ਸਿਰੀਰਾਗੁ ਮਹਲਾ ੧ ਘਰੁ ੪ ॥
ਸੋਈ ਮਉਲਾ ਜਿਨਿ ਜਗੁ ਮਉਲਿਆ ਹਰਿਆ ਕੀਆ ਸੰਸਾਰੋ ॥
ਆਬ ਖਾਕੁ ਜਿਨਿ ਬੰਧਿ ਰਹਾਈ ਧੰਨੁ ਸਿਰਜਣਹਾਰੋ ॥੧॥

ਮਰਣਾ ਮੁਲਾ ਮਰਣਾ ॥
ਭੀ ਕਰਤਾਰਹੁ ਡਰਣਾ ॥੧॥ ਰਹਾਉ ॥

ਤਾ ਤੂ ਮੁਲਾ ਤਾ ਤੂ ਕਾਜੀ ਜਾਣਹਿ ਨਾਮੁ ਖੁਦਾਈ ॥
ਜੇ ਬਹੁਤੇਰਾ ਪੜਿਆ ਹੋਵਹਿ ਕੋ ਰਹੈ ਨ ਭਰੀਐ ਪਾਈ ॥੨॥

ਸੋਈ ਕਾਜੀ ਜਿਨਿ ਆਪੁ ਤਜਿਆ ਇਕੁ ਨਾਮੁ ਕੀਆ ਆਧਾਰੋ ॥
ਹੈ ਭੀ ਹੋਸੀ ਜਾਇ ਨ ਜਾਸੀ ਸਚਾ ਸਿਰਜਣਹਾਰੋ ॥੩॥

ਪੰਜ ਵਖਤ ਨਿਵਾਜ ਗੁਜਾਰਹਿ ਪੜਹਿ ਕਤੇਬ ਕੁਰਾਣਾ ॥
ਨਾਨਕੁ ਆਖੈ ਗੋਰ ਸਦੇਈ ਰਹਿਓ ਪੀਣਾ ਖਾਣਾ ॥੪॥੨੮॥

Sahib Singh
ਮਉਲਾ = ਮਾਲਕ ।
ਜਿਨਿ = ਜਿਸ (ਮਉਲਾ) ਨੇ ।
ਮਉਲਿਆ = ਖਿੜਾਇਆ ਹੈ, ਪ੍ਰਫੁੱਲਤ ਕੀਤਾ ਹੈ ।
ਆਬ = ਪਾਣੀ ।
ਖਾਕੁ = ਮਿੱਟੀ ।
ਬੰਧਿ ਰਹਾਈ = ਬੰਨ੍ਹ ਕੇ ਰੱਖ ਦਿੱਤੀ ਹੈ ।
ਮੁਲਾ = ਹੇ ਮੁੱਲਾਂ !
ਮਰਣਾ = ਮੌਤ, ਮੌਤ ਦਾ ਡਰ ।
ਭੀ = ਤਾਂ ਤੇ ।
ਕਰਤਾਰਹੁ = ਕਰਤਾਰ ਤੋਂ ।੧।ਰਹਾਉ ।
ਨਾਮੁ ਖੁਦਾਈ = ਖ਼ੁਦਾ ਦਾ ਨਾਮ ।
ਭਰੀਐ ਪਾਈ = ਜਦੋਂ ਪਾਈ ਭਰ ਜਾਂਦੀ ਹੈ, ਜਦੋਂ ਸੁਆਸ ਪੂਰੇ ਹੋ ਜਾਂਦੇ ਹਨ ।
ਪਾਈ = ਪਨ = ਘੜੀ ।
    ਉਸ ਦੇ ਹੇਠ ਛੇਕ ਹੁੰਦਾ ਹੈ, ਜਿਸ ਦੇ ਰਸਤੇ ਉਸ ਘੜੀ ਵਿਚ ਪਾਣੀ ਆਉਂਦਾ ਰਹਿੰਦਾ ਹੈ, ਤੇ, ਆਖ਼ਰ ਜਦੋਂ ਸਾਰੀ ਪਾਣੀ ਨਾਲ ਭਰ ਜਾਂਦੀ ਹੈ, ਤਾਂ ਪਾਣੀ ਵਿਚ ਡੁੱਬ ਜਾਂਦੀ ਹੈ ।
    ਵਕਤ ਦਾ ਹਿਸਾਬ ਰੱਖਣ ਵਾਸਤੇ ਇਹ ਇਕ ਵਿਓਂਤ ਸੀ ।
ਆਪੁ = ਆਪਾ = ਭਾਵ ।
ਆਧਾਰੋ = ਆਸਰਾ ।
ਹੋਸੀ = ਕਾਇਮ ਰਹੇਗਾ ।
ਜਾਇਨ = ਨਾਹ ਜੰਮਦਾ ਹੈ ।
ਨ ਜਾਸੀ = ਨਾਹ ਮਰੇਗਾ ।
ਸਚਾ = ਸਦਾ = ਥਿਰ ਰਹਿਣ ਵਾਲਾ ।੩ ।
ਨਿਵਾਜ ਗੁਜਾਰਹਿ = ਤੂੰ ਨਿਮਾਜ਼ ਪੜ੍ਹਦਾ ਹੈਂ ।
ਕਤੇਬ = ਮੁਸਲਮਾਨੀ ਮਤ ਦੀਆਂ ਕਿਤਾਬਾਂ ।
ਗੋਰ = ਕਬਰ ।
ਸਦੇਈ = ਸੱਦਦੀ ਹੈ ।
ਗੋਰ ਸਦੇਈ = ਜਦੋਂ ਕਬਰ ਸੱਦਦੀ ਹੈ, ਜਦੋਂ ਮੌਤ ਆਉਂਦੀ ਹੈ ।
ਰਹਿਓ = ਰਹਿ ਜਾਂਦਾ ਹੈ, ਮੁੱਕ ਜਾਂਦਾ ਹੈ ।੪ ।
    
