ਬਿਲਾਵਲੁ ਮਹਲਾ ੯ ॥
ਜਾ ਮੈ ਭਜਨੁ ਰਾਮ ਕੋ ਨਾਹੀ ॥
ਤਿਹ ਨਰ ਜਨਮੁ ਅਕਾਰਥੁ ਖੋਇਆ ਯਹ ਰਾਖਹੁ ਮਨ ਮਾਹੀ ॥੧॥ ਰਹਾਉ ॥

ਤੀਰਥ ਕਰੈ ਬ੍ਰਤ ਫੁਨਿ ਰਾਖੈ ਨਹ ਮਨੂਆ ਬਸਿ ਜਾ ਕੋ ॥
ਨਿਹਫਲ ਧਰਮੁ ਤਾਹਿ ਤੁਮ ਮਾਨਹੁ ਸਾਚੁ ਕਹਤ ਮੈ ਯਾ ਕਉ ॥੧॥

ਜੈਸੇ ਪਾਹਨੁ ਜਲ ਮਹਿ ਰਾਖਿਓ ਭੇਦੈ ਨਾਹਿ ਤਿਹ ਪਾਨੀ ॥
ਤੈਸੇ ਹੀ ਤੁਮ ਤਾਹਿ ਪਛਾਨਹੁ ਭਗਤਿ ਹੀਨ ਜੋ ਪ੍ਰਾਨੀ ॥੨॥

ਕਲ ਮੈ ਮੁਕਤਿ ਨਾਮ ਤੇ ਪਾਵਤ ਗੁਰੁ ਯਹ ਭੇਦੁ ਬਤਾਵੈ ॥
ਕਹੁ ਨਾਨਕ ਸੋਈ ਨਰੁ ਗਰੂਆ ਜੋ ਪ੍ਰਭ ਕੇ ਗੁਨ ਗਾਵੈ ॥੩॥੩॥

Sahib Singh
ਜਾ ਮਹਿ = ਜਿਸ ਮਨੁੱਖ (ਦੇ ਹਿਰਦੇ) ਵਿਚ ।
ਕੋ = ਦਾ ।
ਤਿਹ ਨਰ = ਉਸ ਮਨੁੱਖ ਨੇ ।
ਅਕਾਰਥੁ = ਵਿਅਰਥ ।
ਖੋਇਆ = ਗਵਾ ਲਿਆ ।
ਯਹ = ਇਹ ਗੱਲ ।
ਮਾਹੀ = ਵਿਚ ।
ਰਾਖਹੁ ਮਨ ਮਾਹੀ = ਪੱਕੀ ਚੇਤੇ ਰੱਖੋ ।੧।ਰਹਾਉ ।
ਫੁਨਿ = ਭੀ ।
ਬਸਿ = ਵੱਸ ਵਿਚ ।
ਜਾ ਕੇ ਮਨੂਆ = ਜਿਸ ਦਾ ਮਨ ।
ਤਾਹਿ = ਉਸ ਦਾ ।
ਮਾਨਹੁ = ਸਮਝੋ ।
ਸਾਚੁ = ਸੱਚੀ ਗੱਲ ।
ਯਾ ਕਉ = ਉਸ ਨੂੰ ।੧ ।
ਪਾਹਨੁ = ਪੱਥਰ ।
ਮਹਿ = ਵਿਚ ।
ਭੇਦੈ = ਵਿੰਨ੍ਹਦਾ ।
ਤਿਹ = ਉਸ ਨੂੰ ।
ਪਛਾਨਹੁ = ਸਮਝੋ ।
ਹੀਨ = ਸੱਖਣਾ ।੨ ।
ਕਲਿ ਮਹਿ = ਸੰਸਾਰ ਵਿਚ, ਮਨੁੱਖਾ ਜਨਮ ਵਿਚ ।
ਤੇ = ਤੋਂ, ਦੀ ਰਾਹੀਂ ।
ਮੁਕਤਿ = ਵਿਕਾਰਾਂ ਤੋਂ ਖ਼ਲਾਸੀ ।
ਭੇਦੁ = ਡੂੰਘੀ ਗੱਲ ।
ਗਰੂਆ = ਭਾਰਾ, ਆਦਰ = ਜੋਗ ।੩ ।
    
