ਸਿਰੀਰਾਗੁ ਮਹਲਾ ੧ ॥
ਨਾਨਕ ਬੇੜੀ ਸਚ ਕੀ ਤਰੀਐ ਗੁਰ ਵੀਚਾਰਿ ॥
ਇਕਿ ਆਵਹਿ ਇਕਿ ਜਾਵਹੀ ਪੂਰਿ ਭਰੇ ਅਹੰਕਾਰਿ ॥
ਮਨਹਠਿ ਮਤੀ ਬੂਡੀਐ ਗੁਰਮੁਖਿ ਸਚੁ ਸੁ ਤਾਰਿ ॥੧॥

ਗੁਰ ਬਿਨੁ ਕਿਉ ਤਰੀਐ ਸੁਖੁ ਹੋਇ ॥
ਜਿਉ ਭਾਵੈ ਤਿਉ ਰਾਖੁ ਤੂ ਮੈ ਅਵਰੁ ਨ ਦੂਜਾ ਕੋਇ ॥੧॥ ਰਹਾਉ ॥

ਆਗੈ ਦੇਖਉ ਡਉ ਜਲੈ ਪਾਛੈ ਹਰਿਓ ਅੰਗੂਰੁ ॥
ਜਿਸ ਤੇ ਉਪਜੈ ਤਿਸ ਤੇ ਬਿਨਸੈ ਘਟਿ ਘਟਿ ਸਚੁ ਭਰਪੂਰਿ ॥
ਆਪੇ ਮੇਲਿ ਮਿਲਾਵਹੀ ਸਾਚੈ ਮਹਲਿ ਹਦੂਰਿ ॥੨॥

ਸਾਹਿ ਸਾਹਿ ਤੁਝੁ ਸੰਮਲਾ ਕਦੇ ਨ ਵਿਸਾਰੇਉ ॥
ਜਿਉ ਜਿਉ ਸਾਹਬੁ ਮਨਿ ਵਸੈ ਗੁਰਮੁਖਿ ਅੰਮ੍ਰਿਤੁ ਪੇਉ ॥
ਮਨੁ ਤਨੁ ਤੇਰਾ ਤੂ ਧਣੀ ਗਰਬੁ ਨਿਵਾਰਿ ਸਮੇਉ ॥੩॥

ਜਿਨਿ ਏਹੁ ਜਗਤੁ ਉਪਾਇਆ ਤ੍ਰਿਭਵਣੁ ਕਰਿ ਆਕਾਰੁ ॥
ਗੁਰਮੁਖਿ ਚਾਨਣੁ ਜਾਣੀਐ ਮਨਮੁਖਿ ਮੁਗਧੁ ਗੁਬਾਰੁ ॥
ਘਟਿ ਘਟਿ ਜੋਤਿ ਨਿਰੰਤਰੀ ਬੂਝੈ ਗੁਰਮਤਿ ਸਾਰੁ ॥੪॥

ਗੁਰਮੁਖਿ ਜਿਨੀ ਜਾਣਿਆ ਤਿਨ ਕੀਚੈ ਸਾਬਾਸਿ ॥
ਸਚੇ ਸੇਤੀ ਰਲਿ ਮਿਲੇ ਸਚੇ ਗੁਣ ਪਰਗਾਸਿ ॥
ਨਾਨਕ ਨਾਮਿ ਸੰਤੋਖੀਆ ਜੀਉ ਪਿੰਡੁ ਪ੍ਰਭ ਪਾਸਿ ॥੫॥੧੬॥

Sahib Singh
ਨਾਨਕ = ਹੇ ਨਾਨਕ !
