ਦਸਮੀ ਨਾਮੁ ਦਾਨੁ ਇਸਨਾਨੁ ॥
ਅਨਦਿਨੁ ਮਜਨੁ ਸਚਾ ਗੁਣ ਗਿਆਨੁ ॥
ਸਚਿ ਮੈਲੁ ਨ ਲਾਗੈ ਭ੍ਰਮੁ ਭਉ ਭਾਗੈ ॥
ਬਿਲਮੁ ਨ ਤੂਟਸਿ ਕਾਚੈ ਤਾਗੈ ॥
ਜਿਉ ਤਾਗਾ ਜਗੁ ਏਵੈ ਜਾਣਹੁ ॥
ਅਸਥਿਰੁ ਚੀਤੁ ਸਾਚਿ ਰੰਗੁ ਮਾਣਹੁ ॥੧੨॥

Sahib Singh
ਅਨਦਿਨੁ = ਹਰ ਰੋਜ਼, ਸਦਾ ।
ਮਜਨੁ = ਇਸ਼ਨਾਨ ।
ਸਚਾ = ਸਦਾ = ਥਿਰ ।
ਗੁਣ ਗਿਆਨੁ = ਪਰਮਾਤਮਾ ਦੇ ਗੁਣਾਂ ਨਾਲ ਜਾਣ-ਪਛਾਣ ।
ਸਚਿ = ਸਦਾ = ਥਿਰ ਪ੍ਰਭੂ-ਨਾਮ ਵਿਚ (ਜੁੜਿਆਂ) ।
ਭ੍ਰਮੁ = ਭਟਕਣਾ ।
ਬਿਲਮੁ = ਦੇਰ, ਢਿੱਲ ।
ਅਸਥਿਰੁ = ਟਿਕਵਾਂ ।
ਸਾਚਿ = ਸਦਾ = ਥਿਰ ਪ੍ਰਭੂ ਵਿਚ ।
    
Sahib Singh
ਪਰਮਾਤਮਾ ਦਾ ਨਾਮ ਜਪਣਾ ਹੀ ਦਸਵੀਂ ਥਿਤ ਤੇ ਦਾਨ ਕਰਨਾ ਤੇ ਇਸ਼ਨਾਨ ਕਰਨਾ ਹੈ ।
ਪ੍ਰਭੂ ਦੇ ਗੁਣਾਂ ਨਾਲ ਡੂੰਘੀ ਸਾਂਝ ਹੀ ਸਦਾ-ਥਿਰ ਰਹਿਣ ਵਾਲਾ ਨਿੱਤ ਦਾ ਤੀਰਥ-ਇਸ਼ਨਾਨ ਹੈ ।
ਸਦਾ-ਥਿਰ ਪ੍ਰਭੂ ਦੇ ਨਾਮ ਵਿਚ ਜੁੜਿਆਂ (ਮਨ ਨੂੰ ਵਿਕਾਰਾਂ ਦੀ) ਮੈਲ ਨਹੀਂ ਲੱਗਦੀ, ਮਨ ਦੀ ਭਟਕਣਾ ਦੂਰ ਹੋ ਜਾਂਦੀ ਹੈ, ਮਨ ਦਾਸਹਿਮ ਮੁੱਕ ਜਾਂਦਾ ਹੈ (ਇਉਂ ਤੁਰਤ ਮੁੱਕਦਾ ਹੈ, ਜਿਵੇਂ) ਕੱਚੇ ਧਾਗੇ ਨੂੰ ਟੁੱਟਦਿਆਂ ਚਿਰ ਨਹੀਂ ਲੱਗਦਾ ।
(ਹੇ ਭਾਈ!) ਜਗਤ (ਦੇ ਸੰਬੰਧ) ਨੂੰ ਇਉਂ ਹੀ ਸਮਝੋ ਜਿਵੇਂ ਕੱਚਾ ਧਾਗਾ ਹੈ; ਆਪਣੇ ਮਨ ਨੂੰ ਸਦਾ-ਥਿਰ ਪ੍ਰਭੂ-ਨਾਮ ਵਿਚ ਟਿਕਾ ਕੇ ਰੱਖੋ, ਅਤੇ ਆਤਮਕ ਆਨੰਦ ਮਾਣੋ ।੧੨ ।
Follow us on Twitter Facebook Tumblr Reddit Instagram Youtube