ਸਿਰੀਰਾਗੁ ਮਹਲਾ ੩ ॥
ਸਚਾ ਸਾਹਿਬੁ ਸੇਵੀਐ ਸਚੁ ਵਡਿਆਈ ਦੇਇ ॥
ਗੁਰ ਪਰਸਾਦੀ ਮਨਿ ਵਸੈ ਹਉਮੈ ਦੂਰਿ ਕਰੇਇ ॥
ਇਹੁ ਮਨੁ ਧਾਵਤੁ ਤਾ ਰਹੈ ਜਾ ਆਪੇ ਨਦਰਿ ਕਰੇਇ ॥੧॥

ਭਾਈ ਰੇ ਗੁਰਮੁਖਿ ਹਰਿ ਨਾਮੁ ਧਿਆਇ ॥
ਨਾਮੁ ਨਿਧਾਨੁ ਸਦ ਮਨਿ ਵਸੈ ਮਹਲੀ ਪਾਵੈ ਥਾਉ ॥੧॥ ਰਹਾਉ ॥

ਮਨਮੁਖ ਮਨੁ ਤਨੁ ਅੰਧੁ ਹੈ ਤਿਸ ਨਉ ਠਉਰ ਨ ਠਾਉ ॥
ਬਹੁ ਜੋਨੀ ਭਉਦਾ ਫਿਰੈ ਜਿਉ ਸੁੰਞੈਂ ਘਰਿ ਕਾਉ ॥
ਗੁਰਮਤੀ ਘਟਿ ਚਾਨਣਾ ਸਬਦਿ ਮਿਲੈ ਹਰਿ ਨਾਉ ॥੨॥

ਤ੍ਰੈ ਗੁਣ ਬਿਖਿਆ ਅੰਧੁ ਹੈ ਮਾਇਆ ਮੋਹ ਗੁਬਾਰ ॥
ਲੋਭੀ ਅਨ ਕਉ ਸੇਵਦੇ ਪੜਿ ਵੇਦਾ ਕਰੈ ਪੂਕਾਰ ॥
ਬਿਖਿਆ ਅੰਦਰਿ ਪਚਿ ਮੁਏ ਨਾ ਉਰਵਾਰੁ ਨ ਪਾਰੁ ॥੩॥

ਮਾਇਆ ਮੋਹਿ ਵਿਸਾਰਿਆ ਜਗਤ ਪਿਤਾ ਪ੍ਰਤਿਪਾਲਿ ॥
ਬਾਝਹੁ ਗੁਰੂ ਅਚੇਤੁ ਹੈ ਸਭ ਬਧੀ ਜਮਕਾਲਿ ॥
ਨਾਨਕ ਗੁਰਮਤਿ ਉਬਰੇ ਸਚਾ ਨਾਮੁ ਸਮਾਲਿ ॥੪॥੧੦॥੪੩॥

Sahib Singh
ਸਚਾ = ਸਦਾ = ਥਿਰ ਰਹਿਣ ਵਾਲਾ ਪ੍ਰਭੂ ।
ਸੇਵੀਐ = ਸਿਮਰਨਾ ਚਾਹੀਦਾ ਹੈ ।
ਸਚੁ = ਸਦਾ = ਥਿਰ ਪ੍ਰਭੂ ।
ਦੇਇ = ਦੇਂਦਾ ਹੈ ।
ਮਨਿ = ਮਨ ਵਿਚ ।
ਕਰੇਇ = ਕਰਦਾ ਹੈ ।
ਧਾਵਤੁ = ਭਟਕਦਾ, ਮਾਇਆ ਪਿਛੇ ਦੌੜਦਾ ।
ਤਾ = ਤਦੋਂ ਹੀ ।
ਰਹੈ = ਟਿਕਦਾ ਹੈ ।੧ ।
ਸਦ = ਸਦਾ ।
ਮਹਲੀ = ਪ੍ਰਭੂ ਦੇ ਮਹਲ ਵਿਚ ।੧।ਰਹਾਉ ।
ਅੰਧੁ = ਅੰਨ੍ਹਾ ।
ਨਉ = ਨੂੰ ।
ਘਰਿ = ਘਰ ਵਿਚ ।
ਘਟਿ = ਹਿਰਦੇ ਵਿਚ ।੨ ।
ਤ੍ਰੈਗੁਣ ਬਿਪਿਆ = (ਰਜੋ ਸਤੋ ਤਮੋ) ਤਿੰਨ ਗੁਣਾਂ ਵਾਲੀ ਮਾਇਆ ।
ਗੁਬਾਰ = ਹਨੇਰਾ ।
ਅਨ ਕਉ = ਕਿਸੇ ਹੋਰ ਨੂੰ ।
ਪੜਿ = ਪੜ੍ਹ ਕੇ ।
ਪਚਿ ਮੁਏ = ਖ਼ੁਆਰ ਹੋ ਕੇ ਆਤਮਕ ਮੌਤੇ ਮਰਦੇ ਹਨ ।੩।ਮੋਹਿ—ਮੋਹ ਵਿਚ ।
ਅਚੇਤੁ = ਗ਼ਾਫ਼ਿਲ ।
ਸਭ = ਸਾਰੀ ਲੁਕਾਈ ।
ਜਮ ਕਾਲਿ = ਜਮ ਕਾਲ ਨੇ ।
ਉਬਰੇ = ਬਚਦੇ ਹਨ ।
ਸਮਾਲਿ = ਸੰਭਾਲ ਕੇ, ਚੇਤੇ ਕਰ ਕੇ ।੪ ।
    