ਸਚ = ਸਦਾ = ਥਿਰ ਪ੍ਰਭੂ ਦਾ ਨਾਮ ਸਿਮਰਨ ।
ਗੁਰ ਵੀਚਾਰਿ = ਗੁਰੂ ਦੀ ਦੱਸੀ ਵਿਚਾਰ ਦੀ ਰਾਹੀਂ, ਗੁਰੂ ਦੇ ਦੱਸੇ ਉਪਦੇਸ਼ ਦਾ ਆਸਰਾ ਲੈ ਕੇ ।
ਇਕਿ = ਅਨੇਕਾਂ ਜੀਵ ।
ਪੂਰ = ਬੇਅੰਤ ਜੀਵ, ਬੇੜੀ ਦੇ ਪੂਰਾਂ ਦੇ ਪੂਰ {ਨੋਟ:- ਭਰੀ ਬੇੜੀ ਦੇ ਸਾਰੇ ਮੁਸਾਫ਼ਿਰਾਂ ਦੇ ਸਮੂਹ ਨੂੰ 'ਪੂਰ' ਆਖੀਦਾ ਹੈ} ।
ਭਰੇ ਅਹੰਕਾਰਿ = ਅਹੰਕਾਰ ਨਾਲ ਭਰੇ ਹੋਏ, ਅਹੰਕਾਰੀ ।
ਮਨ ਹਠਿ = ਮਨ ਦੇ ਹਠ ਵਿਚ ।
ਮਨ ਹਠਿ ਮਤੀ = ਹਠੀ ਮਤਿ ਨਾਲ, ਆਪਣੀ ਅਕਲ ਦੇ ਹਠ ਤੇ ਤੁਰਿਆਂ ।
ਗੁਰਮੁਖਿ = ਉਹ ਮਨੁੱਖ ਜੋ ਗੁਰੂ ਦਾ ਆਸਰਾ ਲੈਂਦਾ ਹੈ ।
ਤਾਰਿ = ਤਾਰੈ, ਤਾਰ ਲੈਂਦਾ ਹੈ ।੧ ।
ਕਿਉ ਤਰੀਐ = ਨਹੀਂ ਤਰਿਆ ਜਾ ਸਕਦਾ ।੧।ਰਹਾਉ ।
ਆਗੈ = ਸਾਹਮਣੇ ਪਾਸੇ ।
ਡਉ = ਜੰਗਲ ਦੀ ਅੱਗ ।
ਡਉ ਜਲੈ = ਮਸਾਣਾਂ ਦੀ ਅੱਗ ਬਲ ਰਹੀ ਹੈ, ਬੇਅੰਤ ਜੀਵ ਮਰ ਰਹੇ ਹਨ ।
ਹਰਿਓ ਅੰਗੂਰ = ਹਰੇ ਨਵੇਂ ਨਵੇਂ ਕੋਮਲ ਬੂਟੇ, ਜੰਮਦੇ ਬਾਲ ।
ਜਿਸ ਤੇ = ਜਿਸ ਪਰਮਾਤਮਾ ਤੋਂ ।
ਸਚੁ = ਸਦਾ = ਥਿਰ ਪ੍ਰਭੂ ।
ਮਿਲਾਵਹੀ = (ਹੇ ਪ੍ਰਭੂ!) ਤੂੰ ਮਿਲਾ ਲੈਂਦਾ ਹੈਂ ।
ਮਹਲਿ = ਮਹਲ ਵਿਚ ।੨ ।
ਸਾਹਿ = ਸਾਹ ਨਾਲ ।
ਸਾਹਿ ਸਾਹਿ = ਹਰੇਕ ਸਾਹ ਨਾਲ ।
ਸੰਮਲਾ = ਸੰਮਲਾਂ, ਮੈਂ ਯਾਦ ਕਰਾਂ ।
ਮਨਿ = ਮਨ ਵਿਚ ।
ਪੇਉ = ਪੇਉਂ, ਮੈਂ ਪੀਆਂ ।
ਧਣੀ = ਮਾਲਕ, ਖਸਮ ।
ਗਰਬੁ = ਅਹੰਕਾਰ ।
ਨਿਵਾਰਿ = ਦੂਰ ਕਰ ਕੇ ।