Sahib Singh
ਹੇ ਮੁੱਲਾਂ! ਮੌਤ (ਦਾ ਡਰ) ਹਰੇਕ ਦੇ ਸਿਰ ਉੱਤੇ ਹੈ, ਤਾਂ ਤੇ ਰੱਬ ਤੋਂ ਹੀ ਡਰਨਾ ਚਾਹੀਦਾ ਹੈ (ਰੱਬ ਦੇ ਡਰ ਵਿਚ ਰਹਿਣਾ ਹੀ ਫਬਦਾ ਹੈ ।
ਭਾਵ, ਰੱਬ ਦੇ ਡਰ ਵਿਚ ਰਿਹਾਂ ਹੀ ਮੌਤ ਦਾ ਡਰ ਦੂਰ ਹੋ ਸਕਦਾ ਹੈ) ।੧।ਰਹਾਉ ।
ਜਿਸ ਮਾਲਕ ਨੇ ਸਾਰਾ ਜਗਤ ਪ੍ਰਫੁੱਲਤ ਕੀਤਾ ਹੈ, ਜਿਸ ਨੇ ਸਾਰੇ ਸੰਸਾਰ ਨੂੰ ਹਰਾ-ਭਰਾ ਕੀਤਾ ਹੈ, ਜਿਸ ਨੇ ਪਾਣੀ ਤੇ ਮਿੱਟੀ (ਵਿਰੋਧੀ ਤੱਤ) ਇਕੱਠੇ ਕਰ ਕੇ ਰੱਖ ਦਿੱਤੇ ਹਨ, ਉਹ ਸਿਰਜਣਹਾਰ ਧੰਨ ਹੈ (ਉਸੇ ਦੀ ਸਿਫ਼ਤਿ-ਸਾਲਾਹ ਕਰੋ), ਉਹੀ (ਅਸਲ) ਮਾਲਕ ਹੈ (ਮੌਤ ਦਾ ਮਾਲਕ ਭੀ ਉਹੀ ਹੈ, ਵਿਰੋਧੀ ਤੱਤਾਂ ਵਾਲੀ ਖੇਡ ਆਖ਼ਰ ਮੁੱਕਣੀ ਹੀ ਹੋਈ, ਤੇ ਉਹੀ ਮੁਕਾਂਦਾ ਹੈ) ।੧ ।
(ਮਜ਼ਹਬੀ ਕਿਤਾਬਾਂ ਨਿਰੀਆਂ ਪੜ੍ਹ ਲੈਣ ਨਾਲ ਅਸਲ ਕਾਜ਼ੀ ਮੁੱਲਾਂ ਨਹੀਂ ਬਣ ਸਕੀਦਾ) ਤਦੋਂ ਹੀ ਤੂੰ ਆਪਣੇ ਆਪ ਨੂੰ ਮੁੱਲਾਂ ਸਮਝ ਤਦੋਂ ਹੀ ਕਾਜ਼ੀ, ਜਦੋਂ ਤੂੰ ਰੱਬ ਦੇ ਨਾਮ ਨਾਲ ਡੂੰਘੀ ਸਾਂਝ ਪਾ ਲਏਂਗਾ (ਤੇ ਮੌਤ ਦਾ ਡਰ ਮੁਕਾ ਲਏਂਗਾ, ਨਹੀਂ ਤਾਂ) ਭਾਵੇਂ ਤੂੰ ਕਿਤਨਾ ਹੀ (ਮਜ਼ਹਬੀ ਕਿਤਾਬਾਂ) ਪੜ੍ਹ ਜਾਏਂ (ਮੌਤ ਫਿਰ ਭੀ ਨਹੀਂ ਟਲੇਗੀ), ਜਦੋਂ ਸੁਆਸ ਪੂਰੇ ਹੋ ਜਾਂਦੇ ਹਨ, ਕੋਈ ਇਥੇ ਰਹਿ ਨਹੀਂ ਸਕਦਾ ।