ਸਿਰੀਰਾਗੁ ਮਹਲਾ ੧ ॥
ਗੁਣਵੰਤੀ ਗੁਣ ਵੀਥਰੈ ਅਉਗੁਣਵੰਤੀ ਝੂਰਿ ॥
ਜੇ ਲੋੜਹਿ ਵਰੁ ਕਾਮਣੀ ਨਹ ਮਿਲੀਐ ਪਿਰ ਕੂਰਿ ॥
ਨਾ ਬੇੜੀ ਨਾ ਤੁਲਹੜਾ ਨਾ ਪਾਈਐ ਪਿਰੁ ਦੂਰਿ ॥੧॥

ਮੇਰੇ ਠਾਕੁਰ ਪੂਰੈ ਤਖਤਿ ਅਡੋਲੁ ॥
ਗੁਰਮੁਖਿ ਪੂਰਾ ਜੇ ਕਰੇ ਪਾਈਐ ਸਾਚੁ ਅਤੋਲੁ ॥੧॥ ਰਹਾਉ ॥

ਪ੍ਰਭੁ ਹਰਿਮੰਦਰੁ ਸੋਹਣਾ ਤਿਸੁ ਮਹਿ ਮਾਣਕ ਲਾਲ ॥
ਮੋਤੀ ਹੀਰਾ ਨਿਰਮਲਾ ਕੰਚਨ ਕੋਟ ਰੀਸਾਲ ॥
ਬਿਨੁ ਪਉੜੀ ਗੜਿ ਕਿਉ ਚੜਉ ਗੁਰ ਹਰਿ ਧਿਆਨ ਨਿਹਾਲ ॥੨॥

ਗੁਰੁ ਪਉੜੀ ਬੇੜੀ ਗੁਰੂ ਗੁਰੁ ਤੁਲਹਾ ਹਰਿ ਨਾਉ ॥
ਗੁਰੁ ਸਰੁ ਸਾਗਰੁ ਬੋਹਿਥੋ ਗੁਰੁ ਤੀਰਥੁ ਦਰੀਆਉ ॥
ਜੇ ਤਿਸੁ ਭਾਵੈ ਊਜਲੀ ਸਤ ਸਰਿ ਨਾਵਣ ਜਾਉ ॥੩॥

ਪੂਰੋ ਪੂਰੋ ਆਖੀਐ ਪੂਰੈ ਤਖਤਿ ਨਿਵਾਸ ॥
ਪੂਰੈ ਥਾਨਿ ਸੁਹਾਵਣੈ ਪੂਰੈ ਆਸ ਨਿਰਾਸ ॥
ਨਾਨਕ ਪੂਰਾ ਜੇ ਮਿਲੈ ਕਿਉ ਘਾਟੈ ਗੁਣ ਤਾਸ ॥੪॥੯॥

Sahib Singh
ਗੁਣਵੰਤੀ = ਗੁਣਾਂ ਵਾਲੀ ਜੀਵ-ਇਸਤ੍ਰੀ ।
ਵੀਥਰੈ = ਵਿਥਾਰ ਕਰਦੀ ਹੈ, ਕਥਨ ਕਰਦੀ ਹੈ ।
ਝੂਰਿ = ਝੂਰੇ, ਝੂਰਦੀ ਹੈ ।
ਵਰੁ = ਖਸਮ = ਪ੍ਰਭੂ ।
ਕਾਮਣੀ = ਹੇ ਜੀਵ = ਇਸਤ੍ਰੀ !
