ਸਿਰੀਰਾਗੁ ਮਹਲਾ ੧ ਘਰੁ ੩ ॥
ਇਹੁ ਤਨੁ ਧਰਤੀ ਬੀਜੁ ਕਰਮਾ ਕਰੋ ਸਲਿਲ ਆਪਾਉ ਸਾਰਿੰਗਪਾਣੀ ॥
ਮਨੁ ਕਿਰਸਾਣੁ ਹਰਿ ਰਿਦੈ ਜੰਮਾਇ ਲੈ ਇਉ ਪਾਵਸਿ ਪਦੁ ਨਿਰਬਾਣੀ ॥੧॥

ਕਾਹੇ ਗਰਬਸਿ ਮੂੜੇ ਮਾਇਆ ॥
ਪਿਤ ਸੁਤੋ ਸਗਲ ਕਾਲਤ੍ਰ ਮਾਤਾ ਤੇਰੇ ਹੋਹਿ ਨ ਅੰਤਿ ਸਖਾਇਆ ॥ ਰਹਾਉ ॥

ਬਿਖੈ ਬਿਕਾਰ ਦੁਸਟ ਕਿਰਖਾ ਕਰੇ ਇਨ ਤਜਿ ਆਤਮੈ ਹੋਇ ਧਿਆਈ ॥
ਜਪੁ ਤਪੁ ਸੰਜਮੁ ਹੋਹਿ ਜਬ ਰਾਖੇ ਕਮਲੁ ਬਿਗਸੈ ਮਧੁ ਆਸ੍ਰਮਾਈ ॥੨॥

ਬੀਸ ਸਪਤਾਹਰੋ ਬਾਸਰੋ ਸੰਗ੍ਰਹੈ ਤੀਨਿ ਖੋੜਾ ਨਿਤ ਕਾਲੁ ਸਾਰੈ ॥
ਦਸ ਅਠਾਰ ਮੈ ਅਪਰੰਪਰੋ ਚੀਨੈ ਕਹੈ ਨਾਨਕੁ ਇਵ ਏਕੁ ਤਾਰੈ ॥੩॥੨੬॥

