ਸਿਰੀਰਾਗੁ ਮਹਲਾ ੧ ਘਰੁ ੫ ॥
ਅਛਲ ਛਲਾਈ ਨਹ ਛਲੈ ਨਹ ਘਾਉ ਕਟਾਰਾ ਕਰਿ ਸਕੈ ॥
ਜਿਉ ਸਾਹਿਬੁ ਰਾਖੈ ਤਿਉ ਰਹੈ ਇਸੁ ਲੋਭੀ ਕਾ ਜੀਉ ਟਲ ਪਲੈ ॥੧॥

ਬਿਨੁ ਤੇਲ ਦੀਵਾ ਕਿਉ ਜਲੈ ॥੧॥ ਰਹਾਉ ॥

ਪੋਥੀ ਪੁਰਾਣ ਕਮਾਈਐ ॥
ਭਉ ਵਟੀ ਇਤੁ ਤਨਿ ਪਾਈਐ ॥
ਸਚੁ ਬੂਝਣੁ ਆਣਿ ਜਲਾਈਐ ॥੨॥

ਇਹੁ ਤੇਲੁ ਦੀਵਾ ਇਉ ਜਲੈ ॥
ਕਰਿ ਚਾਨਣੁ ਸਾਹਿਬ ਤਉ ਮਿਲੈ ॥੧॥ ਰਹਾਉ ॥

ਇਤੁ ਤਨਿ ਲਾਗੈ ਬਾਣੀਆ ॥
ਸੁਖੁ ਹੋਵੈ ਸੇਵ ਕਮਾਣੀਆ ॥
ਸਭ ਦੁਨੀਆ ਆਵਣ ਜਾਣੀਆ ॥੩॥

ਵਿਚਿ ਦੁਨੀਆ ਸੇਵ ਕਮਾਈਐ ॥
ਤਾ ਦਰਗਹ ਬੈਸਣੁ ਪਾਈਐ ॥
ਕਹੁ ਨਾਨਕ ਬਾਹ ਲੁਡਾਈਐ ॥੪॥੩੩॥

Sahib Singh
ਅਛਲ = ਜੋ ਛਲੀ ਨਾ ਜਾ ਸਕੇ, ਜਿਸ ਨੂੰ ਕੋਈ ਠੱਗ ਨਾ ਸਕੇ ।
ਨ ਛਲੈ = ਨਹੀਂ ਠੱਗੀ ਜਾਂਦੀ, ਧੋਖਾ ਨਹੀਂ ਖਾਦੀ ।
ਛਲਾਈ ਨਹ ਛਲੈ = ਜੇ ਕੋਈ ਛਲਣ ਦਾ ਯਤਨ ਕਰੇ ਭੀ, ਤਾਂ ਉਹ ਛਲੀ ਨਹੀਂ ਜਾ ਸਕਦੀ ।
ਘਾਉ = ਜ਼ਖ਼ਮ ।
ਸਾਹਿਬੁ = ਮਾਲਕ ਪ੍ਰਭੂ ।
ਟਲਪਲੈ = ਡੋਲਦਾ ਹੈ ।੧ ।
ਕਿਉ ਜਲੈ = ਬਲਦਾ ਨਹੀਂ ਰਹਿ ਸਕਦਾ ।੧।ਰਹਾਉ ।
ਕਮਾਈਐ = ਕਮਾਈ ਕਰੀਏ, ਜੀਵਨ ਬਣਾਈਏ ।
ਇਤੁ = ਇਸ ਵਿਚ ।
ਤਨਿ = ਤਨ ਵਿਚ ।
ਇਤੁ ਤਨਿ = ਇਸ ਤਨ ਵਿਚ ।
ਸਚੁ ਬੂਝਣੁ = ਸਚ ਨੂੰ ਸਮਝਣਾ, ਸਦਾ-ਥਿਰ ਪ੍ਰਭੂ ਨਾਲ ਸਾਂਝ ਪਾਣੀ ।
ਆਣਿ = ਲਿਆ ਕੇ ।੨ ।
ਬਾਣੀਆ = ਗੁਰੂ ਦੀ ਬਾਣੀ ।
ਲਾਗੈ = ਅਸਰ ਕਰੇ ।੩ ।
ਬੈਸਣੁ = ਬੈਠਣ ਦੀ ਥਾਂ ।
ਬਾਹ ਲੁਡਾਈਐ = ਬੇ = ਫ਼ਿਕਰ ਹੋ ਜਾਈਦਾ ਹੈ ।੪ ।
    ਨੋਟ !
    ਇਸ ਸ਼ਬਦ ਵਿਚ 'ਰਹਾਉ' ਦੇ ਦੋ ਬੰਦ ਹਨ ।
    ਪਹਿਲੇ 'ਰਹਾਉ' ਵਿਚ ਪ੍ਰਸ਼ਨ ਕੀਤਾ ਹੋਇਆ ਹੈ ।
    ਦੂਜੇ 'ਰਹਾਉ' ਵਿਚ ਉਸ ਪ੍ਰਸ਼ਨ ਦਾ ਉੱਤਰ ਹੈ ।
    
