪ੍ਰਭੂ ।
ਮਨਿ = ਮਨ ਵਿਚ ।
ਭਾਵੈ = ਪਿਆਰਾ ਲੱਗਦਾ ਹੈ ।੧੭ ।
    
Sahib Singh
ਹੇ ਭਾਈ! (ਜਿਵੇਂ) ਸਮੁੰਦਰ ਦੇ ਕੰਢੇ ਉੱਤੇ ਉੱਗੇ ਹੋਏ ਰੁੱਖ ਦੀ (ਪਾਂਇਆਂ ਹੈ, ਤਿਵੇਂ ਇਹ ਸਰੀਰ ਹੈ ।
ਪਰ ਜਿਹੜਾ ਮਨੁੱਖ) ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਨੂੰ (ਆਪਣੇ ਜੀਵਨ ਦੀ) ਜੜ੍ਹ ਬਣਾਂਦਾ ਹੈ, (ਉੱਕੀ) ਸੁਰਤਿ ਦੀ ਡੋਰ ਦੀ ਬਰਕਤ ਨਾਲ ਉਹ ਸਿਖਰ ਤੇ (ਪ੍ਰਭੂ-ਚਰਨਾਂ ਵਿਚ ਜਾ ਪਹੁੰਚਦਾ ਹੈ) ।
(ਜਿਹੜਾ ਭੀ ਮਨੁੱਖ ਇਹ ਉੱਦਮ ਕਰਦਾ ਹੈ, ਉਹ ਸੰਸਾਰਕ) ਡਰਾਂ ਨਾਲ ਡਰ ਡਰ ਕੇ ਆਤਮਕ ਮੌਤ ਨਹੀਂ ਸਹੇੜਦਾ, ਉਹ (ਵਿਕਾਰਾਂ ਦੇ ਸਮੁੰਦਰ ਵਿਚ) ਨਹੀਂ ਡੁੱਬਦਾ ।
(ਪਰ ਪਰਮਾਤਮਾ ਦਾ) ਡਰ-ਅਦਬ ਨਾਹ ਰੱਖਣ ਵਾਲਾਮਨੁੱਖ (ਲੋਕ ਪਰਲੋਕ ਦੀ) ਇੱਜ਼ਤ ਗਵਾ ਕੇ ਆਤਮਕ ਮੌਤ ਸਹੇੜ ਲੈਂਦਾ ਹੈ ।
ਹੇ ਭਾਈ! (ਜਿਹੜਾ ਮਨੁੱਖ ਪਰਮਾਤਮਾ ਦੇ) ਡਰ-ਅਦਬ ਵਿਚ (ਆਪਣਾ) ਟਿਕਾਣਾ ਬਣਾਈ ਰੱਖਦਾ ਹੈ, ਜਿਹੜਾ ਮਨੁੱਖ ਆਪਣੇ ਹਿਰਦੇ-ਘਰ ਵਿਚ (ਪ੍ਰਭੂ ਦਾ) ਡਰ ਅਦਬ ਵਸਾਈ ਰੱਖਣਾ ਜਾਣਦਾ ਹੈ, ਜਿਸ ਮਨੁੱਖ ਨੂੰ ਆਪਣੇ ਮਨ ਵਿਚ ਸਦਾ-ਥਿਰ ਪ੍ਰਭੂ ਪਿਆਰਾ ਲੱਗਣ ਲੱਗ ਪੈਂਦਾ ਹੈ, ਉਸ ਨੂੰ (ਉੱਚੇ ਆਤਮਕ ਜੀਵਨ ਦੇ ਰੱਬੀ) ਤਖ਼ਤ ਉੱਤੇ ਨਿਵਾਸ ਮਿਲਦਾ ਹੈ ।੧੭ ।
Follow us on Twitter Facebook Tumblr Reddit Instagram Youtube