Sahib Singh
ਕਰਮਾ = ਰੋਜ਼ਾਨਾ ਕੰਮ ।
ਕਰੋ = ਕਰੁ, ਬਣਾ ।
ਸਲਿਲ = ਪਾਣੀ ।
ਆਪਾਉ = ਸਿੰਜਣਾ ।
ਸਲਿਲ ਆਪਾਉ = ਪਾਣੀ ਦਾ ਸਿੰਜਣਾ ।
ਸਾਰਿੰਗਪਾਣੀ = ਪਰਮਾਤਮਾ (ਦਾ ਨਾਮ) ।
ਕਿਰਸਾਣੁ = ਕਿਸਾਨ, ਵਾਹੀ ਕਰਨ ਵਾਲਾ ।
ਰਿਦੈ = ਹਿਰਦੇ ਵਿਚ ।
ਜੰਮਾਇ ਲੈ = ਉਗਾ ਲੈ ।
ਇਉ = ਇਸ ਤ੍ਰਹਾਂ ।
ਨਿਰਬਾਣ = ਵਾਸਨਾ = ਰਹਿਤ ।
{ਨਿਵਾLਣ = ਬੁੱਝਾ ਹੋਇਆ, ਜਿਸ ਵਿਚੋਂ ਵਾਸਨਾ ਮੁੱਕ ਜਾਣ} ।੧ ।
ਗਰਬਸਿ = ਅਹੰਕਾਰ ਕਰਦਾ ਹੈਂ ।
ਮੂੜੇ = ਹੇ ਮੂਰਖ !
ਸੁਤੋ = ਸੁਤੁ, ਪੁੱਤ੍ਰ ।
ਪਿਤ = ਪਿਤਾ ।
ਸਗਲ = ਸਾਰੇ ।
ਕਾਲਤ੍ਰ = ਕਲਤ੍ਰ, ਇਸਤ੍ਰੀ ।
ਅੰਤਿ = ਅਖ਼ੀਰ ਵੇਲੇ ।
ਸਖਾਇਆ = ਮਿਤ੍ਰ ।੧।ਰਹਾਉ ।
ਦੁਸਟ = ਭੈੜੇ ।
ਕਿਰਖਾ ਕਰੇ = ਪੁੱਟ ਦੇਵੇ (ਜਿਵੇਂ ਕਿਸਾਨ ਖੇਤੀ ਵਿਚੋਂ ਨਦੀਨ ਪੁੱਟ ਦੇਂਦਾ ਹੈ) ।
ਤਜਿ = ਛੱਡ ਕੇ ।
ਆਤਮੈ ਹੋਇ = ਆਪਣੇ ਅੰਦਰ ਇਕ-ਚਿਤ ਹੋ ਕੇ ।
ਸੰਜਮੁ = ਮਨ ਨੂੰ ਵਿਕਾਰਾਂ ਵਲੋਂ ਰੋਕਣਾ ।
ਹੋਹਿ = ਬਣ ਜਾਣ ।
ਮਧੁ = ਸ਼ਹਦ, ਰਸ, ਆਤਮਕ ਆਨੰਦ ।
ਆਸ੍ਰਮਾਈ = ਸ੍ਰਮਦਾ ਹੈ, ਚੋਂਦਾ ਹੈ ।੨।ਬੀਸ—ਵੀਹ ।
ਸਪਤ = ਸੱਤ ।
ਬੀਸ ਸਪਤਾਹਰੋ = ੨੭ ਦਿਨ, ੨੭ ਨਛਤ੍ਰ ।
ਬਾਸਰੋ = ਦਿਨ ।
ਸੰਗ੍ਰਹੈ = ਇਕੱਠਾ ਕਰੇ ।
ਤੀਨਿ ਖੋੜਾ = ਤਿੰਨ ਅਵਸਥਾ (ਬਾਲ, ਜੁਆਨੀ, ਬੁਢੇਪਾ) ।
ਸਾਰੈ = ਚੇਤੇ ਰੱਖੇ ।
ਦਸ = ਚਾਰ ਵੇਦ ਅਤੇ ਛੇ ਸ਼ਾਸਤ੍ਰ ।
ਅਠਾਰਮੈ = ਅਠਾਰਾਂ ਪੁਰਾਣਾਂ ਵਿਚ ।
ਅਪਰੰਪਰੋ = ਅਪਰੰਪਰੁ, ਪਰਮਾਤਮਾ ।
ਚੀਨੈ = ਖੋਜੇ, ਪਛਾਣੇ ।
ਇਵ = ਇਸ ਤ੍ਰਹਾਂ ।
ਏਕੁ = ਪ੍ਰਭੂ ।੩ ।
    
