ਸਿਰੀਰਾਗੁ ਮਹਲਾ ੧ ॥
ਵਣਜੁ ਕਰਹੁ ਵਣਜਾਰਿਹੋ ਵਖਰੁ ਲੇਹੁ ਸਮਾਲਿ ॥
ਤੈਸੀ ਵਸਤੁ ਵਿਸਾਹੀਐ ਜੈਸੀ ਨਿਬਹੈ ਨਾਲਿ ॥
ਅਗੈ ਸਾਹੁ ਸੁਜਾਣੁ ਹੈ ਲੈਸੀ ਵਸਤੁ ਸਮਾਲਿ ॥੧॥

ਭਾਈ ਰੇ ਰਾਮੁ ਕਹਹੁ ਚਿਤੁ ਲਾਇ ॥
ਹਰਿ ਜਸੁ ਵਖਰੁ ਲੈ ਚਲਹੁ ਸਹੁ ਦੇਖੈ ਪਤੀਆਇ ॥੧॥ ਰਹਾਉ ॥

ਜਿਨਾ ਰਾਸਿ ਨ ਸਚੁ ਹੈ ਕਿਉ ਤਿਨਾ ਸੁਖੁ ਹੋਇ ॥
ਖੋਟੈ ਵਣਜਿ ਵਣੰਜਿਐ ਮਨੁ ਤਨੁ ਖੋਟਾ ਹੋਇ ॥
ਫਾਹੀ ਫਾਥੇ ਮਿਰਗ ਜਿਉ ਦੂਖੁ ਘਣੋ ਨਿਤ ਰੋਇ ॥੨॥

ਖੋਟੇ ਪੋਤੈ ਨਾ ਪਵਹਿ ਤਿਨ ਹਰਿ ਗੁਰ ਦਰਸੁ ਨ ਹੋਇ ॥
ਖੋਟੇ ਜਾਤਿ ਨ ਪਤਿ ਹੈ ਖੋਟਿ ਨ ਸੀਝਸਿ ਕੋਇ ॥
ਖੋਟੇ ਖੋਟੁ ਕਮਾਵਣਾ ਆਇ ਗਇਆ ਪਤਿ ਖੋਇ ॥੩॥

ਨਾਨਕ ਮਨੁ ਸਮਝਾਈਐ ਗੁਰ ਕੈ ਸਬਦਿ ਸਾਲਾਹ ॥
ਰਾਮ ਨਾਮ ਰੰਗਿ ਰਤਿਆ ਭਾਰੁ ਨ ਭਰਮੁ ਤਿਨਾਹ ॥
ਹਰਿ ਜਪਿ ਲਾਹਾ ਅਗਲਾ ਨਿਰਭਉ ਹਰਿ ਮਨ ਮਾਹ ॥੪॥੨੩॥