Sahib Singh
ਹੇ ਭਾਈ! ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਨਾਮ ਸਿਮਰ ।
ਜਿਸ ਮਨੁੱਖ ਦੇ ਮਨ ਵਿਚ ਨਾਮ-ਖ਼ਜ਼ਾਨਾ ਸਦਾ ਵੱਸਦਾ ਹੈ ਉਹ ਪਰਮਾਤਮਾ ਦੇ ਚਰਨਾਂ ਵਿਚ ਟਿਕਾਣਾ ਲੱਭ ਲੈਂਦਾ ਹੈ ।੧।ਰਹਾਉ ।
(ਹੇ ਭਾਈ!) ਸਦਾ-ਥਿਰ ਰਹਿਣ ਵਾਲੇ ਮਾਲਕ-ਪ੍ਰਭੂ ਨੂੰ ਸਿਮਰਨਾ ਚਾਹੀਦਾ ਹੈ (ਜੇਹੜਾ ਸਿਮਰਦਾ ਹੈ ਉਸ ਨੂੰ) ਸਦਾ-ਥਿਰ ਪ੍ਰਭੂ ਇੱਜ਼ਤ ਦੇਂਦਾ ਹੈ ।
ਗੁਰੂ ਦੀ ਮਿਹਰ ਨਾਲ ਜਿਸ ਦੇ ਮਨ ਵਿਚ ਪ੍ਰਭੂ ਵੱਸਦਾ ਹੈ ਉਹ ਆਪਣੇ ਅੰਦਰੋਂ ਹਉਮੈ ਦੂਰ ਕਰ ਲੈਂਦਾ ਹੈ ।
(ਪਰ ਕਿਸੇ ਦੇ ਵੱਸ ਦੀ ਗੱਲ ਨਹੀਂ ।
ਮਾਇਆ ਬੜੀ ਮੋਹਣੀ ਹੈ) ਜਦੋਂ ਪ੍ਰਭੂ ਆਪ ਹੀ ਮਿਹਰ ਦੀ ਨਿਗਾਹ ਕਰਦਾ ਹੈ ਤਦੋਂ ਹੀ ਇਹ ਮਨ (ਮਾਇਆ ਦੇ ਪਿੱਛੇ) ਦੌੜਨੋਂ ਹਟਦਾ ਹੈ ।੧ ।
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਦਾ ਮਨ (ਮਾਇਆ ਦੇ ਮੋਹ ਵਿਚ) ਅੰਨ੍ਹਾ ਹੋ ਜਾਂਦਾ ਹੈ, ਸਰੀਰ ਭੀ (ਭਾਵ, ਹਰੇਕ ਗਿਆਨ-ਇੰਦ੍ਰਾ ਭੀ) ਅੰਨ੍ਹਾ ਹੋ ਜਾਂਦਾ ਹੈ ਉਸ ਨੂੰ (ਆਤਮਕ ਸ਼ਾਂਤੀ ਵਾਸਤੇ) ਕੋਈ ਥਾਂ-ਥਿੱਤਾ ਸੁੱਝਦਾ ਨਹੀਂ ।
(ਮਾਇਆ ਦੇ ਮੋਹ ਵਿਚ ਫਸ ਕੇ) ਉਹ ਅਨੇਕਾਂ ਜੂਨਾਂ ਵਿਚ ਭਟਕਦਾ ਹੈ (ਕਿਤੋਂ ਭੀ ਉਸ ਨੂੰ ਆਤਮਕ ਸ਼ਾਂਤੀ ਨਹੀਂ ਮਿਲਦੀ) ਜਿਵੇਂ ਕਿਸੇ ਸੁੰਞੇ ਘਰ ਵਿਚ ਕਾਂ ਜਾਂਦਾ ਹੈ (ਉਥੋਂ ਉਸ ਨੂੰ ਮਿਲਦਾ ਕੁਝ ਨਹੀਂ) ਗੁਰੂ ਦੀ ਮਤਿ ਤੇ ਤੁਰਿਆਂ ਹਿਰਦੇ ਵਿਚ ਚਾਨਣ (ਹੋ ਜਾਂਦਾ ਹੈ) (ਭਾਵ, ਸਹੀ ਜੀਵਨ ਦੀ ਸੂਝ ਆ ਜਾਂਦੀ ਹੈ), ਗੁਰੂ ਦੇ ਸ਼ਬਦ ਵਿਚ ਜੁੜਿਆਂ ਪਰਮਾਤਮਾ ਦਾ ਨਾਮ ਪ੍ਰਾਪਤ ਹੋ ਜਾਂਦਾ ਹੈ ।੨ ।