Sahib Singh
ਹੇ ਭਾਈ! ਇਹ ਗੱਲ ਪੱਕੀ ਚੇਤੇ ਰੱਖੋ ਕਿ ਜਿਸ ਮਨੁੱਖ ਦੇ ਅੰਦਰ ਪਰਮਾਤਮਾ ਦੇ ਨਾਮ ਦਾ ਭਜਨ ਨਹੀਂ ਹੈ ਉਸ ਮਨੁੱਖ ਨੇ ਆਪਣੀ ਜ਼ਿੰਦਗੀ ਵਿਅਰਥ ਹੀ ਗਵਾ ਲਈ ਹੈ ।੧।ਰਹਾਉ ।
ਹੇ ਭਾਈ! ਜਿਸ ਮਨੁੱਖ ਦਾ ਮਨ ਆਪਣੇ ਵੱਸ ਵਿਚ ਨਹੀਂ ਹੈ, ਉਹ ਭਾਵੇਂ ਤੀਰਥਾਂ ਦੇ ਇਸ਼ਨਾਨ ਕਰਦਾ ਹੈ ਵਰਤ ਭੀ ਰੱਖਦਾ ਹੈ, ਪਰ ਤੁਸੀ (ਇਹ ਤੀਰਥ ਵਰਤ ਆਦਿਕ ਵਾਲਾ) ਉਸ ਦਾ ਧਰਮ ਵਿਅਰਥ ਸਮਝੋ ।
ਮੈਂ ਅਜੇਹੇ ਮਨੁੱਖ ਨੂੰ ਭੀ ਇਹ ਸੱਚੀ ਗੱਲ ਆਖ ਦੇਂਦਾ ਹਾਂ ।੧ ।
ਹੇ ਭਾਈ! ਜਿਵੇਂ ਪੱਥਰ ਪਾਣੀ ਵਿਚ ਰੱਖਿਆ ਹੋਇਆ ਹੋਵੇ, ਉਸ ਨੂੰ ਪਾਣੀ ਵਿੰਨ੍ਹ ਨਹੀਂ ਸਕਦਾ ।
(ਪਾਣੀ ਉਸਉਤੇ ਅਸਰ ਨਹੀਂ ਕਰ ਸਕਦਾ), ਇਹੋ ਜਿਹਾ ਹੀ ਤੁਸੀ ਉਸ ਮਨੁੱਖ ਨੂੰ ਸਮਝੋ ਜੋ ਪ੍ਰਭੂ ਦੀ ਭਗਤੀ ਤੋਂ ਵਾਂਜਿਆਂ ਰਹਿੰਦਾ ਹੈ ।੨ ।
ਹੇ ਭਾਈ! ਗੁਰੂ ਜ਼ਿੰਦਗੀ ਦਾ ਇਹ ਰਾਜ਼ ਦੱਸਦਾ ਹੈ ਕਿ ਮਨੁੱਖਾ ਜੀਵਨ ਵਿਚ ਇਨਸਾਨ ਪਰਮਾਤਮਾ ਦੇ ਨਾਮ ਦੀ ਰਾਹੀਂ ਹੀ ਵਿਕਾਰਾਂ ਤੋਂ ਖ਼ਲਾਸੀ ਪ੍ਰਾਪਤ ਕਰ ਸਕਦਾ ਹੈ ।
ਹੇ ਨਾਨਕ! ਆਖ—ਉਹੀ ਮਨੁੱਖ ਆਦਰ-ਜੋਗ ਹੈ ਜੇਹੜਾ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ ।੩।੩ ।

ਨੋਟ: ਬਿਲਾਵਲ ਵਿਚ ਗੁਰੂ ਤੇਗ ਬਹਾਦਰ ਸਾਹਿਬ ਦੇ ਇਹ ਤਿੰਨ ਸ਼ਬਦ ਹਨ ।
Follow us on Twitter Facebook Tumblr Reddit Instagram Youtube