Sahib Singh
ਵਣਜਾਰਾ = ਵਣਜ ਕਰਨ ਵਾਲਾ {ਆਮ ਤੌਰ ਤੇ ਵਣਜਾਰੇ ਤੁਰ ਫਿਰ ਕੇ ਪਿੰਡ ਪਿੰਡ ਵਿਚ ਸੌਦਾ ਵੇਚਦੇ ਹਨ ।
    ਜੀਵ ਨੂੰ ਵਣਜਾਰਾ ਕਿਹਾ ਹੈ ਕਿਉਂਕਿ ਇਥੇ ਇਸ ਨੇ ਸਦਾ ਨਹੀਂ ਬੈਠ ਰਹਿਣਾ} ।
ਵਖਰੁ = ਸੌਦਾ ।
ਵਿਸਾਹੀਐ = ਖ਼ਰੀਦਣੀ ਚਾਹੀਦੀ ਹੈ ।
ਸਾਹੁ = ਸਾਹੂਕਾਰ (ਜਿਸ ਨੇ ਰਾਸ ਪੂੰਜੀ ਦੇ ਕੇ ਵਣਜਾਰੇ ਭੇਜੇ ਹਨ) ।
ਸੁਜਾਣੁ = ਸਿਆਣਾ ।
ਸਮਾਲਿ ਲੈਸੀ = ਸੰਭਾਲ ਕੇ ਲਏਗਾ, ਪਰਖ ਕੇ ਲਏਗਾ ।੧ ।
ਜਸੁ = ਸੋਭਾ ।
ਸਹੁ = ਖਸਮ = ਪ੍ਰਭੂ ।
ਪਤੀਆਇ = ਤਸੱਲੀ ਕਰ ਕੇ ।੧।ਰਹਾਉ ।
ਖੋਟੈ = ਖੋਟੇ ਦੀ ਰਾਹੀਂ ।
ਖੋਟੈ ਵਣਜਿ = ਖੋਟੇ ਵਣਜ ਦੀ ਰਾਹੀਂ ।
ਵਣੰਜਿਐ = ਵਣਜੇ ਹੋਏ ਦੀ ਰਾਹੀਂ ।
ਮਿਰਗ = ਹਰਨ ।
ਘਣੋ = ਬਹੁਤ ।
ਰੋਇ = ਰੋਂਦਾ ਹੈ, ਦੁਖੀ ਹੁੰਦਾ ਹੈ ।
ਖੋਟੇ = ਖੋਟੇ (ਸਿੱਕੇ) ।
ਪੋਤੈ = ਖ਼ਜ਼ਾਨੇ ਵਿਚ ।
ਗੁਰ ਦਰਸੁ = ਗੁਰੂ ਦਾ ਦਰਸ ।
ਖੋਟਿ = ਖੋਟ ਦੀ ਰਾਹੀਂ ।
ਨ ਸੀਝਸਿ = ਕਾਮਯਾਬ ਨਹੀਂ ਹੁੰਦਾ ।
ਖੋਟੁ ਕਮਾਵਣਾ = ਖੋਟਾ ਕੰਮ ਹੀ ਕਰਨਾ ।
ਖੋਇ = ਗਵਾ ਕੇ ।੩ ।
ਸਬਦਿ ਸਾਲਾਹ = ਸਿਫ਼ਤਿ = ਸਾਲਾਹ ਵਾਲੇ ਸ਼ਬਦ ਦੀ ਰਾਹੀਂ ।
ਰੰਗਿ = ਰੰਗ ਵਿਚ ।
ਭਾਰੁ = ਬੋਝ ।
ਭਰਮੁ = ਭਟਕਣਾ ।
ਜਪਿ = ਜਪ ਕੇ ।
ਅਗਲਾ ਲਾਹਾ = ਬਹੁਤ ਨਫ਼ਾ ।
ਮਨ ਮਾਹ = ਮਨ ਮਾਹਿ, ਮਨ ਵਿਚ {ਨੋਟ:- ਲਫ਼ਜ਼ ‘ਸਾਲਾਹ’, ‘ਤਿਨਾਹ’ ਦੇ ਨਾਲ ਰਲਾਣ ਲਈ ‘ਮਾਹਿ’ ਦੇ ਥਾਂ ‘ਮਾਹ’ ਹੈ} ।੪ ।
    