ਤਿ੍ਰਗੁਣੀ ਮਾਇਆ ਦੇ ਪ੍ਰਭਾਵ ਹੇਠ ਜਗਤ ਅੰਨ੍ਹਾ ਹੋ ਰਿਹਾ ਹੈ, ਮਾਇਆ ਦੇ ਮੋਹ ਦਾ ਹਨੇਰਾ (ਚੁਫੇਰੇ ਪਸਰਿਆ ਹੋਇਆ ਹੈ) ।
ਲੋਭ-ਗ੍ਰਸੇ ਜੀਵ (ਉਂਞ ਤਾਂ) ਵੇਦਾਂ ਨੂੰ ਪੜ੍ਹ ਕੇ (ਉਹਨਾਂ ਦੇ ਉਪਦੇਸ਼ ਦਾ) ਢੰਢੋਰਾ ਦੇਂਦੇ ਹਨ, (ਪਰ ਅੰਦਰੋਂ ਪ੍ਰਭੂ ਨੂੰ ਵਿਸਾਰ ਕੇ) ਹੋਰ ਦੀ (ਭਾਵ, ਮਾਇਆ ਦੀ) ਸੇਵਾ ਕਰਦੇ ਹਨ ।
ਮਾਇਆ ਦੇ ਮੋਹ ਵਿਚ ਖ਼ੁਆਰ ਹੋ ਹੋ ਕੇ ਆਤਮਕ ਮੌਤੇ ਮਰ ਜਾਂਦੇ ਹਨ (ਮਾਇਆ-ਮੋਹ ਦੇ ਘੁੱਪ ਹਨੇਰੇ ਵਿਚੋਂ ਉਹਨਾਂ ਨੂੰ) ਨਾਹ ਉਰਲਾ ਬੰਨਾ ਦਿੱਸਦਾ ਹੈ ਨਾਹ ਪਾਰਲਾ ਬੰਨਾ ।੩ ।
ਮਾਇਆ ਦੇ ਮੋਹ ਵਿਚ ਫਸ ਕੇ ਜੀਵਾਂ ਨੇ ਜਗਤ ਦੇ ਪਿਤਾ ਪਾਲਣਹਾਰ ਪ੍ਰਭੂ ਨੂੰ ਭੁਲਾ ਦਿੱਤਾ ਹੈ ।
ਗੁਰੂ (ਦੀ ਸਰਨ) ਤੋਂ ਬਿਨਾ ਜੀਵ ਗ਼ਾਫਿਲ ਹੋ ਰਿਹਾ ਹੈ ।
(ਪਰਮਾਤਮਾ ਤੋਂ ਵਿੱਛੁੜੀ ਹੋਈ) ਸਾਰੀ ਲੁਕਾਈ ਨੂੰ ਆਤਮਕ ਮੌਤੇ (ਆਪਣੇ ਬੰਧਨਾਂ ਵਿਚ) ਜਕੜਿਆ ਹੋਇਆ ਹੈ ।
ਹੇ ਨਾਨਕ! ਗੁਰੂ ਦੀ ਸਿੱਖਿਆ ਦੀ ਬਰਕਤਿ ਨਾਲ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦਾ ਨਾਮ ਹਿਰਦੇ ਵਿਚ ਵਸਾ ਕੇ ਹੀ ਜੀਵ (ਆਤਮਕ ਮੌਤ ਦੇ ਬੰਧਨਾਂ ਤੋਂ) ਬਚ ਸਕਦੇ ਹਨ ।੪।੧੦।੪੩ ।
Follow us on Twitter Facebook Tumblr Reddit Instagram Youtube