ਨਹ ਮਿਲੀਐ ਪਿਰ = ਪਿਰ ਨੂੰ ਨਹੀਂ ਮਿਲ ਸਕੀਦਾ ।
ਕੂਰਿ = ਕੂੜ ਦੀ ਰਾਹੀਂ, ਕੂੜੇ ਮੋਹ ਵਿਚ ਪਏ ਰਿਹਾਂ ।
ਤੁਲਹੜਾ = ਤੁਲਹਾ, ਕਾਹੀ ਪਿਲਛੀ ਤੇ ਲੱਕੜਾਂ ਦਾ ਬਣਿਆ ਹੋਇਆ ਆਸਰਾ ਜਿਸ ਉਤੇ ਚੜ੍ਹ ਕੇ ਦਰਿਆ-ਕੰਢੇ ਦੇ ਲੋਕ ਦਰਿਆ ਪਾਰ ਕਰ ਲੈਂਦੇ ਹਨ ।੧ ।
ਮੇਰੇ ਠਾਕੁਰ ਅਡੋਲੁ = ਮੇਰੇ ਠਾਕੁਰ ਦਾ ਅਹਿੱਲ ਟਿਕਾਣਾ ।
ਤਖਤਿ = ਤਖ਼ਤ ਉੱਤੇ ।
ਗੁਰਮੁਖਿ ਪੂਰਾ = ਪੂਰਾ ਗੁਰੂ ।
ਜੇ ਕਰੇ = ਜੇ ਮਿਹਰ ਕਰੇ ।੧।ਰਹਾਉ ।
ਤਿਸੁ ਮਹਿ = ਉਸ (ਹਰਿਮੰਦਰ ਵਿਚ) ।
ਮਾਣਕ = ਮੋਤੀ ।
ਕੰਚਨ ਕੋਟ = ਸੋਨੇ ਦੇ ਕਿਲ੍ਹੇ ।
ਰੀਸਾਲ = ਸੁੰਦਰ, ਆਨੰਦ ਦਾ ਘਰ, ਆਨੰਦ ਦੇਣ ਵਾਲੇ ।
ਗੜਿ = ਕਿਲ੍ਹੇ ਉੱਤੇ ।
ਗੁਰ ਧਿਆਨ = ਗੁਰੂ (ਚਰਨਾਂ) ਦਾ ਧਿਆਨ ।
ਨਿਹਾਲ = ਵਿਖਾ ਦੇਂਦਾ ਹੈ ।੨ ।
ਸਰੁ = ਤਾਲਾਬ ।
ਸਾਗਰੁ = ਸਮੁੰਦਰ ।
ਬੋਹਿਥੋ = ਜਹਾਜ਼ ।
ਤਿਸੁ ਭਾਵੈ = ਉਸ (ਗੁਰੂ) ਨੂੰ ਚੰਗਾ ਲੱਗੇ ।
ਊਜਲੀ = ਮਤਿ ਉਜਲੀ (ਹੋ ਜਾਂਦੀ ਹੈ) ।
ਸਤਸਰਿ = ਸਤਸੰਗ ਸਰੋਵਰ ਵਿਚ ।
ਨਾਵਣ = ਇਸ਼ਨਾਨ ਕਰਨ ਲਈ, ਮਨ ਧੋਣ ਲਈ ।੩ ।
ਥਾਨਿ = ਥਾਂ ਉੱਤੇ ।
ਪੂਰੈ = ਪੂਰੀ ਕਰਦਾ ਹੈ ।
ਆਸ ਨਿਰਾਸ = ਨਿਰਾਸਿਆਂ ਦੀ ਆਸ ।
ਕਿਉ ਘਾਟੈ = ਨਹੀਂ ਘਟਦੇ ।
ਤਾਸ = ਉਸ (ਜੀਵ) ਦੇ ।੪ ।
    
Sahib Singh
