ਸਿਰੀਰਾਗੁ ਮਹਲਾ ੩ ॥
ਜਿਨੀ ਇਕ ਮਨਿ ਨਾਮੁ ਧਿਆਇਆ ਗੁਰਮਤੀ ਵੀਚਾਰਿ ॥
ਤਿਨ ਕੇ ਮੁਖ ਸਦ ਉਜਲੇ ਤਿਤੁ ਸਚੈ ਦਰਬਾਰਿ ॥
ਓਇ ਅੰਮ੍ਰਿਤੁ ਪੀਵਹਿ ਸਦਾ ਸਦਾ ਸਚੈ ਨਾਮਿ ਪਿਆਰਿ ॥੧॥

ਭਾਈ ਰੇ ਗੁਰਮੁਖਿ ਸਦਾ ਪਤਿ ਹੋਇ ॥
ਹਰਿ ਹਰਿ ਸਦਾ ਧਿਆਈਐ ਮਲੁ ਹਉਮੈ ਕਢੈ ਧੋਇ ॥੧॥ ਰਹਾਉ ॥

ਮਨਮੁਖ ਨਾਮੁ ਨ ਜਾਣਨੀ ਵਿਣੁ ਨਾਵੈ ਪਤਿ ਜਾਇ ॥
ਸਬਦੈ ਸਾਦੁ ਨ ਆਇਓ ਲਾਗੇ ਦੂਜੈ ਭਾਇ ॥
ਵਿਸਟਾ ਕੇ ਕੀੜੇ ਪਵਹਿ ਵਿਚਿ ਵਿਸਟਾ ਸੇ ਵਿਸਟਾ ਮਾਹਿ ਸਮਾਇ ॥੨॥

ਤਿਨ ਕਾ ਜਨਮੁ ਸਫਲੁ ਹੈ ਜੋ ਚਲਹਿ ਸਤਗੁਰ ਭਾਇ ॥
ਕੁਲੁ ਉਧਾਰਹਿ ਆਪਣਾ ਧੰਨੁ ਜਣੇਦੀ ਮਾਇ ॥
ਹਰਿ ਹਰਿ ਨਾਮੁ ਧਿਆਈਐ ਜਿਸ ਨਉ ਕਿਰਪਾ ਕਰੇ ਰਜਾਇ ॥੩॥

ਜਿਨੀ ਗੁਰਮੁਖਿ ਨਾਮੁ ਧਿਆਇਆ ਵਿਚਹੁ ਆਪੁ ਗਵਾਇ ॥
ਓਇ ਅੰਦਰਹੁ ਬਾਹਰਹੁ ਨਿਰਮਲੇ ਸਚੇ ਸਚਿ ਸਮਾਇ ॥
ਨਾਨਕ ਆਏ ਸੇ ਪਰਵਾਣੁ ਹਹਿ ਜਿਨ ਗੁਰਮਤੀ ਹਰਿ ਧਿਆਇ ॥੪॥੫॥੩੮॥

