ਬਿਲਾਵਲੁ ਮਹਲਾ ੫ ॥
ਅਚੁਤ ਪੂਜਾ ਜੋਗ ਗੋਪਾਲ ॥
ਮਨੁ ਤਨੁ ਅਰਪਿ ਰਖਉ ਹਰਿ ਆਗੈ ਸਰਬ ਜੀਆ ਕਾ ਹੈ ਪ੍ਰਤਿਪਾਲ ॥੧॥ ਰਹਾਉ ॥

ਸਰਨਿ ਸਮ੍ਰਥ ਅਕਥ ਸੁਖਦਾਤਾ ਕਿਰਪਾ ਸਿੰਧੁ ਬਡੋ ਦਇਆਲ ॥
ਕੰਠਿ ਲਾਇ ਰਾਖੈ ਅਪਨੇ ਕਉ ਤਿਸ ਨੋ ਲਗੈ ਨ ਤਾਤੀ ਬਾਲ ॥੧॥

ਦਾਮੋਦਰ ਦਇਆਲ ਸੁਆਮੀ ਸਰਬਸੁ ਸੰਤ ਜਨਾ ਧਨ ਮਾਲ ॥
ਨਾਨਕ ਜਾਚਿਕ ਦਰਸੁ ਪ੍ਰਭ ਮਾਗੈ ਸੰਤ ਜਨਾ ਕੀ ਮਿਲੈ ਰਵਾਲ ॥੨॥੧੬॥੧੦੨॥

Sahib Singh
ਅਚੁਤ = ਅੱਚੁਤ (ਅÁਯੁਤ} ਕਦੇ ਨਾਸ ਨਾਹ ਹੋਣ ਵਾਲਾ ।
ਪੂਜਾ ਜੋਗ = ਪੂਜਾ ਦਾ ਹੱਕਦਾਰ ।
ਗੋਪਾਲ = ਧਰਤੀ ਦਾ ਰਾਖਾ ।
ਅਰਪਿ = ਭੇਟਾ ਕਰ ਕੇ ।
ਰਖਉ = ਰਖਉਂ, ਮੈਂ ਰੱਖਾਂ ।
ਪ੍ਰਤਿਪਾਲ = ਪਾਲਣਾ ਕਰਨ ਵਾਲਾ ।੧।ਰਹਾਉ ।
ਸਰਨਿ ਸਮ੍ਰਥ = ਸਰਨ ਆਏ ਦੀ ਸਹਾਇਤਾ ਕਰਨ-ਜੋਗਾ ।
ਅਕਥ = ਜਿਸ ਦੇ ਸਰੂਪ ਦਾ ਬਿਆਨ ਨਾਹ ਕੀਤਾ ਜਾ ਸਕੇ ।
ਸਿੰਧੁ = ਸਮੁੰਦਰ ।
ਕੰਠਿ = ਗਲ ਨਾਲ ।
ਕਉ = ਨੂੰ ।
ਤਿਸ ਨੋ = {ਲਫ਼ਜ਼ ‘ਤਿਸੁ’ ਦਾ ੁ ਸੰਬੰਧਕ ‘ਨੋ’ ਦੇ ਕਾਰਨ ਉੱਡ ਗਿਆ ਹੈ} ।
ਤਾਤੀ ਬਾਲ = ਤੱਤੀ ਹਵਾ, ਸੇਕ ।੧ ।
ਦਾਮੋਦਰ = {ਦਾਮਨੱ ੳਦਰ} ਪਰਮਾਤਮਾ ।
ਸਰਬਸੁ = {ਸਵLÔਵ—ਸਾਰਾ ਧਨ-ਪਦਾਰਥ} ਸਭ ਕੁਝ ।
ਜਾਚਿਕ = ਮੰਗਤਾ ।
ਪ੍ਰਭ = ਹੇ ਪ੍ਰਭੂ !
ਰਵਾਲ = ਚਰਨ = ਧੂੜ ।੨ ।
    
Sahib Singh
ਹੇ ਭਾਈ! ਧਰਤੀ ਦਾ ਰਾਖਾ ਅਤੇ ਅਬਿਨਾਸੀ ਪ੍ਰਭੂ ਹੀ ਪੂਜਾ ਦਾ ਹੱਕਦਾਰ ਹੈ ।
ਮੈਂ ਆਪਣਾ ਮਨ ਆਪਣਾ ਤਨ ਭੇਟਾ ਕਰ ਕੇ ਉਸ ਪ੍ਰਭੂ ਅੱਗੇ (ਹੀ) ਰਖਦਾ ਹਾਂ ।
ਉਹ ਪ੍ਰਭੂ ਸਾਰੇ ਜੀਵਾਂ ਦਾ ਪਾਲਣ ਵਾਲਾ ਹੈ ।੧।ਰਹਾਉ ।
ਹੇ ਭਾਈ! ਪ੍ਰਭੂ ਸਰਨ ਪਏ ਜੀਵ ਦੀ ਰੱਖਿਆ ਕਰਨ ਜੋਗਾ ਹੈ, ਉਸ ਦੇ ਸਰੂਪ ਦਾ ਬਿਆਨ ਨਹੀਂ ਕੀਤਾ ਜਾਸਕਦਾ, ਉਹ ਸਾਰੇ ਸੁਖਾਂ ਦਾ ਦੇਣ ਵਾਲਾ ਹੈ, ਕਿਰਪਾ ਦਾ ਸਮੁੰਦਰ ਹੈ, ਬੜਾ ਹੀ ਦਇਆਵਾਨ ਹੈ ।
ਉਹ ਪ੍ਰਭੂ ਆਪਣੇ (ਸੇਵਕ) ਨੂੰ ਆਪਣੇ ਗਲ ਨਾਲ ਲਾ ਕੇ ਰੱਖਦਾ ਹੈ, (ਫਿਰ) ਉਸ (ਸੇਵਕ) ਨੂੰ ਕੋਈ ਦੁੱਖ-ਕਲੇਸ਼ ਰਤਾ ਭਰ ਭੀ ਪੋਹ ਨਹੀਂ ਸਕਦਾ ।੧ ।
ਹੇ ਭਾਈ! ਪਰਮਾਤਮਾ ਦਇਆ ਦਾ ਘਰ ਹੈ, ਸਭ ਦਾ ਮਾਲਕ ਹੈ, ਸੰਤ ਜਨਾਂ ਵਾਸਤੇ ਉਹੀ ਧਨ ਹੈ ਮਾਲ ਹੈ ਅਤੇ ਸਭ ਕੁਝ ਹੈ ।
ਉਸ ਪ੍ਰਭੂ (ਦੇ ਦਰ) ਦਾ ਮੰਗਤਾ ਨਾਨਕ ਉਸ ਦੇ ਦਰਸਨ ਦਾ ਖ਼ੈਰ ਮੰਗਦਾ ਹੈ (ਅਤੇ ਅਰਜ਼ੋਈ ਕਰਦਾ ਹੈ ਕਿ ਉਸ ਦੇ) ਸੰਤ ਜਨਾਂ ਦੇ ਚਰਨਾਂ ਦੀ ਧੂੜ ਮਿਲ ਜਾਏ ।੨।੧੬।੧੦੨ ।
Follow us on Twitter Facebook Tumblr Reddit Instagram Youtube