Sahib Singh
(ਸਿਮਰਨ ਦੇ) ਤੇਲ ਤੋਂ ਬਿਨਾ (ਆਤਮਕ ਜੀਵਨ ਦਾ) ਦੀਵਾ ਕਿਵੇਂ ਟਹਕਦਾ ਰਹਿ ਸਕੇ ?
(ਮਾਇਆ- ਮੋਹ ਦੀ ਹਨੇਰੀ ਦੇ ਝੋਂਕੇ ਜਿੰਦ ਨੂੰ ਅਡੋਲ ਨਹੀਂ ਰਹਿਣ ਦੇਂਦੇ) ।੧।ਰਹਾਉ ।
ਅਛਲ ਮਾਇਆ—ਜਿਸ ਨੂੰ ਕੋਈ ਛਲਣ ਦਾ ਜਤਨ ਕਰੇ ਤਾਂ ਛਲੀ ਨਹੀਂ ਜਾਂਦੀ, ਜਿਸ ਨੂੰ ਕਿਸੇ ਦੀ ਕਟਾਰ ਕੋਈ ਜ਼ਖ਼ਮ ਨਹੀਂ ਕਰ ਸਕਦੀ (ਜਿਸ ਨੂੰ ਕੋਈ ਮਾਰ-ਮੁਕਾ ਨਹੀਂ ਸਕਦਾ)—ਦੇ ਅੱਗੇ ਲੋਭੀ ਜੀਵ ਦਾ ਮਨ ਡੋਲ ਜਾਂਦਾ ਹੈ ।
ਮਾਲਕ ਪ੍ਰਭੂ ਦੀ ਰਜ਼ਾ ਇਸੇ ਤ੍ਰਹਾਂ ਦੀ ਹੈ (ਭਾਵ, ਜਗਤ ਵਿਚ ਨਿਯਮ ਹੀ ਇਹ ਹੈ ਕਿ ਜਿਥੇ ਨਾਮ ਨਹੀਂ ਉਥੇ ਮਨ ਮਾਇਆ ਅੱਗੇ ਡੋਲ ਜਾਂਦਾ ਹੈ) ।੧।ਧਰਮ ਪੁਸਤਕਾਂ ਅਨੁਸਾਰ ਜੀਵਨ ਬਣਾਈਏ (-ਇਹ ਹੋਵੇ ਤੇਲ), ਪਰਮਾਤਮਾ ਦਾ ਡਰ—ਇਹ ਸਰੀਰ (-ਦੀਵੇ) ਵਿਚ ਵੱਟੀ ਪਾ ਦੇਈਏ, ਪਰਮਾਤਮਾ ਨਾਲ ਡੂੰਘੀ ਸਾਂਝ (-ਇਹ ਅੱਗ) ਲਿਆ ਕੇ ਬਾਲੀਏ ।੨ ।
ਇਹ ਨਾਮ-ਤੇਲ ਹੋਵੇ, ਤਾਹੀਏਂ ਇਹ ਜੀਵਨ ਦਾ ਦੀਵਾ ਟਹਕਦਾ ਹੈ ।
(ਹੇ ਭਾਈ!) ਪ੍ਰਭੂ ਦੇ ਨਾਮ ਦਾ ਚਾਨਣ ਕਰ, ਤਦੋਂ ਹੀ ਮਾਲਕ-ਪ੍ਰਭੂ ਦਾ ਦਰਸ਼ਨ ਹੁੰਦਾ ਹੈ ।੧।ਰਹਾਉ ।
(ਜਿਸ ਮਨੁੱਖ ਨੂੰ) ਇਸ ਸਰੀਰ ਵਿਚ ਗੁਰੂ ਦਾ ਉਪਦੇਸ਼ ਅਸਰ ਕਰਦਾ ਹੈ, (ਪ੍ਰਭੂ ਦੀ) ਸੇਵਾ ਕਰਨ ਨਾਲ (ਸਿਮਰਨ ਕਰਨ ਨਾਲ) ਉਸ ਨੂੰ ਆਤਮਕ ਆਨੰਦ ਮਿਲਦਾ ਹੈ, ਜਗਤ ਉਸ ਨੂੰ ਨਾਸਵੰਤ ਦਿੱਸਦਾ ਹੈ ।੩ ।
(ਹੇ ਭਾਈ!) ਦੁਨੀਆ ਵਿਚ (ਆ ਕੇ) ਪ੍ਰਭੂ ਦੀ ਸੇਵਾ (ਸਿਮਰਨ) ਕਰਨੀ ਚਾਹੀਦੀ ਹੈ ਤਦੋਂ ਹੀ ਉਸ ਦੀ ਹਜ਼ੂਰੀ ਵਿਚ ਬੈਠਣ ਨੂੰ ਥਾਂ ਮਿਲਦਾ ਹੈ ।
ਹੇ ਨਾਨਕ ਆਖ—(ਸਿਮਰਨ ਦੀ ਬਰਕਤਿ ਨਾਲ) ਬੇ-ਫ਼ਿਕਰ ਹੋ ਜਾਈਦਾ ਹੈ ।
(ਕੋਈ ਚਿੰਤਾ-ਸੋਗ ਨਹੀਂ ਵਿਆਪਦਾ) ।੪।੩੩ ।

ਨੋਟ: ਸਿਰੀ ਰਾਗੁ ਵਿਚ ਗੁਰੂ ਨਾਨਕ ਦੇਵ ਜੀ ਦੇ ਇਹ ੩੩ ਸ਼ਬਦ ਹਨ ।
Follow us on Twitter Facebook Tumblr Reddit Instagram Youtube