ਸਲੋਕੁ ਮਃ ੩ ॥
ਸੂਹੈ ਵੇਸਿ ਕਾਮਣਿ ਕੁਲਖਣੀ ਜੋ ਪ੍ਰਭ ਛੋਡਿ ਪਰ ਪੁਰਖ ਧਰੇ ਪਿਆਰੁ ॥
ਓਸੁ ਸੀਲੁ ਨ ਸੰਜਮੁ ਸਦਾ ਝੂਠੁ ਬੋਲੈ ਮਨਮੁਖਿ ਕਰਮ ਖੁਆਰੁ ॥
ਜਿਸੁ ਪੂਰਬਿ ਹੋਵੈ ਲਿਖਿਆ ਤਿਸੁ ਸਤਿਗੁਰੁ ਮਿਲੈ ਭਤਾਰੁ ॥
ਸੂਹਾ ਵੇਸੁ ਸਭੁ ਉਤਾਰਿ ਧਰੇ ਗਲਿ ਪਹਿਰੈ ਖਿਮਾ ਸੀਗਾਰੁ ॥
ਪੇਈਐ ਸਾਹੁਰੈ ਬਹੁ ਸੋਭਾ ਪਾਏ ਤਿਸੁ ਪੂਜ ਕਰੇ ਸਭੁ ਸੈਸਾਰੁ ॥
ਓਹ ਰਲਾਈ ਕਿਸੈ ਦੀ ਨਾ ਰਲੈ ਜਿਸੁ ਰਾਵੇ ਸਿਰਜਨਹਾਰੁ ॥
ਨਾਨਕ ਗੁਰਮੁਖਿ ਸਦਾ ਸੁਹਾਗਣੀ ਜਿਸੁ ਅਵਿਨਾਸੀ ਪੁਰਖੁ ਭਰਤਾਰੁ ॥੧॥

Sahib Singh
ਕਾਮਣਿ = ਇਸਤ੍ਰੀ ।
ਕੁਲਖਣੀ = ਭੈੜੇ ਲੱਛਣਾਂ ਵਾਲੀ ।
ਸੀਲੁ = ਚੰਗਾ ਆਚਰਨ ।
ਸੰਜਮੁ = ਬੰਦਸ਼ ਵਿਚ ਤੁਰਨਾ, ਜੁਗਤਿ ਵਾਲਾ ਜੀਵਨ ।
ਪੂਰਬਿ = ਪਹਿਲਾਂ ਤੋਂ ।
ਭਤਾਰੁ = ਰਾਖਾ ।
ਗਲਿ = ਗਲ ਵਿਚ ।
ਖਿਮਾ = ਕਿਸੇ ਦੀ ਵਧੀਕੀ ਨੂੰ ਸਹਾਰਨ ਦੀ ਆਦਤ ।
ਪੇਈਐ = ਪੇਕੇ ਘਰ ਵਿਚ, ਇਸ ਲੋਕ ਵਿਚ ।
ਸਾਹੁਰੈ = ਸਹੁਰੇ ਘਰ ਵਿਚ, ਪਰਲੋਕ ਵਿਚ ।
ਓਹ = ਉਹ ਜੀਵ = ਇਸਤ੍ਰੀ ।
    
Sahib Singh
(ਮਾਇਆ ਦੇ) ਚੁਹਚੁਹੇ ਵੇਸ ਵਿਚ (ਮਸਤ ਜੀਵ-ਇਸਤ੍ਰੀ, ਮਾਨੋ,) ਬਦਕਾਰ ਇਸਤ੍ਰੀ ਹੈ ਜੋ ਪ੍ਰਭੂ (ਖਸਮ) ਨੂੰ ਵਿਸਾਰ ਕੇ ਪਰਾਏ ਮਨੁੱਖ ਨਾਲ ਪਿਆਰ ਕਰਦੀ ਹੈ; ਉਸ ਦਾ ਨਾਹ ਚੰਗਾ ਆਚਰਨ ਹੈ, ਨਾਹ ਜੁਗਤਿ ਵਾਲਾ ਜੀਵਨ ਹੈ, ਸਦਾ ਝੂਠ ਬੋਲਦੀ ਹੈ, ਆਪ-ਹੁਦਰੇ ਕੰਮਾਂ ਕਰਕੇ ਖ਼ੁਆਰ ਹੁੰਦੀ ਹੈ ।
ਜਿਸ ਦੇ ਮੱਥੇ ਤੇ ਧੁਰ ਦਰਗਾਹੋਂ ਭਾਗ ਹੋਣ, ਉਸ ਨੂੰ ਗੁਰੂ ਰਾਖਾ ਮਿਲ ਪੈਂਦਾ ਹੈ, ਫਿਰ ਉਹ ਚੁਹਚੁਹਾ ਵੇਸ ਸਾਰਾ ਲਾਹ ਦੇਂਦੀ ਹੈ ਤੇ ਸਹਿਣ-ਸ਼ੀਲਤਾ ਦਾ ਗਹਣਾ ਗਲ ਵਿਚ ਪਾਂਦੀ ਹੈ ।
ਇਸ ਲੋਕ ਤੇ ਪਰਲੋਕ ਵਿਚ ਉਸ ਦੀ ਬੜੀ ਇੱਜ਼ਤ ਹੁੰਦੀ ਹੈ, ਸਾਰਾ ਜਗਤ ਉਸ ਦਾ ਆਦਰ ਕਰਦਾ ਹੈ ।
ਜਿਸ ਨੂੰ ਸਾਰੇ ਜਗ ਦਾ ਪੈਦਾ ਕਰਨ ਵਾਲਾ ਖਸਮ ਮਿਲ ਜਾਏ, ਉਸ ਦਾ ਜੀਵਨ ਨਿਰਾਲਾ ਹੀ ਹੋ ਜਾਂਦਾ ਹੈ; ਹੇ ਨਾਨਕ! ਜਿਸ ਦੇ ਸਿਰ ਤੇ ਕਦੇ ਨਾਹ ਮਰਨ ਵਾਲਾ ਖਸਮ ਹੋਵੇ, ਜੋ ਸਦਾ ਗੁਰੂ ਦੇ ਹੁਕਮ ਵਿਚ ਤੁਰੇ ਉਹ ਜੀਵ-ਇਸਤ੍ਰੀ ਸਦਾ ਸੁਹਾਗ ਭਾਗ ਵਾਲੀ ਹੁੰਦੀ ਹੈ ।੧ ।
Follow us on Twitter Facebook Tumblr Reddit Instagram Youtube