Sahib Singh
ਹੇ ਮੂਰਖ! ਮਾਇਆ ਦਾ ਕਿਉਂ ਮਾਣ ਕਰਦਾ ਹੈਂ ?
ਪਿਤਾ, ਪੁੱਤਰ, ਇਸਤ੍ਰੀ, ਮਾਂ—ਇਹ ਸਾਰੇ ਅੰਤ ਵੇਲੇ ਤੇਰੇ ਸਹਾਈ ਨਹੀਂ ਬਣ ਸਕਦੇ ।ਰਹਾਉ ।
(ਹੇ ਭਾਈ!) ਇਸ ਸਰੀਰ ਨੂੰ ਧਰਤੀ ਬਣਾ, ਆਪਣੇ (ਰੋਜ਼ਾਨਾ) ਕਰਮਾਂ ਨੂੰ ਬੀਜ ਬਣਾ, ਪਰਮਾਤਮਾ ਦੇ ਨਾਮ ਦੇ ਪਾਣੀ ਦਾ (ਇਸ ਭੁਇਂ) ਵਿਚ ਸਿੰਚਨ ਕਰ ।
ਆਪਣੇ ਮਨ ਨੂੰ ਕਿਸਾਨ ਬਣਾ, ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿਚ ਉਗਾ ।
ਇਸ ਤ੍ਰਹਾਂ (ਹੇ ਭਾਈ!) ਉਹ ਆਤਮਕ ਅਵਸਥਾ ਹਾਸਲ ਕਰ ਲਏਂਗਾ ਜਿਥੇ ਕੋਈ ਵਾਸ਼ਨਾ ਪੋਹ ਨਹੀਂ ਸਕਦੀ ।੧ ।
ਜੇਹੜਾ ਮਨੁੱਖ ਚੰਦਰੇ ਵਿਸ਼ੇ-ਵਿਕਾਰਾਂ ਨੂੰ ਹਿਰਦਾ-ਭੁਇਂ ਵਿਚੋਂ ਇਉਂ ਪੁੱਟ ਦੇਂਦਾ ਹੈ ਜਿਵੇਂ ਖੇਤੀ ਵਿਚੋਂ ਨਦੀਨ, ਇਹਨਾਂ ਵਿਕਾਰਾਂ ਦਾ ਤਿਆਗ ਕਰ ਕੇ ਜੋ ਮਨੁੱਖ ਆਪਣੇ ਅੰਦਰ ਇਕ-ਚਿੱਤ ਹੋ ਕੇ ਪ੍ਰਭੂ ਨੂੰ ਸਿਮਰਦਾ ਹੈ, ਜਦੋਂ ਜਪ ਤਪ ਤੇ ਸੰਜਮ (ਉਸ ਦੇ ਆਤਮਕ ਜੀਵਨ ਦੇ) ਰਾਖੇ ਬਣਦੇ ਹਨ, ਤਾਂ ਉਸ ਦਾ ਹਿਰਦਾ-ਕੌਲ ਖਿੜ ਪੈਂਦਾ ਹੈ, ਉਸ ਦੇ ਅੰਦਰ ਆਤਮਕ ਆਨੰਦ ਦਾ ਰਸ (ਮਾਨੋਂ) ਸਿੰਮਦਾ ਹੈ ।੨ ।
ਹੇ ਨਾਨਕ! ਜੇ ਮਨੁੱਖ ਸਤਾਈ ਹੀ ਨਛੱਤ੍ਰਾਂ ਵਿਚ (ਭਾਵ) ਹਰ ਰੋਜ਼ (ਪ੍ਰਭੂ ਦਾ ਨਾਮ-ਧਨ) ਇਕੱਠਾ ਕਰਦਾ ਰਹੇ, ਜੇ ਮਨੁੱਖ ਆਪਣੀ ਉਮਰ ਦੀਆਂ ਤਿੰਨਾਂ ਹੀ ਅਵਸਥਾ (ਬਾਲਪਨ, ਜੁਆਨੀ, ਬੁਢੇਪੇ) ਵਿਚ ਮੌਤ ਨੂੰ ਚੇਤੇ ਰੱਖੇ, ਜੇ ਚਾਰ ਵੇਦਾਂ ਛੇ ਸ਼ਾਸਤ੍ਰਾਂ ਅਤੇ ਅਠਾਰਾਂ ਪੁਰਾਣ (ਆਦਿਕ ਸਾਰੀਆਂ ਧਰਮ-ਪੁਸਤਕਾਂ) ਵਿਚ ਪਰਮਾਤਮਾ (ਦੇ ਨਾਮ) ਨੂੰ ਹੀ ਖੋਜੇ ਤਾਂ ਇਸ ਤ੍ਰਹਾਂ ਪਰਮਾਤਮਾ ਉਸ ਨੂੰ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈਂਦਾ ਹੈ ।੩।੨੬ ।
Follow us on Twitter Facebook Tumblr Reddit Instagram Youtube