ਬਿਲਾਵਲੁ ਮਹਲਾ ੫ ॥
ਜੀਵਉ ਨਾਮੁ ਸੁਨੀ ॥
ਜਉ ਸੁਪ੍ਰਸੰਨ ਭਏ ਗੁਰ ਪੂਰੇ ਤਬ ਮੇਰੀ ਆਸ ਪੁਨੀ ॥੧॥ ਰਹਾਉ ॥

ਪੀਰ ਗਈ ਬਾਧੀ ਮਨਿ ਧੀਰਾ ਮੋਹਿਓ ਅਨਦ ਧੁਨੀ ॥
ਉਪਜਿਓ ਚਾਉ ਮਿਲਨ ਪ੍ਰਭ ਪ੍ਰੀਤਮ ਰਹਨੁ ਨ ਜਾਇ ਖਿਨੀ ॥੧॥

ਅਨਿਕ ਭਗਤ ਅਨਿਕ ਜਨ ਤਾਰੇ ਸਿਮਰਹਿ ਅਨਿਕ ਮੁਨੀ ॥
ਅੰਧੁਲੇ ਟਿਕ ਨਿਰਧਨ ਧਨੁ ਪਾਇਓ ਪ੍ਰਭ ਨਾਨਕ ਅਨਿਕ ਗੁਨੀ ॥੨॥੨॥੧੨੭॥

Sahib Singh
ਜੀਵਉ = ਜੀਵਉਂ, ਮੈਂ ਜੀਊ ਪੈਂਦਾ ਹਾਂ, ਮੈਨੂੰ ਆਤਮਕ ਜੀਵਨ ਮਿਲ ਜਾਂਦਾ ਹੈ ।
ਸੁਨੀ = ਸੁਨਿ,ਸੁਣ ਕੇ ।
ਜਉ = ਜਦੋਂ ।
ਪੁਨੀ = ਪੁੱਗ ਜਾਂਦੀ ਹੈ, ਪੂਰੀ ਹੋ ਜਾਂਦੀ ਹੈ ।੧।ਰਹਾਉ ।
ਪੀਰ = ਪੀੜ ।
ਬਾਧੀ = ਬੱਝ ਗਈ ।
ਮਨਿ = ਮਨ ਵਿਚ ।
ਧੀਰਾ = ਧੀਰਜ ।
ਅਨਦ ਧੁਨੀ = ਆਨੰਦ ਦੀ ਰੌ ਨਾਲ ।
ਖਿਨੀ = ਇਕ ਖਿਨ ਵਾਸਤੇ ਭੀ ।੧ ।
ਸਿਮਰਹਿ = ਸਿਮਰਦੇ ਹਨ ।
ਟਿਕ = ਟੇਕ, ਸਹਾਰਾ ।
ਨਿਰਧਨ = ਕੰਗਾਲ ।
ਅਨਿਕ ਗੁਨੀ = ਹੇ ਅਨੇਕਾਂ ਗੁਣਾਂ ਦੇ ਮਾਲਕ !
    ।੨ ।
    
Sahib Singh
(ਹੇ ਭਾਈ! ਪਰਮਾਤਮਾ ਦਾ) ਨਾਮ ਸੁਣ ਕੇ ਮੇਰੇ ਅੰਦਰ ਆਤਮਕ ਜੀਵਨ ਪੈਦਾ ਹੋ ਜਾਂਦਾ ਹੈ (ਪਰ ਪ੍ਰਭੂ ਦਾ ਨਾਮ ਸਿਮਰਨ ਦੀ) ਇਹ ਮੇਰੀ ਆਸ ਤਦੋਂ ਪੂਰੀ ਹੁੰਦੀ ਹੈ ਜਦੋਂ ਪੂਰਾ ਗੁਰੂ (ਮੇਰੇ ਉੱਤੇ) ਬਹੁਤ ਪ੍ਰਸੰਨ ਹੁੰਦਾ ਹੈ ।੧।ਰਹਾਉ ।
(ਹੇ ਭਾਈ! ਗੁਰੂ ਦੀ ਕਿਰਪਾ ਨਾਲ ਜਦੋਂ ਮੈਂ ਨਾਮ ਜਪਦਾ ਹਾਂ, ਮੇਰੇ ਅੰਦਰੋਂ) ਪੀੜ ਦੂਰ ਹੋ ਜਾਂਦੀ ਹੈ, ਮੇਰੇ ਵਿਚ ਹੌਸਲਾ ਬਣ ਜਾਂਦਾ ਹੈ, ਮੈਂ (ਆਪਣੇ ਅੰਦਰ ਪੈਦਾ ਹੋਏ) ਆਤਮਕ ਆਨੰਦ ਦੀ ਰੌ ਨਾਲ ਮਸਤ ਹੋ ਜਾਂਦਾ ਹਾਂ, ਮੇਰੇ ਅੰਦਰ ਪ੍ਰੀਤਮ ਪ੍ਰਭੂ ਨੂੰ ਮਿਲਣ ਦਾ ਚਾਉ ਪੈਦਾ ਹੋ ਜਾਂਦਾ ਹੈ, (ਉਹ ਚਾਉ ਇਤਨਾ ਤੀਬਰ ਹੋ ਜਾਂਦਾ ਹੈ ਕਿ ਪ੍ਰਭੂ ਦੇ ਮਿਲਾਪ ਤੋਂ ਬਿਨਾ) ਇਕ ਖਿਨ ਭੀ ਰਿਹਾ ਨਹੀਂ ਜਾ ਸਕਦਾ ।੧ ।
ਹੇ ਮਾਲਕ! (ਆਖ—) ਹੇ ਅਨੇਕਾਂ ਗੁਣਾਂ ਦੇ ਮਾਲਕ ਪ੍ਰਭੂ! (ਤੇਰਾ ਨਾਮ) ਅੰਨ੍ਹੇ ਮਨੁੱਖ ਨੂੰ, ਮਾਨੋ, ਡੰਗੋਰੀ ਮਿਲ ਜਾਂਦੀ ਹੈ, ਕੰਗਾਲ ਨੂੰ ਧਨ ਮਿਲ ਜਾਂਦਾ ਹੈ ।
ਹੇ ਪ੍ਰਭੂ! ਅਨੇਕਾਂ ਹੀ ਰਿਸ਼ੀ ਮੁਨੀ ਤੇਰਾ ਨਾਮ ਸਿਮਰਦੇ ਹਨ ।
(ਸਿਮਰਨ ਕਰਨ ਵਾਲੇ) ਅਨੇਕਾਂ ਹੀ ਭਗਤ ਅਨੇਕਾਂ ਹੀ ਸੇਵਕ, ਹੇ ਪ੍ਰਭੂ! ਤੂੰ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਦਿੱਤੇ ਹਨ ।੨।੨।੧੨੭ ।
Follow us on Twitter Facebook Tumblr Reddit Instagram Youtube