੨।ਉਹੀ ਮੁਨੱਖ ਕਾਜ਼ੀ ਹੈ ਜਿਸ ਨੇ ਆਪਾ-ਭਾਵ ਤਿਆਗ ਦਿੱਤਾ ਹੈ, ਅਤੇ ਜਿਸ ਨੇ ਉਸ ਰੱਬ ਦੇ ਨਾਮ ਨੂੰ ਆਪਣੀ ਜ਼ਿੰਦਗੀ ਦਾ ਆਸਰਾ ਬਣਾਇਆ ਹੈ ਜੋ ਹੁਣ ਭੀ ਹੈ ਅਗਾਂਹ ਨੂੰ ਭੀ ਰਹੇਗਾ, ਜੋ ਨ ਜੰਮਦਾ ਹੈ ਨ ਮਰਦਾ ਹੈ, ਜੋ ਸਦਾ ਕਾਇਮ ਰਹਿਣ ਵਾਲਾ ਹੈ ਤੇ ਸਭ ਦਾ ਪੈਦਾ ਕਰਨ ਵਾਲਾ ਹੈ ।੪ ।
(ਹੇ ਕਾਜ਼ੀ!) ਤੂੰ ਪੰਜੇ ਵੇਲੇ ਨਿਮਾਜ਼ਾਂ ਪੜ੍ਹਦਾ ਹੈਂ, ਤੂੰ ਕੁਰਾਨ ਅਤੇ ਹੋਰ ਆਪਣੀਆਂ ਮਜ਼ਹਬੀ ਕਿਤਾਬਾਂ ਭੀ ਪੜ੍ਹਦਾ ਹੈਂ (ਫਿਰ ਭੀ ਸੁਆਰਥ ਵਿਚ ਬੱਝਾ ਰਹਿ ਕੇ ਮੌਤ ਤੋਂ ਡਰਦਾ ਹੈਂ) ।
ਨਾਨਕ ਆਖਦਾ ਹੈ (ਹੇ ਕਾਜ਼ੀ!) ਜਦੋਂ ਮੌਤ ਸੱਦਾ ਦੇਂਦੀ ਹੈ ਤਾਂ ਦਾਣਾ ਪਾਣੀ ਇੱਥੇ ਦਾ ਇੱਥੇ ਹੀ ਧਰਿਆ ਰਹਿ ਜਾਂਦਾ ਹੈ (ਸੋ, ਮੌਤ ਦੇ ਡਰ ਤੋਂ ਬਚਣ ਲਈ ਰੱਬ ਦੇ ਡਰ ਵਿਚ ਟਿਕਿਆ ਰਹੁ) ।੪।੨੮ ।
Follow us on Twitter Facebook Tumblr Reddit Instagram Youtube