ਜਿਸ ਜੀਵ-ਇਸਤ੍ਰੀ ਨੇ ਆਪਣੇ ਹਿਰਦੇ ਵਿਚ ਪ੍ਰਭੂ ਦੀ ਸਿਫ਼ਤਿ-ਸਾਲਾਹ ਵਸਾਈ ਹੋਈ ਹੈ ਉਹ ਪ੍ਰਭੂ ਦੇ ਗੁਣਾਂ ਦੀ ਹੀ ਕਥਾ ਵਾਰਤਾ ਕਰਦੀ ਹੈ, ਪਰ ਜਿਸ ਦੇ ਅੰਦਰ (ਮਾਇਆ ਦੇ ਮੋਹ ਦੇ ਕਾਰਨ) ਅੌਗੁਣ ਹੀ ਅੌਗੁਣ ਹਨ ਉਹ (ਆਪਣੇ ਹੀ ਅੌਗੁਣਾਂ ਦੇ ਪ੍ਰਭਾਵ ਹੇਠ) ਸਦਾ ਝੂਰਦੀ ਰਹਿੰਦੀ ਹੈ ।
ਹੇ ਜੀਵ-ਇਸਤ੍ਰੀ! ਜੇ ਤੂੰ ਖਸਮ-ਪ੍ਰਭੂ ਨੂੰ ਮਿਲਣਾ ਚਾਹੁੰਦੀ ਹੈਂ, ਤਾਂ (ਚੇਤੇ ਰੱਖ ਕਿ) ਕੂੜੇ ਮੋਹ ਵਿਚ ਫਸੇ ਰਿਹਾਂ ਪਤੀ-ਪ੍ਰਭੂ ਨੂੰ ਨਹੀਂ ਮਿਲ ਸਕਦੀ ।
(ਤੂੰ ਤਾਂ ਮੋਹ ਦੇ ਸਮੁੰਦਰ ਵਿਚ ਗੋਤੇ ਖਾ ਰਹੀ ਹੈਂ) ਤੇਰੇ ਪਾਸ ਨਾਹ ਬੇੜੀ ਹੈ, ਨਾਹ ਤੁਲਹਾ ਹੈ, ਇਸ ਤ੍ਰਹਾਂ ਪਤੀ-ਪ੍ਰਭੂ ਨਹੀਂ ਲੱਭ ਸਕਦਾ, (ਕਿਉਂਕਿ) ਉਹ ਤਾਂ (ਇਸ ਸੰਸਾਰ-ਸਮੁੰਦਰ ਤੋਂ ਪਾਰ ਹੈ,) ਦੂਰ ਹੈ ।੧।ਮੇਰੇ ਪਾਲਣਹਾਰ ਪ੍ਰਭੂ ਦਾ ਅਹਿੱਲ ਟਿਕਾਣਾ ਉਸ ਤਖ਼ਤ ਉੱਤੇ ਹੈ ਜੇਹੜਾ (ਪ੍ਰਭੂ ਵਾਂਗ ਹੀ) ਸੰਪੂਰਨ ਹੈ (ਜਿਸ ਵਿਚ ਕੋਈ ਉਕਾਈ ਨਹੀਂ ਹੈ) ।
ਉਹ ਪ੍ਰਭੂ ਸਦਾ-ਥਿਰ ਰਹਿਣ ਵਾਲਾ ਹੈ, ਉਸ ਦਾ ਤੋਲ-ਮਾਪ ਦੱਸਿਆ ਨਹੀਂ ਜਾ ਸਕਦਾ ।
ਪੂਰਾ ਗੁਰੂ ਜੇ ਮਿਹਰ ਕਰੇ, ਤਾਂ ਹੀ ਉਹ ਮਿਲ ਸਕਦਾ ਹੈ ।੧।ਰਹਾਉ ।
ਹਰੀ-ਪਰਮਾਤਮਾ (ਮਾਨੋ) ਇਕ ਸੋਹਣਾ ਮੰਦਰ ਹੈ ਜਿਸ ਵਿਚ ਮਾਣਕ ਲਾਲ ਮੋਤੀ ਤੇ ਚਮਕਦੇ ਹੀਰੇ ਹਨ (ਜਿਸ ਦੇ ਦੁਆਲੇ) ਸੋਨੇ ਦੇ ਸੁੰਦਰ ਕਿਲ੍ਹੇ ਹਨ ।