ਸਮੇਉ = ਸਮਾ ਜਾਵਾਂ, ਲੀਨ ਰਹਾਂ ।੩।ਜਿਨਿ—ਜਿਸ (ਪ੍ਰਭੂ) ਨੇ ।
ਤਿ੍ਰਭਵਣੁ = ਤਿੰਨੇ ਭਵਨ ।
ਆਕਾਰੁ = ਦਿਸੱਦਾ ਜਗਤ ।
ਚਾਨਣੁ = ਜੋਤਿ = ਰੂਪ ਪ੍ਰਭੂ ।
ਮੁਗਧੁ = ਮੂਰਖ ।
ਗੁਬਾਰੁ = ਹਨੇਰਾ ।
ਨਿਰੰਤਰਿ = {ਨਿਰ = ਅੰਤਰ ।
ਅੰਤਰ = ਵਿੱਥ} ਵਿੱਥ ਤੋਂ ਬਿਨਾ, ਇਕ-ਰਸ ।
ਸਾਰੁ = ਅਸਲੀਅਤ ।੪ ਗੁਰਮੁਖਿ—ਗੁਰੂ ਦੀ ਰਾਹੀਂ, ਗੁਰੂ ਦੀ ਸਰਨ ਪੈ ਕੇ ।
ਕੀਚੈ = ਕੀਤੀ ਜਾਂਦੀ ਹੈ, ਮਿਲਦੀ ਹੈ ।
ਸੇਤੀ = ਨਾਲ ।
ਸਚੇ ਗੁਣ = ਸਦਾ = ਥਿਰ ਪ੍ਰਭੂ ਦੇ ਗੁਣ ।
ਨਾਮਿ = ਨਾਮ ਵਿਚ (ਜੁੜ ਕੇ) ।
ਸੰਤੋਖੀਆ = ਆਤਮਕ ਸ਼ਾਂਤੀ ਪ੍ਰਾਪਤ ਹੁੰਦੀ ਹੈ ।
ਜੀਉ = ਜਿੰਦ ।
ਪਿੰਡੁ = ਸਰੀਰ ।
ਪ੍ਰਭ ਪਾਸਿ = ਪ੍ਰਭੂ ਦੇ ਹਵਾਲੇ ਕਰਦੇ (ਹਨ) ।੫ ।
    
Sahib Singh
ਹੇ ਨਾਨਕ! (ਸੰਸਾਰ ਇਕ ਅਥਾਹ ਸਮੁੰਦਰ ਹੈ) ਜੇ ਗੁਰੂ ਦੀ ਸਿੱਖਿਆ ਉੱਤੇ ਤੁਰ ਕੇ ਸਿਮਰਨ ਦੀ ਬੇੜੀ ਬਣਾ ਲਈਏ ਤਾਂ (ਇਸ ਸੰਸਾਰ ਸਮੁੰਦਰ ਤੋਂ) ਪਾਰ ਲੰਘ ਸਕੀਦਾ ਹੈ ।
ਪਰ ਅਨੇਕਾਂ ਹੀ ਅਹੰਕਾਰੀ ਜੀਵ ਹਨ (ਜੋ ਆਪਣੀ ਹੀ ਅਕਲ ਦੇ ਮਾਣ ਵਿਚ ਰਹਿ ਕੇ ਕੁਰਾਹੇ ਪੈ ਕੇ) ਜੰਮਦੇ ਹਨ ਤੇ ਮਰਦੇ ਹਨ (ਜਨਮ ਮਰਨ ਦੇ ਗੇੜ ਵਿਚ ਪਏ ਰਹਿੰਦੇ ਹਨ) ਆਪਣੀ ਅਕਲ ਦੇ ਹਠ ਤੇ ਤੁਰਿਆਂ (ਸੰਸਾਰ-ਸਮੁੰਦਰ ਦੇ ਵਿਕਾਰਾਂ ਵਿਚ) ਡੁੱਬੀਦਾ ਹੀ ਹੈ ।
ਜੋ ਮਨੁੱਖ ਗੁਰੂ ਦੇ ਰਾਹ ਉਤੇ ਤੁਰਦਾ ਹੈ ਉਸ ਨੂੰ ਪਰਮਾਤਮਾ ਪਾਰ ਲੰਘਾ ਲੈਂਦਾ ਹੈ ।੧ ।