Sahib Singh
ਹੇ (ਰਾਮ ਨਾਮ ਦਾ) ਵਣਜ ਕਰਨ ਆਏ ਜੀਵੋ! (ਨਾਮ ਦਾ) ਵਪਾਰ ਕਰੋ, ਨਾਮ-ਸੌਦਾ ਸੰਭਾਲ ਲਵੋ ।
ਉਹੋ ਜਿਹਾ ਸੌਦਾ ਹੀ ਖ਼ਰੀਦਣਾ ਚਾਹੀਦਾ ਹੈ, ਜੇਹੜਾ ਸਦਾ ਲਈ ਸਾਥ ਨਿਬਾਹੇ ।
ਪਰਲੋਕ ਵਿਚ ਬੈਠਾ ਸ਼ਾਹ ਸਿਆਣਾ ਹੈ ਉਹ (ਸਾਡੇ ਖ਼ਰੀਦੇ ਹੋਏ) ਸੌਦੇ ਨੂੰ ਪੂਰੀ ਪਰਖ ਕਰ ਕੇ ਕਬੂਲ ਕਰੇਗਾ ।੧ ।
ਹੇ ਭਾਈ! ਚਿੱਤ ਲਾ ਕੇ (ਪ੍ਰੇਮ ਨਾਲ) ਪਰਮਾਤਮਾ ਦਾ ਨਾਮ ਜਪੋ ।
(ਇਥੋਂ ਆਪਣੇ ਨਾਲ) ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਸੌਦਾ ਲੈ ਕੇ ਤੁਰੋ, ਖਸਮ-ਪ੍ਰਭੂ ਖ਼ੁਸ਼ ਹੋ ਕੇ ਵੇਖੇਗਾ ।੧।ਰਹਾਉ ।
ਜਿਨ੍ਹਾਂ ਮਨੁੱਖਾਂ ਦੇ ਕੋਲ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦੇ ਨਾਮ ਦੀ ਪੂੰਜੀ ਨਹੀਂ, ਉਹਨਾਂ ਨੂੰ ਕਦੇ ਆਤਮਕ ਆਨੰਦ ਨਹੀਂ ਹੋ ਸਕਦਾ ।
ਜੇ ਨਿੱਤ ਖੋਟਾ ਵਪਾਰ ਹੀ ਕਰਦੇ ਰਹੀਏ, ਤਾਂ ਮਨ ਭੀ ਖੋਟਾ ਹੋ ਜਾਂਦਾ ਹੈ ਤੇ ਸਰੀਰਭੀ ਖੋਟਾ (ਭਾਵ, ਖੋਟ ਮਨੁੱਖ ਦੇ ਅੰਦਰ ਰਚ ਜਾਂਦਾ ਹੈ) ।
ਜਿਵੇਂ ਫਾਹੀ ਵਿਚ ਫਸਿਆ ਹੋਇਆ ਹਰਨ ਦੁਖੀ ਹੁੰਦਾ ਹੈ, ਤਿਵੇਂ (ਖੋਟ ਦੀ ਫਾਹੀ ਵਿਚ ਫਸ ਕੇ) ਜੀਵ ਨੂੰ ਬਹੁਤ ਦੁਖ ਹੁੰਦਾ ਹੈ, ਉਹ ਨਿੱਤ ਦੁਖੀ ਹੁੰਦਾ ਹੈ ।੨ ।
ਖੋਟੇ ਸਿੱਕੇ (ਸਰਕਾਰੀ) ਖ਼ਜ਼ਾਨੇ ਵਿਚ ਨਹੀਂ ਲਏ ਜਾਂਦੇ (ਤਿਵੇਂ ਹੀ ਖੋਟੇ ਬੰਦੇ ਦਰਗਾਹ ਵਿਚ ਆਦਰ ਨਹੀਂ ਪਾਂਦੇ) ਉਹਨਾਂ ਨੂੰ ਹਰੀ ਦਾ ਗੁਰੂ ਦਾ ਦੀਦਾਰ ਨਹੀਂ ਹੁੰਦਾ ।
ਖੋਟੇ ਮਨੁੱਖ ਦਾ ਅਸਲਾ ਚੰਗਾ ਨਹੀਂ ਹੁੰਦਾ, ਖੋਟੇ ਨੂੰ ਇੱਜ਼ਤ ਨਹੀਂ ਮਿਲਦੀ ।
ਖੋਟ ਕਰਨ ਨਾਲ ਕੋਈ ਜੀਵ (ਆਤਮਕ ਜੀਵਨ ਵਿਚ) ਕਾਮਯਾਬ ਨਹੀਂ ਹੋ ਸਕਦਾ ।
ਖੋਟੇ ਮਨੁੱਖ ਨੇ ਸਦਾ ਖੋਟ ਹੀ ਕਮਾਣਾ ਹੈ (ਉਸ ਨੂੰ ਖੋਟ ਕਮਾਣ ਦੀ ਆਦਤ ਪੈ ਜਾਂਦੀ ਹੈ) ਉਹ ਆਪਣੀ ਇੱਜ਼ਤ ਗਵਾ ਕੇ ਸਦਾ ਜੰਮਦਾ ਮਰਦਾ ਰਹਿੰਦਾ ਹੈ ।੩ ।
ਹੇ ਨਾਨਕ! ਪਰਮਾਤਮਾ ਦੀ ਸਿਫ਼ਤਿ-ਸਾਲਾਹ ਵਾਲੇ ਗੁਰ-ਸ਼ਬਦ ਦੀ ਰਾਹੀਂ ਆਪਣੇ ਮਨ ਨੂੰ ਸਮਝਾਣਾ ਚਾਹੀਦਾ ਹੈ ।
ਜੇਹੜੇ ਬੰਦੇ ਪਰਮਾਤਮਾ ਦੇ ਨਾਮ ਦੇ ਪਿਆਰ ਵਿਚ ਰੰਗੇ ਰਹਿੰਦੇ ਹਨ, ਉਹਨਾਂ ਨੂੰ ਖੋਟੇ ਕੰਮਾਂ ਦਾ ਭਾਰ ਸਹਾਰਨਾ ਨਹੀਂ ਪੈਂਦਾ, ਉਹਨਾਂ ਦਾ ਮਨ ਖੋਟੇ ਕੰਮਾਂ ਵੱਲ ਨਹੀਂ ਦੌੜਦਾ ।
ਪਰਮਾਤਮਾ ਦਾ ਨਾਮ ਜਪ ਕੇ ਬਹੁਤ ਆਤਮਕ ਲਾਭ ਖੱਟ ਲਈਦਾ ਹੈ, ਅਤੇ ਉਹ ਪ੍ਰਭੂ ਜੋ ਕਿਸੇ ਡਰ ਦੇ ਅਧੀਨ ਨਹੀਂ ਮਨ ਵਿਚ ਆ ਵੱਸਦਾ ਹੈ ।੪।੨੩ ।
Follow us on Twitter Facebook Tumblr Reddit Instagram Youtube