ਪਰ ਉਸ (ਮੰਦਰ-) ਕਿਲ੍ਹੇ ਉਤੇ ਪਉੜੀ ਤੋਂ ਬਿਨਾ ਚੜਿ੍ਹਆ ਨਹੀਂ ਜਾ ਸਕਦਾ ।
(ਹਾਂ,) ਜੇ ਗੁਰੂ-ਚਰਨਾਂ ਦਾ ਧਿਆਨ ਧਰਿਆ ਜਾਏ, ਜੇ ਪ੍ਰਭੂ-ਚਰਨਾਂ ਦਾ ਧਿਆਨ ਧਰਿਆ ਜਾਏ, ਤਾਂ ਦਰਸਨ ਹੋ ਜਾਂਦਾ ਹੈ ।੨ ।
ਉਸ (ਹਰਿ-ਮੰਦਰ-ਕਿਲ੍ਹੇ ਉੱਤੇ ਚੜ੍ਹਨ ਵਾਸਤੇ) ਗੁਰੂ ਪਉੜੀ ਹੈ, (ਇਸ ਸੰਸਾਰ-ਸਮੁੰਦਰ ਤੋਂ ਪਾਰ ਲੰਘਣ ਵਾਸਤੇ) ਗੁਰੂ ਬੇੜੀ ਹੈ, ਪ੍ਰਭੂ ਦਾ ਨਾਮ (ਦੇਣ ਵਾਲਾ) ਗੁਰੂ ਹੀ ਤੁਲਹਾ ਹੈ ।
ਗੁਰੂ ਸਰੋਵਰ ਹੈ, ਗੁਰੂ ਸਮੁੰਦਰ ਹੈ, ਗੁਰੂ ਹੀ ਜਹਾਜ਼ ਹੈ, ਗੁਰੂ ਹੀ ਤੀਰਥ ਹੈ ਤੇ ਦਰੀਆ ਹੈ ।
ਜੇ ਪ੍ਰਭੂ ਦੀ ਰਜ਼ਾ ਹੋਵੇ, ਤਾਂ (ਗੁਰੂ ਨੂੰ ਮਿਲ ਕੇ) ਮਨੁੱਖ ਦੀ ਮਤਿ ਸ਼ੁੱਧ ਹੋ ਜਾਂਦੀ ਹੈ (ਕਿਉਂਕਿ) ਮਨੁੱਖ ਸਾਧ ਸੰਗਤਿ ਸਰੋਵਰ ਵਿਚ (ਮਾਨਸਕ) ਇਸ਼ਨਾਨ ਕਰਨ ਜਾਣ ਲੱਗ ਪੈਂਦਾ ਹੈ ।੩ ।
ਹਰ ਕੋਈ ਆਖਦਾ ਹੈ ਕਿ ਪਰਮਾਤਮਾ ਵਿਚ ਕੋਈ ਉਕਾਈ ਨਹੀਂ ਹੈ, ਉਸ ਦਾ ਨਿਵਾਸ ਭੀ ਐਸੇ ਤਖ਼ਤ ਉੱਤੇ ਹੈ ਜਿਸ ਵਿਚ ਕੋਈ ਘਾਟ ਨਹੀਂ ਹੈ ਉਹ ਪੂਰਾ ਪ੍ਰਭੂ ਸੋਹਣੇ ਉਕਾਈ-ਹੀਣ ਥਾਂ ਤੇ ਬੈਠਾ ਹੈ ਤੇ ਟੁੱਟੇ ਦਿਲਾਂ ਵਾਲੇ ਬੰਦਿਆਂ ਦੀਆਂ ਆਸਾਂ ਪੂਰੀਆਂ ਕਰਦਾ ਹੈ ।
ਹੇ ਨਾਨਕ! ਉਹ ਪੂਰਨ ਪ੍ਰਭੂ ਜੇ ਮਨੁੱਖ ਨੂੰ ਮਿਲ ਪਏ ਤਾਂ ਉਸ ਦੇ ਗੁਣਾਂ ਵਿਚ ਭੀ ਕਿਵੇਂ ਕੋਈ ਘਾਟ ਆ ਸਕਦੀ ਹੈ?।੪।੯ ।
Follow us on Twitter Facebook Tumblr Reddit Instagram Youtube