ਗੁਰੂ ਦੀ ਸਰਨ ਤੋਂ ਬਿਨਾ ਨਾਹ ਹੀ (ਇਸ ਸੰਸਾਰ-ਸਮੁੰਦਰ ਤੋਂ) ਪਾਰ ਲੰਘ ਸਕੀਦਾ ਹੈ, ਨਾਹ ਹੀ ਆਤਮਕ ਅਨੰਦ ਮਿਲਦਾ ਹੈ ।
(ਇਸ ਵਾਸਤੇ, ਹੇ ਮਨ! ਪ੍ਰਭੂ-ਦਰ ਤੇ ਅਰਦਾਸ ਕਰ ਤੇ ਆਖ—ਹੇ ਪ੍ਰਭੂ!) ਜਿਵੇਂ ਹੋ ਸਕੇ ਤੂੰ ਮੈਨੂੰ (ਗੁਰੂ ਦੀ ਸਰਨ ਵਿਚ) ਰੱਖ, (ਇਸ ਸੰਸਾਰ-ਸਮੁੰਦਰ ਵਿਚੋਂ ਪਾਰ ਲੰਘਣ ਵਾਸਤੇ) ਮੈਨੂੰ ਕੋਈ ਹੋਰ (ਆਸਰਾ) ਨਹੀਂ ਸੁੱਝਦਾ ।੧।ਰਹਾਉ ।
(ਜਗਤ ਇਕ ਜੰਗਲ ਸਮਾਨ ਹੈ ਜਿਸ ਵਿਚ ਅੱਗੇ ਅੱਗੇ ਤਾਂ ਅੱਗ ਲਗੀ ਹੋਈ ਹੈ ਜੋ ਪਲੇ ਹੋਏ ਵੱਡੇ ਵੱਡੇ ਰੁੱਖਾਂ ਨੂੰ ਸਾੜਦੀ ਜਾਂਦੀ ਹੈ; ਤੇ ਪਿੱਛੇ ਪਿੱਛੇ ਨਵੇਂ ਕੋਮਲ ਬੂਟੇ ਉੱਗਦੇ ਜਾ ਰਹੇ ਹਨ), ਪਿੱਛੇ ਪਿੱਛੇ ਨਵੇਂ ਕੋਮਲ ਬਾਲ ਜੰਮਦੇ ਆ ਰਹੇ ਹਨ ।
ਜਿਸ ਪਰਮਾਤਮਾ ਤੋਂ ਇਹ ਜਗਤ ਪੈਦਾ ਹੁੰਦਾ ਜਾਂਦਾ ਹੈ, ਉਸੇ (ਦੇ ਹੁਕਮ) ਅਨੁਸਾਰ ਨਾਸ ਭੀ ਹੁੰਦਾ ਰਹਿੰਦਾ ਹੈ ।
ਤੇ, ਉਹ ਸਦਾ-ਥਿਰ ਪ੍ਰਭੂ ਹਰੇਕ ਸਰੀਰ ਵਿਚ ਨਕਾ-ਨਕ ਮੌਜੂਦ ਹੈ ।
ਹੇ ਪ੍ਰਭੂ! ਤੂੰ ਆਪ ਹੀ ਜੀਵਾਂ ਨੂੰ ਆਪਣੇ ਚਰਨਾਂ ਵਿਚ ਜੋੜਦਾ ਹੈਂ, ਤੂੰ ਆਪ ਹੀ ਆਪਣੇ ਸਦਾ-ਥਿਰ ਮਹਲ ਵਿਚ ਹਜ਼ੂਰੀ ਵਿਚ ਰੱਖਦਾ ਹੈਂ ।੨ ।
(ਹੇ ਪ੍ਰਭੂ! ਮਿਹਰ ਕਰ) ਮੈਂ ਹਰੇਕ ਸਾਹ ਦੇ ਨਾਲ ਤੈਨੂੰ ਯਾਦ ਕਰਦਾ ਰਹਾਂ, ਤੈਨੂੰ ਕਦੇ ਵੀ ਨਾਹ ਭੁਲਾਵਾਂ ।
(ਹੇ ਭਾਈ! ਜੇ ਮਾਲਕ-ਪ੍ਰਭੂ ਦੀ ਮਿਹਰ ਹੋਵੇ ਤਾਂ) ਗੁਰੂ ਦੀ ਸਰਨ ਪੈ ਕੇ ਜਿਉਂ ਜਿਉਂ (ਉਹ) ਮਾਲਕ (ਮੇਰੇ) ਮਨ ਵਿਚ ਟਿਕਿਆ ਰਹੇ, ਮੈਂ ਆਤਮਕ ਜੀਵਨ ਦੇਣ ਵਾਲਾ (ਉਸ ਦਾ) ਨਾਮ-ਜਲ ਪੀਂਦਾ ਰਹਾਂ ।