Sahib Singh
ਮਨਿ = ਮਨ ਨਾਲ ।
ਇਕ ਮਨਿ = ਇਕ ਮਨ ਨਾਲ, ਇਕਾਗ੍ਰ ਹੋ ਕੇ ।
ਵੀਚਾਰਿ = (ਨਾਮ ਨੂੰ) ਵਿਚਾਰ ਕੇ, ਸੋਚ-ਮੰਡਲ ਵਿਚ ਟਿਕਾ ਕੇ ।
ਸਦ = ਸਦਾ ।
ਉਜਲੇ = ਸਾਫ਼, ਸੋਹਣੇ ।
ਤਿਤੁ = ਉਸ ਵਿਚ ।
ਤਿਤੁ ਸਚੈ ਦਰਬਾਰਿ = ਉਸ ਸਦਾ-ਥਿਰ ਦਰਬਾਰ ਵਿਚ ।
ਓਇ = ਉਹ ਬੰਦੇ {ਬਹੁ = ਵਚਨ} ।
ਨਾਮਿ ਪਿਆਰਿ = ਨਾਮ ਵਿਚ ਪਿਆਰ ਦੀ ਰਾਹੀਂ ।੧ ।
ਗੁਰਮੁਖਿ = ਗੁਰੂ ਦੀ ਸਰਨ ਪਿਆਂ ।
ਪਤਿ = ਇੱਜ਼ਤ ।
ਧੋਇ = ਧੋ ਕੇ ।੧।ਰਹਾਉ ।
ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ।
ਜਾਣਨੀ = ਜਾਣਨਿ, ਜਾਣਦੇ ।
ਵਿਣੁ = ਬਿਨੁ ।
ਵਿਣੁ ਨਾਵੈ = ਨਾਮ ਤੋਂ ਬਿਨਾ ।
ਜਾਇ = ਚਲੀ ਜਾਂਦੀ ਹੈ ।
ਸਬਦੈ ਸਾਦੁ = ਸ਼ਬਦ ਦਾ ਸੁਆਦ ।
ਭਾਇ = ਪਿਆਰ ਵਿਚ ।
ਭਾਉ = ਪਿਆਰ ।
ਵਿਸਟਾ = ਗੰਦ, ਗੂੰਹ ।
ਸਮਾਇ = ਸਮਾ ਕੇ, ਰਚ ਕੇ ।੨ ।
ਸਫਲੁ = ਕਾਮਯਾਬ ।
ਭਾਇ = ਪ੍ਰੇਮ ਵਿਚ, ਅਨੁਸਾਰ ।
ਕੁਲੁ = ਖ਼ਾਨਦਾਨ ।
ਧੰਨੁ = ਭਾਗਾਂ ਵਾਲੀ ।
ਜਣੇਦੀ ਮਾਇ = ਜੰਮਣ ਵਾਲੀ ਮਾਂ ।
ਧਿਆਈਐ = ਸਿਮਰਨਾ ਚਾਹੀਦਾ ਹੈ ।
ਨਉ = ਨੂੰ ।
ਰਜਾਇ = ਮਰਜ਼ੀ ਨਾਲ ।੩ ।
ਆਪੁ = ਆਪਾ = ਭਾਵ, ਹਉਮੈ ।
ਗਵਾਇ = ਦੂਰ ਕਰ ਕੇ ।
ਸਚਿ = ਸਦਾ = ਥਿਰ ਪ੍ਰਭੂ ਵਿਚ ।
ਸਮਾਇ = ਲੀਨ ਹੋ ਕੇ ।
ਪਰਵਾਣੁ = ਕਬੂਲ ।
ਹਹਿ = ਹਨ {'ਹੈ' ਤੋਂ ਬਹੁ-ਵਚਨ} ।੪ ।
    