(ਹੇ ਪ੍ਰਭੂ! ਮੇਰਾ) ਮਨ (ਮੇਰਾ) ਤਨ ਤੇਰਾ ਹੀ ਦਿਤਾ ਹੋਇਆ ਹੈ, ਤੂੰ ਹੀ (ਮੇਰਾ) ਮਾਲਕ ਹੈਂ ।
(ਮਿਹਰ ਕਰ, ਮੈਂ ਆਪਣੇ ਅੰਦਰੋਂ) ਅਹੰਕਾਰ ਦੂਰ ਕਰ ਕੇ (ਤੇਰੀ ਯਾਦ ਵਿਚ) ਲੀਨ ਰਹਾਂ ।੩ ।
ਜਿਸ (ਜੋਤਿ-ਸਰੂਪ ਪ੍ਰਭੂ) ਨੇ ਇਹ ਜਗਤ ਪੈਦਾ ਕੀਤਾ ਹੈ, ਇਹ ਤਿ੍ਰਭਵਣੀ ਸਰੂਪ ਬਣਾਇਆ ਹੈ, ਗੁਰੂ ਦੀ ਸਰਨ ਪਿਆਂ ਉਸ ਜੋਤਿ ਨਾਲ ਸਾਂਝ ਬਣਾਈ ਜਾ ਸਕਦੀ ਹੈ, ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਨੂੰ ਇਹ ਜੋਤਿ ਨਹੀਂ ਦਿੱਸਦੀ, ਉਸ ਨੂੰ) ਆਤਮਕ ਹਨੇਰਾ ਹੀ ਹਨੇਰਾ ਹੈ ।
(ਭਾਵੇਂ) ਰੱਬੀ ਜੋਤਿ ਇਕ-ਰਸ ਹਰੇਕ ਸਰੀਰ ਵਿਚ ਵਿਆਪਕ ਹੈ, (ਪਰ) ਗੁਰੂ ਦੀ ਮਤ ਲਿਆਂ ਹੀ (ਇਹ) ਅਸਲੀਅਤ ਸਮਝੀ ਜਾ ਸਕਦੀ ਹੈ ।
ਜਿਨ੍ਹਾਂ ਮਨੁੱਖਾਂ ਨੇ ਗੁਰੂ ਦੀ ਸਰਨ ਪੈ ਕੇ ਸਰਬ-ਵਿਆਪੀ ਜੋਤਿ ਨਾਲ ਸਾਂਝ ਪਾ ਲਈ, ਉਹਨਾਂ ਨੂੰ ਸ਼ਾਬਾਸ਼ੇ ਮਿਲਦੀ ਹੈ, ਉਹ ਸਦਾ-ਥਿਰ ਪ੍ਰਭੂ ਨਾਲ ਇਕ-ਮਿਕ ਹੋ ਜਾਂਦੇ ਹਨ, ਸਦਾ-ਥਿਰ ਪ੍ਰਭੂ ਦੇ ਗੁਣ ਉਹਨਾਂ ਵਿਚਉੱਘੜ ਆਉਂਦੇ ਹਨ ।
ਹੇ ਨਾਨਕ! ਨਾਮ ਵਿਚ ਜੁੜ ਕੇ ਉਹ ਮਨੁੱਖ ਆਤਮਕ ਸ਼ਾਂਤੀ ਮਾਣਦੇ ਹਨ, ਉਹ ਆਪਣੀ ਜਿੰਦ ਆਪਣਾ ਸਰੀਰ ਪ੍ਰਭੂ ਦੇ ਹਵਾਲੇ ਕਰੀ ਰੱਖਦੇ ਹਨ ।੫।੧੬ ।
Follow us on Twitter Facebook Tumblr Reddit Instagram Youtube