Sahib Singh
ਹੇ ਭਾਈ! ਗੁਰੂ ਦੀ ਸਰਨ ਪਿਆਂ ਸਦਾ ਇੱਜ਼ਤ ਮਿਲਦੀ ਹੈ ।
(ਗੁਰੂ ਦੀ ਸਰਨ ਪੈ ਕੇ) ਪਰਮਾਤਮਾ ਦਾ ਨਾਮ ਸਦਾ ਸਿਮਰਨਾ ਚਾਹੀਦਾ ਹੈ ।
(ਗੁਰੂ ਮਨੁੱਖ ਦੇ ਮਨ ਵਿਚੋਂ) ਹਉਮੈ ਦੀ ਮੈਲ ਧੋ ਕੇ ਕੱਢ ਦੇਂਦਾ ਹੈ ।੧।ਰਹਾਉ ।
ਜਿਨ੍ਹਾਂ ਮਨੁੱਖਾਂ ਨੇ ਗੁਰੂ ਦੀ ਮਤਿ ਦੀ ਰਾਹੀਂ (ਪਰਮਾਤਮਾ ਦੇ ਨਾਮ ਨੂੰ ਆਪਣੇ ਸੋਚ-ਮੰਡਲ ਵਿਚ ਟਿਕਾ ਕੇ ਨਾਮ ਨੂੰ ਇਕਾਗ੍ਰ ਮਨ ਨਾਲ ਸਿਮਰਿਆ ਹੈ, ਉਸ ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੇ ਦਰਬਾਰ ਵਿਚ ਉਹ ਸਦਾ ਸੁਰਖ਼ਰੂ ਹੁੰਦੇ ਹਨ ।
ਉਹ ਮਨੁੱਖ ਸਦਾ-ਥਿਰ ਪ੍ਰਭੂ ਦੇ ਨਾਮ ਵਿਚ ਪਿਆਰ ਦੀ ਰਾਹੀਂ ਸਦਾ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੀਂਦੇ ਹਨ ।੧ ।
(ਪਰ) ਆਪਣੇ ਮਨ ਦੇ ਪਿਛੇ ਤੁਰਨ ਵਾਲੇ ਬੰਦੇ ਪਰਮਾਤਮਾ ਦੇ ਨਾਮ ਨਾਲ ਸਾਂਝ ਨਹੀਂ ਪਾਂਦੇ, ਨਾਮ ਤੋਂ ਬਿਨਾ ਉਹਨਾਂ ਦੀ ਇੱਜ਼ਤ ਚਲੀ ਜਾਂਦੀ ਹੈ ।
ਉਹਨਾਂ ਨੂੰ ਸਤਿਗੁਰੂ ਦੇ ਸ਼ਬਦ ਦਾ ਆਨੰਦ ਨਹੀਂ ਆਉਂਦਾ, (ਇਸ ਵਾਸਤੇ) ਉਹ (ਪ੍ਰਭੂ ਨੂੰ ਵਿਸਾਰ ਕੇ) ਕਿਸੇ ਹੋਰ ਪਿਆਰ ਵਿਚ ਮਸਤ ਰਹਿੰਦੇ ਹਨ ।
ਉਹ ਬੰਦੇ (ਵਿਕਾਰਾਂ ਦੇ) ਗੰਦ ਵਿਚ ਲੀਨ ਰਹਿ ਕੇ ਗੰਦ ਦੇ ਕੀੜਿਆਂ ਵਾਂਗ (ਵਿਕਾਰਾਂ ਦੇ) ਗੰਦ ਵਿਚ ਹੀ ਪਏ ਰਹਿੰਦੇ ਹਨ ।੨ ।
ਜੇਹੜੇ ਮਨੁੱਖ ਗੁਰੂ ਦੇ ਪ੍ਰੇਮ ਵਿਚ ਜੀਵਨ ਬਿਤੀਤ ਕਰਦੇ ਹਨ ਉਹਨਾਂ ਦਾ ਜੀਵਨ ਕਾਮਯਾਬ ਹੋ ਜਾਂਦਾ ਹੈ, ਉਹ ਆਪਣਾ ਸਾਰਾ ਖ਼ਾਨਦਾਨ (ਹੀ ਵਿਕਾਰਾਂ ਤੋਂ) ਬਚਾ ਲੈਂਦੇ ਹਨ, ਉਹਨਾਂ ਦੀ ਜੰਮਣ ਵਾਲੀ ਮਾਂ ਸੋਭਾ ਖੱਟਦੀ ਹੈ ।
(ਇਸ ਵਾਸਤੇ, ਹੇ ਭਾਈ!) ਪਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਹੈ (ਪਰ ਉਹੀ ਮਨੁੱਖ ਨਾਮ ਸਿਮਰਦਾ ਹੈ) ਜਿਸ ਉੱਤੇ ਪਰਮਾਤਮਾ ਆਪਣੀ ਰਜ਼ਾ ਅਨੁਸਾਰ ਮਿਹਰ ਕਰਦਾ ਹੈ ।੩ ।
ਜਿਨ੍ਹਾਂ ਬੰਦਿਆਂ ਨੇ ਗੁਰੂ ਦੀ ਸਰਨ ਪੈ ਕੇ ਆਪਣੇ ਅੰਦਰੋਂ ਆਪਾ-ਭਾਵ ਦੂਰ ਕਰ ਕੇ ਪਰਮਾਤਮਾ ਦਾ ਨਾਮ ਸਿਮਰਿਆ ਹੈ, ਉਹ ਬੰਦੇ ਸਦਾ-ਥਿਰ ਪ੍ਰਭੂ ਵਿਚ ਲੀਨ ਹੋ ਕੇ ਉਸੇ ਦਾ ਰੂਪ ਬਣ ਕੇ ਅੰਦਰੋਂ ਬਾਹਰੋਂ ਪਵਿਤ੍ਰ ਹੋ ਜਾਂਦੇ ਹਨ (ਭਾਵ, ਉਹਨਾਂ ਦਾ ਆਤਮਕ ਜੀਵਨ ਪਵਿਤ੍ਰ ਹੋ ਜਾਂਦਾ ਹੈ, ਤੇ ਉਹ ਖ਼ਲਕਤ ਨਾਲ ਭੀ ਵਰਤਣ-ਵਿਹਾਰ ਸੁਚੱਜਾ ਰੱਖਦੇ ਹਨ) ।ਹੇ ਨਾਨਕ! ਜਗਤ ਵਿਚ ਆਏ (ਜੰਮੇ) ਉਹੀ ਬੰਦੇ ਕਬੂਲ ਹਨ ਜਿਨ੍ਹਾਂ ਨੇ ਗੁਰੂ ਦੀ ਮਤਿ ਲੈ ਕੇ ਪਰਮਾਤਮਾ ਦਾ ਨਾਮ ਸਿਮਰਿਆ ਹੈ ।੪।੫।੩੮ ।
Follow us on Twitter Facebook Tumblr Reddit Instagram Youtube